ਹੈਨਰੀ ਨੋਵਾਕ ਕਤਲ ਕੇਸ: ਕਾਤਲ ਵਿਕਰਮ ਦਿਗਵਾ ਦੀ ਸਜ਼ਾ ਵਧਾਈ

ਹੈਨਰੀ ਨੋਵਾਕ ਕਤਲ ਕੇਸ: ਕਾਤਲ ਵਿਕਰਮ ਦਿਗਵਾ ਦੀ ਸਜ਼ਾ ਵਧਾਈ
ਲੰਡਨ-

ਇੰਗਲੈਂਡ ਦੀ ਕੋਰਟ ਆਫ਼ ਅਪੀਲ ਨੇ ਸਾਊਥੈਂਪਟਨ ਵਿੱਚ 18 ਸਾਲਾ ਹੈਨਰੀ ਨੋਵਾਕ ਦੇ ਕਤਲ ਕੇਸ ਵਿੱਚ ਮੁੱਖ ਦੋਸ਼ੀ ਵਿਕਰਮ ਦਿਗਵਾ ਦੀ ਸਜ਼ਾ ਨੂੰ ਵਧਾ ਦਿੱਤਾ ਹੈ। ਅਟਾਰਨੀ ਜਨਰਲ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਅਦਾਲਤ ਨੇ ਮੰਨਿਆ ਕਿ ਪੁਰਾਣੀ ਸਜ਼ਾ ਬਹੁਤ ਘੱਟ ਸੀ। ਇਸ ਤੋਂ ਪਹਿਲਾਂ ਦਿਗਵਾ ਨੂੰ ਘੱਟੋ-ਘੱਟ 21 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਹੁਣ ਵਧਾ ਕੇ ਘੱਟੋ-ਘੱਟ 24 ਸਾਲ ਅਤੇ 190 ਦਿਨ ਕਰ ਦਿੱਤਾ ਗਿਆ ਹੈ।

ਇਹ ਘਟਨਾ ਪਿਛਲੇ ਸਾਲ ਦਸੰਬਰ ਦੀ ਹੈ, ਜਦੋਂ 23 ਸਾਲਾ ਵਿਕਰਮ ਦਿਗਵਾ ਨੇ ਹੈਨਰੀ ਨੋਵਾਕ ਨੂੰ ਕਈ ਵਾਰ ਚਾਕੂ ਮਾਰ ਕੇ ਮਾਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਐਮਰਜੈਂਸੀ ਸੇਵਾਵਾਂ ਅਤੇ ਪੁਲਿਸ ਨੂੰ ਝੂਠਾ ਬਿਆਨ ਦਿੱਤਾ ਕਿ ਮ੍ਰਿਤਕ ਨੇ ਉਸਨੂੰ ਨਸਲੀ ਗਾਲ੍ਹਾਂ ਕੱਢੀਆਂ ਸਨ ਅਤੇ ਉਸਦੀ ਪੱਗ ਲਾਹੀ ਸੀ। ਇਸ ਝੂਠ ਕਾਰਨ ਪੁਲਿਸ ਨੇ ਅਸਲ ਪੀੜਤ ਨੋਵਾਕ ਨੂੰ ਹੀ ਹੱਥਕੜੀ ਲਾ ਦਿੱਤੀ, ਜਦੋਂ ਕਿ ਉਹ ਗੰਭੀਰ ਹਾਲਤ ਵਿੱਚ ਜ਼ਖਮੀ ਪਿਆ ਸੀ। ਇੰਨਾ ਹੀ ਨਹੀਂ, ਦੋਸ਼ੀ ਨੇ ਮਰ ਰਹੇ ਨੌਜਵਾਨ ਦੀ ਵੀਡੀਓ ਵੀ ਬਣਾਈ ਸੀ।

ਅਦਾਲਤ ਦੀ ਮੁਖੀ, ਲੇਡੀ ਚੀਫ਼ ਜਸਟਿਸ ਕਾਰ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਜੱਜ ਨੇ ਦੋਸ਼ੀ ਦੇ ਅਪਰਾਧ ਦੀ ਗੰਭੀਰਤਾ ਨੂੰ ਘਟਾ ਕੇ ਵੇਖਿਆ ਸੀ। ਜਸਟਿਸ ਕਾਰ ਨੇ ਕਿਹਾ ਕਿ ਦਿਗਵਾ ਨੇ ਹਥਿਆਰ ਦੀ ਗਲਤ ਵਰਤੋਂ ਕੀਤੀ, ਮਰਦੇ ਹੋਏ ਵਿਅਕਤੀ ਦੀ ਬੇਇੱਜ਼ਤੀ ਕੀਤੀ ਅਤੇ ਕਾਨੂੰਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਰਕੇ 21 ਸਾਲ ਦੀ ਸਜ਼ਾ ਨਾਕਾਫ਼ੀ ਸੀ। ਅਦਾਲਤ ਨੇ ਦੋਸ਼ੀ ਦੀ ਖ਼ੁਦ ਦੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿੱਚ ਉਸਨੇ ਸਜ਼ਾ ਨੂੰ ਘੱਟ ਕਰਨ ਦੀ ਮੰਗ ਕੀਤੀ ਸੀ।ਇਸ ਮਾਮਲੇ ਵਿੱਚ ਦੋਸ਼ੀ ਦੀ 53 ਸਾਲਾ ਮਾਂ, ਕਿਰਨ ਕੌਰ ਨੂੰ ਵੀ ਸਜ਼ਾ ਸੁਣਾਈ ਗਈ ਹੈ। ਉਸਨੂੰ ਕਤਲ ਵਾਲੀ ਥਾਂ ਤੋਂ ਹਥਿਆਰ (ਚਾਕੂ) ਚੁੱਕ ਕੇ ਘਰ ਲਿਆਉਣ ਅਤੇ ਆਪਣੇ ਬੇਟੇ ਦੀ ਅਪਰਾਧ ਲੁਕਾਉਣ ਵਿੱਚ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ, ਜਿਸ ਬਦਲੇ ਉਸਨੂੰ 3 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। ਅਟਾਰਨੀ ਜਨਰਲ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕੇਸ ਦੀ ਬੇਰਹਿਮੀ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

Box

ਕੀ ਸੀ  ਇਹ ਸਾਰਾ ਮਾਮਲਾ

ਕਤਲ ਦੀ ਘਟਨਾ: ਪਿਛਲੇ ਸਾਲ (ਦਸੰਬਰ ਵਿੱਚ) ਇੰਗਲੈਂਡ ਦੇ ਸ਼ਹਿਰ ਸਾਊਥੈਂਪਟਨ  ਵਿੱਚ 23 ਸਾਲਾ ਵਿਕਰਮ  ਸਿੰਘ ਦਿਗਵਾ  ਨੇ 18 ਸਾਲਾ ਹੈਨਰੀ ਨੋਵਾਕ  ਉੱਤੇ ਇੱਕ ਵੱਡੇ ਖੰਜਰ ਨਾਲ ਕਈ ਵਾਰ ਹਮਲਾ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਵਿਕਰਮ ਦਿਗਵਾ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਇੱਕ ਵੱਡਾ ਝੂਠ ਬੋਲਿਆ। ਉਸਨੇ ਦਾਅਵਾ ਕੀਤਾ ਕਿ ਹੈਨਰੀ ਨੋਵਾਕ ਨੇ ਉਸਨੂੰ ਨਸਲੀ ਗਾਲ੍ਹਾਂ ਕੱਢੀਆਂ ਹਨ ਅਤੇ ਉਸਦੀ ਪੱਗ ਲਾਹੀ ਹੈ। ਇਸ ਝੂਠੇ ਦੋਸ਼ ਕਾਰਨ ਪੁਲਿਸ ਨੇ ਅਸਲ ਪੀੜਤ (ਜ਼ਖਮੀ ਪਏ ਹੈਨਰੀ ਨੋਵਾਕ) ਨੂੰ ਹੀ ਹੱਥਕੜੀ ਪਾ ਦਿੱਤੀ, ਜਦੋਂ ਕਿ ਉਹ ਮਰਨ ਹਾਲਤ ਵਿੱਚ ਜ਼ਖਮੀ ਪਿਆ ਸੀ।ਦੋਸ਼ੀ ਵਿਕਰਮ ਦਿਗਵਾ ਨੇ ਇੰਨੀ ਬੇਰਹਿਮੀ ਦਿਖਾਈ ਕਿ ਉਸਨੇ ਤੜਫ਼ ਰਹੇ ਅਤੇ ਮਰ ਰਹੇ ਨੋਵਾਕ ਦੀ ਵੀਡੀਓ ਆਪਣੇ ਕੈਮਰੇ ਵਿੱਚ ਰਿਕਾਰਡ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਗਲਤ ਜਾਣਕਾਰੀ ਦਿੱਤੀ।

ਅਦਾਲਤ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਿੱਖ ਧਰਮ ਵਿੱਚ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਰੱਖਣ ਦੀ ਇਜਾਜ਼ਤ ਹੈ, ਪਰ ਦਿਗਵਾ ਨੇ ਇਸ ਆਜ਼ਾਦੀ ਅਤੇ ਛੋਟ ਦੀ ਦੁਰਵਰਤੋਂ ਕਰਦਿਆਂ ਇੱਕ ਵੱਡਾ ਖੰਜਰ ਆਪਣੇ ਕੋਲ ਰੱਖਿਆ ਹੋਇਆ ਸੀ ਅਤੇ ਉਸੇ ਨਾਲ ਇਸ ਘਿਣਾਉਣੇ ਕਤਲ ਨੂੰ ਅੰਜਾਮ ਦਿੱਤਾ। ਕਤਲ ਕਰਨ ਤੋਂ ਬਾਅਦ, ਵਿਕਰਮ ਦੀ 53 ਸਾਲਾ ਮਾਂ ਕਿਰਨ ਕੌਰ ਨੇ ਕਤਲ ਵਿੱਚ ਵਰਤੇ ਗਏ ਹਥਿਆਰ (ਚਾਕੂ/ਖੰਜਰ) ਨੂੰ ਮੌਕੇ ਤੋਂ ਚੁੱਕ ਕੇ ਆਪਣੇ ਘਰ ਲੁਕਾ ਲਿਆ ਸੀ, ਤਾਂ ਜੋ ਅਪਰਾਧ ਦੇ ਸਬੂਤ ਮਿਟਾਏ ਜਾ ਸਕਣ।​ਸ਼ੁਰੂ ਵਿੱਚ ਹੇਠਲੀ ਅਦਾਲਤ ਨੇ ਵਿਕਰਮ ਦਿਗਵਾ ਨੂੰ 21 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ।​ਪਰ ਅਟਾਰਨੀ ਜਨਰਲ ਨੇ ਇਸ ਸਜ਼ਾ ਨੂੰ ਬਹੁਤ ਘੱਟ ਮੰਨਦਿਆਂ ਕੋਰਟ ਆਫ਼ ਅਪੀਲ ਵਿੱਚ ਅਪੀਲ ਕੀਤੀ​ਕੋਰਟ ਆਫ਼ ਅਪੀਲ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਮੰਨਦਿਆਂ ਵਿਕਰਮ ਦਿਗਵਾ ਦੀ ਸਜ਼ਾ ਵਧਾ ਕੇ 24 ਸਾਲ ਅਤੇ 190 ਦਿਨ ਕਰ ਦਿਤੀ।​ਇਸ ਤੋਂ ਇਲਾਵਾ, ਆਪਣੇ ਬੇਟੇ ਦੀ ਮਦਦ ਕਰਨ ਅਤੇ ਸਬੂਤ ਲੁਕਾਉਣ ਦੇ ਦੋਸ਼ ਵਿੱਚ ਉਸਦੀ ਮਾਂ ਕਿਰਨ ਕੌਰ ਨੂੰ ਵੀ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।