ਇੰਡੀਆਨਾਪੋਲਿਸ ਵਿਚ ਪੁਲਿਸ ਅਫਸਰ ਹੱਥੋਂ ਇਕ ਵਿਅਕਤੀ ਦੀ ਮੌਤ
ਪੁਲਿਸ ਅਫਸਰ ਨੂੰ ਛੁੱਟੀ 'ਤੇ ਭਜਿਆ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 27 ਅਪ੍ਰੈਲ (ਹੁਸਨ ਲੜੋਆ ਬੰਗਾ)-ਇੰਡਿਆਨਾਪੋਲਿਸ ਵਿਚ ਇਕ ਘਰੇਲੂ ਝਗੜੇ ਦੇ ਮਾਮਲੇ ਵਿਚ ਮੌਕੇ 'ਤੇ ਪੁੱਜੀ ਪੁੁਲਿਸ ਵੱਲੋਂ ਇਕ ਵਿਅਕਤੀ 'ਤੇ ਕਾਬੂ ਪਾਉਣ ਲਈ ਟੇਜ਼ਰ ਦੀ ਵਰਤੋਂ ਕੀਤੀ ਗਈ ਜਿਸ ਉਪੰਰਤ ਉਸ ਦੀ ਮੌਤ ਹੋ ਗਈ। ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੂਚਨਾ ਮਿਲਣ 'ਤੇ ਬੀਤੀ ਰਾਤ ਤੜਕਸਾਰ 3.20 ਵਜੇ ਪੁਲਿਸ ਮੌਕੇ ਉਪਰ ਪੁੱਜੀ ਤਾਂ ਉਸ ਦਾ ਇਕ ਮਰਦ ਤੇ ਉਸ ਦੇ ਮਾਪਿਆਂ ਨਾਲ ਸਾਹਮਣਾ ਹੋਇਆ। ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਪਾਗਲਪਣ ਦਾ ਦੌਰਾ ਪੈਂਦਾ ਹੈ ਜੋ ਉਸ ਸਮੇ ਨਿਰਵਸਤਰ ਘੁੰਮ ਰਿਹਾ ਸੀ ਤੇ ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਪੁਲਿਸ ਨੇ ਉਸ ਨਾਲ ਤਕਰੀਬਨ 10 ਮਿੰਟ ਗੱਲਬਾਤ ਕੀਤੀ ਤੇ ਉਸ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਉਹ ਅਚਾਨਕ ਇਕ ਪੁਲਿਸ ਅਫਸਰ ਵੱਲ ਵਧਿਆ ਜਿਸ 'ਤੇ ਪੁਲਿਸ ਅਫਸਰ ਨੇ ਟੇਜ਼ਰ ਦਾਗ ਦਿੱਤਾ ਜੋ ਉਸ ਦੀ ਛਾਤੀ ਵਿਚ ਵੱਜਾ। ਉਪਰੰਤ ਉਸ ਨੂੰ ਕਾਬੂ ਕਰ ਲਿਆ ਗਿਆ। ਮੌਕੇ ਉਪਰ ਮੈਡੀਕਲ ਸਟਾਫ ਵੀ ਪੁੱਜਾ ਤੇ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਟੇਜ਼ਰ ਦੀ ਵਰਤੋਂ ਕਰਨ ਵਾਲੇ ਪੁਲਿਸ ਅਫਸਰ ਨੂੰ ਪ੍ਰਸ਼ਾਸਨਿਕ ਛੁੱਟੀ ਉਪਰ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ ਤੇ ਨਾ ਹੀ ਕੈਮਰੇ ਵਿਚ ਕੈਦ ਘਟਨਾ ਦੇ ਦ੍ਰਿਸ਼ਾਂ ਨੂੰ ਜਨਤਿਕ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਪੁਲਿਸ ਅਫਸਰ ਨੂੰ ਛੁੱਟੀ 'ਤੇ ਭੇਜਣਾ ਜਾਂਚ ਪ੍ਰਕ੍ਰਿਆ ਦਾ ਹਿੱਸਾ ਹੈ। ਘਟਨਾ ਦੀ ਅਪਰਾਧਿਕ ਨਜ਼ਰੀਏ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਅਫਸਰ ਵੱਲੋਂ ਵਰਤੀ ਗਈ ਸਖਤੀ ਦੀ ਘੋਖ ਕੀਤੀ ਜਾਵੇਗੀ।
Comments (0)