ਦਾਦੀ ਦੇ ਸਸਕਾਰ ਦੌਰਾਨ ਅੰਮ੍ਰਿਤਪਾਲ ਦੀ ਸ਼ਾਂਤਮਈ ਫੇਰੀ ਤੋਂ ਬਾਅਦ ਸਿਆਸੀ ਹਲਚਲ ਤੇਜ਼
ਕਵਰ ਸਟੋਰੀ
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਦੇ ਮੁਖੀ ਅੰਮ੍ਰਿਤਪਾਲ ਸਿੰਘ ਬੀਤੇ ਦਿਨੀਂ ਸਾਢੇ ਤਿੰਨ ਸਾਲਾਂ ਬਾਅਦ ਆਪਣੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਤਿੰਨ ਘੰਟੇ ਦੀ ਹਿਰਾਸਤੀ ਪੈਰੋਲ ’ਤੇ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਪਹੁੰਚੇ ਸਨ। 21 ਨਵੰਬਰ 2026 ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦੇ ਇਸ ਸਮੇਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਅਦਾਲਤੀ ਸ਼ਰਤਾਂ ਦੀ ਪਾਲਣਾ ਕਰਦਿਆਂ ਅੰਮ੍ਰਿਤਪਾਲ ਸਿੰਘ ਪੂਰੀ ਤਰ੍ਹਾਂ ਚੁੱਪ ਰਹੇ, ਸਿਰਫ਼ ਹੱਥ ਜੋੜ ਕੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਰਤ ਗਏ। ਇਸ ਸ਼ਾਂਤਮਈ ਫੇਰੀ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਉੱਪਰ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਅੰਮ੍ਰਿਤ ਪਾਲ ਸਿੰਘ ਨੂੰ ਦੇਸ਼ ਦੀ ਏਕਤਾ, ਅਖੰਡਤਾ ਲਈ ਹਊਆ ਬਣਾਕੇ ਕਿਉਂ ਖੜਾ ਕੀਤਾ ਜਾ ਰਿਹਾ ਹੈ।
ਰਿਹਾਈ ਵਿੱਚ ਰੁਕਾਵਟ ਅਤੇ ਜਮਹੂਰੀਅਤ ਦੇ ਰਸਤੇ ’ਤੇ ਸਵਾਲ
ਅੰਮ੍ਰਿਤਪਾਲ ਸਿੰਘ ਦੀ ਰਿਹਾਈ ਜਾਂ ਸੰਸਦ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਪੈਰੋਲ ’ਤੇ ਸਰਕਾਰਾਂ ਵੱਲੋਂ ਹਮੇਸ਼ਾ ‘ਅਮਨ-ਕਾਨੂੰਨ ਵਿਗੜਨ’ ਦਾ ਖ਼ਦਸ਼ਾ ਜਤਾਇਆ ਜਾਂਦਾ ਰਿਹਾ ਹੈ। ਹਾਲਾਂਕਿ, ਇਸ ਸਾਲ ਉਨ੍ਹਾਂ ’ਤੇ ਲੱਗੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਅੱਗੇ ਨਹੀਂ ਵਧਾਈ ਗਈ, ਫਿਰ ਵੀ ਅਜਨਾਲਾ ਥਾਣਾ ਹਮਲੇ ਅਤੇ ਹੋਰ ਦਰਜ ਮਾਮਲਿਆਂ ਸਮੇਤ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਦੇ ਸਮਰਥਕਾਂ ਅਤੇ ਵਕੀਲਾਂ ਦਾ ਤਰਕ ਹੈ ਕਿ ਜਦੋਂ ਇੱਕ ਚੁਣੇ ਹੋਏ ਸੰਸਦ ਮੈਂਬਰ ਦੀ ਆਮਦ ’ਤੇ ਇੰਨਾ ਵੱਡਾ ਇਕੱਠ ਪੂਰੀ ਤਰ੍ਹਾਂ ਸ਼ਾਂਤਮਈ ਰਹਿ ਸਕਦਾ ਹੈ, ਤਾਂ ਸਰਕਾਰਾਂ ਦੇ ਖ਼ਦਸ਼ੇ ਬੇਬੁਨਿਆਦ ਸਾਬਤ ਹੁੰਦੇ ਹਨ। ਵਕੀਲਾਂ ਅਨੁਸਾਰ, ਉਨ੍ਹਾਂ ਨੂੰ ਮੀਡੀਆ ਜਾਂ ਜਨਤਾ ਨਾਲ ਗੱਲ ਕਰਨ ਤੋਂ ਰੋਕਣਾ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ। ਸਮਰਥਕਾਂ ਦਾ ਮੰਨਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣ ਜਿੱਤ ਕੇ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਬਣ ਚੁੱਕੇ ਹਨ, ਤਾਂ ਉਨ੍ਹਾਂ ਨੂੰ ਸੰਸਦ ਵਿੱਚ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਅਤੇ ਜਮਹੂਰੀ ਰਾਹ ’ਤੇ ਚੱਲਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।
ਕਾਂਗਰਸੀ ਆਗੂਆਂ ਦੇ ਬਿਆਨਾਂ ਦੇ ਸਿਆਸੀ ਮਾਅਨੇ
ਪੰਜਾਬ ਦੀ ਰਾਜਨੀਤੀ ਵਿੱਚ ਇੱਕ ਦਿਲਚਸਪ ਮੋੜ ਉਦੋਂ ਦੇਖਣ ਨੂੰ ਮਿਲਿਆ ਜਦੋਂ ਕਾਂਗਰਸ ਦੇ ਕਈ ਸੀਨੀਅਰ ਆਗੂ—ਜਿਵੇਂ ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਸੁਖਜਿੰਦਰ ਸਿੰਘ ਰੰਧਾਵਾ—ਵੱਖ-ਵੱਖ ਮੌਕਿਆਂ ’ਤੇ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਅਤੇ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੇ ਹੱਕ ਵਿੱਚ ਬੋਲਦੇ ਨਜ਼ਰ ਆਏ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਕਿਸੇ ਵੀ ਚੁਣੇ ਹੋਏ ਸੰਸਦ ਮੈਂਬਰ ਨੂੰ ਬਿਨਾਂ ਮੁਕੱਦਮਾ ਚਲਾਏ ਲੰਮਾ ਸਮਾਂ ਜੇਲ੍ਹ ਵਿੱਚ ਰੱਖਣਾ ਅਤੇ ਸੰਸਦ ਸੈਸ਼ਨ ਵਿੱਚ ਨਾ ਜਾਣ ਦੇਣਾ ਲੋਕਤੰਤਰ ਅਤੇ ਸੰਵਿਧਾਨ ਦੇ ਖ਼ਿਲਾਫ਼ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਾਂਗਰਸ ਆਗੂ ਸਿੱਖ ਵੋਟਰਾਂ ਦੀਆਂ ਭਾਵਨਾਵਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਇਸ ਤੋਂ ਇਲਾਵਾ, ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਘੇਰਨਾ ਕਾਂਗਰਸ ਲਈ ਸਿਆਸੀ ਤੌਰ ’ਤੇ ਲਾਹੇਵੰਦ ਸਾਬਤ ਹੁੰਦਾ ਹੈ, ਕਿਉਂਕਿ ਇਸ ਨਾਲ ‘ਆਪ’ ਅਤੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਦਾ ਹੈ।
ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਉਭਾਰ ਪੰਜਾਬ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਸਿੱਧੀ ਚੁਣੌਤੀ ਬਣ ਗਿਆ ਹੈ। ਸਭ ਤੋਂ ਵੱਡਾ ਖ਼ਤਰਾ ਬਾਦਲ ਅਕਾਲੀ ਦਲ ਦੇ ਰਵਾਇਤੀ ਪੰਥਕ ਵੋਟ ਬੈਂਕ ਨੂੰ ਹੈ। ਖਡੂਰ ਸਾਹਿਬ ਲੋਕ ਸਭਾ ਚੋਣ ਵਿੱਚ ਮਿਲੀ ਵੱਡੀ ਜਿੱਤ ਅਤੇ ਹੁਣ ਸਸਕਾਰ ਮੌਕੇ ਮਨਪ੍ਰੀਤ ਸਿੰਘ ਇਆਲੀ ਤੇ ਸੁੱਚਾ ਸਿੰਘ ਛੋਟੇਪੁਰ ਵਰਗੇ ਆਗੂਆਂ ਦੀ ਹਾਜ਼ਰੀ ਨੇ ਸਾਫ਼ ਕਰ ਦਿੱਤਾ ਹੈ ਕਿ ਪੰਥਕ ਸਿਆਸਤ ਵਿੱਚ ਇੱਕ ਨਵਾਂ ਗਠਜੋੜ ਤਿਆਰ ਹੋ ਰਿਹਾ ਹੈ।
ਸੱਤਾਧਾਰੀ ਧਿਰ ਹੋਣ ਕਾਰਨ ‘ਆਪ’ ਨੂੰ ਦੋਹਰੀ ਮਾਰ ਪੈ ਰਹੀ ਹੈ। ਇੱਕ ਪਾਸੇ ਸਰਕਾਰ ਵਿਰੋਧੀ ਲਹਿਰ ਅਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਕਾਰਨ ਪੇਂਡੂ ਅਤੇ ਨੌਜਵਾਨ ਵੋਟਰਾਂ ਦੀ ਨਾਰਾਜ਼ਗੀ ‘ਆਪ’ ਲਈ 2027 ਵਿੱਚ ਵੱਡੀ ਸਿਰਦਰਦੀ ਬਣ ਸਕਦੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਜੋ ਪੰਥਕ ਵੋਟ ਬੈਂਕ ਬਾਦਲ ਅਕਾਲੀ ਦਲ ਤੋਂ ਨਰਾਜ਼ ਹੋਕੇ ‘ਆਪ’ ਨਾਲ ਜੁੜਿਆ ਸੀ ,ਉਹ ਅੰਮ੍ਰਿਤ ਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਵੱਲ ਮੁੜ ਸਕਣ ਦੀ ਸੰਭਾਵਨਾ ਹੈ। ਪੱਤਰਕਾਰ ਪ੍ਰਗਟ ਸਿੰਘ ਜੰਡਿਆਲਾ ਗੁਰੂ ਦਾ ਮੰਨਣਾ ਹੈ ਕਿ ਮਾਝਾ ਖੇਤਰ ਵਿੱਚ ਕਾਂਗਰਸ ਦੀ ਮਜ਼ਬੂਤ ਪਕੜ ਨੂੰ ਇਸ ਨਵੀਂ ਜਥੇਬੰਦੀ ਤੋਂ ਸਿੱਧੀ ਟੱਕਰ ਮਿਲ ਰਹੀ ਹੈ, ਜਦਕਿ ਭਾਜਪਾ ਲਈ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਪੈਰ ਜਮਾਉਣਾ ਹੋਰ ਔਖਾ ਹੋ ਗਿਆ ਹੈ।
ਦਾਦੀ ਦੇ ਸਸਕਾਰ ’ਤੇ ਇਕੱਠ ਅਤੇ ਨੌਜਵਾਨਾਂ ਦੀ ਬੇਚੈਨਗੀ
21 ਨਵੰਬਰ ਨੂੰ ਜੱਲੂਪੁਰ ਖੇੜਾ ਵਿੱਚ ਹੋਇਆ ਇਕੱਠ ਕਿਸੇ ਵੱਡੀ ਸਿਆਸੀ ਰੈਲੀ ਵਰਗਾ ਸੀ। ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗਿਣਤੀ ਨੌਜਵਾਨਾਂ ਦੀ ਸੀ। ਸਿਆਸੀ ਮਾਹਿਰ ਇਸ ਭਾਰੀ ਇਕੱਠ ਨੂੰ ਨੌਜਵਾਨਾਂ ਦੀ ਬੇਚੈਨਗੀ ਅਤੇ ਰਾਜਨੀਤਕ ਪਾਰਟੀਆਂ ਵਿਰੁਧ ਵਿਦਰੋਹ ਦਾ ਪ੍ਰਤੀਕ ਮੰਨਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਜਤਿੰਦਰ ਸਿੰਘ ਅਨੁਸਾਰ, ਨਸ਼ਿਆਂ ਦਾ ਵਧਦਾ ਪ੍ਰਕੋਪ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਬੇਅਦਬੀ ਵਰਗੇ ਮੁੱਦਿਆਂ ਦਾ ਹੱਲ ਨਾ ਹੋਣ ਕਾਰਨ ਨੌਜਵਾਨ ਵਰਗ ਰਵਾਇਤੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਉਹ ਇਨ੍ਹਾਂ ਇਕੱਠਾਂ ਰਾਹੀਂ ਸੱਤਾਧਾਰੀ ਧਿਰਾਂ ਪ੍ਰਤੀ ਆਪਣਾ ਗੁੱਸਾ ਅਤੇ ਬੇਭਰੋਸਗੀ ਜ਼ਾਹਿਰ ਕਰ ਰਹੇ ਹਨ।
ਅੰਮ੍ਰਿਤਪਾਲ ਸਿੰਘ ਦੀ ਇਸ ਤਿੰਨ ਘੰਟੇ ਦੀ ਫੇਰੀ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਵਰਕਰਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ, ਜਿਸ ਨੂੰ ਜਥੇਬੰਦੀ ਦੇ ਆਗੂ ਆਉਣ ਵਾਲੀਆਂ ਚੋਣਾਂ ਲਈ ‘ਆਕਸੀਜਨ’ ਦੱਸ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸਤਨਾਮ ਸਿੰਘ ਦਿਓਲ ਦਾ ਮੰਨਣਾ ਹੈ ਕਿ ਇਹ ਇਕੱਠ ਜਥੇਬੰਦੀ ਨੂੰ ਅੰਦਰੂਨੀ ਮਜ਼ਬੂਤੀ ਦੇ ਸਕਦੇ ਹਨ ਅਤੇ ਵੋਟ ਪ੍ਰਤੀਸ਼ਤ ਵਧਾ ਸਕਦੇ ਹਨ, ਪਰ ਭੀੜ ਦਾ ਵੋਟਾਂ ਵਿੱਚ ਬਦਲਣਾ ਅਤੇ ਸੂਬੇ ਦੀ ਸੱਤਾ ਵਿੱਚ ਵੱਡਾ ਉਲਟਫੇਰ ਕਰਨਾ ਵੱਖਰੀ ਗੱਲ ਹੈ। ਉਨ੍ਹਾਂ ਅਨੁਸਾਰ, ਪਾਰਟੀ ਅੱਗੇ ਹਾਲੇ ਕਈ ਵੱਡੀਆਂ ਚੁਣੌਤੀਆਂ ਹਨ, ਜਿਵੇਂ ਕਿ ਚੋਣ ਕਮਿਸ਼ਨ ਕੋਲ ਪਾਰਟੀ ਦੀ ਰਜਿਸਟਰੇਸ਼ਨ, ਜਥੇਬੰਦਕ ਢਾਂਚੇ ਦੀ ਮਜ਼ਬੂਤੀ ਅਤੇ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਜਿੱਤਣ ਵਾਲੇ ਮਜ਼ਬੂਤ ਉਮੀਦਵਾਰ ਲੱਭਣਾ।
ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ. ਮੁਹੰਮਦ ਖਾਲਿਦ ਅਨੁਸਾਰ, ਮਾਝਾ ਖੇਤਰ ਵਿੱਚ ਤਾਂ ਅੰਮ੍ਰਿਤਪਾਲ ਸਿੰਘ ਦਾ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਹੈ, ਪਰ ਮਾਲਵਾ ਅਤੇ ਦੋਆਬਾ ਵਿੱਚ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਪੈਰ ਜਮਾਉਣੇ ਅਜੇ ਸੌਖੇ ਨਹੀਂ ਹਨ।
ਕੁੱਲ ਮਿਲਾ ਕੇ, ਅੰਮ੍ਰਿਤਪਾਲ ਸਿੰਘ ਦੀ ਚੁੱਪ ਅਤੇ ਸ਼ਾਂਤਮਈ ਇਕੱਠ ਨੇ ਸਰਕਾਰਾਂ ਦੇ ‘ਅਮਨ-ਕਾਨੂੰਨ ਵਿਗੜਨ’ ਵਾਲੇ ਬਿਰਤਾਂਤ ਨੂੰ ਕਮਜ਼ੋਰ ਜ਼ਰੂਰ ਕੀਤਾ ਹੈ। ਇਹ ਘਟਨਾਕ੍ਰਮ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪੰਥਕ ਅਤੇ ਨੌਜਵਾਨ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗਾ, ਪਰ ਇਹ ਤਾਕਤ 2027 ਵਿੱਚ ਸੱਤਾ ਦੀ ਚਾਬੀ ਬਣੇਗੀ ਜਾਂ ਸਿਰਫ਼ ਦਬਾਅ ਸਮੂਹ (ਪ੍ਰੈਸ਼ਰ ਗਰੁੱਪ) ਤੱਕ ਸੀਮਤ ਰਹੇਗੀ, ਇਹ ਆਉਣ ਵਾਲਾ ਸਮਾਂ ਅਤੇ ਜਥੇਬੰਦੀ ਦੀ ਸਿਆਸੀ ਰਣਨੀਤੀ ਹੀ ਤੈਅ ਕਰੇਗੀ।











Comments (0)