ਬਿਨਾਂ ਦਾਨ ਲਏ 10 ਲੱਖ ਲੋਕਾਂ ਨੂੰ ਭੋਜਨ ਛਕਾਉਣ ਦਾ ਮਿਸ਼ਨ

ਬਿਨਾਂ ਦਾਨ ਲਏ 10 ਲੱਖ ਲੋਕਾਂ ਨੂੰ ਭੋਜਨ ਛਕਾਉਣ ਦਾ ਮਿਸ਼ਨ

ਸਿੱਖ ਧਰਮ ਵਿੱਚ 'ਸੇਵਾ' ਅਤੇ 'ਲੰਗਰ' ਦੀ ਪਰੰਪਰਾ ਦਾ ਸਭ ਤੋਂ ਉੱਚਾ ਸਥਾਨ ਹੈ। ਇਸੇ ਮਹਾਨ ਵਿਰਸੇ ਨੂੰ ਅੱਗੇ ਤੋਰਦਿਆਂ ਕੈਨੇਡਾ ਵਿੱਚ ਰਹਿਣ ਵਾਲੇ ਇੱਕ ਭਾਰਤੀ ਮੂਲ ਦੇ ਸਿੱਖ ਨੌਜਵਾਨ ਨੇ ਇਨਸਾਨੀਅਤ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਇਸ ਨੌਜਵਾਨ ਨੇ ਆਪਣੇ ਦਮ 'ਤੇ 10 ਲੱਖ (ਇੱਕ ਮਿਲੀਅਨ) ਲੋੜਵੰਦ ਲੋਕਾਂ ਨੂੰ ਭੋਜਨ ਛਕਾਉਣ ਦਾ ਵੱਡਾ ਟੀਚਾ ਮਿੱਥਿਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੇਕ ਕਾਰਜ ਲਈ ਉਹ ਕਿਸੇ ਵੀ ਸੰਸਥਾ ਜਾਂ ਆਮ ਲੋਕਾਂ ਤੋਂ ਇੱਕ ਰੁਪਿਆ ਵੀ ਦਾਨ ਵਜੋਂ ਨਹੀਂ ਲੈ ਰਿਹਾ, ਸਗੋਂ ਸਾਰਾ ਖਰਚਾ ਆਪਣੀ ਜੇਬ ਵਿੱਚੋਂ ਕਰ ਰਿਹਾ ਹੈ।

ਅੱਜ ਦੇ ਦੌਰ ਵਿੱਚ ਜਿੱਥੇ ਲੋਕ ਛੋਟੀ ਜਿਹੀ ਮਦਦ ਕਰਕੇ ਵੀ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਇਸ ਨੌਜਵਾਨ ਨੇ ਆਪਣੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਹੋਈ ਹੈ। ਉਹ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ '@onemillionfed' ਨਾਮ ਦੇ ਅਕਾਊਂਟ ਰਾਹੀਂ ਆਪਣੀ ਇਸ ਮੁਹਿੰਮ ਦੀਆਂ ਝਲਕੀਆਂ ਸਾਂਝੀਆਂ ਕਰਦਾ ਹੈ, ਪਰ ਕਿਸੇ ਵੀ ਵੀਡੀਓ ਵਿੱਚ ਆਪਣਾ ਚਿਹਰਾ ਨਹੀਂ ਦਿਖਾਉਂਦਾ। ਉਸ ਦਾ ਮੰਨਣਾ ਹੈ ਕਿ ਸੇਵਾ ਦਾ ਅਸਲ ਮਕਸਦ ਲੋਕਾਂ ਦੀ ਭੁੱਖ ਮਿਟਾਉਣਾ ਹੈ, ਨਾ ਕਿ ਨਿੱਜੀ ਪ੍ਰਸਿੱਧੀ ਖੱਟਣਾ।

​ਉਹ ਮੁੱਖ ਤੌਰ 'ਤੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀਆਂ ਸੜਕਾਂ 'ਤੇ ਜਾ ਕੇ ਬੇਘਰ ਅਤੇ ਲੋੜਵੰਦ ਲੋਕਾਂ ਨੂੰ ਤਾਜ਼ਾ ਭੋਜਨ ਵੰਡਦਾ ਹੈ। ਆਪਣੀ ਇੱਕ ਸ਼ੁਰੂਆਤੀ ਪੋਸਟ ਵਿੱਚ ਉਸ ਨੇ ਦੱਸਿਆ ਸੀ ਕਿ ਸਿਰਫ਼ 19 ਦਿਨਾਂ ਦੇ ਅੰਦਰ ਹੀ ਉਸ ਨੇ 3,946 ਲੋਕਾਂ ਨੂੰ ਭੋਜਨ ਛਕਾ ਦਿੱਤਾ ਸੀ ਅਤੇ ਉਹ ਜਲਦੀ ਹੀ 4,000 ਦੇ ਅੰਕੜੇ ਨੂੰ ਪਾਰ ਕਰਨ ਜਾ ਰਿਹਾ ਹੈ। ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਇਸ ਮਿਸ਼ਨ ਵਿੱਚ ਸਿਰਫ਼ ਉਹ ਅਤੇ ਉਸ ਦਾ ਗੁਰੂ ਸ਼ਾਮਲ ਹਨ। ਉਸ ਦੀ ਇਸ ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨੇ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ।

ਇਹ ਮੁਹਿੰਮ ਸਿਰਫ਼ ਢਿੱਡ ਭਰਨ ਤੱਕ ਸੀਮਤ ਨਹੀਂ ਹੈ, ਸਗੋਂ ਸਮਾਜ ਦੇ ਦੱਬੇ-ਕੁਚਲੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਮਾਨਸਿਕ ਸਹਾਰਾ ਦੇਣ ਦਾ ਕੰਮ ਵੀ ਕਰ ਰਹੀ ਹੈ। ਹਾਲ ਹੀ ਵਿੱਚ ਵੈਨਕੂਵਰ ਦੀਆਂ ਸੜਕਾਂ 'ਤੇ ਬਣਾਈ ਗਈ ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਉਹ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੀ ਇੱਕ ਮਹਿਲਾ ਨਾਲ ਗੱਲਬਾਤ ਕਰਦਾ ਨਜ਼ਰ ਆਉਂਦਾ ਹੈ।

​ਜਦੋਂ ਸੇਵਾਦਾਰ ਨੇ ਉਸ ਮਹਿਲਾ ਨੂੰ ਪੁੱਛਿਆ ਕਿ ਸਮਾਜ ਨਸ਼ੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਿਵੇਂ ਕਰ ਸਕਦਾ ਹੈ, ਤਾਂ ਮਹਿਲਾ ਨੇ ਬੜਾ ਭਾਵੁਕ ਜਵਾਬ ਦਿੱਤਾ ਕਿ ਲੋਕਾਂ ਨੂੰ ਉਨ੍ਹਾਂ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਨਫ਼ਰਤ ਜਾਂ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਇਸ ਗੱਲਬਾਤ ਨੇ ਇੰਟਰਨੈੱਟ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਬੇਘਰ ਅਤੇ ਨਸ਼ਾ ਪੀੜਤ ਲੋਕਾਂ ਨੂੰ ਭੋਜਨ ਦੇ ਨਾਲ-ਨਾਲ ਪਿਆਰ, ਸਤਿਕਾਰ ਅਤੇ ਉਨ੍ਹਾਂ ਦੀ ਗੱਲ ਸੁਣਨ ਵਾਲੇ ਇਨਸਾਨਾਂ ਦੀ ਵੀ ਸਖ਼ਤ ਲੋੜ ਹੈ।

ਇਸ ਨੌਜਵਾਨ ਦੀ ਸੇਵਾ ਦਾ ਦਾਇਰਾ ਸਿਰਫ਼ ਕੈਨੇਡਾ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦੀਆਂ ਤਾਰਾਂ ਪੰਜਾਬ ਦੀ ਪਵਿੱਤਰ ਧਰਤੀ ਨਾਲ ਵੀ ਜੁੜੀਆਂ ਹੋਈਆਂ ਹਨ। ਆਪਣੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਰਾਹੀਂ ਉਸ ਨੇ ਜਾਣਕਾਰੀ ਦਿੱਤੀ ਕਿ ਉਸ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ  ਦੇ ਲੰਗਰ ਹਾਲ ਲਈ ਵੀ ਰਸਦ ਭੇਜੀ ਹੈ। ।

ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਬਿਨਾਂ ਕਿਸੇ ਜਾਤ-ਪਾਤ, ਧਰਮ ਜਾਂ ਅਮੀਰੀ-ਗਰੀਬੀ ਦੇ ਵਿਤਕਰੇ ਤੋਂ ਹਰ ਇਨਸਾਨ ਨੂੰ ਬਰਾਬਰ ਬਿਠਾ ਕੇ ਭੋਜਨ ਛਕਾਉਣ ਦਾ ਸੰਦੇਸ਼ ਦਿੰਦੀ ਹੈ। ਵਿਦੇਸ਼ ਦੀ ਧਰਤੀ 'ਤੇ ਰਹਿ ਕੇ ਇਸ ਨੌਜਵਾਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸਿੱਖੀ ਦੇ ਇਸੇ ਮੂਲ ਸਿਧਾਂਤ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਨੂੰ ਸੱਚ ਕਰ ਦਿਖਾਉਂਦਾ ਹੈ।