ਕੀ ਵਿਸ਼ਵੀਕਰਨ ਦੀ ਤੇਜ਼ ਹਨੇਰੀ ਜਾਂ ਗਲੋਬਲ ਮੰਡੀ ਸਿੱਖ ਹੋਂਦ ਨੂੰ ਨਿਗਲ ਜਾਵੇਗੀ?

ਕੀ ਵਿਸ਼ਵੀਕਰਨ ਦੀ ਤੇਜ਼ ਹਨੇਰੀ ਜਾਂ ਗਲੋਬਲ ਮੰਡੀ ਸਿੱਖ ਹੋਂਦ ਨੂੰ ਨਿਗਲ ਜਾਵੇਗੀ?

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ

ਅੱਜ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਵਿਸ਼ਵੀਕਰਨ ਨੇ ਸਾਰੇ ਮੁਲਕਾਂ ਦੀਆਂ ਸਰਹੱਦਾਂ ਮਿਟਾ ਦਿੱਤੀਆਂ ਹਨ। ਦੁਨੀਆ ਇੱਕ ਵੱਡੇ ਪਿੰਡ ਅਤੇ ਖੁੱਲ੍ਹੀ ਮੰਡੀ ਵਿੱਚ ਤਬਦੀਲ ਹੋ ਚੁੱਕੀ ਹੈ। ਮੰਡੀ ਦਾ ਇੱਕੋ ਅਸੂਲ ਹੁੰਦਾ ਹੈ—ਮੁਨਾਫ਼ਾ ਕਮਾਉਣਾ ਅਤੇ ਹਰ ਚੀਜ਼ ਦਾ ਮੁੱਲ ਲਾਉਣਾ। ਇਸ ਵਿਚ ਕੋਈ ਸ਼ੱਕ  ਨਹੀਂ ਕਿ ਮੰਡੀ ਨੇ ਵੱਖ-ਵੱਖ ਕੌਮਾਂ ਦੀ ਬੋਲੀ, ਸੱਭਿਆਚਾਰ ਅਤੇ ਰਹਿਣੀ-ਬਹਿਣੀ ਉੱਤੇ ਡੂੰਘਾ ਅਸਰ ਪਾਇਆ ਹੈ। ਵਿਸ਼ਵੀਕਰਨ ਹਰ ਵਿਲੱਖਣ ਪਛਾਣ ਨੂੰ ਮਿਟਾ ਕੇ ਸਭ ਕੁਝ ਇੱਕੋ ਰੰਗ ਵਿੱਚ ਰੰਗਣਾ ਚਾਹੁੰਦਾ ਹੈ। ਇਹ ਚਾਹੁੰਦਾ ਹੈ ਕਿ ਸਾਰੀ ਦੁਨੀਆ ਇੱਕੋ ਜਿਹਾ ਸੋਚੇ, ਇੱਕੋ ਜਿਹਾ ਪਹਿਨੇ ਅਤੇ ਇੱਕੋ ਜਿਹਾ ਖਾਵੇ। ਅਜਿਹੇ ਨਾਜ਼ੁਕ ਦੌਰ ਵਿੱਚ ਇੱਕ ਵੱਡਾ ਸਵਾਲ ਸਾਹਮਣੇ ਖੜ੍ਹਾ ਹੁੰਦਾ ਹੈ। ਕੀ ਵਿਸ਼ਵੀਕਰਨ ਦੀ ਇਹ ਤੇਜ਼ ਹਨੇਰੀ ਸਿੱਖ ਹੋਂਦ ਅਤੇ ਦਸਤਾਰ ਦੀ ਵਿਲੱਖਣ ਪਛਾਣ ਨੂੰ ਨਿਗਲ ਲਵੇਗੀ?
ਇਸ ਸਵਾਲ ਨੂੰ ਸਮਝਣ ਲਈ ਸਾਨੂੰ ਪਹਿਲਾਂ ਸਿੱਖ ਪਛਾਣ ਦੀ ਰੂਹ ਨੂੰ ਸਮਝਣਾ ਪਵੇਗਾ। ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਜ਼ੁਲਮ, ਜਾਤ-ਪਾਤ ਅਤੇ ਧਾਰਮਿਕ ਪਖੰਡਾਂ ਨੂੰ ਰੱਦ ਕੀਤਾ ਸੀ। ਉਨ੍ਹਾਂ ਨੇ ਸਭ ਮਨੁੱਖਾਂ ਨੂੰ ਇੱਕੋ ਰੱਬ ਦੀ ਸੰਤਾਨ ਦੱਸਿਆ। ਉਨ੍ਹਾਂ ਨੇ ਊਚ-ਨੀਚ ਅਤੇ ਅਮੀਰ-ਗ਼ਰੀਬ ਦਾ ਫ਼ਰਕ ਮਿਟਾ ਕੇ ਸਮੁੱਚੀ ਮਨੁੱਖਤਾ ਨੂੰ ਇੱਕ ਬਰਾਬਰ ਸਮਝਣ ਦਾ ਹੋਕਾ ਦਿੱਤਾ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖ਼ਾਲਸਾ ਪੰਥ ਸਾਜ ਕੇ ਇਸ ਵਿਚਾਰਧਾਰਾ ਨੂੰ ਸੰਪੂਰਨ ਸਰੂਪ ਬਖ਼ਸ਼ਿਆ। ਗੁਰੂ ਸਾਹਿਬ ਨੇ ਸਿੱਖਾਂ ਨੂੰ ਪੰਜ ਕਕਾਰ ਦਿੱਤੇ ਅਤੇ ਸੀਸ ਉੱਤੇ ਦਸਤਾਰ ਸਜਾਈ। ਪੁਰਾਣੇ ਸਮੇਂ ਵਿੱਚ ਦਸਤਾਰ ਸਿਰਫ਼ ਬਾਦਸ਼ਾਹ ਜਾਂ ਵੱਡੇ ਅਮੀਰ ਹੀ ਬੰਨ੍ਹ ਸਕਦੇ ਸਨ। ਗ਼ਰੀਬ ਅਤੇ ਆਮ ਲੋਕਾਂ ਨੂੰ ਸਿਰ ਢਕਣ ਦੀ ਇਜਾਜ਼ਤ ਨਹੀਂ ਸੀ। ਗੁਰੂ ਸਾਹਿਬ ਨੇ ਲਤਾੜੇ ਹੋਏ ਅਤੇ ਪਛੜੇ ਲੋਕਾਂ ਦੇ ਸਿਰਾਂ ਉੱਤੇ ਦਸਤਾਰ ਸਜਾ ਕੇ ਉਨ੍ਹਾਂ ਨੂੰ ਬਾਦਸ਼ਾਹੀ ਬਖ਼ਸ਼ ਦਿੱਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਹਰ ਮਨੁੱਖ ਪ੍ਰਭੂਸੱਤਾ-ਸੰਪੰਨ ਅਤੇ ਬਰਾਬਰ ਹੈ।ਇਸੇ ਕਰਕੇ ਦਸਤਾਰ ਸਿਰਫ਼ ਸੱਤ ਗਜ਼ ਦਾ ਕੱਪੜਾ ਨਹੀਂ ਹੈ। ਇਹ ਸਿੱਖ ਦੇ ਸਿਰ ਉੱਤੇ ਗੁਰੂ ਵੱਲੋਂ ਰੱਖਿਆ ਹੋਇਆ ਤਾਜ ਹੈ। ਇਹ ਬਰਾਬਰੀ, ਆਜ਼ਾਦੀ, ਸਵੈ-ਮਾਣ ਅਤੇ ਜ਼ੁਲਮ ਖ਼ਿਲਾਫ਼ ਖੜ੍ਹੇ ਹੋਣ ਦਾ ਪ੍ਰਤੀਕ ਹੈ। ਇੱਕ ਸਿੱਖ ਲੱਖਾਂ ਦੀ ਭੀੜ ਵਿੱਚ ਇਸ ਲਈ ਵੱਖਰਾ ਦਿਸਦਾ ਹੈ । ਇਹ ਸਰੂਪ ਮਨੁੱਖਤਾ ਸੇਵਾ, ਨਿਮਰਤਾ, ਸਾਂਝੀਵਾਲਤਾ ਅਤੇ ਬਹਾਦਰੀ ਦਾ ਪ੍ਰਤੱਖ ਚਿੰਨ੍ਹ ਹੈ।
ਜਦੋਂ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ, ਤਾਂ ਸਿੱਖਾਂ ਦੀ ਹਿਜਰਤ ਸ਼ੁਰੂ ਹੋਈ। ਸਿੱਖ ਰੋਜ਼ੀ-ਰੋਟੀ ਦੀ ਭਾਲ ਵਿੱਚ ਬਾਹਰਲੇ ਮੁਲਕਾਂ ਵੱਲ ਜਾਣ ਲੱਗੇ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, 1950ਵਿਆਂ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਬਰਤਾਨੀਆ ਪਹੁੰਚੇ। ਬਰਤਾਨੀਆ ਨੂੰ ਉਸ ਸਮੇਂ ਆਪਣੇ ਟੁੱਟੇ ਹੋਏ ਸ਼ਹਿਰਾਂ ਅਤੇ ਕਾਰਖ਼ਾਨਿਆਂ ਦੀ ਮੁੜ-ਉਸਾਰੀ ਲਈ ਮਿਹਨਤੀ ਕਾਮਿਆਂ ਦੀ ਸਖ਼ਤ ਲੋੜ ਸੀ। ਸਿੱਖਾਂ ਨੇ ਉੱਥੋਂ ਦੀਆਂ ਲੋਹੇ ਦੀਆਂ ਭੱਠੀਆਂ ਅਤੇ ਕੱਪੜਾ ਮਿੱਲਾਂ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ ਸੀ। ਉੱਥੇ ਗੋਰੇ ਸਮਾਜ ਵਿੱਚ ਭਾਰੀ ਨਸਲੀ ਵਿਤਕਰਾ ਫੈਲਿਆ ਹੋਇਆ ਸੀ। ਸਿੱਖਾਂ ਦੀ ਦਾੜ੍ਹੀ ਅਤੇ ਦਸਤਾਰ ਕਾਰਨ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸਨ। ਉਨ੍ਹਾਂ ਨੂੰ ਦੁਕਾਨਾਂ ਅਤੇ ਬੱਸਾਂ ਵਿੱਚੋਂ ਕੱਢ ਦਿੱਤਾ ਜਾਂਦਾ ਸੀ। ਰੋਜ਼ੀ-ਰੋਟੀ ਕਮਾਉਣ ਲਈ ਕਈ ਸਿੱਖਾਂ ਉੱਤੇ ਆਪਣਾ ਸਰੂਪ ਬਦਲਣ ਦਾ ਭਾਰੀ ਦਬਾਅ ਪਾਇਆ ਗਿਆ। ਉਸ ਦੌਰ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਮਜਬੂਰੀਵੱਸ ਆਪਣੇ ਕੇਸ ਕਟਵਾਉਣੇ ਪਏ ਅਤੇ ਦਸਤਾਰਾਂ ਲਾਹੁਣੀਆਂ ਪਈਆਂ। ਅੱਜ ਵੀ ਬਜ਼ੁਰਗ ਸਿੱਖ ਜਦੋਂ ਉਸ ਦੌਰ ਨੂੰ ਯਾਦ ਕਰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ। ਆਪਣੀ ਹੋਂਦ ਅਤੇ ਗੁਰੂ ਦੇ ਸਰੂਪ ਤੋਂ ਵਿਛੜ ਜਾਣ ਦਾ ਇਹ ਦਰਦ ਸਾਰੀ ਉਮਰ ਰੂਹ ਨੂੰ ਚੀਰਦਾ ਰਹਿੰਦਾ ਹੈ। ਵਿਸ਼ਵੀਕਰਨ ਦੇ ਇਸ ਮੁਢਲੇ ਰੂਪ ਨੇ ਸਿੱਖ ਪਛਾਣ ਉੱਤੇ ਪਹਿਲਾ ਵੱਡਾ ਆਰਥਿਕ ਹਮਲਾ ਕੀਤਾ ਸੀ।
ਇੰਨੀਆਂ ਮੁਸੀਬਤਾਂ ਦੇ ਬਾਵਜੂਦ ਸਿੱਖ ਪੰਥ ਨੇ ਹਾਰ ਨਹੀਂ ਮੰਨੀ। ਸਿੱਖਾਂ ਨੇ ਆਪਣੀ ਪਛਾਣ ਬਚਾਉਣ ਲਈ ਬਰਤਾਨੀਆ ਦੀ ਧਰਤੀ ਉੱਤੇ ਲੰਮੇ ਕਾਨੂੰਨੀ ਅਤੇ ਸਮਾਜਿਕ ਸੰਘਰਸ਼ ਲੜੇ। ਟਰਾਂਸਪੋਰਟ ਕਾਮਿਆਂ ਨੇ ਬੱਸਾਂ ਚਲਾਉਾਂਦੇਸਮੇਂ ਦਸਤਾਰ ਬੰਨ੍ਹਣ ਦੇ ਹੱਕ ਲਈ ਮੋਰਚੇ ਲਾਏ। ਮੋਟਰਸਾਈਕਲ ਚਲਾਉਣ ਵੇਲੇ ਹੈਲਮੇਟ ਦੀ ਥਾਂ ਦਸਤਾਰ ਦੀ ਛੋਟ ਲੈਣ ਲਈ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਸੀ।
 ਸਿੱਖਾਂ ਦੀ ਸਖ਼ਤ ਮਿਹਨਤ ਅਤੇ ਵਿਦਵਤਾ ਸਦਕਾ ਹਾਲਾਤ ਬਦਲਣ ਲੱਗੇ। ਅੱਜ ਬਰਤਾਨੀਆ ਵਿੱਚ ਲਗਭਗ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਵਸਦੇ ਹਨ। ਉਹ ਕਾਰੋਬਾਰ, ਰਾਜਨੀਤੀ, ਸਿੱਖਿਆ, ਕਾਨੂੰਨ ਅਤੇ ਮੈਡੀਕਲ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਪੁਲਿਸ ਅਤੇ ਫ਼ੌਜ ਦੀਆਂ ਵਰਦੀਆਂ ਵਿੱਚ ਦਸਤਾਰ ਨੂੰ ਮਿਲੀ ਮਾਨਤਾ ਇਸੇ ਲੰਮੇ ਸੰਘਰਸ਼ ਦੀ ਜਿੱਤ ਸੀ।
ਪਰ ਸਿੱਖਾਂ ਦੀ ਇਹ ਸ਼ਾਂਤੀ ਜ਼ਿਆਦਾ ਦੇਰ ਕਾਇਮ ਨਾ ਰਹਿ ਸਕੀ। 11 ਸਤੰਬਰ 2001 ਨੂੰ ਅਮਰੀਕਾ ਵਿੱਚ ਹੋਏ ਜਿਹਾਦੀ ਹਮਲਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਹਾਦਸੇ ਨੇ ਪੱਛਮੀ ਮੁਲਕਾਂ ਵਿੱਚ ਇੱਕ ਨਵੀਂ ਨਫ਼ਰਤ ਨੂੰ ਜਨਮ ਦਿੱਤਾ ਸੀ। ਪੱਛਮੀ ਮੀਡੀਆ ਨੇ ਅੱਤਵਾਦ ਦੇ ਚਿਹਰੇ ਵਜੋਂ ਦਾੜ੍ਹੀ ਅਤੇ ਪੱਗ ਵਾਲੇ ਆਦਮੀ ਦੀਆਂ ਤਸਵੀਰਾਂ ਦਿਖਾਈਆਂ ਸਨ।
ਅਮਰੀਕਾ ਅਤੇ ਬਰਤਾਨੀਆ ਦੇ ਆਮ ਲੋਕਾਂ ਵਿੱਚ ਜਾਣਕਾਰੀ ਦੀ ਭਾਰੀ ਘਾਟ ਸੀ। ਉਨ੍ਹਾਂ ਨੇ ਸਿੱਖਾਂ ਨੂੰ ਹੀ ਜਿਹਾਦੀ ਸਮਝ ਲਿਆ ਸੀ। ਇਸ ਸ਼ੱਕ  ਕਾਰਣ ਸਿੱਖਾਂ ਉੱਤੇ ਨਫ਼ਰਤੀ ਹਮਲੇ  ਹੋਣੇ ਸ਼ੁਰੂ ਹੋ ਗਏ ਸਨ। ਬਲਬੀਰ ਸਿੰਘ ਸੋਢੀ ਵਰਗੇ ਨਿਰਦੋਸ਼ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਤੰਗ ਕੀਤਾ ਜਾਂਦਾ ਸੀ। ਉਨ੍ਹਾਂ ਦੇ ਪਟਕੇ ਉਤਾਰੇ ਜਾਂਦੇ ਸਨ। ਗਲੀਆਂ ਵਿੱਚ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ ਸੀ।
ਇਸ ਦੌਰ ਵਿੱਚ ਪੱਛਮ ਦੇ ਵਿਸ਼ਵੀਕਰਨ ਦਾ ਅਸਲੀ ਚਿਹਰਾ ਸਾਹਮਣੇ ਆਇਆ। ਜੋ ਸਮਾਜ ਆਪਣੇ-ਆਪ ਨੂੰ ਸਭਿਅਕ ਅਤੇ ਖੁੱਲ੍ਹੇ ਵਿਚਾਰਾਂ ਵਾਲਾ ਕਹਿੰਦਾ ਸੀ, ਉਹ ਇੱਕ ਵੱਖਰੇ ਸਰੂਪ ਨੂੰ ਵੇਖ ਕੇ ਨਫ਼ਰਤ ਨਾਲ ਭਰ ਗਿਆ। ਸਿੱਖਾਂ ਉੱਤੇ ਇੱਕ ਅਣਦਿਸਦਾ ਮਨੋਵਿਗਿਆਨਕ ਦਬਾਅ ਬਣਾਇਆ ਗਿਆ। ਉਨ੍ਹਾਂ ਨੂੰ ਮਹਿਸੂਸ ਕਰਵਾਇਆ ਗਿਆ ਕਿ ਜੇਕਰ ਉਹ ਆਮ ਪੱਛਮੀ ਲੋਕਾਂ ਵਰਗੇ ਨਹੀਂ ਬਣਨਗੇ, ਤਾਂ ਉਹ ਹਮੇਸ਼ਾ ਸ਼ੱਕ ਦੇ ਘੇਰੇ ਵਿੱਚ ਰਹਿਣਗੇ।ਪਰ ਇਸ  ਦੇ ਬਾਵਜੂਦ ਸਿੱਖਾਂ ਨੇ ਆਪਣੀ ਦਸਤਾਰ ਅਤੇ ਰਹਿਤ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਾ ਕੀਤਾ।
ਹੁਣ ਇੱਕੀਵੀਂ ਸਦੀ ਵਿੱਚ ਵਿਸ਼ਵੀਕਰਨ ਨੇ ਆਪਣਾ ਰੂਪ ਬਦਲ ਲਿਆ ਹੈ। ਹੁਣ ਸਿੱਖ ਪਛਾਣ ਉੱਤੇ ਡੰਡੇ ਜਾਂ ਕਾਨੂੰਨ ਨਾਲ ਸਿੱਧਾ ਹਮਲਾ ਨਹੀਂ ਕੀਤਾ ਜਾ ਰਿਹਾ। ਹੁਣ ਹਮਲਾ ਬਹੁਤ ਮਿੱਠਾ ਅਤੇ ਗੁੰਝਲਦਾਰ ਹੈ। ਇਹ ਹਮਲਾ ਹੈ ਬਾਜ਼ਾਰਵਾਦ ਦਾ।
ਲੂਈ ਵਿਤੋਂ, ਬਰਬਰੀ ਅਤੇ ਗੁਚੀ ਵਰਗੇ ਆਲਮੀ ਬ੍ਰਾਂਡਾਂ ਦੀ ਕੈਟਵਾਕ ਤੋਂ ਲੈ ਕੇ ਬਰਤਾਨਵੀ ਜਲ ਸੈਨਾ ਦੇ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਤੱਕ ਦਸਤਾਰਧਾਰੀ ਨੌਜਵਾਨਾਂ ਦੀ ਵਧਦੀ ਦਿੱਖ ਨੂੰ ਕਈ ਸਿੱਖ ਸਕਾਰਾਤਮਕ ਮੰਨ ਰਹੇ ਹਨ। ਉਨ੍ਹਾਂ ਮੁਤਾਬਕ ਮੁੱਖ ਧਾਰਾ ਦੇ ਮੀਡੀਆ ਵਿੱਚ ਇਹ ਪੇਸ਼ਕਾਰੀ 9/11 ਤੋਂ ਬਾਅਦ ਪੈਦਾ ਹੋਏ  ਗੋਰੇ ਭਾਈਚਾਰੇ ਵਿਚ ਸਿੱਖਾਂ ਤੇ ਦਸਤਾਰ ਪ੍ਰਤੀ ਦਹਿਸ਼ਤ ਦੇ ਭਰਮ ਨੂੰ ਤੋੜਦੀ ਹੈ, ਨਵੀਂ  ਸਿੱਖ ਪੀੜ੍ਹੀ ਵਿੱਚੋਂ ਹੀਣ-ਭਾਵਨਾ ਦੂਰ ਕਰਦੀ ਹੈ । ਉਹ ਮਾਣ ਨਾਲ ਸਿਰ ਉੱਚਾ ਕਰਕੇ ਦਸਤਾਰ ਬੰਨ੍ਹਣ ਲੱਗਦੇ ਹਨ।
ਗੰਭੀਰ ਸਿੱਖ ਚਿੰਤਕਾਂ ਦਾ ਮੰਨਣਾ ਹੈ ਕਿ ਕਾਰਪੋਰੇਟ ਮੰਡੀ ਵੱਲੋਂ ਦਸਤਾਰ ਦਾ ਵਪਾਰੀਕਰਨ ਬੇਹੱਦ ਖ਼ਤਰਨਾਕ ਰੁਝਾਨ ਹੈ। ਬਹੁ-ਕੌਮੀ ਬ੍ਰਾਂਡਾਂ ਦਾ ਮਕਸਦ ਸਿਰਫ਼ ਮੁਨਾਫ਼ਾ ਕਮਾਉਣਾ ਹੈ, ਜਿਨ੍ਹਾਂ ਨੂੰ ਸਿੱਖੀ ਦੀ ਰੂਹਾਨੀਅਤ ਜਾਂ ਸ਼ਹਾਦਤਾਂ ਦੇ ਵਿਰਸੇ ਨਾਲ ਕੋਈ ਸਰੋਕਾਰ ਨਹੀਂ। ਜਦੋਂ ਦਸਤਾਰ ਨੂੰ ਮਹਿਜ਼ ਇੱਕ ਫੈਸ਼ਨ ਸਹਾਇਕ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ, ਤਾਂ ਇਸ ਦੀ ਪਵਿੱਤਰਤਾ ਰੁਲ ਜਾਂਦੀ ਹੈ। ਫੈਸ਼ਨ ਸਦਾ ਨਹੀਂ ਰਹਿੰਦਾ; ਸਮੇਂ ਨਾਲ ਪੁਰਾਣਾ ਹੋ ਕੇ ਖਤਮ ਜਾਂਦਾ ਹੈ। ਜੇ ਨਵੀਂ ਪੀੜ੍ਹੀ ਨੇ ਦਸਤਾਰ ਨੂੰ ਕੇਵਲ ਬਾਹਰੀ ਦਿਖਾਵਾ ਸਮਝ ਲਿਆ, ਤਾਂ ਰੁਝਾਨ ਬਦਲਦਿਆਂ ਹੀ ਇਹ ਸਿਰਾਂ ਤੋਂ ਲਹਿ ਜਾਵੇਗੀ। ਮੰਡੀ ਬਾਹਰੀ ਚਮਕ ਤਾਂ ਸਾਂਭ ਲਵੇਗੀ, ਪਰ ਇਸ ਦੀ ਦਾਰਸ਼ਨਿਕ ਤੇ ਇਤਿਹਾਸਕ ਪਛਾਣ ਤੇ ਮੁਲ ਨੂੰ ਨਿਗਲ ਜਾਵੇਗੀ। ਦਸਤਾਰ ਕੋਈ ਫੈਸ਼ਨ ਨਹੀਂ, ਇਹ ਤਾਂ ਭਾਈ ਤਾਰੂ ਸਿੰਘ ਜੀ ਵਰਗੇ ਅਣਗਿਣਤ  ਸਿੱਖ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਹੋਈ ਕੀਮਤੀ ਦਾਤ ਹੈ, ਜਿਸ ਦੀ ਹੋਂਦ ਬਾਜ਼ਾਰੂ ਟਰੈਂਡਾਂ ਦੀ ਮੁਥਾਜ ਨਹੀਂ ਹੋ ਸਕਦੀ।
ਸਿੱਖੀ ਵਿੱਚ ਕੇਵਲ ਬਾਹਰੀ ਦਿੱਖ ਕਾਫ਼ੀ ਨਹੀਂ ਹੈ। ਗੁਰੂ ਸਾਹਿਬ ਨੇ ‘ਸੰਤ-ਸਿਪਾਹੀ’ ਦਾ ਸੰਕਲਪ ਬਖ਼ਸ਼ਿਆ ਹੈ। ਇਸ ਦਾ ਮਤਲਬ ਹੈ ਕਿ ਸਿੱਖ ਅੰਦਰੋਂ ਰੱਬ ਨਾਲ ਜੁੜਿਆ ਸੰਤ ਹੋਵੇ ਅਤੇ ਬਾਹਰੋਂ ਸਮਾਜ ਦੀ ਰਾਖੀ ਕਰਨ ਵਾਲਾ ਸਿਪਾਹੀ ਹੋਵੇ।ਦਸਤਾਰਧਾਰੀ ਸਿੱਖ ਦਾ ਫ਼ਰਜ਼ ਸੱਚ, ਬਰਾਬਰੀ ਅਤੇ ਨਿਆਂ ਲਈ ਖੜ੍ਹੇ ਹੋਣਾ ਹੈ। ਸਿੱਖੀ ਦਾ ਅਸਲ ਮਨੋਰਥ ਨਿਸ਼ਕਾਮ ਸੇਵਾ ਹੈ। ਕਰੋਨਾ ਕਾਲ ਵਿੱਚ ਸਿੱਖਾਂ ਨੇ ਆਕਸੀਜਨ ਅਤੇ ਭੋਜਨ ਦੇ ਲੰਗਰ ਲਾ ਕੇ ਇਹ ਸੱਚ ਕਰ ਵਿਖਾਇਆ। ਉਨ੍ਹਾਂ ਨੇ ਮੁਸੀਬਤ ਵਿੱਚ ਘਿਰੀ ਦੁਨੀਆ ਨੂੰ ਵੱਡਾ ਧਰਵਾਸ ਦਿੱਤਾ। ਪੱਛਮੀ ਅਖ਼ਬਾਰਾਂ  ਨਿਊਯਾਰਕ ਟਾਈਮਜ਼, ਵਸ਼ਿੰਗਟਨ ਟਾਈਮਜ਼,ਡੇਲੀ ਮੇਲ ਯੂਕੇ ,ਦਾ ਗਾਰਡੀਅਨ ਯੂਕੇ ਆਦਿ ਵਰਗੀਆਂ ਅਨੇਕਾਂ ਵੱਡੀਆਂ ਅਖ਼ਬਾਰਾਂ ਤੇ ਚੈਨਲਾਂ ਨੇ ਸਿੱਖੀ ਸਿਦਕ ਦੀ ਤਾਰੀਫ਼ ਕੀਤੀ ਸੀ। ਦਸਤਾਰ ਦੀ ਅਸਲ ਸ਼ਾਨ ਮਜ਼ਲੂਮ ਦਾ ਸਹਾਰਾ ਬਣਨ ਵਿੱਚ ਹੈ। ਜੇ ਅੰਦਰੋਂ ਸੇਵਾ, ਨਿਮਰਤਾ ਅਤੇ ਗੁਰੂ-ਪਿਆਰ ਹੀ ਮੁੱਕ ਗਿਆ, ਤਾਂ ਇਕੱਲਾ ਬਾਹਰੀ ਸਰੂਪ ਸਿੱਖ ਹੋਂਦ ਨੂੰ ਬਚਾ ਨਹੀਂ ਸਕੇਗਾ।
ਹੁਣ ਸੁਆਲ ਇਹ ਹੈ ਕਿ ਕੀ ਵਿਸ਼ਵੀਕਰਨ ਸਿੱਖ ਹੋਂਦ ਨੂੰ ਖ਼ਤਮ ਕਰ ਦੇਵੇਗਾ? ਇਸ ਦਾ ਜਵਾਬ ਪੂਰੀ ਤਰ੍ਹਾਂ ਸਾਡੇ ਆਪਣੇ ਹੱਥ ਵਿੱਚ ਹੈ। ਕੋਈ ਵੀ ਬਾਹਰੀ ਤਾਕਤ ਜਾਂ ਮੰਡੀ ਕਿਸੇ ਕੌਮ ਨੂੰ ਉਦੋਂ ਤੱਕ ਖ਼ਤਮ ਨਹੀਂ ਕਰ ਸਕਦੀ, ਜਦੋਂ ਤੱਕ ਉਹ ਕੌਮ ਅੰਦਰੋਂ ਖ਼ੁਦ ਨਾ ਮਰ ਜਾਵੇ। ਜੇਕਰ ਸਿੱਖ ਸਮਾਜ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਿਆ, ਜੇ ਅਸੀਂ ਗੁਰਬਾਣੀ ਦਾ ਸੰਦੇਸ਼ ਭੁੱਲ ਗਏ, ਜੇ ਅਸੀਂ ਜਾਤ-ਪਾਤ ਦੀਆਂ ਵੰਡਾਂ ਵਿੱਚ ਉਲਝ ਗਏ ਅਤੇ ਜੇ ਅਸੀਂ ਦਸਤਾਰ ਨੂੰ ਸਿਰਫ਼ ਇੱਕ ਕੱਪੜਾ ਸਮਝ ਲਿਆ, ਤਾਂ ਵਿਸ਼ਵੀਕਰਨ ਸਾਨੂੰ ਬਹੁਤ ਆਸਾਨੀ ਨਾਲ ਆਪਣੇ ਅੰਦਰ ਹਜ਼ਮ ਕਰ ਲਵੇਗਾ। ਫਿਰ ਸਾਡੀ ਹੋਂਦ ਸਿਰਫ਼ ਅਜਾਇਬ ਘਰਾਂ ਜਾਂ ਫੈਸ਼ਨ ਸ਼ੋਆਂ ਤੱਕ ਸੀਮਤ ਰਹਿ ਜਾਵੇਗੀ।
ਪਰ ਦੂਜੇ ਪਾਸੇ, ਜੇ ਸਿੱਖ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਦੇ ਹਨ, ਜੇ ਉਹ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਵਾਲੇ ਸੰਕਲਪ ਨੂੰ ਦਿਲ ਵਿੱਚ ਵਸਾ ਕੇ ਜਿਊਂਦੇ ਹਨ, ਤਾਂ ਦੁਨੀਆ ਦਾ ਕੋਈ ਵੀ ਵਿਸ਼ਵੀਕਰਨ ਸਾਡੀ ਹੋਂਦ ਨੂੰ ਮਿਟਾ ਨਹੀਂ ਸਕਦਾ। ਸਿੱਖੀ ਦੇ ਸਿਧਾਂਤ ਤਾਂ ਖ਼ੁਦ ਵਿਸ਼ਵ-ਵਿਆਪੀ ਹਨ। ਗੁਰਬਾਣੀ ਸਾਰੀ ਦੁਨੀਆ ਦੇ ਭਲੇ ਦੀ ਗੱਲ ਕਰਦੀ ਹੈ। ਇਹ ਕਿਸੇ ਇੱਕ ਨਸਲ ਜਾਂ ਇੱਕ ਖ਼ਿੱਤੇ ਦਾ ਧਰਮ ਨਹੀਂ ਹੈ।
ਅਜੋਕੀ ਨਵੀਂ ਪੀੜ੍ਹੀ ਨੂੰ ਇਹ ਸਮਝਣਾ ਪਵੇਗਾ  ਕਿ ਦਸਤਾਰ ਕੋਈ ਫੈਸ਼ਨ ਸਟਾਈਲ ਨਹੀਂ, ਸਗੋਂ ਗੁਰੂ ਵੱਲੋਂ ਸੌਂਪੀ ਵੱਡੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉੱਚਾ-ਸੁੱਚਾ ਕਿਰਦਾਰ ਜ਼ਰੂਰੀ ਹੈ। ਪਰਦੇਸਾਂ ਵਿੱਚ ਰਹਿੰਦਿਆਂ ਸਾਨੂੰ ਆਪਣੀ ਮਾਂ-ਬੋਲੀ, ਇਤਿਹਾਸ ਅਤੇ ਰਹਿਤ ਮਰਿਆਦਾ ਨਾਲ ਜੁੜਕੇ ਰਹਿਣਾ ਪਵੇਗਾ।ਦਸਤਾਰ ਦੀ ਸ਼ਾਨ ਕਿਸੇ ਕੈਟਵਾਕ ਜਾਂ ਕਾਰਪੋਰੇਟ ਬ੍ਰਾਂਡ ਦੀ ਮੁਥਾਜ ਨਹੀਂ। ਇਸ ਦੀ ਅਸਲ ਖ਼ੂਬਸੂਰਤੀ ਉਸ ਸੀਸ ’ਤੇ ਹੈ ਜੋ ਸਿਰਫ਼ ਅਕਾਲ ਪੁਰਖ ਅੱਗੇ ਝੁਕਦਾ ਹੈ ਅਤੇ ਜ਼ੁਲਮ ਅੱਗੇ ਕਦੇ ਨਹੀਂ ਝੁਕਦਾ। ਜਦੋਂ ਤੱਕ ਸਿੱਖ ਦੇ ਹਿਰਦੇ ਵਿੱਚ ਗੁਰੂ-ਪਿਆਰ ਅਤੇ ਹੱਥਾਂ ਵਿੱਚ ਨਿਸ਼ਕਾਮ ਸੇਵਾ ਦਾ ਜਜ਼ਬਾ ਹੈ, ਉਦੋਂ ਤੱਕ ਕੋਈ ਵੀ ਗਲੋਬਲ ਮੰਡੀ ਸਾਡੀ ਪਛਾਣ ਨੂੰ ਨਿਗਲ ਨਹੀਂ ਸਕਦੀ।