ਸਵਾਲਾਂ ਦੇ ਘੇਰੇ ਵਿੱਚ ਆਈ ਕੈਨੇਡਾ ਦੀ ਸਿਹਤ ਪ੍ਰਣਾਲੀ
ਵੈਨਕੂਵਰ/ਏ.ਟੀ.ਨਿਊਜ਼: ਕੈਨੇਡਾ ਦੇ ਮੁਫ਼ਤ ਸਿਹਤ ਸੰਭਾਲ ਖਰਚੇ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਇਸ ਦੀ ਸਹੀ ਵਰਤੋਂ ’ਤੇ ਸਵਾਲ ਉੱਠਣ ਲੱਗੇ ਹਨ। ਕੈਨੇਡਾ ਦੀ ਸਿਹਤ ਜਾਣਕਾਰੀ ਬਾਰੇ ਸੰਸਥਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਇਸ ਸਾਲ ਸਰਕਾਰ ਅਤੇ ਬੀਮਾ ਕੰਪਨੀਆਂ ਉੱਤੇ ਇਸ ਖਰਚ ਦਾ ਭਾਰ 433 ਅਰਬ ਡਾਲਰ ਹੋ ਜਾਵੇਗਾ, ਜੋ ਪਿਛਲੇ ਸਾਲ ਦੇ ਮੁਕਾਬਲੇ 5 ਫ਼ੀਸਦੀ ਵੱਧ ਹੈ। ਅੰਕੜਿਆਂ ਮੁਤਾਬਕ ਇਹ ਖਰਚ ਪ੍ਰਤੀ ਜੀਅ ਔਸਤਨ 10,398 ਡਾਲਰ ਹੋਵੇਗਾ। ਹਾਲਾਂਕਿ ਆਲਮੀ ਪੱਧਰ ’ਤੇ ਕੈਨੇਡਾ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਪਹਿਲਾਂ ਹੀ ਸ਼ਾਮਲ ਹੈ, ਜੋ ਆਪਣੇ ਨਾਗਰਿਕਾਂ ਦੀ ਸਿਹਤ ਸੰਭਾਲ ’ਤੇ ਸਭ ਤੋਂ ਵੱਧ ਖਰਚ ਕਰਦੇ ਹਨ ਪਰ ਇਸ ਦੇ ਬਾਵਜੂਦ ਕੈਨੇਡਾ ਵਿੱਚ ਲੋਕਾਂ ਨੂੰ ਇਲਾਜ ਲਈ ਲੰਮੀ ਉਡੀਕ, ਪਰਿਵਾਰਕ ਡਾਕਟਰ ਮਿਲਣ ’ਚ ਔਕੜਾਂ ਅਤੇ ਹਸਪਤਾਲਾਂ ਦੇ ਭੀੜ-ਭੜੱਕੇ ਦੀ ਸ਼ਿਕਾਇਤ ਰਹਿੰਦੀ ਹੈ। ਮਾਹਿਰਾਂ ਵੱਲੋਂ ਸਵਾਲ ਉਠਾਏ ਜਾਣ ਲੱਗੇ ਹਨ ਕਿ ਇੰਨਾ ਖਰਚ ਕਰਕੇ ਵੀ ਮਾੜੇ ਹਾਲਾਤ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਤਾਂ ਇੰਨਾ ਪੈਸਾ ਕਿਹੜੇ ਖੂਹ-ਖਾਤੇ ਪੈਂਦਾ ਹੈ?
ਯੂਨੀਵਰਸਿਟੀ ਆਫ਼ ਬੀ.ਸੀ. ’ਚ ਤਾਇਨਾਤ ਸਿਹਤ ਸੇਵਾਵਾਂ ਅਤੇ ਨੀਤੀ ਖੋਜ ਕੇਂਦਰ ਦੇ ਨਿਰਦੇਸ਼ਕ ਜੇਸਨ ਸਦਰਲੈਂਡ ਦਾ ਮੰਨਣਾ ਹੈ ਕਿ ਸਿਹਤ ਖਰਚਿਆਂ ਦੇ ਨਵੇਂ ਰਿਕਾਰਡ ਵਿੱਚ ਪਹਿਲਾਂ ਤੋਂ ਮੌਜੂਦ ਚੀਜ਼ਾਂ ਦੀ ਮਾਤਰਾ ਵੱਧ ਹੋ ਸਕਦੀ ਹੈ, ਪਰ ਵੱਖਰਾ ਕੁਝ ਵੀ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੇਵਾਵਾਂ ਪ੍ਰਦਾਨ ਕਰਨ ਦੇ ਢੰਗਾਂ ਵਿੱਚ ਵੱਡੇ ਬਦਲਾਅ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਿਹਤ ਸੇਵਾਵਾਂ ਵਿੱਚ ਸੁਧਾਰ ਦੀ ਉਮੀਦ ਕਰਨਾ ਵਿਅਰਥ ਹੈ। ਉਪਰੋਕਤ ਸੰਸਥਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰੇਕ ਦਸਵੇਂ ਮਰੀਜ਼ ਨੂੰ ਐਮਰਜੈਂਸੀ ਸੇਵਾਵਾਂ ਦੀ 14 ਘੰਟੇ ਤੋਂ ਵੱਧ ਉਡੀਕ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।ਉਕਤ ਸੰਸਥਾ ਦੀ ਰਿਪੋਰਟ ਅਨੁਸਾਰ ਸਾਲ 2024 ਵਿੱਚ ਕੈਨੇਡਾ ਨੇ ਆਪਣੇ ਘਰੇਲੂ ਉਤਪਾਦ ਦਾ ਸਾਢੇ 11 ਫ਼ੀਸਦੀ ਹਿੱਸਾ ਸਿਹਤ ਸੰਭਾਲ ’ਤੇ ਖਰਚ ਕੀਤਾ, ਜਦਕਿ ਇਸੇ ਵਰਗ ‘ਚ ਆਉਾਂਦੇਵਿਕਸਤ ਦੇਸ਼ਾਂ ਵਿੱਚ ਇਹ ਦਰ ਸਵਾ 9 ਫ਼ੀਸਦੀ ਸੀ।
ਬੇਸ਼ੱਕ ਇਸ ਵਾਧੂ ਖਰਚੇ ਨਾਲ ਕੈਨੇਡਾ ਉਨ੍ਹਾਂ ਦੇਸ਼ਾਂ (ਫਰਾਂਸ, ਜਰਮਨੀ, ਸਵੀਡਨ) ਦੀ ਕਤਾਰ ਵਿੱਚ ਤਾਂ ਆ ਗਿਆ, ਜੋ ਸਿਹਤ ਸੰਭਾਲ ’ਤੇ ਵੱਧ ਖਰਚ ਕਰਦੇ ਹਨ, ਪਰ ਅਸਲ ਵਿੱਚ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਸਦਰਲੈਂਡ ਨੇ ਖਰਚੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਕੈਨੇਡਾ ਖਰਚਿਆਂ ਵਿੱਚ ਹੋਰਾਂ ਤੋਂ ਪਿੱਛੇ ਨਹੀਂ, ਤਾਂ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੀ ਅੜਿੱਕੇ ਹਨ ਕੁਝ ਡਾਕਟਰਾਂ ਦੇ ਵਿਚਾਰ ਜਾਣਦਿਆਂ ਪਤਾ ਲੱਗਾ ਕਿ ਮਹਿੰਗਾਈ ਵਿੱਚ ਵਾਧਾ ਦਰ, ਜੋ 2004 ’ਚ ਅੱਧਾ ਫ਼ੀਸਦ ਤੋਂ ਘੱਟ ਸੀ, ਹੁਣ ਢਾਈ ਫ਼ੀਸਦ ਹੋ ਚੁੱਕੀ ਹੈ। ਉੱਧਰ ਯੂਨੀਵਰਸਿਟੀ ਆਫ਼ ਟੋਰਾਂਟੋ ਦੀ ਪ੍ਰੋਫੈਸਰ ਸਾਰਾ ਐਲਿਨ ਇਹ ਤਾਂ ਮੰਨਦੀ ਹੈ ਕਿ ਖਰਚਾ ਬਹੁਤ ਜ਼ਿਆਦਾ ਹੈ, ਪਰ ਦੂਜੇ ਦੇਸ਼ਾਂ ਨਾਲ ਮੁਕਾਬਲੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇਸ਼ਾਂ ਵੱਲੋਂ ਸਿਹਤ ਸੇਵਾਵਾਂ ’ਤੇ ਕੀਤੇ ਖਰਚਿਆਂ ਤੋਂ ਹਾਸਲ ਕੀਤੇ ਜਾਂਦੇ ਨਤੀਜਿਆਂ ਦੀ ਸਮੀਖਿਆ ਕਰਨ ਦੀ ਵੀ ਲੋੜ ਹੈ, ਜਿਸ ਨਾਲ ਚੰਗੀਆਂ ਸੇਵਾਵਾਂ ਦਿੱਤੀਆਂ ਜਾ ਸਕਣ।
ਇੱਕ ਔਨਕੋਲੋਜਿਸਟ (ਕੈਂਸਰ ਮਾਹਿਰ ਡਾਕਟਰ) ਦਾ ਕਹਿਣਾ ਸੀ ਕਿ ਕੈਂਸਰ ਦੀ ਬਿਮਾਰੀ ਦਾ ਵਾਧਾ ਖਰਚੇ ’ਚ ਵਾਧੇ ਲਈ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਕਈ ਕੈਂਸਰ ਮਰੀਜ਼ਾਂ ਦੀ ਇੱਕ ਮਹੀਨੇ ਦੀ ਦਵਾਈ ਦਾ ਖਰਚ 90 ਹਜ਼ਾਰ ਡਾਲਰ ਤੱਕ ਪਹੁੰਚ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਰਿਪੋਰਟ ਜਨਤਕ ਹੋਣ ਤੋਂ ਬਾਅਦ ਫੈਡਰਲ ਸਰਕਾਰ ਦਾ ਸਿਹਤ ਵਿਭਾਗ ਖਰਚ ’ਤੇ ਕਾਬੂ ਅਤੇ ਸੇਵਾਵਾਂ ’ਚ ਸੁਧਾਰ ਲਈ ਕੋਈ ਠੋਸ ਨੀਤੀਆਂ ਘੜੇਗਾ, ਜਿਸ ਦੀ ਸਭ ਨੂੰ ਉਡੀਕ ਹੈ?











Comments (0)