ਸੰਘੀ ਅਦਾਲਤ ਨੇ ਸ਼ੱਕੀ ਸੇਫੁਲੋ ਸਾਈਪੋਵ ਨੂੰ ਦੋਸ਼ੀ ਠਹਿਰਾਇਆ, ਹੋ ਸਕਦੀ ਹੈ ਮੌਤ ਦੀ ਸਜ਼ਾ
ਨਿਊਯਾਰਕ ਵਿਚ ਟਰੱਕ ਚਾੜ ਕੇ 8 ਲੋਕਾਂ ਨੂੰ ਮਾਰਨ ਦਾ ਮਾਮਲਾ-
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਕ ਸੰਘੀ ਅਦਾਲਤ ਨੇ 2017 ਵਿਚ ਹੈਲੋਵੀਨ ਦਿਵਸ ਵਾਲੇ ਦਿਨ ਨਿਊਯਾਰਕ ਸਿਟੀ ਬਾਈਕ ਪਾਥ 'ਤੇ ਟਰੱਕ ਚਾੜ ਕੇ 8 ਲੋਕਾਂ ਦੀਆਂ ਹੱਤਿਆਵਾਂ ਕਰਨ ਦੇ ਮਾਮਲੇ ਵਿਚ ਸ਼ੱਕੀ ਸੇਫੁਲੋ ਸਾਈਪੋਵ ਨੂੰ ਦੋਸ਼ੀ ਠਹਿਰਾਇਆ ਹੈ। 9-11 ਹਮਲੇ ਤੋਂ ਬਾਅਦ ਨਿਊਯਾਰਕ ਵਿਚ ਇਸ ਘਟਨਾ ਨੂੰ ਭਿਆਨਕ ਅੱਤਵਾਦੀ ਹਮਲਾ ਮੰਨਿਆ ਗਿਆ ਹੈ ਜਿਸ ਵਿਚ 6 ਵਿਦੇਸ਼ੀ ਸੈਲਾਨੀ ਤੇ 2 ਅਮਰੀਕੀ ਮਾਰੇ ਗਏ ਸਨ। ਸ਼ੱਕੀ ਦੋਸ਼ੀ ਨੇ ਹੱਤਿਆਵਾਂ ਲਈ ਕਿਰਾਏ 'ਤੇ ਲਿਆ ਟੱਰਕ ਵਰਤਿਆ। ਸੰਘੀ ਅਦਾਲਤ ਨੇ ਇਸ ਨੂੰ ਅੱਤਵਾਦ ਦਾ ਮਾਮਲਾ ਮੰਨਿਆ ਹੈ। ਇਸਤਗਾਸਾ ਪੱਖ ਦੇ ਵਕੀਲਾਂ ਨੇ ਜੱਜਾਂ ਨੂੰ ਕਿਹਾ ਕਿ ਸਾਈਪੋਵ ਨੇ ਜਾਣਬੁਝ ਕੇ ਲੋਕਾਂ ਨੂੰ ਟਰੱਕ ਹੇਠਾਂ ਦਰੜਿਆ ਸੀ ਕਿਉਂਕਿ ਉਹ ਅੱਤਵਾਦੀ ਸੰਗਠਨ ਆਈ ਐਸ ਆਈ ਐਸ ਦਾ ਮੈਂਬਰ ਬਣਨਾ ਚਹੁੰਦਾ ਸੀ। ਹਾਲਾਂ ਕਿ ਬਚਾਅ ਪੱਖ ਦੇ ਵਕੀਲ ਪੈਟਨ ਨੇ ਇਸਤਗਾਸਾ ਪੱਖ ਦੇ ਵਕੀਲਾਂ ਦੇ ਇਸ ਦਾਅਵੇ ਨਾਲ ਸਹਿਮਤੀ ਨਹੀਂ ਪ੍ਰਗਟਾਈ। ਉਸ ਨੇ ਕਿਹਾ ਕਿ ਸਾਈਪੋਵ ਨੇ ਧਾਰਮਿਕ ਭਾਵਨਾ ਤਹਿਤ ਘਟਨਾ ਨੂੰ ਅੰਜਾਮ ਦਿੱਤਾ ਸੀ ਕਿਉਂਕਿ ਉਹ ਬਹਿਸ਼ਤ ਵਿਚ ਜਗਾ ਬਣਾਉਣ ਲਈ ਅਲਾ ਨੂੰ ਖੁਸ਼ ਕਰਨਾ ਚਹੁੰਦਾ ਸੀ। ਸ਼ੱਕੀ ਦੋਸ਼ੀ ਨੇ ਆਪਣੇ ਆਪ ਨੂੰ ਬੇਗੁਨਾਹ ਦਸਿਆ। ਅਦਾਲਤ ਵਿਚ ਦੋ ਦਿਨਾਂ ਦੌਰਾਨ ਤਕਰੀਬਨ 6 ਘੰਟੇ ਬਹਿਸ ਹੋਈ। ਦੋਸ਼ੀ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ ਜਾਂ ਉਮਰ ਭਰ ਲਈ ਜੇਲ ਜਾਣਾ ਪਵੇਗਾ। ਮੌਤ ਦੀ ਸਜ਼ਾ ਲਈ ਜਰੂਰੀ ਹੈ ਕਿ ਅਦਾਲਤ ਦੇ ਸਾਰੇ ਜੱਜਾਂ ਵਿਚਾਲੇ ਸਹਿਮਤੀ ਹੋਵੇ। ਜੇਕਰ ਇਕ ਜੱਜ ਵੀ ਮੌਤ ਦੀ ਸਜ਼ਾ ਦਾ ਵਿਰੋਧ ਕਰਦਾ ਹੈ ਤਾਂ ਦੋਸ਼ੀ ਨੂੰ ਉਮਰ ਭਰ ਲਈ ਜੇਲ ਹੋ ਸਕਦੀ ਹੈ। ਸਜ਼ਾ ਲਈ ਅਦਾਲਤ ਦੀ ਕਾਰਵਾਈ 6 ਫਰਵਰੀ ਤੋਂ ਸ਼ੁਰੂ ਹੋਵੇਗੀ।
Comments (0)