ਰੂਸ ਦੇ ਯੁਕਰੇਨ ਉਪਰ ਹਮਲੇ ਉਪਰੰਤ ਪੈਦਾ ਹੋਏ ਹਾਲਾਤ ਕਾਰਨ ਵਧ ਰਹੀਆਂ ਗੈਸ ਕੀਮਤਾਂ ਨਾਲ ਨਜਿੱਠਣ ਦੇ ਮਾਮਲੇ ਵਿਚ ਬਾਇਡਨ ਨੇ ਹੱਥ ਖੜੇ ਕੀਤੇ
* ਰੂਸੀ ਰਾਸ਼ਟਰਪਤੀ ਪੂਤਿਨ ਜੰਗ ਖਤਮ ਕਰਨ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟ 8 ਜੂਨ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਨਾਲ ਨਜਿੱਠਣ ਦੇ ਮਾਮਲੇ ਵਿਚ ਹੱਥ ਖੜੇ ਕਰ ਦਿੱਤੇ ਹਨ। ਵਣਜ ਸਕੱਤਰ ਜੀਨਾ ਰੇਮੋਨਡੋ ਨੇ ਮੰਨਿਆ ਹੈ ਕਿ ਗੈਸ ਦੀਆਂ ਉੱਚ ਕੀਮਤਾਂ ਨਾਲ ਨਜਿੱਠਣ ਲਈ ਵਾਈਟ ਹਾਊਸ ਕੋਲ ਕਰਨ ਲਈ ਜਿਆਦਾ ਕੁਝ ਨਹੀਂ ਬੱਚਿਆ ਹੈ। ਗੈਸ ਦੀਆਂ ਕੀਮਤਾਂ ਰੂਸ ਦੇ ਯੁਕਰੇਨ ਉਪਰ ਹਮਲੇ ਉਪਰੰਤ ਵਧੀਆਂ ਹਨ ਤੇ ਨੇੜ ਭਵਿੱਖ ਵਿਚ ਹਾਲਾਤ ਸੁਧਰਦੇ ਹੋਏ ਨਜਰ ਨਹੀਂ ਆ ਰਹੇ। ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਮੋਨਡੋ ਨੇ ਕਿਹਾ ਕਿ ਬਦਕਿਸਮਤੀ ਨਾਲ ਭਿਆਨਕ ਸੱਚ ਇਹ ਹੈ ਕਿ ਗੈਸ ਦੀਆਂ ਉੱਚ ਕੀਮਤਾਂ ਦੇ ਮਾਮਲੇ ਵਿਚ ਰਾਸ਼ਟਰਪਤੀ ਜੋਅ ਬਾਈਡਨ ਕੋਲ ਕੋਈ ਰਾਹ ਨਹੀਂ ਬਚਿਆ ਹੈ। ਉਨਾਂ ਕਿਹਾ '' ਤੁਸੀਂ ਜਾਣਦੇ ਹੋ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹਮਲੇ ਨੇ ਸੰਕਟ ਖੜਾ ਕੀਤਾ ਹੈ। ਪੂਤਿਨ ਵਲੋਂ ਆਪਣੀ ਫੌਜ ਯੁਕਰੇਨ ਵਿਚ ਦਾਖਲ ਕਰਨ ਉਪਰੰਤ ਗੈਸ ਦੀ ਕੀਮਤ 1.40 ਡਾਲਰ ਪ੍ਰਤੀ ਗੈਲਨ ਵਧ ਗਈ ਹੈ। ਹਾਲਾਂ ਕਿ ਰਾਸ਼ਟਰਪਤੀ ਕਾਂਗਰਸ ਨੂੰ ਕੁਝ ਕਰਨ ਲਈ ਕਹਿ ਰਹੇ ਹਨ ਪਰੰਤੂ ਯਥਾਰਤ ਇਹ ਹੈ ਕਿ ਜਿਵੇਂ ਕਿ ਤੁਸੀਂ ਕਿਹਾ ਹੈ ਕਰਨ ਲਈ ਕੁਝ ਬਚਿਆ ਨਹੀਂ ਹੈ।'' ਲੰਘੇ ਮੰਗਲਵਾਰ ਗੈਸ ਦੀ ਔਸਤ ਕੀਮਤ 5 ਸੈਂਟ ਵਧ ਕੇ 4.92 ਡਾਲਰ ਪ੍ਰਤੀ ਗੈਲਨ ਦੇ ਰਿਕਾਰਡ ਪੱਧਰ ਉਪਰ ਪੁੱਜ ਗਈ। ਇਹ ਕੀਮਤ ਪਿਛਲੇ ਹਫਤੇ ਦੀ ਤੁਲਨਾ ਵਿਚ 30 ਸੈਂਟ ਤੇ ਪਿਛਲੇ ਮਹੀਨੇ ਦੀ ਤੁਲਨਾ ਵਿਚ 62 ਸੈਂਟ ਜਿਆਦਾ ਹੈ। ਰੇਮੋਨਡੋ ਨੇ ਸੰਕੇਤ ਦਿੱਤਾ ਕਿ ਗੈਸ ਟੈਕਸ ਤੋਂ ਰਾਹਤ ਦਿੱਤੀ ਜਾ ਸਕਦੀ ਹੈ ਪਰੰਤੂ ਇਹ ਕੰਮ ਕਾਂਗਰਸ ਨੇ ਕਰਨਾ ਹੈ। ਵਣਜ ਸਕੱਤਰ ਨੇ ਪਟਰੋਲੀਅਮ ਦੇ ਰਣਨੀਤਿਕ ਰਾਖਵੇਂ ਭੰਡਾਰ ਨੂੰ ਵਰਤਣ ਸਮੇਤ ਰਾਸ਼ਟਰਪਤੀ ਬਾਈਡਨ ਦੁਆਰਾ ਗੈਸ ਦੀਆਂ ਕੀਮਤਾਂ ਉਪਰ ਨਿਯੰਤਰਣ ਲਈ ਚੁੱਕੇ ਗਏ ਹੋਰ ਕਦਮਾਂ ਦਾ ਜਿਕਰ ਵੀ ਕੀਤਾ ਪਰ ਨਾਲ ਹੀ ਕਿਹਾ ਕਿ ਇਨਾਂ ਦਾ ਕੀਮਤਾਂ ਉਪਰ ਨਾਂਹ ਪਖੀ ਪ੍ਰਭਾਵ ਹੀ ਪਿਆ ਹੈ। ਉਨਾਂ ਕਿਹਾ ਕਿ ਇਸ ਸਮੇ ਲੋੜ ਇਸ ਦੀ ਗੱਲ ਦੀ ਹੈ ਕਿ ਪੂੁਤਿਨ ਜੰਗ ਖਤਮ ਕਰੇ ਜਿਸ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ ਕਰ ਰਹੇ ਹਾਂ। ਵਣਜ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਅਮਰੀਕੀਆਂ ਨੂੰ ਗੈਸ ਦੀਆਂ ਕੀਮਤਾਂ ਵਿੱਚ ਰਾਹਤ ਦਿਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਅਗਲੇ ਮਹੀਨੇ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨਾਲ ਰਾਸ਼ਟਰਪਤੀ ਬਾਈਡਨ ਦੀ ਹੋ ਰਹੀ ਮੀਟਿੰਗ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ 'ਤੇ ਰੇਮੋਨਡੋ ਨੇ ਕਿਹਾ ਕਿ ਉਹ ਅਜਿਹੀ ਮੀਟਿੰਗ ਬਾਰੇ ਰਾਸ਼ਟਰਪਤੀ ਦੇ ਅਨੁਮਾਨਾਂ ਨਾਲ ਪੂਰੀ ਤਰਾਂ ਸਹਿਮਤ ਹਨ। ਵਣਜ ਸਕੱਤਰ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਟਰੰਪ ਸਮੇ ਚੀਨ ਉਪਰ ਲਾਗੂ ਕੀਤੇ ਟੈਰਿਫ ਖਤਮ ਕਰਨ ਬਾਰੇ ਵੀ ਸੋਚ ਰਿਹਾ ਹੈ ਪਰੰਤੂ ਉਨਾਂ ਨੇ ਇਨਾਂ ਟੈਰਿਫ ਬਾਰੇ ਕੋਈ ਵੇਰਵਾ ਨਹੀਂ ਦਿੱਤਾ।
Comments (0)