ਅਮਰੀਕੀ ਅਦਾਲਤ ਵੱਲੋਂ 2 ਬੱਚਿਆਂ ਦੇ ਕਤਲ ਤੇ ਪਤੀ ਦੀ ਪਹਿਲੀ ਪਤਨੀ ਦੀ ਹੱਤਿਆ ਦੀ ਸਾਜਿਸ਼ ਦੇ ਮਾਮਲੇ ਵਿਚ ਔਰਤ ਦੋਸ਼ੀ ਕਰਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਕ ਅਮਰੀਕੀ ਜਿਊਰੀ ਨੇ ਆਪਣੇ ਦੋ ਬੱਚਿਆਂ ਦੀ ਹੱਤਿਆ ਕਰਨ ਤੇ ਪਤੀ ਦੀ ਪਹਿਲੀ ਪਤਨੀ ਦੀ ਹੱਤਿਆ ਲਈ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਲੌਰੀ ਵਾਲੋਅ ਡੇਬੈਲ ਨਾਮੀ ਔਰਤ ਨੂੰ ਦੋਸ਼ੀ ਕਰਾਰ ਦਿੱਤਾ ਹੈ। ਡੇਬੈਲ ਜਿਸ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਸੀ, ਵਿਰੁੱਧ 2019 ਵਿਚ ਆਪਣੇ ਮਤਰੇਏ ਬੱਚਿਆਂ 17 ਸਾਲਾ ਟਾਈਲੀ ਰੀਆਨ ਤੇ 7 ਸਾਲਾ ਜੋਸ਼ੂਆ ਵਾਲੋਅ ਦੀਆਂ ਮੌਤਾਂ ਦੇ ਮਾਮਲੇ ਵਿਚ ਫਸਟ ਡਿਗਰੀ ਹੱਤਿਆਵਾਂ ਤੇ ਆਪਣੇ ਪਤੀ ਚੈਡ ਡੇਬੈਲ ਦੀ ਪਹਿਲੀ ਪਤਨੀ ਟੈਮੀ ਡੇਬੈਲ ਦੀ ਹੱਤਿਆ ਦੇ ਮਾਮਲੇ ਵਿਚ ਸਾਜਿਸ਼ ਰਚਣ ਦੇ ਦੋਸ਼ ਆਇਦ ਕੀਤੇ ਗਏ ਸਨ। ਉਸ ਨੂੰ ਘਟੋ ਘਟ ਉਮਰ ਭਰ ਲਈ ਜੇਲ ਦੀ ਸਜਾ ਹੋ ਸਕਦੀ ਹੈ। 7 ਮਰਦ ਜੱਜਾਂ ਤੇ 5 ਔਰਤ ਜੱਜਾਂ 'ਤੇ ਅਧਾਰਤ ਜਿਊਰੀ ਨੇ ਬੀਤੇ ਵੀਰਵਾਰ ਇਸ ਮਾਮਲੇ 'ਤੇ ਸੁਣਵਾਈ ਸ਼ੁਰੂ ਕੀਤੀ ਸੀ। ਬਹਿਸ ਉਪੰਰਤ ਜਿਊਰੀ ਨੇ ਸਰਬਸੰਮਤੀ ਨਾਲ ਲੌਰੀ ਵਾਲੋਅ ਡੇਬੈਲ ਨੂੰ ਦੋਸ਼ੀ ਕਰਾਰ ਦਿੱਤਾ। ਜਦੋਂ ਫੈਸਲਾ ਪੜਿਆ ਜਾ ਰਿਹਾ ਸੀ ਤਾਂ ਲੌਰੀ ਡੇਬੈਲ ਦੇ ਚੇਹਰੇ 'ਤੇ ਜਾਹਿਰਾ ਤੌਰ 'ਤੇ ਕੋਈ ਪ੍ਰਤੀਕਰਮ ਨਜਰ ਨਹੀਂ ਆਇਆ। ਉਹ ਚੁੱਪ ਚਾਪ ਫੈਸਲਾ ਸੁਣਦੀ ਰਹੀ। ਸਜ਼ਾ ਪ੍ਰਕ੍ਰਿਆ ਵਾਸਤੇ ਉਸ ਨੂੰ ਅਡਾ ਕਾਊਂਟੀ ਤੋਂ ਫਰੀਮਾਂਟ ਕਾਊਂਟੀ ਤਬਦੀਲ ਕੀਤਾ ਜਾਵੇਗਾ। ਜੱਜ ਸਟੀਵਨ ਬਾਈਸ ਨੇ ਕਿਹਾ ਕਿ ਸਜ਼ਾ 3 ਮਹੀਨੇ ਦੇ ਅੰਦਰ ਸੁਣਾਈ ਜਾਵੇਗੀ। ਚੈਡ ਡੇਬੈਲ ਜਿਸ ਨੇ ਵੀ ਇਸ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ,ਵਿਰੁੱਧ ਵੱਖਰੇ ਤੌਰ 'ਤੇ ਮੁਕੱਦਮਾ ਚਲਾਇਆ ਜਾਵੇਗਾ। ਇਥੇ ਜਿਕਰਯੋਗ ਹੈ ਕਿ ਟੈਮੀ ਡੇਬੈਲ ਦੀ ਅਕਤੂਬਰ 2019 ਵਿਚ ਸੁੱਤੇ ਪਿਆਂ ਹੀ ਮੌਤ ਹੋ ਗਈ ਸੀ। ਇਸ ਤੋਂ ਕੁਝ ਹਫਤਿਆਂ ਬਾਅਦ ਹੀ ਵਾਲੋਅ ਡੇਬੈਲ ਨੇ ਚੈਡ ਡੇਬੈਲ ਨਾਲ ਵਿਆਹ ਰਚਾ ਲਿਆ ਸੀ। ਜੂਨ 2020 ਵਿਚ ਫਰੀਮਾਊਂਟ ਕਾਊਂਟੀ,ਈਦਾਹੋ ਵਿਚ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਵਾਲੋਅ ਡੇਬੈਲ ਦੇ ਮਤਰੇਏ ਬੱਚਿਆਂ ਦੀਆਂ ਗਲੀਆਂ ਸੜੀਆਂ ਲਾਸ਼ਾਂ ਮਕਾਨ ਦੇ ਪਿਛਵਾੜਿਉਂ ਬਰਾਮਦ ਕੀਤੀਆਂ ਸਨ।
Comments (0)