ਸੰਗਰੂਰ ਵਿੱਚ ਵਾਪਰਿਆ ਭਿਆਨਕ ਹਾਦਸਾ

ਸੰਗਰੂਰ ਵਿੱਚ ਵਾਪਰਿਆ ਭਿਆਨਕ ਹਾਦਸਾ

ਸੰਗਰੂਰ/ਏ.ਟੀ.ਨਿਊਜ਼ : ਧੂਰੀ ਤੋਂ ਚੰਡੀਗੜ੍ਹ ਜਾ ਰਹੀ ਪੀ ਆਰ ਟੀ ਸੀ ਦੀ ਬੱਸ ਅੱਜ ਤੜਕੇ ਸੰਗਰੂਰ ਵਿਖੇ ਕੌਮੀ ਹਾਈਵੇ ਦੇ ਬਾਈਪਾਸ ਨੇੜੇ ਬੇਕਾਬੂ ਹੁੰਦਿਆਂ ਪੁਲ ਨਾਲ ਟਕਰਾ ਕੇ ਪਲਟ ਗਈ। ਇਸ ਭਿਆਨਕ ਸੜਕ ਹਾਦਸੇ ਚ ਦੋ ਔਰਤਾਂ ਸਣੇ 3 ਸਵਾਰੀਟਾਂ ਦੀ ਮੌਤ ਹੋ ਗਈ ਹੈ ਜਦ ਕਿ 26 ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਵੇਰਵਿਆਂ ਅਨੁਸਾਰ ਜ਼ਖਮੀਆਂ ’ਚੋਂ 10 ਦੀ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ।
ਸਿਵਲ ਹਸਪਤਾਲ ’ਚ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਦਲਵੀਰ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਕਰੀਬ ਪੌਣੇ ਪੰਜ ਵਜੇ ਪੀ ਆਰ ਟੀ ਸੀ ਦੀ ਬੱਸ ਧੂਰੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਜੋ ਕਿ ਸੰਗਰੂਰ ਬੱਸ ਸਟੈਂਡ ਹੁੰਦਿਆਂ ਜਿਉਂ ਹੀ ਬਠਿੰਡਾ ਚੰਡੀਗੜ੍ਹ ਕੌਮੀ ਹਾਈਵੇ ਦੇ ਸਥਾਨਕ ਪਟਿਆਲਾ ਬਾਈਪਾਸ ਦੇ ਓਵਰਬ੍ਰਿਜ ਨੇੜੇ ਪੁੱਜੀ ਤਾਂ ਬੇਕਾਬੂ ਹੋ ਕੇ ਪੁਲ ਦੀ ਕੰਧ ਨਾਲ ਟਕਰਾ ਕੇ ਪਲਟ ਗਈ।
ਉਨ੍ਹਾਂ ਦੱਸਿਆ ਕਿ ਡਰਾਈਵਰ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ ਕਿਉਂਕਿ ਧੂਰੀ ਤੋਂ ਹੀ ਬੱਸ ਲੇਟ ਚੱਲੀ ਸੀ, ਜਿਸ ਕਾਰਨ ਡਰਾਈਵਰ ਕਾਹਲ ਵਿਚ ਸੀ। ਹਾਦਸੇ ’ਚ ਰਾਜਵਿੰਦਰ ਕੌਰ ਵਾਸੀ ਪਿੰਡ ਫਤਹਿਗੜ੍ਹ ਛੰਨਾਂ, ਨਰਿੰਦਰ ਕੌਰ ਵਾਸੀ ਧੂਰੀ ਅਤੇ ਮਨਜੀਤ ਸਿੰਘ ਪਿੰਡ ਥਲੇਸਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 26 ਸਵਾਰੀਆਂ ਜਖਮੀ ਹੋ ਗਈਆਂ ਹਨ ਜਿਨ੍ਹਾਂ ਚੋਂ 10 ਨੂੰ ਰੈਫਰ ਕੀਤਾ ਗਿਆ ਹੈ। 16 ਜ਼ਖਮੀਆਂ ਦਾ ਸਿਵਲ ਹਸਪਤਾਲ ਚ ਇਲਾਜ ਚੱਲ ਰਿਹਾ ਹੈ।