ਖਾਲਸਾ ਜੀ ਦੀ ਵਿਸਾਖੀ ਦਾ ਵਿਲੱਖਣ ਸੰਦੇਸ਼ ਕੀ ਹੈ?
ਵਿਸਾਖੀ ਸੋਨੇ ਰੰਗੀਆਂ ਫ਼ਸਲਾਂ ਵੱਢਣ ਤੇ ਸਾਂਭਣ ਮਗਰੋਂ ਖ਼ੁਸ਼ੀਆਂ-ਉਮੰਗਾਂ ਤੇ ਚਾਵਾਂ-ਮਲ੍ਹਾਰਾਂ ਨਾਲ ਦਰਿਆਵਾਂ ਕੰਢੇ ਮੇਲੇ ਲਾਉਣ, ਨੱਚਣ-ਗਾਉਣ, ਲੁੱਡੀਆਂ ਪਾਉਣ, ਵੰਨ-ਸੁਵੰਨੇ ਖਾਣੇ ਖਾਣ ਤੇ ਤੀਰਥ ਨ੍ਹਾਉਣ ਦਾ ਨਾਂ ਹੈ।
ਕਣਕ ਨੂੰ ਸੰਸਕ੍ਰਿਤ ਵਿੱਚ ਸੋਨਾ ਵੀ ਆਖਦੇ ਹਨ ਤੇ ਵਿਸਾਖੀ ਨੂੰ ਸੋਨੇ ਦੀ ਵਾਢੀ ਦਾ ਤਿਉਹਾਰ। ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀ ਦੇ ਮਨ ਇਸ ਤਿਉਹਾਰ ’ਤੇ ਉਤਸ਼ਾਹ ਨਾਲ ਨੱਕੋ-ਨੱਕ ਭਰੇ ਵੇਖ ਕੇ ਹੀ ਤਾਂ ਧਨੀ ਰਾਮ ਚਾਤ੍ਰਿਕ ਨੇ ਆਖਿਆ ਸੀ:
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ… … …
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖ ਮਹੀਨੇ ਦੀ ਪਹਿਲੀ ਤਾਰੀਖ ਭਾਵ ਸੰਗਰਾਂਦ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਸਬੰਧ ਨਾ ਸਿਰਫ਼ ਫ਼ਸਲੀ ਤੇ ਮੌਸਮੀ ਚੱਕਰ ਬਦਲਣ ਨਾਲ ਹੈ ਸਗੋਂ ਇਹ ਦਿਨ ਵਿਸ਼ੇਸ਼ ਇਤਿਹਾਸਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਮਹੱਤਵ ਵਾਲਾ ਵੀ ਹੈ। 13 ਅਪਰੈਲ 1919 ਨੂੰ ਜੱਲ੍ਹਿਆਂਵਾਲੇ ਬਾਗ਼ ਵਿੱਚ ਵਾਪਰੇ ਦੁਖਾਂਤਕ ਇਤਿਹਾਸ ਨੂੰ ਕੌਣ ਭੁੱਲ ਸਕਦਾ ਹੈ? ਅੱਜ ਵੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਜਾਣ ਵਾਲਾ ਹਰ ਯਾਤਰੂ ਇਸ ਇਤਿਹਾਸਕ ਸਥਾਨ ’ਤੇ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰ ਕੇ ਆਉਂਦਾ ਹੈ ਜੋ ਹਾਕਮ ਅੰਗਰੇਜ਼ਾਂ ਦੇ ਗੋਲੀਬਾਰੀ ਦੇ ਹੁਕਮਾਂ ਦਾ ਸ਼ਿਕਾਰ ਹੋ ਕੇ ਆਜ਼ਾਦੀ ਦੀ ਮਸ਼ਾਲ ਜਗਾ ਗਏ।
ਉਂਝ ਭਾਵੇਂ ਵਿਸਾਖੀ ਵਾਲੇ ਦਿਨ ਮੇਲੇ ਲਾਉਣ ਅਤੇ ਤੀਰਥ ਇਸ਼ਨਾਨ ਕਰਨ ਦਾ ਸਦੀਆਂ ਤੋਂ ਧਾਰਮਿਕ ਮਹੱਤਵ ਰਿਹਾ ਹੈ ਪਰ 1567 ਈਸਵੀ ਦੀ ਵਿਸਾਖੀ ਵਾਲੇ ਦਿਨ ਪਹਿਲੀ ਵਾਰ ਗੁਰੂ ਅਮਰਦਾਸ ਜੀ ਨੇ ਵੱਡੇ ਪੱਧਰ ’ਤੇ ਸਿੱਖਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਜੋੜ ਮੇਲਾ ਲਾਉਣ ਦਾ ਆਦੇਸ਼ ਦਿੱਤਾ ਅਤੇ ਮਗਰੋਂ ਹਰ ਸਾਲ ਵਿਸਾਖੀ ਨੂੰ ਸਿੱਖਾਂ ਦੇ ਕੌਮੀ ਤਿਉਹਾਰ ਵਜੋਂ ਮਨਾਇਆ ਜਾਣ ਲੱਗਿਆ।
1738 ਦੀ ਵਿਸਾਖੀ ਦਾ ਪੁਰਬ ਮਨਾਉਣ ਲਈ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਇੱਕਤਰ ਹੋਣ ਦਾ ਸੱਦਾ ਦਿੱਤਾ ਅਤੇ ਇਸ ਧਾਰਮਿਕ ਸੁਤੰਤਰਤਾ ਬਦਲੇ ਜ਼ਕਰੀਆ ਖ਼ਾਨ ਵੱਲੋਂ ਲਾਏ ਗਏ 5000 ਰੁਪਏ ਦੇ ਕਰ ਨੂੰ ਦੇਣਾ ਸਵੀਕਾਰ ਕਰ ਲਿਆ ਪਰ ਮੁਗ਼ਲ ਸੈਨਿਕਾਂ ਵੱਲੋਂ ਦਰਬਾਰ ਸਾਹਿਬ ਆਉਂਦੇ ਸਿੱਖਾਂ ਨੂੰ ਰਾਹ ਵਿੱਚ ਹੀ ਰੋਕ ਲਏ ਜਾਣ ਕਾਰਨ ਦਰਬਾਰ ਸਾਹਿਬ ਵਿੱਚ ਨਾ ਤਾਂ ਸਿੱਖਾਂ ਦੀ ਇਕੱਤਰਤਾ ਹੋ ਸਕੀ ਤੇ ਨਾ ਹੀ ਮਾਇਆ ਦੀ। ਇਸ ਕਾਰਨ ਭਾਈ ਮਨੀ ਸਿੰਘ ਮੁਗ਼ਲਾਂ ਨੂੰ ਕਰ ਦੇ ਸਕਣ ਵਿੱਚ ਅਸਮਰੱਥ ਰਹੇ ਅਤੇ ਉਨ੍ਹਾਂ ਨੂੰ ਆਪਣੀ ਸਿੱਖੀ ਦੀ ਰੱਖਿਆ ਕਰਦਿਆਂ ਆਪਣਾ ਬੰਦ-ਬੰਦ ਕਟਾ ਕੇ ਸ਼ਹੀਦ ਹੋਣਾ ਪਿਆ।
ਇਸ ਪਵਿੱਤਰ ਧਰਤੀ ’ਤੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦਾ ਜਨਮ ਹੋਇਆ ਸੀ ਜਿਸ ਨੇ ਨਾ ਸਿਰਫ਼ ਸਦੀਆਂ ਤੋਂ ਗ਼ੁਲਾਮੀ ਦੀ ਲਤਾੜੀ ਹੋਈ ਨਿਤਾਣੀ ਤੇ ਨਿਮਾਣੀ ਕੌਮ ਨੂੰ ਅੰਮ੍ਰਿਤ ਛਕਾ ਕੇ ਸ਼ੁੱਧ ਖਾਲਸ ਰੂਹ ਦਾ ਸੰਚਾਰ ਕੀਤਾ ਸੀ ਸਗੋਂ ਇਸੇ ਦਿਨ ਪੰਜ ਰਹਿਤਵਾਨ ਸਿੰਘਾਂ ਨੂੰ ਅੱਗੋਂ ਅੰਮ੍ਰਿਤ ਛਕਾ ਕੇ ਨਵੇਂ ਸਿੰਘ ਸਜਾਉਣ ਦਾ ਹੱਕ ਵੀ ਪ੍ਰਾਪਤ ਹੋਇਆ ਸੀ। ‘ਅੰਮ੍ਰਿਤ’ ਦਾ ਅਰਥ ਹੀ ਅ-ਮ੍ਰਿਤ ਹੈ ਭਾਵ ਇਸ ਨੂੰ ਪੀ ਕੇ ਜੋ ਕਦੇ ਨਾ ਮਰੇ ਤੇ ਅਮਰ ਹੋ ਕੇ ਮਜ਼ਲੂਮਾਂ ਲਈ ਢਾਲ ਬਣੇ। ਗੁਰੂ ਸਾਹਿਬ ਆਪ ਵੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖਾਲਸੇ ਵਿੱਚ ਅਭੇਦ ਹੋ ਗਏ।
ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮਹਿ ਹੌ ਕਰੌ ਨਿਵਾਸ॥
(ਸਰਬਲੋਹ ਗ੍ਰੰਥ)
ਗੁਰੂ ਗੋਬਿੰਦ ਸਿੰਘ ਜੀ ਨੇ ਦੂਰ ਦ੍ਰਿਸ਼ਟੀ ਰੱਖਦਿਆਂ ਖਾਲਸੇ ਨੂੰ ਪੰਜ ਕਕਾਰ ਧਾਰਨ ਕਰਵਾ ਕੇ ‘ਸਿੰਘ’ ਭਾਵ ਸ਼ੇਰ ਤੇ ‘ਕੌਰ’ ਭਾਵ ਸ਼ਹਿਜ਼ਾਦੀ ਦੀ ਇੱਕ ਵਿਲੱਖਣ ਪਛਾਣ ਦਿੱਤੀ। ਕੇਸਾਂ ਦੀ ਰਹਿਤ ਰੱਖ ਕੇ ਕੋਈ ਨਵੀਂ ਰੀਤ ਨਹੀਂ ਸੀ ਤੋਰੀ ਗਈ ਸਗੋਂ ਕੇਸ ਕਟਵਾਉਣ ਵਾਲਿਆਂ ਨੇ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀ ਪਛਾਣ ਨਾਲ ਛੇੜ-ਛਾੜ ਕਰਨ ਦੀ ਰੀਤ ਤੋਰੀ ਹੋਈ ਸੀ। ਕਦੇ ਦੇਖਿਆ ਹੈ ਕਿ ਮਨੁੱਖਾਂ ਤੋਂ ਇਲਾਵਾ ਕਿਸੇ ਹੋਰ ਜੀਵ ਨੇ ਆਪਣੇ ਕੁਦਰਤੀ ਰੂਪ ਨਾਲ ਛੇੜ-ਛਾੜ ਕੀਤੀ ਹੋਵੇ? ਗੁਰੂ ਸਾਹਿਬ ਨੇ ਤਾਂ ਕੇਸਾਂ ਦੀ ਰਹਿਤ ਦੇ ਕੇ ਮਨੁੱਖ ਨੂੰ ਆਪਣੇ ਅਸਲ ਕੁਦਰਤੀ ਰੂਪ ਨਾਲ ਰੂ-ਬ-ਰੂ ਕਰਵਾਇਆ। ਨਾਲ ਹੀ ਇਨ੍ਹਾਂ ਕੇਸਾਂ ਨੂੰ ਕੰਘੇ ਨਾਲ ਸਵਾਰ ਕੇ ਦਸਤਾਰ ਧਾਰਨ ਕਰਨ ਦਾ ਹੁਕਮ ਦਿੱਤਾ।
ਸਾਬਤ ਸੂਰਤਿ ਦਸਤਾਰ ਸਿਰਾ॥
(ਗੁਰੂ ਗ੍ਰੰਥ ਸਾਹਿਬ, ਅੰਗ 1084)
ਸਦੀਆਂ ਤੋਂ ਜ਼ੋਰ-ਜਬਰ ਤੇ ਜ਼ੁਲਮ ਕਰਦੇ ਧਾੜਵੀ ਹਾਕਮਾਂ ਦੀ ਗ਼ੁਲਾਮੀ ਨੇ ਨਿਹੱਥੇ ਤੇ ਨਿਰਦੋਸ਼ਾਂ ਨੂੰ ਜਿਉਂਦੇ ਜੀਅ ਵੀ ਮੁਰਦਾ ਬਣਾ ਛੱਡਿਆ ਸੀ। ਉਸ ਬੁਜ਼ਦਿਲੀ ਤੋਂ ਮੁਕਤ ਕਰਾਉਣ ਲਈ ਗੁਰੂ ਸਾਹਿਬ ਨੇ ਹਰ ਸਿੰਘ ਨੂੰ ਕ੍ਰਿਪਾਨ ਸੌਂਪੀ ਤੇ ਦਾਅਵਾ ਕੀਤਾ ਕਿ ਨਿਆਸਰਿਆਂ ਦੀ ਰੱਖਿਆ ਕਰਨ ਲਈ ਕ੍ਰਿਪਾਨ ਚੁੱਕਣੀ ਹੀ ਜੇਕਰ ਆਖ਼ਰੀ ਵਸੀਲਾ ਰਹਿ ਜਾਵੇ ਤਾਂ ਐਸਾ ਕਰਨਾ ਉਚਿਤ ਹੈ:
ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
(ਜਫ਼ਰਨਾਮਾ)
ਲੋਹੇ ਦਾ ਕੜਾ ਜਿੱਥੇ ਸਿੰਘ ਅੰਦਰ ਦੀਨ-ਦੁਖੀਆਂ ਦੀ ਰੱਖਿਆ ਲਈ ਲੋਹੇ ਵਰਗਾ ਕੜਾ (ਮਜ਼ਬੂਤ) ਬਲ ਪ੍ਰਦਾਨ ਕਰਦਾ ਹੈ ਉੱਥੇ ਦੁਸ਼ਟਾਂ ਪ੍ਰਤੀ ਅਮੁੱਕ ਨਿਰਭੈਤਾ ਦੇਣ ਵਾਲਾ ਮਹਾਨ ਤੋਹਫ਼ਾ ਵੀ ਹੈ। ਕਛਹਿਰਾ ਪਰ ਇਸਤਰੀ ਜਾਂ ਪਰ ਪੁਰਸ਼ ਗ਼ਮਨ ਤੋਂ ਵਰਜ ਕੇ ਉੱਚਾ ਸੁੱਚਾ ਆਚਰਣ ਤੇ ਸਿਦਕ ਕਾਇਮ ਰੱਖਣ ਦਾ ਪ੍ਰਤੀਕ ਹੈ। ਇਹ ਪੰਜੇ ਕਕਾਰ ਬਾਣੇ ਤੇ ਬਾਣੀ ਨਾਲ ਜੁੜੇ ਸਿੰਘ ਉੱਤੇ ਮਨੋਵਿਗਿਆਨਿਕ ਅਸਰ ਪਾ ਕੇ ਉਸ ਨੂੰ ਤਨ ਅਤੇ ਮਨ ਦੀ ਰੱਖਿਆ ਕਰਨ ਦੇ ਸਮਰੱਥ ਬਣਾਉਂਦੇ ਹਨ।
ਵੱਖਰੇ ਵੱਖਰੇ ਕਰਮਕਾਂਡਾਂ ਤੇ ਵਹਿਮਾਂ-ਭਰਮਾਂ ਵਿੱਚ ਉਲਝੇ ਦੇਸ਼ ਵਾਸੀਆਂ ਲਈ ਗੁਰੂ ਨਾਨਕ ਦਾ ‘ਨਿਰਮਲ ਪੰਥ’ ‘ਨਾ ਕੋ ਹਿੰਦੂ ਨਾ ਮੁਸਲਮਾਨ’ ਅਰਥਾਤ ਮਾਨਵ ਦਾ ਮੂਲ ਨਾ ਹਿੰਦੂ ਹੈ ਨਾ ਮੁਸਲਮਾਨ ਸਗੋਂ ਦੋਹਾਂ ਦਾ ਮੂਲ ਕੇਵਲ ਇੱਕੋ ਕਰਤਾ ਪੁਰਖ ਹੈ:
ਸਭ ਮਹਿ ਜੋਤਿ ਜੋਤਿ ਹੈ ਸੋਇ॥
(ਗੁਰੂ ਗ੍ਰੰਥ ਸਾਹਿਬ, ਅੰਗ 663)
ਦਾ ਸੁਨੇਹਾ ਲੈ ਕੇ ਆਇਆ ਸੀ। ਲਗਭਗ ਦੋ ਸਦੀਆਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੇਲੇ ਉਹੀ ਸੁਨੇਹਾ ‘ਖਾਲਸਾ ਪੰਥ’ ਦਾ ਰੂਪ ਧਾਰਨ ਕਰ ਗਿਆ ਤੇ ਵਰਣ ਭੇਦ ਮਿਟਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਨੀਵੀਆਂ ਅਤੇ ਉੱਚੀਆਂ ਸਮਝੀਆਂ ਜਾਂਦੀਆਂ ਜਾਤਾਂ ਨੂੰ ਬਰਾਬਰ ਦਰਜਾ ਦਿੰਦਿਆਂ ਮਾਨਵਤਾ ਦੇ ਇੱਕੋ ਨਿਆਰੇ ਸੂਤਰ ਵਿੱਚ ਪਰੋ ਦਿੱਤਾ। ਇਸ ਨਾਲ ਉਨ੍ਹਾਂ ਨੇ ਅੰਧ-ਵਿਸ਼ਵਾਸ, ਕਰਮ-ਕਾਂਡ, ਜਾਦੂ-ਟੂਣੇ, ਮੂਰਤੀ-ਪੂਜਾ ਆਦਿ ਵਹਿਮਾਂ-ਭਰਮਾਂ ਦਾ ਜੂਲਾ ਲਾਹ ਕੇ ਆਪਣੀ ਸੋਚ ਨੂੰ ਆਜ਼ਾਦ ਕਰ ਲਿਆ।
ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸਾਫੀ
ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ॥
(ਅਕਾਲ ਉਸਤਤਿ)
ਵਿਸਾਖੀ ਵਾਲੇ ਦਿਨ ਦੀ ਇਹ ਇਤਿਹਾਸਕ ਸੱਚਾਈ ਹੈ ਕਿ ਖਾਲਸਾ ਪੰਥ ਦੀ ਸਾਜਨਾ ਅਜਿਹਾ ਇਨਕਲਾਬ ਸੀ ਜਿਸ ਨੇ ਗ਼ੁਲਾਮੀ ਦੀ ਘੂਕ ਨੀਂਦਰੇ ਸੁੱਤੀ ਕੌਮ ਨੂੰ ਜਗਾਇਆ। ਉਸ ਦਿਨ ਤੋਂ ਤਿਆਰ-ਬਰ-ਤਿਆਰ ਖਾਲਸਾ ਸੱਚ, ਅਣਖ ਤੇ ਆਜ਼ਾਦੀ ਦਾ ਐਸਾ ਪਹਿਰੇਦਾਰ ਬਣਿਆ ਕਿ ਊਚ ਨੀਚ, ਜਾਤ-ਪਾਤ ਦਾ ਭੇਦ-ਭਾਵ ਮਿਟਾ ਕੇ ਮਜ਼ਲੂਮਾਂ ਤੇ ਨਿਆਸਰਿਆਂ ਦਾ ਸਹਾਰਾ ਬਣ ਗਿਆ।
ਸਭੈ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
(ਗੁਰੂ ਗ੍ਰੰਥ ਸਾਹਿਬ, ਅੰਗ 97)
ਅੱਜ ਦੇ ਭਾਰਤੀ ਸਮਾਜ ਨੂੰ ਭਾਵੇਂ ਮੁਗ਼ਲਾਂ, ਤੁਰਕਾਂ, ਪਠਾਣਾਂ ਜਾਂ ਅੰਗਰੇਜ਼ਾਂ ਨੇ ਤਾਂ ਗੁਲਾਮ ਨਹੀਂ ਬਣਾਇਆ ਪਰ ਉਨ੍ਹਾਂ ਤੋਂ ਵੀ ਘਾਤਕ ਵਿਕਾਰ ਮਨੁੱਖੀ ਸੋਚ ਨੂੰ ਗ਼ੁਲਾਮ ਬਣਾਈ ਬੈਠੇ ਹਨ। ਉਹ ਹਨ: ਨਸ਼ੇ, ਪੱਛਮੀ ਸੱਭਿਆਚਾਰ ਦੇ ਹਮਲੇ, ਪੂੰਜੀਵਾਦੀ ਸੋਚ ਆਦਿ। ਅਜੋਕੇ ਨੌਜਵਾਨ ਆਪਣੀਆਂ ਸਦੀਵੀ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਤੇ ਉਸ ਗੌਰਵਮਈ ਇਤਿਹਾਸ ਨੂੰ ਭੁੱਲ ਚੁੱਕੇ ਹਨ ਜਦੋਂ ਸਿੰਘ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਜਿਹੇ ਜਰਵਾਣਿਆਂ ਦੇ ਚੁੰਗਲ ਵਿੱਚੋਂ ਮਾਸੂਮ ਧੀਆਂ-ਭੈਣਾਂ ਨੂੰ ਛੁਡਵਾ ਕੇ ਲਿਆਉਂਦੇ ਸਨ, ਪਰ ਅੱਜ ਨਸ਼ੇ ਵਿੱਚ ਗ਼ਰਕ ਨੌਜਵਾਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਅੱਜ ਸਥਿਤੀ ਉਸ ਸਮੇਂ ਤੋਂ ਵੀ ਭਿਆਨਕ ਬਣੀ ਹੋਈ ਹੈ ਕਿਉਂਕਿ ਅੱਜ ਸਾਡਾ ਵੈਰੀ ਕੋਈ ਬਾਹਰੀ ਤਾਕਤਵਰ ਤੇ ਸਾਜ਼ਿਸ਼ੀ ਮਨੁੱਖ ਨਹੀਂ ਸਗੋਂ ਆਪਣੇ ਆਪ ਦੇ ਵੈਰੀ ਅਸੀਂ ਖ਼ੁਦ ਹਾਂ। ਅੱਜ ਨੌਜਵਾਨਾਂ ਨੂੰ ਮਹਿੰਗੇ, ਨਸ਼ੀਲੇ ਤੇ ਮਾਰੂ ਟੀਕਿਆਂ; ਮੁਟਿਆਰਾਂ ਤੇ ਗੱਭਰੂਆਂ ਨੂੰ ਪੱਛਮੀ ਸੱਭਿਆਚਾਰ ਦੀ ਦਿਖਾਵਿਆਂ ਭਰੀ ਤੇ ਪੂੰਜੀਵਾਦੀ ਸੋਚ; ਸਮੁੱਚੀ ਧਰਤੀ ਨੂੰ ਨਿਊਕਲੀਅਰ ਵਿਸਫੋਟਾਂ ਤੇ ਵਾਤਾਵਰਣਕ ਸੰਕਟਾਂ ਤੋਂ ਕੌਣ ਬਚਾਵੇ? ਅੱਜ ਉਹੀ ਵਿੱਲਖਣ ਸੰਦੇਸ਼ ਚੇਤੇ ਆਉਂਦਾ ਹੈ ਜੋ ਉਸ ਵੇਲੇ ਦੇ ਦਲਦਲ ਵਿੱਚ ਧੱਸੇ ਹੋਏ ਸਮਾਜ ਨੂੰ ਗੁਰੂ ਸਾਹਿਬ ਨੇ ਦਿੱਤਾ ਸੀ ਕਿ ਇੱਕਜੁੱਟ ਅਤੇ ਜਥੇਬੰਦ ਹੋ ਕੇ ਹੀ ਜ਼ੁਲਮ ਦਾ ਨਾਸ਼ ਕੀਤਾ ਜਾ ਸਕਦਾ ਹੈ। ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦੀ ਅਲਾਮਤ ਦੂਰ ਕਰ ਕੇ ਮੁੜ ਸੋਨੇ ਦੀ ਧਰਤੀ ਬਣਾਉਣ ਦਾ ਵੀ ਮਾਤਰ ਇਹੋ ਵਸੀਲਾ ਹੈ। ਆਓ ਗੁਰੂ ਸਾਹਿਬਾਨ ਦੇ ਦਿੱਤੇ ਉਸ ਅਨਮੋਲ ਸੁਨੇਹੇ ਨੂੰ ਇੱਕ ਵਾਰ ਫਿਰ ਅਮਲ ਵਿੱਚ ਲਿਆ ਕੇ ਸਾਰੀ ਮਾਨਵਤਾ ਦੀ ਭਲਾਈ ਖ਼ਾਤਰ ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਅਲਾਮਤਾਂ ਤੋਂ ਬਚਾਈਏ.
ਡਾ. ਪ੍ਰਭਜੀਤ ਕੌਰ
Comments (0)