ਸਾਮਰਾਜ ਅੱਗੇ ਡਟਣ ਵਾਲੀ ਪੰਜਾਬ ਦੀ ਧੀ ਸੋਫੀਆ ਦੀ ਵਿਰਾਸਤ ਪਰਤੀ
ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਅਤੇ ਸਫ਼ਰਾਜੈੱਟ ਕਾਰਕੁਨ ਰਾਜਕੁਮਾਰੀ ਸੋਫੀਆ ਦੀ ਹੀਰੇ, ਮਾਣਕਾਂ ਅਤੇ ਨੀਲਮ ਜੜੀ ਦੁਰਲੱਭ ਮੁੰਦਰੀ ਅੱਠ ਦਹਾਕਿਆਂ ਬਾਅਦ ਜਨਤਕ ਹੋ ਗਈ ਹੈ। ਇਹ ਇਤਿਹਾਸਕ ਅੰਗੂਠੀ ਹੁਣ ਇੰਗਲੈਂਡ ਦੇ ਨੋਰਫੋਕ ਸਥਿਤ ‘ਐਂਸ਼ੀਐਂਟ ਹਾਊਸ ਮਿਊਜ਼ੀਅਮ’ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਇਹ ਅੰਗੂਠੀ ਲਾਹੌਰ ਦਰਬਾਰ ਦੀ ਸ਼ਾਨ ਅਤੇ ਸੋਫੀਆ ਦੇ ਲੋਕ-ਸੰਘਰਸ਼ ਦੀ ਗਵਾਹੀ ਭਰਦੀ ਹੈ।
ਸੇਵਾਦਾਰ ਪਰਿਵਾਰ ਵੱਲੋਂ ਅੱਠ ਦਹਾਕੇ ਸਾਂਭੀ ਰਹੀ ਅਣਮੁੱਲੀ ਨਿਸ਼ਾਨੀ
ਇਸ ਮੁੰਦਰੀ ਬਾਰੇ ਇਤਿਹਾਸਕ ਹਲਕਿਆਂ ਵਿੱਚ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਇਹ ਕਦੇ ਚੋਰੀ ਨਹੀਂ ਹੋਈ ਸੀ। ਦੂਜੇ ਵਿਸ਼ਵ ਯੁੱਧ ਦੇ ਭਿਆਨਕ ਦੌਰ ਦੌਰਾਨ ਰਾਜਕੁਮਾਰੀ ਸੋਫੀਆ ਅਤੇ ਉਸ ਦੀ ਭੈਣ ਕੈਥਰੀਨ ਬਕਿੰਘਮਸ਼ਾਇਰ ਦੇ ਇਲਾਕੇ ਵਿੱਚ ਰਹਿ ਰਹੀਆਂ ਸਨ। ਚਾਰੇ ਪਾਸੇ ਜੰਗ ਦਾ ਖ਼ੌਫ਼ ਸੀ। ਉਸ ਔਖੇ ਵੇਲੇ ਇੱਕ ਅੰਗਰੇਜ਼ ਜੋੜੇ—ਵਿਲਫ੍ਰੈਡ ਸਪੈਰੋ (ਜੋ ਮਾਲੀ ਦਾ ਕੰਮ ਕਰਦੇ ਸਨ) ਅਤੇ ਲਿਲੀ ਸਪੈਰੋ (ਜੋ ਘਰੇਲੂ ਕੰਮ-ਕਾਜ ਅਤੇ ਸੇਵਾ ਸੰਭਾਲਦੇ ਸਨ)—ਨੇ ਦੋਵਾਂ ਰਾਜਕੁਮਾਰੀਆਂ ਦੀ ਤਨਦੇਹੀ, ਸਤਿਕਾਰ ਅਤੇ ਵਫ਼ਾਦਾਰੀ ਨਾਲ ਸੇਵਾ ਕੀਤੀ ਸੀ।
ਉਨ੍ਹਾਂ ਦੀ ਇਸ ਨਿਸ਼ਕਾਮ ਸੇਵਾ ਅਤੇ ਘਰੇਲੂ ਸਾਂਝ ਤੋਂ ਖੁਸ਼ ਹੋ ਕੇ ਰਾਜਕੁਮਾਰੀ ਸੋਫੀਆ ਨੇ ਇਹ ਸ਼ਾਹੀ ਮੁੰਦਰੀ ਸਪੈਰੋ ਪਰਿਵਾਰ ਨੂੰ ਤੋਹਫ਼ੇ ਵਜੋਂ ਸੌਂਪ ਦਿੱਤੀ ਸੀ। ਸਪੈਰੋ ਪਰਿਵਾਰ ਨੇ ਇਸ ਅਮਾਨਤ ਨੂੰ ਪੀੜ੍ਹੀ ਦਰ ਪੀੜ੍ਹੀ ਬੜੇ ਮਾਣ ਨਾਲ ਸਾਂਭ ਕੇ ਰੱਖਿਆ। ਸਮੇਂ ਦੇ ਗੇੜ ਨਾਲ ਇਸ ਪਰਿਵਾਰ ਦੀ ਪੋਤੀ ‘ਕੇ’ , ਜੋ ਹੁਣ ਆਪਣੀ ਉਮਰ ਦੇ ਆਖ਼ਰੀ ਪੜਾਅ ਵਿੱਚ ਇੱਕ ਨਰਸਿੰਗ ਹੋਮ ਵਿੱਚ ਰਹਿ ਰਹੀ ਹੈ, ਨੇ ਸਾਲ 2023 ਵਿੱਚ ਇਹ ਇਤਿਹਾਸਕ ਮੁੰਦਰੀ ਨੋਰਫੋਕ ਦੇ ਐਂਸ਼ੀਐਂਟ ਹਾਊਸ ਮਿਊਜ਼ੀਅਮ ਨੂੰ ਦਾਨ ਕਰ ਦਿੱਤੀ। ਮਿਊਜ਼ੀਅਮ ਦੇ ਕਿਊਰੇਟਰ ਓਲੀਵਰ ਬੋਨ ਮੁਤਾਬਕ, ਨੈਸ਼ਨਲ ਲਾਟਰੀ ਗਰਾਂਟ ਦੀ ਮਾਲੀ ਸਹਾਇਤਾ ਨਾਲ ਹੁਣ ਇਸ ਅੰਗੂਠੀ ਨੂੰ ਵਿਸ਼ੇਸ਼ ਸ਼ੀਸ਼ੇ ਦੇ ਡਿਸਪਲੇਅ ਵਿੱਚ ਸਜਾ ਕੇ ਆਮ ਜਨਤਾ ਦੇ ਰੂਬਰੂ ਕੀਤਾ ਗਿਆ ਹੈ।
ਸ਼ਾਹੀ ਸੁੱਖ-ਸਹੂਲਤਾਂ ਤਿਆਗ ਕੇ ਸੰਘਰਸ਼ ਦਾ ਰਾਹ ਚੁਣਨ ਵਾਲੀ ਸ਼ਖ਼ਸੀਅਤ
8 ਅਗਸਤ 1876 ਨੂੰ ਲੰਡਨ ਦੇ ਬੈਲਗ੍ਰੇਵੀਆ ਵਿੱਚ ਜਨਮੀ ਸੋਫੀਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀ। ਉਸ ਦੇ ਪਿਤਾ ਮਹਾਰਾਜਾ ਦਲੀਪ ਸਿੰਘ ਕੋਲੋਂ ਬਰਤਾਨਵੀ ਹਕੂਮਤ ਨੇ ਬਚਪਨ ਵਿੱਚ ਹੀ ਧੋਖੇ ਨਾਲ ਪੰਜਾਬ ਦੀ ਖ਼ੁਦਮੁਖ਼ਤਿਆਰ ਸਲਤਨਤ ਅਤੇ ਵਿਸ਼ਵ ਪ੍ਰਸਿੱਧ ਕੋਹਿਨੂਰ ਹੀਰਾ ਖੋਹ ਲਿਆ ਸੀ। ਮਹਾਰਾਣੀ ਵਿਕਟੋਰੀਆ ਨੇ ਸੋਫੀਆ ਨੂੰ ਆਪਣੀ ਧਰਮ-ਧੀ ਬਣਾਇਆ, ਜਿਸ ਕਰਕੇ ਉਸ ਦਾ ਬਚਪਨ ਇੰਗਲੈਂਡ ਦੇ ਵੱਡੇ ਮਹਿਲਾਂ ਵਿੱਚ ਬੀਤਿਆ।
ਪਰ ਸ਼ਾਹੀ ਦਰਬਾਰਾਂ ਦੀ ਇਹ ਚਮਕ-ਦਮਕ ਸੋਫੀਆ ਦੀ ਰੂਹ ਨੂੰ ਬਹੁਤੀ ਦੇਰ ਬੰਨ੍ਹ ਕੇ ਨਾ ਰੱਖ ਸਕੀ। ਸਾਲ 1907 ਵਿੱਚ ਜਦੋਂ ਉਸ ਨੇ ਗੁਪਤ ਰੂਪ ਵਿੱਚ ਆਪਣੀ ਭੈਣ ਬੰਬਾ ਨਾਲ ਪੰਜਾਬ ਅਤੇ ਭਾਰਤ ਦਾ ਦੌਰਾ ਕੀਤਾ, ਤਾਂ ਉੱਥੋਂ ਦੇ ਜ਼ਮੀਨੀ ਹਾਲਾਤ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ। ਆਪਣੇ ਪੁਰਖਿਆਂ ਦੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਖ਼ਿੱਤੇ ਅੰਦਰ ਗ਼ਰੀਬੀ, ਭੁੱਖਮਰੀ ਅਤੇ ਬਰਤਾਨਵੀ ਸਾਮਰਾਜ ਦੇ ਜ਼ੁਲਮ ਦੇਖ ਕੇ ਉਸ ਦਾ ਮਨ ਵਲੂੰਧਰਿਆ ਗਿਆ। ਇਸ ਯਾਤਰਾ ਨੇ ਉਸ ਅੰਦਰ ਬਗ਼ਾਵਤ ਦੀ ਚੰਗਿਆੜੀ ਬਾਲ ਦਿੱਤੀ। ਉਹ ਜਾਣ ਗਈ ਕਿ ਜਿਸ ਸਾਮਰਾਜ ਨੇ ਉਸ ਦੇ ਪਿਤਾ ਦਾ ਤਖ਼ਤ ਖੋਹਿਆ, ਉਹੀ ਸਾਮਰਾਜ ਕਰੋੜਾਂ ਬੇਜ਼ੁਬਾਨ ਲੋਕਾਂ ਦਾ ਖ਼ੂਨ ਨਿਚੋੜ ਰਿਹਾ ਹੈ।
ਸਫ਼ਰਾਜੈੱਟ ਲਹਿਰ, ਜੇਲ੍ਹ ਯਾਤਰਾ ਅਤੇ ਰਾਜਸੀ ਬਗ਼ਾਵਤ
ਇੰਗਲੈਂਡ ਪਰਤ ਕੇ ਸੋਫੀਆ ਨੇ ਕੁਲੀਨ ਵਰਗ ਦੀ ਐਸ਼ੋ-ਇਸ਼ਰਤ ਨੂੰ ਲੱਤ ਮਾਰ ਦਿੱਤੀ ਅਤੇ ਬਰਤਾਨਵੀ ਧਰਤੀ ’ਤੇ ਔਰਤਾਂ ਨੂੰ ਬਰਾਬਰ ਦਾ ਵੋਟ ਦਾ ਹੱਕ ਦਿਵਾਉਣ ਵਾਲੀ ‘ਸਫ਼ਰਾਜੈੱਟ ਲਹਿਰ’ ਵਿੱਚ ਸਰਗਰਮ ਹੋ ਗਈ। ਉਸ ਨੇ ਐਮਲੀਨ ਪੈਂਕਹਰਸਟ ਦੀ ਅਗਵਾਈ ਵਾਲੀ ਸੰਸਥਾ ‘ਵਿਮੈਨਜ਼ ਸੋਸ਼ਲ ਐਂਡ ਪੋਲੀਟੀਕਲ ਯੂਨੀਅਨ’ ਵਿੱਚ ਮੋਹਰੀ ਭੂਮਿਕਾ ਨਿਭਾਈ।
18 ਨਵੰਬਰ 1910 ਨੂੰ ਬਰਤਾਨਵੀ ਪਾਰਲੀਮੈਂਟ ਦੇ ਬਾਹਰ ਹਜ਼ਾਰਾਂ ਔਰਤਾਂ ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਗ੍ਰਹਿ ਮੰਤਰੀ ਵਿੰਸਟਨ ਚਰਚਿਲ ਦੇ ਹੁਕਮਾਂ ਤਹਿਤ ਪੁਲਿਸ ਨੇ ਪ੍ਰਦਰਸ਼ਨਕਾਰੀ ਔਰਤਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨਾਲ ਅਸੱਭਿਅਕ ਵਤੀਰਾ ਅਪਣਾਇਆ। ਇਸ ਖ਼ੂਨੀ ਝੜਪ ਦੌਰਾਨ ਸੋਫੀਆ ਨੇ ਖ਼ੁਦ ਅੱਗੇ ਹੋ ਕੇ ਜ਼ਖ਼ਮੀ ਔਰਤਾਂ ਨੂੰ ਬਚਾਇਆ। ਉਸ ਨੇ ਹਮਲਾ ਕਰਨ ਵਾਲੇ ਪੁਲਿਸ ਕਾਂਸਟੇਬਲ ਦਾ ਬੈਜ ਨੰਬਰ ਨੋਟ ਕੀਤਾ ਅਤੇ ਸਿੱਧਾ ਗ੍ਰਹਿ ਮੰਤਰੀ ਵਿੰਸਟਨ ਚਰਚਿਲ ਨੂੰ ਇੱਕ ਇਤਿਹਾਸਕ ਸ਼ਿਕਾਇਤ ਪੱਤਰ ਲਿਖ ਕੇ ਪੁਲਿਸ ਦੀ ਦਰਿੰਦਗੀ ਦਾ ਪਰਦਾਫ਼ਾਸ਼ ਕੀਤਾ।
ਫ਼ਰਵਰੀ 1911 ਵਿੱਚ ਜਦੋਂ ਬਰਤਾਨਵੀ ਪ੍ਰਧਾਨ ਮੰਤਰੀ ਐਚ. ਐਚ. ਐਸਕਵਿਥ ਪਾਰਲੀਮੈਂਟ ਪਹੁੰਚ ਰਹੇ ਸਨ, ਤਾਂ ਸੋਫੀਆ ਨੇ ਭੀੜ ਵਿੱਚੋਂ ਨਿਕਲ ਕੇ ਉਨ੍ਹਾਂ ਦੀ ਸਰਕਾਰੀ ਗੱਡੀ ਅੱਗੇ ਛਾਲ ਮਾਰ ਦਿੱਤੀ ਅਤੇ ‘ਵੋਟਸ ਫ਼ਾਰ ਵਿਮੈਨ’ ਦਾ ਪੋਸਟਰ ਲਹਿਰਾਇਆ। ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪਰ ਉਸ ਦੇ ਰਾਇਲਟੀ ਵਾਲੇ ਰੁਤਬੇ ਕਰਕੇ ਸਰਕਾਰ ਲਈ ਉਹ ਵੱਡੀ ਸਿਰਦਰਦੀ ਬਣ ਚੁੱਕੀ ਸੀ। ਬਰਤਾਨਵੀ ਬਾਦਸ਼ਾਹ ਜਾਰਜ ਪੰਜਵੇਂ ਨੇ ਤੰਗ ਆ ਕੇ ਇੱਕ ਵਾਰ ਕਿਹਾ ਸੀ, ‘ਕੀ ਸਾਡਾ ਇਸ ਔਰਤ ਉੱਤੇ ਕੋਈ ਜ਼ੋਰ ਨਹੀਂ ਚੱਲਦਾ?’
ਉਹ ‘ਵਿਮੈਨਜ਼ ਟੈਕਸ ਰਿਜ਼ਿਸਟੈਂਸ ਲੀਗ’ ਦੀ ਮੋਹਰੀ ਆਗੂ ਬਣੀ। ਉਸ ਨੇ ਐਲਾਨ ਕੀਤਾ ਕਿ ਜੇ ਔਰਤਾਂ ਨੂੰ ਸਰਕਾਰ ਚੁਣਨ ਦਾ ਜਮਹੂਰੀ ਹੱਕ ਨਹੀਂ ਹੈ, ਤਾਂ ਸਰਕਾਰ ਨੂੰ ਉਨ੍ਹਾਂ ਕੋਲੋਂ ਟੈਕਸ ਲੈਣ ਦਾ ਵੀ ਕੋਈ ਨੈਤਿਕ ਹੱਕ ਨਹੀਂ। ਟੈਕਸ ਦੇਣ ਤੋਂ ਇਨਕਾਰ ਕਰਨ ਬਦਲੇ ਉਸ ਨੂੰ ਤਿੰਨ ਵਾਰ ਫ਼ੈਲਥਮ ਅਦਾਲਤ ਵਿੱਚ ਪੇਸ਼ ਹੋਣਾ ਪਿਆ। ਹਕੂਮਤ ਨੇ ਉਸ ਦੀਆਂ ਕੀਮਤੀ ਚੀਜ਼ਾਂ ਜ਼ਬਤ ਕਰ ਕੇ ਨਿਲਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਸਮਰਥਕਾਂ ਨੇ ਉਹ ਚੀਜ਼ਾਂ ਮੁੜ ਖ਼ਰੀਦ ਕੇ ਸੋਫੀਆ ਨੂੰ ਵਾਪਸ ਕਰ ਦਿੱਤੀਆਂ।
1914 ਵਿੱਚ ਜੰਗ ਛਿੜਨ ਮੌਕੇ ਸੋਫੀਆ ਨੇ ਰੈੱਡ ਕਰਾਸ ਵਿੱਚ ਬਤੌਰ ਨਰਸ ਸਵੈ-ਇੱਛੁਕ ਸੇਵਾ ਨਿਭਾਈ। ਉਸ ਨੇ ਬ੍ਰਾਈਟਨ ਪੈਵੇਲੀਅਨ ਹਸਪਤਾਲ ਵਿਖੇ ਫ਼ਰੰਟ ਤੋਂ ਜ਼ਖ਼ਮੀ ਹੋ ਕੇ ਆਏ ਭਾਰਤੀ ਸਿੱਖ ਫ਼ੌਜੀਆਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ।
ਅਖ਼ੀਰ ਉਸ ਦੇ ਲੰਮੇ ਸੰਘਰਸ਼ ਨੂੰ ਬੂਰ ਪਿਆ ਜਦੋਂ ਬਰਤਾਨੀਆ ਦੀ ਪਾਰਲੀਮੈਂਟ ਨੇ ‘ਇਕੁਅਲ ਫਰੈਂਚਾਇਜ਼ ਐਕਟ 1928’ ਪਾਸ ਕਰ ਕੇ 21 ਸਾਲ ਤੋਂ ਉੱਪਰ ਦੀਆਂ ਸਾਰੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੋਟ ਦਾ ਅਧਿਕਾਰ ਦਿੱਤਾ।
ਬਰਤਾਨਵੀ ਅਜਾਇਬਘਰਾਂ ਅਤੇ ਡਿਜੀਟਲ ਪਲੇਟਫ਼ਾਰਮਾਂ ’ਤੇ ਸਿੱਖ ਨਿਸ਼ਾਨੀਆਂ
ਅੱਜ ਇੰਗਲੈਂਡ ਦੇ ਵੱਖ-ਵੱਖ ਅਜਾਇਬਘਰਾਂ ਵਿੱਚ ਸੋਫੀਆ ਅਤੇ ਉਸ ਦੇ ਸ਼ਾਹੀ ਪਰਿਵਾਰ ਦੀਆਂ ਇਤਿਹਾਸਕ ਨਿਸ਼ਾਨੀਆਂ ਬੜੇ ਮਾਣ ਨਾਲ ਸਾਂਭੀਆਂ ਗਈਆਂ ਹਨ।
ਐਂਸ਼ੀਐਂਟ ਹਾਊਸ ਮਿਊਜ਼ੀਅਮ, ਨੋਰਫੋਕ: ਸਪੈਰੋ ਪਰਿਵਾਰ ਵੱਲੋਂ ਦਾਨ ਕੀਤੀ ਗਈ ਸੋਫੀਆ ਦੀ ਜੜਾਊ ਮੁੰਦਰੀ ਇੱਥੇ ਪੱਕੇ ਤੌਰ ’ਤੇ ਪ੍ਰਦਰਸ਼ਿਤ ਕੀਤੀ ਗਈ ਹੈ। ਇਹ ਮਿਊਜ਼ੀਅਮ ਮਹਾਰਾਜਾ ਦਲੀਪ ਸਿੰਘ ਦੇ ਅਲਵੇਡਨ ਅਸਟੇਟ ਦੇ ਨੇੜੇ ਹੋਣ ਕਾਰਨ ਸਿੱਖ ਵਿਰਾਸਤ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਹੈ।
ਸੋਫੀਆ ਦੇ ਜਨਮ ਦੇ 150 ਸਾਲ ਪੂਰੇ ਹੋਣ ’ਤੇ ਕੇਨਸਿੰਗਟਨ ਪੈਲੇਸ ਵਿਖੇ ‘ਦ ਲਾਸਟ ਪ੍ਰਿੰਸੇਸਜ਼ ਆਫ਼ ਪੰਜਾਬ’ ਨਾਂਅ ਦੀ ਵਿਸ਼ੇਸ਼ ਇਤਿਹਾਸਕ ਪ੍ਰਦਰਸ਼ਨੀ ਲਗਾਈ ਗਈ ਹੈ। ਇੱਥੇ ਉਸ ਦੇ ਬਚਪਨ ਦਾ ਰੌਕਿੰਗ ਹਾਰਸ, ਸ਼ਾਹੀ ਲਿਬਾਸ, ਗ੍ਰਹਿ ਮੰਤਰੀ ਚਰਚਿਲ ਨੂੰ ਲਿਖੀ ਮੂਲ ਚਿੱਠੀ, ਅਦਾਲਤੀ ਦਸਤਾਵੇਜ਼ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਇਤਿਹਾਸਕ ਪੋਸਟਰ ਸਾਂਭੇ ਗਏ ਹਨ।
ਨਿਊ ਵਾਕ ਮਿਊਜ਼ੀਅਮ ਅਤੇ ਵਰਚੁਅਲ ਆਰਕਾਈਵ: ‘ਸਿੱਖ ਮਿਊਜ਼ੀਅਮ ਇਨੀਸ਼ੀਏਟਿਵ’ ਦੇ ਮੁਖੀ ਗੁਰਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਰਾਜਕੁਮਾਰੀ ਸੋਫੀਆ ਦੇ ਗਹਿਣਿਆਂ ਅਤੇ ਲਾਹੌਰ ਦਰਬਾਰ ਦੀਆਂ ਨਿਸ਼ਾਨੀਆਂ ਨੂੰ ਆਧੁਨਿਕ 34 ਤਕਨੀਕ ਰਾਹੀਂ ਡਿਜੀਟਲ ਰੂਪ ਦਿੱਤਾ ਗਿਆ ਹੈ, ਤਾਂ ਜੋ ਨਵੀਂ ਪੀੜ੍ਹੀ ਘਰ ਬੈਠੇ ਇਸ ਵਿਰਾਸਤ ਨੂੰ ਬਰੀਕੀ ਨਾਲ ਦੇਖ ਸਕੇ।
ਬ੍ਰਿਟਿਸ਼ ਲਾਇਬ੍ਰੇਰੀ ਅਤੇ ਡਾਕ ਟਿਕਟ: ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਖ਼ੁਫ਼ੀਆ ਏਜੰਸੀਆਂ ਦੀਆਂ ਉਹ ਗੁਪਤ ਫ਼ਾਈਲਾਂ ਮੌਜੂਦ ਹਨ, ਜੋ ਦਰਸਾਉਂਦੀਆਂ ਹਨ ਕਿ ਸਾਮਰਾਜ ਇਸ ਬਾਗ਼ੀ ਰਾਜਕੁਮਾਰੀ ਤੋਂ ਕਿੰਨਾ ਡਰਦਾ ਸੀ। ਸਾਲ 2018 ਵਿੱਚ ਰਾਇਲ ਮੇਲ ਨੇ ਔਰਤਾਂ ਦੇ ਵੋਟ ਅਧਿਕਾਰ ਦੇ 100 ਸਾਲ ਪੂਰੇ ਹੋਣ ’ਤੇ ਸੋਫੀਆ ਦੀ ਤਸਵੀਰ ਵਾਲੀ ਵਿਸ਼ੇਸ਼ ਡਾਕ ਟਿਕਟ ਜਾਰੀ ਕਰ ਕੇ ਉਸ ਦੀ ਕੁਰਬਾਨੀ ਨੂੰ ਮਾਨਤਾ ਦਿੱਤੀ ਸੀ।
ਸਾਲ 1948 ਵਿੱਚ, ਭਾਰਤ ਦੀ ਆਜ਼ਾਦੀ ਤੋਂ ਇੱਕ ਸਾਲ ਬਾਅਦ, ਰਾਜਕੁਮਾਰੀ ਸੋਫੀਆ ਦਾ ਦੇਹਾਂਤ ਹੋ ਗਿਆ। ਆਪਣੀ ਮੌਤ ਤੋਂ ਪਹਿਲਾਂ ਜਦੋਂ ਇੱਕ ਮਹਿਲਾ ਡਾਇਰੈਕਟਰੀ ਲਈ ਉਸ ਕੋਲੋਂ ਉਸ ਦੇ ਜੀਵਨ ਦੇ ਸ਼ੌਕ ਅਤੇ ਕੰਮ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਇੱਕ ਲਾਈਨ ਲਿਖੀ ਸੀ: ‘ਔਰਤਾਂ ਦੀ ਤਰੱਕੀ।’ ਨੋਰਫੋਕ ਦੇ ਅਜਾਇਬਘਰ ਵਿੱਚ ਰੱਖੀ ਇਹ ਜੜਾਊ ਮੁੰਦਰੀ ਅੱਜ ਵੀ ਉਸ ਦਲੇਰ ਧੀ ਦੀ ਮਾਨਵਤਾ, ਸਾਦਗੀ ਅਤੇ ਆਜ਼ਾਦੀ ਦੇ ਅਟੱਲ ਜਜ਼ਬੇ ਦੀ ਅਮਰ ਕਹਾਣੀ ਬਿਆਨ ਕਰ ਰਹੀ ਹੈ।











Comments (0)