ਇੰਡਿਆਨਾਪੋਲਿਸ ਦੇ ਇਕ ਸ਼ਮਸ਼ਾਨ ਘਾਟ ਦੇ ਬਾਹਰ ਹੋਏ ਹਮਲੇ ਵਿੱਚ ਗੋਲੀਆਂ ਵੱਜਣ ਨਾਲ 4 ਸਾਲ ਦੀ ਬੱਚੀ ਸਮੇਤ 5 ਜ਼ਖਮੀ
* ਬੱਚੀ ਦੀ ਹਾਲਤ ਗੰਭੀਰ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇੰਡਿਆਨਾਪੋਲਿਸ , ਇੰਡਿਆਨਾ ਦੇ ਇਕ ਸ਼ਮਸ਼ਾਨ ਘਾਟ ਦੇ ਬਾਹਰਵਰ ਇਕ ਹਮਲਾਵਰ ਨੇ ਗੋਲੀਆਂ ਚਲਾ ਕੇ ਇਕ 4 ਸਾਲ ਦੀ ਲੜਕੀ ਸਮੇਤ 5 ਜਣਿਆਂ ਨੂੰ ਜ਼ਖਮੀ ਕਰ ਦਿੱਤਾ। ਇੰਡਿਆਨਾਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਜਨ ਸੂਚਨਾ ਅਧਿਕਾਰੀ ਗੇਨੇ ਕੁੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਘਟਨਾ30 ਵੀਂ ਸਟਰੀਟ ਦੇ ਪੱਛਮੀ 1100 ਬਲਾਕ ਵਿਚ ਵਾਪਰੀ। 4 ਸਾਲ ਦੀ ਬੱਚੀ ਨੂੰ ਬੱਚਿਆਂ ਦੇ ਰੀਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਕ 16 ਸਾਲ ਦੀ ਲੜਕੀ ਨੂੰ ਐਸਕੇਨਾਜ਼ੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿੱਰ ਹੈ। ਹਸਪਤਾਲ ਵਿਚ ਦਾਖਲ ਬਾਕੀ 3 ਦੀ ਹਾਲਤ ਵੀ ਸਥਿੱਰ ਦੱਸੀ ਜਾ ਰਹੀ ਹੈ। ਕੁੱਕ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਕ ਅਣਪਛਾਤਾ ਵਿਅਕਤੀ ਇਕ ਕਾਰ ਵਿਚੋਂ ਉਤਰ ਕੇ ਸ਼ਮਸ਼ਾਨ ਘਾਟ ਦੇ ਬਾਹਰ ਕਾਰ ਪਾਰਕਿੰਗ ਵਿਚ ਖੜੀ ਦੂਸਰੀ ਗੱਡੀ ਕੋਲ ਗਿਆ ਜਿਥੇ ਉਸ ਦੀ ਇਕ ਹੋਰ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ। ਉਪਰੰਤ ਉਸ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਅਣਪਛਾਤਾ ਵਿਅਕਤੀ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਕੁੱਕ ਨੇ ਇਹ ਵੀ ਕਿਹਾ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਕ ਜਾਂ ਦੋ ਵਿਅਕਤੀ ਸ਼ਮਸ਼ਾਨ ਘਾਟ ਦੇ ਅੰਦਰ ਜ਼ਖਮੀ ਹੋਏ ਹਨ ਤੇ ਅਣਪਛਾਤੇ ਹਮਲਾਵਰ ਦੀ ਤਕਰਾਰ ਸ਼ਮਸ਼ਾਨ ਘਾਟ ਦੇ ਅੰਦਰ ਕਿਸੇ ਨਾਲ ਹੋਈ ਸੀ। ਉਨਾਂ ਕਿਹਾ ਕਿ ਇਨਾਂ ਵਿਅਕਤੀਆਂ ਦੀ ਘਟਨਾ ਵਿੱਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇੰਡਿਆਨਾਪੋਲਿਸ ਦੇ ਮੇਅਰ ਜੋ ਹੋਗਸੈਟ ਨੇ ਇਕ ਬਿਆਨ ਵਿਚ ਘਟਨਾ ਉਪਰ ਦੁੱਖ ਪ੍ਰਗਟ ਕੀਤਾ ਹੈ। ਉਨਾਂ ਕਿਹਾ ਹੈ ਕਿ ਇਹ ਇਕ ਕਾਇਰਤਾ ਵਾਲੀ ਕਾਰਵਾਈ ਹੈ। ਇਸ ਵੇਲੇ ਅਸੀਂ ਜ਼ਖਮੀ ਵਿਅਕਤੀਆਂ ਤੇ ਉਨਾਂ ਦੇ ਪਰਿਵਾਰਾਂ ਨਾਲ ਖੜੇ ਹਾਂ।
Comments (0)