ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੇ ਖਤਮ ਹੋਣ ਦੇ ਬਣੇ ਆਸਾਰ
ਮਾਸਕੋ/ਏ.ਟੀ.ਨਿਊਜ਼ : ਰੂਸ ਅਤੇ ਯੂਕ੍ਰੇਨ ਵਿਚਾਲੇ ਸਾਢੇ ਚਾਰ ਸਾਲ ਤੋਂ ਚੱਲ ਰਹੀ ਜੰਗ ਹੁਣ ਖਤਮ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਰੂਸ ਹੁਣ ਅਮਰੀਕਾ ਅਤੇ ਯੂਕ੍ਰੇਨ ਨਾਲ ਤਿਕੋਣੀ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿਕੋਣੀ ਗੱਲਬਾਤ 10 ਨਵੰਬਰ ਤੋਂ ਬਾਅਦ ਹੋਵੇਗੀ।
ਇੱਕ ਕ੍ਰੇਮਲਿਨ ਅਧਿਕਾਰੀ ਨੇ ਦੱਸਿਆ ਕਿ ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਸੇਂਟ ਪੀਟਰਸਬਰਗ ਵਿੱਚ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜਦੂਤ ਸਟੀਵ ਵਿਟਕੌਫ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਰੂਸੀ ਰਾਸ਼ਟਰਪਤੀ ਪੁਤਿਨ 10 ਨਵੰਬਰ ਤੋਂ ਬਾਅਦ ਗੱਲਬਾਤ ਮੁੜ ਸ਼ੁਰੂ ਕਰਨ ਲਈ ‘ਸਿਧਾਂਤਕ ਤੌਰ ’ਤੇ’ ਸਹਿਮਤ ਹੋਏ ਹਨ। ਉਸ਼ਾਕੋਵ ਨੇ ਕਿਹਾ ਕਿ ਤਿਕੋਣੀ ਗੱਲਬਾਤ ਦਾ ਧਿਆਨ ਜੰਗ ਖਤਮ ਹੋਣ ਤੋਂ ਬਾਅਦ ‘ਰੂਸ ਅਤੇ ਯੂਕਰੇਨ ਲਈ ਇੱਕ ਸੁਰੱਖਿਆ ਪ੍ਰਬੰਧ ਬਣਾਉਣਾ’ ਹੋਵੇਗਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਰੂਸ ਅਤੇ ਯੂਕ੍ਰੇਨ ’ਤੇ ਜੰਗ ਰੋਕਣ ਲਈ ਦਬਾਓ ਪਾ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਰੂਸ,ਅਮਰੀਕਾ ਅਤੇ ਯੂਕ੍ਰੇਨ ਵਿਚਾਲੇ ਰੂਸ-ਯੂੁਕ੍ਰੇਨ ਜੰਗ ਰੋਕਣ ਲਈ ਗੱਲਬਾਤ ਹੋ ਚੁੱਕੀ ਹੈ ਪਰ ਉਹ ਗੱਲਬਾਤ ਕਿਸੇ ਸਿਰੇ ਨਹੀਂ ਸੀ ਚੜੀ। ਇਹੋ ਕਾਰਨ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਇਹ ਜੰਗ ਰੋਕਣ ਲਈ ਮੁੜ ਰੂਸ ਅਤੇ ਯੂਕ੍ਰੇਨ ਦੇ ਮੁੱਖ ਆਗੂਆਂ ਨੂੰ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਯੂਕ੍ਰੇਨ ’ਤੇ ਰੂਸ ਦੇ ਵਿਆਪਕ ਹਮਲੇ ਬਾਰੇ ਪੁਤਿਨ ਨਾਲ ਵਿਟਕੌਫ ਦੀ ਗੱਲਬਾਤ ਉਸ ਸਮੇਂ ਹੋਈ ਜਦੋਂ ਟਰੰਪ ਕੀਵ ’ਤੇ ਲੜਾਈ ਨੂੰ ਰੋਕਣ ਲਈ ਇੱਕ ਸਮਝੌਤੇ ’ਤੇ ਪਹੁੰਚਣ ਲਈ ਦਬਾਅ ਪਾ ਰਿਹਾ ਹੈ। ਵਿਟਕੌਫ ਦੀ ਇਹ ਫੇਰੀ ਲੰਘੇ ਦਿਨੀਂ ਨਾਰਵੇ ਦੇ ਓਸਲੋ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਕੁਝ ਯੂਰਪੀਅਨ ਨੇਤਾਵਾਂ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਆਈ।ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਜੰਗ ਨੂੰ ਰੋਕਣ ਲਈ ਗੱਲਬਾਤ ਮੁੜ ਸ਼ੁਰੂ ਕਰਨ ਪ੍ਰਤੀ ਭਰੇ ਗਏ ਹਾਂਪੱਖੀ ਹੁੰਗਾਰੇ ਕਾਰਨ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਬਣ ਗਈ ਹੈ ਕਿਉਂਕਿ ਰੂਸ ਅਤੇ ਯੂਕ੍ਰੇਨ ਦੀ ਲੜਾਈ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦਾ ਹੋਇਆ ਹੈ।











Comments (0)