ਹੱਤਿਆ ਮਾਮਲੇ ਵਿਚ ਪੈਰੋਲ 'ਤੇ ਆਇਆ ਵਿਅਕਤੀ ਆਪਣੀ ਗਰਭਵੱਤੀ ਪਤਨੀ ਦਾ ਕਤਲ ਕਰਕੇ ਹੋਇਆ ਫਰਾਰ

ਹੱਤਿਆ ਮਾਮਲੇ ਵਿਚ ਪੈਰੋਲ 'ਤੇ ਆਇਆ ਵਿਅਕਤੀ ਆਪਣੀ ਗਰਭਵੱਤੀ ਪਤਨੀ ਦਾ ਕਤਲ ਕਰਕੇ ਹੋਇਆ ਫਰਾਰ
ਕੈਪਸ਼ਨ ਮਾਈਕਲ ਸਟਾਵਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਆਪਣੀ ਗਰਭਵੱਤੀ ਪਤਨੀ ਦੀ ਕਥਿੱਤ ਤੌਰ 'ਤੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਵੱਡੀ ਪੱਧਰ 'ਤੇ ਮਿਨੀਸੋਟਾ ਦੇ ਇਕ ਵਿਅਕਤੀ ਦੀ ਭਾਲ ਕਰ ਰਹੀ ਹੈ। ਮਾਈਕਲ ਸਟਾਵਰਜ (36) ਨੂੰ ਹਾਲ ਹੀ ਵਿਚ ਹੱਤਿਆ ਦੇ ਇਕ ਮਾਮਲੇ ਵਿਚ ਪੈਰੋਲ ਉਪਰ ਰਿਹਾਅ ਕੀਤਾ ਗਿਆ ਸੀ। ਉਸ ਵਿਰੁੱਧ ਆਪਣੀ ਪਤਨੀ ਡਮਾਰਾ ਅਲੈਕਸਿਸ ਕਿਰਕਲੈਂਡ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਦਾਇਰ ਕੀਤੇ ਗਏ ਹਨ ਜੋ ਤਕਰੀਬਨ 2 ਮਹੀਨੇ ਤੋਂ ਗਰਭਵੱਤੀ ਸੀ। ਸਟਾਵਰਜ ਵੱਲੋਂ ਘਟਨਾ ਉਪਰੰਤ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਉਪਰੰਤ ਉਸ ਦੀ ਕਾਰ ਖੋਹ ਕੇ ਫਰਾਰ ਹੋ ਜਾਣ ਦੀ ਰਿਪੋਰਟ ਹੈ।

ਸੂਚਨਾ ਮਿਲਣ 'ਤੇ ਜਦੋਂ ਪੁਲਿਸ ਅਫਸਰ ਮੌਕੇ 'ਤੇ ਪੁੱਜੇ ਤਾਂ ਕਿਰਕਲੈਂਡ ਦੀ ਲਾਸ਼ ਫਰਸ਼ ਉਪਰ ਪਈ ਸੀ। ਸਟਾਵਰਜ ਨੂੰ 2008 ਵਿਚ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਮਾਰਚ ਵਿੱਚ ਪੈਰੋਲ ਮਿਲੀ ਸੀ। ਇਸ ਗੋਲੀਬਾਰੀ ਵਿਚ ਸੇਂਟ ਪਾਲ ਖੇਤਰ ਦਾ ਇਕ ਵਸਨੀਕ ਮਾਰਿਆ ਗਿਆ ਸੀ ਤੇ ਇਸ ਮਾਮਲੇ ਵਿਚ ਸਟਾਵਰਜ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਦਾਇਰ ਕੀਤੇ ਗਏ ਸਨ। ਮੁੱਢਲੀ ਜਾਂਚ ਅਨੁਸਾਰ ਜੋ ਗੰਨ ਕਿਰਕਲੈਂਡ ਦੀ ਹੱਤਿਆ ਲਈ ਵਰਤੀ ਗਈ ਹੈ ਉਸ ਦੀ ਵਰਤੋਂ ਹੀ ਕਾਰ ਖੋਹਣ ਦੀ ਘਟਨਾ ਵਿਚ ਕੀਤੀ ਗਈ ਹੈ।