ਕਲਜੁਗੀ ਅਵਤਾਰ ਡੇਰੇਦਾਰ, ਵਾਈ-ਫ਼ਾਈ ਵੈਰਾਗ ਅਤੇ ਜ਼ੈੱਡ-ਪਲੱਸ ਮੋਕਸ਼

ਕਲਜੁਗੀ ਅਵਤਾਰ ਡੇਰੇਦਾਰ, ਵਾਈ-ਫ਼ਾਈ ਵੈਰਾਗ ਅਤੇ ਜ਼ੈੱਡ-ਪਲੱਸ ਮੋਕਸ਼
ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ 
 
​ਕਲਜੁਗ ਦੇ ਧਰਮ-ਬਾਜ਼ਾਰ ਵਿੱਚ ਅੱਜ-ਕੱਲ੍ਹ ਰੌਣਕਾਂ ਸਿਖ਼ਰਾਂ ’ਤੇ ਹਨ। ਪਹਿਲੇ ਜ਼ਮਾਨਿਆਂ ਵਿੱਚ ਰਿਸ਼ੀ-ਮੁਨੀ ਜੰਗਲਾਂ ਵਿੱਚ ਜਾ ਕੇ ਦਹਾਕਿਆਂ ਬੱਧੀ ਘੋਰ ਤਪੱਸਿਆ ਕਰਦੇ ਸਨ। ਪੱਤੇ ਖਾ ਕੇ ਗੁਜ਼ਾਰਾ ਕਰਦੇ ਸਨ ਅਤੇ ਜਦੋਂ ਸਰੀਰ ਹੱਡੀਆਂ ਦੀ ਮੁੱਠ ਬਣ ਜਾਂਦਾ ਸੀ, ਉਦੋਂ ਕਿਤੇ ਜਾ ਕੇ ਅੰਦਰੋਂ ਹਉਮੈ ਮਰਦੀ ਸੀ। ਪਰ ਨਵੇਂ ਜ਼ਮਾਨੇ ਦੇ ਕਾਰਪੋਰੇਟ ਅਧਿਆਤਮ ਨੇ ਇਹ ਸਾਰੀ ਖੇਚਲ਼ ਹੀ ਖ਼ਤਮ ਕਰ ਦਿੱਤੀ ਹੈ। ਅੱਜ-ਕੱਲ੍ਹ ਮੋਕਸ਼ ਪ੍ਰਾਪਤ ਕਰਨ ਲਈ ਜੰਗਲ ਜਾਣ ਦੀ ਲੋੜ ਨਹੀਂ, ਸਿਰਫ਼ ਇੱਕ ਚੰਗੇ ਵੀਡੀਓ ਐਡੀਟਰ, ਦੋ-ਚਾਰ ਡਰੋਨ ਕੈਮਰਿਆਂ ਅਤੇ ਇੰਸਟਾਗ੍ਰਾਮ ’ਤੇ ਇੱਕ ਤਕੜੀ ‘ਪੀ.ਆਰ. ਟੀਮ’ ਦੀ ਲੋੜ ਹੈ। ਇਸ ਆਧੁਨਿਕ ਧਰਮ-ਉਦਯੋਗ ਦੇ ਨਵੇਂ ਸਿਰਤਾਜ ਨੇ ਭਾਰਤ ਦੇ ਅਨੇਕਾਂ  ਪਰਮ ਪੂਜਨੀਕ ਬਾਬੇ ਜੋ ਚੁਟਕਲੇ ਸੁਣਾਕੇ ਲੋਕਾਂ  ਨੂੰ ਪ੍ਰਭਾਵਿਤ ਕਰਦੇ ਹਨ।
 
 
​ਬਾਬਾ ਜੀ ਦਾ ਦਾਅਵਾ ਹੁੰਦਾ ਹੈ ਕਿ ਉਹ ‘ਤ੍ਰਿਕਾਲਦਰਸ਼ੀ’ ਹਨ—ਜੋ ਭੂਤ, ਭਵਿੱਖ ਅਤੇ ਵਰਤਮਾਨ ਸਭ ਇੱਕੋ ਪਲ ਵਿੱਚ ਦੇਖ ਲੈਂਦੇ ਹਨ। ਪ੍ਰਵਚਨ ਸੁਣਨ ਆਏ ਭੋਲੇ-ਭਾਲੇ ਸ਼ਰਧਾਲੂਆਂ ਨੂੰ ਬਾਬਾ ਜੀ ਅੱਖਾਂ ਮੀਚ ਕੇ ਦੱਸ ਦਿੰਦੇ ਹਨ, "ਬੱਚਾ, ਤੂੰ ਪਿਛਲੇ ਜਨਮ ਵਿੱਚ ਕਿਸੇ ਗਾਂ ਦੀ ਪੂਛ ਮਰੋੜੀ ਸੀ, ਇਸੇ ਲਈ ਤੇਰੀ ਨੌਕਰੀ ਨਹੀਂ ਲੱਗ ਰਹੀ।" ਸੰਗਤ ਧੰਨ-ਧੰਨ ਕਰ ਉੱਠਦੀ ਹੈ ਕਿ ਵੇਖੋ ਮਹਾਰਾਜ ਨੂੰ ਹਜ਼ਾਰ ਸਾਲ ਪੁਰਾਣੀ ਗੱਲ ਵੀ ਯਾਦ ਹੈ।
 
​ਪਰ ਹੈਰਾਨੀ  ਦੀ ਗਲ ਹੈ ਕਿ ਜਿਹੜਾ ਬਾਬਾ ਪਿਛਲੇ ਜਨਮ ਵਿੱਚ ਮਰੋੜੀ ਗਾਂ ਦੀ ਪੂਛ ਦੇਖ ਲੈਂਦਾ ਹੈ, ਉਸੇ ਬਾਬੇ ਨੂੰ ਆਪਣੇ ਆਸ਼ਰਮ ਦੇ ਅਗਲੇ ਕਮਰੇ ਵਿੱਚ ਚੱਲ ਰਹੀ ਸਾਜ਼ਿਸ਼ ਨਹੀਂ ਦਿਸਦੀ। ਸੰਗਤ ਨੂੰ ਅਧਿਆਤਮ ਅਤੇ ਤਿਆਗ ਦਾ ਪਾਠ ਪੜ੍ਹਾਉਣ ਵਾਲੇ ਬਾਬਾ ਜੀ ਦੀ ਅੰਤਰ-ਧਿਆਨ ਨਜ਼ਰ ਉਦੋਂ ਬੇਵੱਸ ਹੋ ਜਾਂਦੀ ਹੈ, ਜਦੋਂ ਆਪਣੇ ਹੀ ਚੇਲੇ ਰਾਤੋ-ਰਾਤ ਟਰੱਸਟ ਦਾ ਸਰਮਾਇਆ ਖੁਰਦ-ਬੁਰਦ ਕਰ ਜਾਂਦੇ ਹਨ, ਜ਼ਮੀਨਾਂ ਹੜੱਪਣ ਦੀਆਂ ਸਾਜ਼ਿਸ਼ਾਂ ਘੜਦੇ ਹਨ ਅਤੇ ਬੰਦ ਕਮਰਿਆਂ ਵਿੱਚ ਕੁਕਰਮਾਂ ਦੀ ਨੀਂਹ ਰੱਖਦੇ ਹਨ। ਦੂਜਿਆਂ ਦਾ ਭਵਿੱਖ ਵੇਖਣ ਦਾ ਦਾਅਵਾ ਕਰਨ ਵਾਲੀ 'ਤੀਜੀ ਅੱਖ' ਆਪਣੇ ਹੀ ਆਸ਼ਰਮ ਦੀ ਅਸਲੀਅਤ ਮੂਹਰੇ ਅੰਨ੍ਹੀ ਸਾਬਤ ਹੁੰਦੀ ਹੈ।"ਉੱਥੇ ਬਾਬਾ ਜੀ ਦਾ ਬ੍ਰਹਮ  ਗਿਆਨ ਕੰਮ ਨਹੀਂ ਆਉਂਦਾ, ਸਗੋਂ ਲੋਕਲ ਥਾਣੇ ਦੇ ਐੱਸ.ਐੱਚ.ਓ., ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਫੋਰੈਂਸਿਕ ਲੈਬ ਦੇ ਫਿੰਗਰਪ੍ਰਿੰਟ ਮਾਹਿਰਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ। 
​ਸਵਾਲ ਉੱਠਦਾ ਹੈ ਕਿ ਜਿਸ ਬਾਬੇ ਦੀ ਸਿੱਧੀ 'ਹੌਟਲਾਈਨ' ਸੱਚਖੰਡ ਵਿੱਚ ਰੱਬ ਨਾਲ ਜੁੜੀ ਹੋਈ ਹੈ, ਕੀ ਉਹ ਲਾਈਨ ਇੰਨੀ ਕਮਜ਼ੋਰ ਹੈ ਕਿ ਚੇਲਿਆਂ ਦੇ ਕਾਰਨਾਮੇ ਫੜਨ ਵੇਲੇ ਉੱਥੇ 'ਕਾਲ ਡ੍ਰੌਪ' ਹੋ ਜਾਂਦੀ ਹੈ? ਜੇ ਬਾਬਾ ਜੀ ਸੱਚਮੁੱਚ ਜਾਣੀ-ਜਾਣ ਹਨ, ਤਾਂ ਪੁਲਿਸ ਜਾਂਚ ਦੀ ਕੀ ਲੋੜ? ਬਸ ਅੱਖਾਂ ਬੰਦ ਕਰਕੇ ਮੁਲਜ਼ਮ ਦਾ ਨਾਂ ਦੱਸ ਦੇਣ! ਪਰ ਨਹੀਂ, ਅਸਲ ਵਿੱਚ ਦੁਨਿਆਵੀ ਕਾਨੂੰਨ ਦੇ ਸਾਹਮਣੇ ਆਉਂਦਿਆਂ ਹੀ ਸਾਰਾ ਅਧਿਆਤਮਿਕ ਨੈੱਟਵਰਕ 'ਨੋ ਸਰਵਿਸ' ਦਿਖਾਉਣ ਲੱਗ ਪੈਂਦਾ ਹੈ।
 
​"ਜੇ ਮੌਤ ਦਾ ਮਤਲਬ ਚੋਲਾ ਬਦਲਣਾ ਹੈ"... ਫਿਰ ਜ਼ੈੱਡ-ਪਲੱਸ ਸੁਰੱਖਿਆ ਦੀ ਮੰਗ ਕਿਉਂ!
 
​ਪ੍ਰਵਚਨਾਂ ਦੇ ਮੰਚ ਤੋਂ ਜਦੋਂ ਬਾਬਾ ਜੀ ਮਾਈਕ ਫੜਦੇ ਹਨ, ਤਾਂ ਉਨ੍ਹਾਂ ਦੇ ਬੋਲਾਂ ਵਿੱਚ ਅਜਿਹਾ ਵੈਰਾਗ ਹੁੰਦਾ ਹੈ ਕਿ ਸਾਹਮਣੇ ਬੈਠਾ ਅਮੀਰ ਤੋਂ ਅਮੀਰ ਸੇਠ ਵੀ ਆਪਣੀ ਸੋਨੇ ਦੀ ਚੇਨ ਉਤਾਰ ਕੇ ਸੁੱਟਣ ਬਾਰੇ ਸੋਚਣ ਲੱਗ ਪੈਂਦਾ ਹੈ।ਬਾਬਾ ਜੀ ਮਿਠੀ ਅਵਾਜ਼  ਵਿਚ ਬੋਲਦੇ ਹਨ: "ਸੰਸਾਰੀ ਜੀਵੋ! ਮੋਹ-ਮਾਇਆ ਛੱਡੋ। ਇਹ ਸਰੀਰ ਕੀ ਹੈ? ਇਹ ਤਾਂ ਮਹਿਜ਼ ਮਿੱਟੀ ਦੀ ਢੇਰੀ ਹੈ, ਇੱਕ ਨਾਸ਼ਵਾਨ ਕੱਪੜਾ ਹੈ। ਆਤਮਾ ਅਮਰ ਹੈ, ਇਸ ਨੂੰ ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਗਾਲ਼ ਸਕਦਾ ਹੈ, ਨਾ ਤਲਵਾਰ ਕੱਟ ਸਕਦੀ ਹੈ। ਮੌਤ ਤਾਂ ਰੱਬ ਨਾਲ ਮਿਲਾਪ ਦਾ ਸਭ ਤੋਂ ਵੱਡਾ ਉਤਸਵ ਹੈ!"
 
​ਲੋਕ ਅੱਖਾਂ ਵਿੱਚੋਂ ਅੱਥਰੂ ਵਹਾਉਂਦੇ ਹਨ। ਪਰ ਜਿਵੇਂ ਹੀ ਆਸ਼ਰਮ ਵਿੱਚ ਕਿਸੇ ਮਾਫ਼ੀਆ ਜਾਂ ਵਿਰੋਧੀ ਧੜੇ ਦੀ ਧਮਕੀ ਆਉਂਦੀ ਹੈ, ਬਾਬਾ ਜੀ ਦਾ ਅਮਰ ਆਤਮਾ ਵਾਲਾ ਗਿਆਨ ਛਿੱਕੇ ’ਤੇ ਟੰਗਿਆ ਜਾਂਦਾ ਹੈ। ਤੁਰੰਤ ਮੁੱਖ ਮੰਤਰੀ ਅਤੇ ਗ੍ਰਹਿ ਮੰਤਰਾਲੇ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਹਨ—"ਮਹਾਰਾਜ, ਮੇਰੀ ਜਾਨ ਨੂੰ ਗੰਭੀਰ ਖ਼ਤਰਾ ਹੈ, ਮੈਨੂੰ ਤੁਰੰਤ ਜ਼ੈੱਡ-ਪਲੱਸ ਸੁਰੱਖਿਆ ਦਿੱਤੀ ਜਾਵੇ!"
 
​ਵਾਹ ਓਏ ਕਲਜੁਗੀ ਸੰਤੋ! ਆਮ ਜਨਤਾ ਨੂੰ ਤਾਂ ਕਹਿੰਦੇ ਹੋ ਕਿ ਮੌਤ ਤੋਂ ਨਾ ਡਰੋ, ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹੋ; ਪਰ ਜਦੋਂ ਆਪਣੀ ਮਿੱਟੀ ਦੀ ਢੇਰੀ ’ਤੇ ਜ਼ਰਾ ਜਿੰਨਾ ਖ਼ਤਰਾ ਮੰਡਰਾਉਂਦਾ ਹੈ, ਤਾਂ ਰੱਬ ਦੇ ਕਿਰਪਾ ਨਾਲੋਂ ਵੱਧ ਯਕੀਨ ਸਰਕਾਰੀ ਕਮਾਂਡੋਆਂ ਦੀਆਂ ਏਕੇ-47 ਬੰਦੂਕਾਂ ’ਤੇ ਹੋ ਜਾਂਦਾ ਹੈ! ਜੇ ਮੌਤ ਸਿਰਫ਼ 'ਚੋਲਾ ਬਦਲਣਾ' ਹੀ ਹੈ, ਤਾਂ ਨਵਾਂ ਚੋਲਾ ਪਾਉਣ ਤੋਂ ਇੰਨਾ ਖ਼ੌਫ਼ ਕਿਉਂ? ਕੀ ਰੱਬ ਦਾ ਸੁਰੱਖਿਆ ਕਵਚ ਸਰਕਾਰੀ ਜਿਪਸੀਆਂ ਅਤੇ ਬੁਲੇਟਪਰੂਫ਼ ਗੱਡੀਆਂ ਨਾਲੋਂ ਕਮਜ਼ੋਰ ਪੈ ਗਿਆ ਹੈ?
 
 
​ਸਾਧੂ ਦਾ ਕੰਮ ਹੁੰਦਾ ਹੈ ਦਿਲ ਜਿੱਤਣਾ, ਬੁਰੇ ਇਨਸਾਨ ਨੂੰ ਚੰਗਾ ਬਣਾਉਣਾ ਹੈ। ਇਤਿਹਾਸ ਗਵਾਹ ਹੈ ਕਿ ਸਤਿਗੁਰੂ  ਨਾਨਕ ਜੀ ਨੇ  ਸੱਜਣ ਠੱਗ ਤੇ ਕੌਡੇ ਰਾਖਸ਼ਸ਼ ਵਰਗਿਆਂ ਨੂੰ ਆਪਣੀ ਇੱਕੋ ਰਹਿਮਤ ਭਰੀ ਨਜ਼ਰ ਨਾਲ ਧਰਮੀ ਬਣਾ ਦਿੱਤਾ ਸੀ।ਪਰ ਅੱਜ ਦੇ ਬਾਬੇ ਕਹਿੰਦੇ ਨੇ, "ਸਾਡੇ ਦੁਸ਼ਮਣ ਬਹੁਤ ਵੱਡੇ ਮਾਫ਼ੀਆ ਨੇ, ਉਹ ਸਾਨੂੰ ਮਾਰਨਾ ਚਾਹੁੰਦੇ ਨੇ।"
 
ਭਾਈ, ਜੇ ਤੁਸੀਂ ਇੰਨੇ ਹੀ ਪਹੁੰਚੇ ਹੋਏ ਮਹਾਪੁਰਸ਼ ਹੋ, ਤੁਹਾਡੀ ਨਜ਼ਰ ਵਿੱਚ ਇੰਨੀ ਹੀ ਬਰਕਤ ਹੈ ਕਿ ਤੁਹਾਡੇ ਦਰਸ਼ਨ ਕਰਨ ਨਾਲ ਕੈਂਸਰ ਮਿਟ ਜਾਂਦਾ ਹੈ, ਘਰਾਂ ਵਿੱਚ ਪੁੱਤਰ ਜੰਮ ਪੈਂਦੇ ਹਨ ਅਤੇ ਗ਼ਰੀਬ ਅਰਬਪਤੀ ਬਣ ਜਾਂਦੇ ਹਨ, ਤਾਂ ਫਿਰ ਆਪਣੇ ਦੁਸ਼ਮਣਾਂ ਵੱਲ ਇੱਕ ਕਰੁਣਾ ਭਰੀ ਨਜ਼ਰ ਕਿਉਂ ਨਹੀਂ ਮਾਰ ਲੈਂਦੇ? ਉਨ੍ਹਾਂ ਮਾਫ਼ੀਆ ਵਾਲਿਆਂ ਦੇ ਦਿਲਾਂ ਵਿੱਚ ਜਾ ਕੇ ਉਨ੍ਹਾਂ ਦੀ ‘ਮਾਨਸਿਕਤਾ’ ਕਿਉਂ ਨਹੀਂ ਬਦਲ ਦਿੰਦੇ?
 
​ਜਦੋਂ ਚੇਲਿਆਂ ਦੀ ਭੀੜ ਵਧਾਉਣੀ ਹੋਵੇ, ਤਾਂ ਬਾਬਾ ਜੀ ਪਰਮ ਸ਼ਕਤੀਮਾਨ ਹੁੰਦੇ ਹਨ; ਪਰ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਨਾ ਹੋਵੇ, ਤਾਂ ਬਾਬਾ ਜੀ ਅਚਾਨਕ ਲਾਚਾਰ ਹੋ ਜਾਂਦੇ ਹਨ ਅਤੇ ਸਤਾ  ਵੱਲ ਮੂੰਹ ਕਰਕੇ ਖੜ੍ਹ ਜਾਂਦੇ ਹਨ ਕਿ ਸਾਡੇ ਉਪਰ ਕਿਰਪਾ ਕਰੋ। ਇਹ ਕਿਹੋ ਜਿਹਾ ਚਮਤਕਾਰ ਹੈ ਜੋ ਸਿਰਫ਼ ਆਮ ਜਨਤਾ ਦੇ ਸਾਹਮਣੇ ਹੀ ਚੱਲਦਾ ਹੈ, ਪਰ ਕਿਸੇ ਗੁੰਡੇ ਜਾਂ ਅਦਾਲਤੀ ਸੰਮਨ ਸਾਹਮਣੇ ਆਉਂਦਿਆਂ ਹੀ ਫ਼ਿਊਜ਼ ਹੋ ਜਾਂਦਾ ਹੈ?
 
ਪਹਿਲਾਂ ਸੰਤਾਂ ਦੇ ਚੇਲੇ ਉਹ ਹੁੰਦੇ ਸਨ ਜੋ ਹੱਥ ਵਿੱਚ ਖੜਤਾਲਾਂ ਲੈ ਕੇ ਗੁਰੂ ਦੇ ਪਿੱਛੇ-ਪਿੱਛੇ ਤੁਰ ਪੈਂਦੇ ਸਨ। ਨਾ ਧਨ ਦੀ ਲਾਲਸਾ, ਨਾ ਸ਼ੋਹਰਤ ਦੀ ਭੁੱਖ। ਪਰ ਅੱਜ ਦੇ ਬਾਬੇ ਦੇ ਆਲੇ-ਦੁਆਲੇ ਉਹ ਚੇਲੇ ਘੁੰਮਦੇ ਹਨ ਜੋ ਵੱਡੀਆਂ-ਵੱਡੀਆਂ ਡਿਗਰੀਆਂ ਛੱਡ ਕੇ ਆਏ ਦੱਸੇ ਜਾਂਦੇ ਹਨ। ਇਹ ਚੇਲੇ ਅਸਲ ਵਿੱਚ ਭਗਤ ਨਹੀਂ, ਸਗੋਂ 'ਅਧਿਆਤਮਿਕ ਈਵੈਂਟ ਮੈਨੇਜਰ' ਹਨ।ਉਹ ਆਸ਼ਰਮ ਵਿੱਚ ਆ ਕੇ ਭਗਤੀ ਨਹੀਂ ਕਰਦੇ, ਸਗੋਂ ਇੱਕ ਪੂਰਾ ਸਟਾਰਟ-ਅੱਪ ਚਲਾਉਂਦੇ ਹਨ: ਬਾਬਾ ਜੀ ਦਾ ਹਰ ਹਾਵ-ਭਾਵ, ਅੱਖਾਂ ਵਿੱਚੋਂ ਵਗਦਾ ਅੱਥਰੂ, ਜਾਂ ਹੱਥ ਹਿਲਾਉਣਾ ਸਲੋਅ-ਮੋਸ਼ਨ ਵਿੱਚ ਰਿਕਾਰਡ ਕੀਤਾ ਜਾਂਦਾ ਹੈ। ਪਿੱਛੇ ਉਦਾਸ ਜਾਂ ਭਾਵੁਕ ਸੰਗੀਤ ਲਾ ਕੇ ਇੰਸਟਾਗ੍ਰਾਮ ਅਤੇ ਯੂਟਿਊਬ ’ਤੇ ਮਿਲੀਅਨ ਵਿਊਜ਼ ਬਟੋਰੇ ਜਾਂਦੇ ਹਨ।ਜਦੋਂ ਤੱਕ ਕੋਈ ਕ੍ਰਿਕਟਰ, ਫ਼ਿਲਮੀ ਹੀਰੋ ਜਾਂ ਵੱਡਾ ਮੰਤਰੀ ਬਾਬੇ ਦੇ ਪੈਰੀਂ ਹੱਥ ਨਾ ਲਾਵੇ, ਉਦੋਂ ਤੱਕ ਬਾਬੇ ਦਾ ਅਧਿਆਤਮਿਕ ਕੱਦ ਉੱਚਾ ਨਹੀਂ ਮੰਨਿਆ ਜਾਂਦਾ। ਆਮ ਸ਼ਰਧਾਲੂ ਧੱਕੇ ਖਾਂਦੇ ਨੇ, ਪਰ ਵੀ.ਆਈ.ਪੀ. ਲਈ ਵਿਸ਼ੇਸ਼ ਸੋਫ਼ੇ ਲੱਗਦੇ ਹਨ।ਬਾਬਾ ਜੀ ਦੇ ਨਾਮ ’ਤੇ ਪਵਿੱਤਰ ਨਦੀਆਂ ਦੇ ਕੰਢਿਆਂ, ਜੰਗਲਾਂ ਅਤੇ ਸਰਕਾਰੀ ਜ਼ਮੀਨਾਂ ’ਤੇ ਅੱਖ ਰੱਖੀ ਜਾਂਦੀ ਹੈ। ਬਿਆਸਾ ਦਰਿਆ ਦੀ ਜਮੀਨ ਉਪਰ ਕਬਜੇ ਇਸ ਗਲ ਦੇ ਗਵਾਹ ਹਨ।
 
ਬਾਬਿਆ ਅਤੇ ਸਿਆਸਤਦਾਨਾਂ ਦਾ ਅਮਰ ਗੱਠਜੋੜ
 
​ਇਹ ਕੋਈ ਨਵੀਂ ਕਹਾਣੀ ਨਹੀਂ ਹੈ। ਇਤਿਹਾਸ ਦੇ ਪੰਨੇ ਫਰੋਲ ਕੇ ਵੇਖ ਲਓ, ਪੁਰਾਤਨ ਕਾਲ ਤੋਂ ਹੀ ਦਰਬਾਰੀ ਪੁਜਾਰੀਆਂ, ਧਰਮ ਗੁਰੂਆਂ ਅਤੇ ਰਾਜਿਆਂ ਵਿਚਕਾਰ ਇੱਕ ਅਣਲਿਖਿਆ ਸਮਝੌਤਾ ਰਿਹਾ ਹੈ।ਪੁਰਾਣੇ ਜ਼ਮਾਨੇ ਵਿੱਚ ਪੁਜਾਰੀ ਪਰਜਾ ਨੂੰ ਇਹ ਸਿਖਾਉਂਦੇ ਸਨ ਕਿ "ਰਾਜਾ ਭਗਵਾਨ ਦਾ ਰੂਪ ਹੈ, ਇਸ ਲਈ ਰਾਜੇ ਦਾ ਵਿਰੋਧ ਕਰਨਾ ਪਾਪ ਹੈ।" ਬਦਲੇ ਵਿੱਚ ਰਾਜਾ ਪੁਜਾਰੀਆਂ ਨੂੰ ਜਾਗੀਰਾਂ, ਸੋਨਾ ਅਤੇ ਸੁਰੱਖਿਆ ਦਿੰਦਾ ਸੀ। ਅੱਜ ਦੇ ਜਮਹੂਰੀ ਦੌਰ ਵਿੱਚ ਵੀ ਕੁਝ ਨਹੀਂ ਬਦਲਿਆ, ਸਿਰਫ਼ ਤਰੀਕਾ ਬਦਲਿਆ ਹੈ।
 
​ਅੱਜ ਦਾ ਬਾਬਾ ਆਪਣੇ ਲੱਖਾਂ ਅੰਧ-ਭਗਤਾਂ ਨੂੰ ਇੱਕ ਸੰਗਠਿਤ 'ਵੋਟ ਬੈਂਕ' ਵਿੱਚ ਤਬਦੀਲ ਕਰਦਾ ਹੈ। ਚੋਣਾਂ ਨੇੜੇ ਆਉਂਦਿਆਂ ਹੀ ਵੱਡੇ-ਵੱਡੇ ਸਿਆਸਤਦਾਨ ਬਾਬਾ ਜੀ ਦੀ ਕੁਟੀਆ ਵਿੱਚ ਮੱਥਾ ਟੇਕਣ ਆਉਂਦੇ ਹਨ। ਕੈਮਰਿਆਂ ਦੇ ਸਾਹਮਣੇ ਨੇਤਾ ਜੀ ਬਾਬੇ ਦੇ ਚਰਨ ਛੂੰਹਦੇ ਹਨ, ਅਤੇ ਕੈਮਰਿਆਂ ਦੇ ਪਿੱਛੇ ਵੋਟਾਂ ਦਾ ਸੌਦਾ ਹੁੰਦਾ ਹੈ। ਬਦਲੇ ਵਿੱਚ ਸਰਕਾਰ ਬਾਬੇ ਦੇ ਆਸ਼ਰਮ ਦੀਆਂ ਗ਼ੈਰ-ਕਾਨੂੰਨੀ ਉਸਾਰੀਆਂ ਵੱਲੋਂ ਅੱਖਾਂ ਮੀਚ ਲੈਂਦੀ ਹੈ, ਵਿਵਾਦਾਂ ਵੇਲੇ ਪੁਲਿਸ ਜਾਂਚ ਨੂੰ ਠੰਢੇ ਬਸਤੇ ਵਿੱਚ ਪਾ ਦਿੰਦੀ ਹੈ ਅਤੇ ਮੰਗਣ ’ਤੇ ਲਾਲ ਬੱਤੀਆਂ ਤੇ ਸਰਕਾਰੀ ਗੰਨਮੈਨ ਮੁਹੱਈਆ ਕਰਵਾਉਂਦੀ ਹੈ।
 
​ਇਹ ਸਰਕਾਰੀ ਧਰਮ ਗੁਰੂ ਸਿਸਟਮ ਦਾ ਅਜਿਹਾ ਪੁਰਜ਼ਾ ਬਣ ਚੁੱਕੇ ਹਨ, ਜੋ ਜਨਤਾ ਨੂੰ ਅਸਲ ਮੁੱਦਿਆਂ—ਜਿਵੇਂ ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਅਤੇ ਸਿਹਤ—ਤੋਂ ਭਟਕਾ ਕੇ ਅੰਧ-ਵਿਸ਼ਵਾਸ ਅਤੇ ਭਾਵੁਕਤਾ ਦੇ ਨਸ਼ੇ ਵਿੱਚ ਗੜੁਚ ਰੱਖਦੇ ਹਨ। ਰਾਜੇ ਨੂੰ ਅਜਿਹੇ ਬਾਬੇ ਬਹੁਤ ਪਸੰਦ ਆਉਂਦੇ ਹਨ, ਕਿਉਂਕਿ ਜੋ ਜਨਤਾ ਬਾਬੇ ਦੇ ਇੱਕ ਇਸ਼ਾਰੇ ’ਤੇ ਤਾੜੀਆਂ ਵਜਾਉਣ ਲੱਗ ਪਵੇ, ਉਹ ਸਰਕਾਰ ਤੋਂ ਹਿਸਾਬ ਮੰਗਣ ਜੋਗੀ ਨਹੀਂ ਰਹਿੰਦੀ।
 
ਅਸਲ ਵੈਰਾਗ ਉਹ ਹੁੰਦਾ ਹੈ ਜੋ ਚੁੱਪ-ਚਾਪ ਮਨ ਦੇ ਅੰਦਰ ਵਸਦਾ ਹੈ, ਨਾ ਕਿ ਉਹ ਜੋ ਸੋਸ਼ਲ ਮੀਡੀਆ ਦੇ ਲਾਈਵ ਸਟ੍ਰੀਮ ’ਤੇ ਵਿਕਦਾ ਹੈ। ਪਰ ਅਫ਼ਸੋਸ, ਅੱਜ ਦੇ ਦੌਰ ਵਿੱਚ ਜਿੰਨਾ ਵੱਡਾ ਪਾਖੰਡ ਹੈ, ਓਨਾ ਹੀ ਵੱਡਾ ਆਸ਼ਰਮ ਹੈ; ਜਿੰਨਾ ਵੱਡਾ ਝੂਠ ਹੈ, ਓਨੀ ਹੀ ਮਜ਼ਬੂਤ ਜੈਡ ਪਲਸ ਸੁਰੱਖਿਆ ਹੈ!