ਅਮਰੀਕਾ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਕਰ ਸਕਦਾ ਹੈ ਸਿੱਧਾ ਹਮਲਾ

ਟਰੰਪ ਨੇ ਨੇਤਨਯਾਹੂ ਨੂੰ ਜ਼ਾਹਰ ਕੀਤੀ ਚਿੰਤਾ, ਟੀਮ ਨੂੰ ਤਿਆਰ ਰਹਿਣ ਦੇ ਹੁਕਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਤਹਿਰਾਨ— ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਦੀ ਟੀਮ ਇਸ ਨੂੰ ਰੋਕਣ ਲਈ ਤਹਿਰਾਨ 'ਤੇ ਹਮਲਾ ਕਰਨ 'ਤੇ ਵਿਚਾਰ ਕਰ ਰਹੀ ਹੈ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਬੀਤੇ ਦਿਨੀ ਨੂੰ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਡੋਨਾਲਡ ਟਰੰਪ ਅਗਲੇ ਮਹੀਨੇ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਅਹੁਦਾ ਸੰਭਾਲਣ ਤੋਂ ਬਾਅਦ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲੇ ਦਾ ਬਦਲ ਚੁਣਿਆ ਜਾ ਸਕਦਾ ਹੈ। ਈਰਾਨ ਤੋਂ ਇਲਾਵਾ ਟਰੰਪ ਅਸਦ ਸ਼ਾਸਨ ਦੇ ਪਤਨ ਤੋਂ ਬਾਅਦ ਸੀਰੀਆ ਵਿਚ ਅਮਰੀਕੀ ਫੌਜ ਦੀ ਭੂਮਿਕਾ 'ਤੇ ਵੀ ਮੁੜ ਵਿਚਾਰ ਕਰ ਰਹੇ ਹਨ।
ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਟਰੰਪ ਦੀ ਟੀਮ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲੇ ਦੇ ਸੰਭਾਵਿਤ ਨਤੀਜਿਆਂ ਦਾ ਮੁਲਾਂਕਣ ਕਰ ਰਹੀ ਹੈ। ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਈਰਾਨੀ ਕੈਂਪ ਦਾ ਕਮਜ਼ੋਰ ਹੋਣਾ ਅਤੇ ਸੰਸ਼ੋਧਿਤ ਯੂਰੇਨੀਅਮ ਵਿੱਚ ਤੇਜ਼ੀ ਨਾਲ ਵਾਧਾ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਾਰੇ ਵਿਕਲਪਾਂ ਬਾਰੇ ਸੋਚਕੇ ਨੀਤੀ ਘੜੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਨਾਲ ਅਮਰੀਕਾ ਅਤੇ ਈਰਾਨ ਵਿਚਕਾਰ ਯੁੱਧ ਹੋ ਸਕਦਾ ਹੈ, ਪਰ ਟਰੰਪ ਅਮਰੀਕੀ ਫੌਜਾਂ ਨੂੰ ਸ਼ਾਮਲ ਕਰਨ ਵਾਲੀ ਕੋਈ ਜੰਗ ਨਹੀਂ ਚਾਹੁੰਦੇ ਹਨ। ਟਰੰਪ ਦੀ ਟੀਮ ਇਸ ਦਿਸ਼ਾ ਵਿੱਚ ਕੂਟਨੀਤਕ ਹੱਲ ਲੱਭ ਰਹੀ ਹੈ।
ਦੂਸਰੇ ਪਾਸੇ ਈਰਾਨ ਦੇ ਪ੍ਰਮਾਣੂ ਹਥਿਆਰਾਂ ਬਾਰੇ ਸੱਚਾਈ ਜਾਣਨ ਲਈ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਇੱਕ ਟੀਮ ਤਹਿਰਾਨ ਜਾ ਰਹੀ ਹੈ। ਟੀਮ ਈਰਾਨ ਦੇ ਪ੍ਰਮੁੱਖ ਪ੍ਰਮਾਣੂ ਕੇਂਦਰਾਂ ਦਾ ਦੌਰਾ ਕਰੇਗੀ ਅਤੇ ਉੱਥੇ ਯੂਰੇਨੀਅਮ ਸੰਸ਼ੋਧਨ ਦੀਆਂ ਗਤੀਵਿਧੀਆਂ ਦੀ ਪੜਚੋਲ ਕਰੇਗੀ। ਦੋਸ਼ ਹੈ ਕਿ ਈਰਾਨ ਪਰਮਾਣੂ ਹਥਿਆਰ ਗ੍ਰੇਡ ਯੂਰੇਨੀਅਮ ਨੂੰ ਵਧਾ ਰਿਹਾ ਹੈ। ਇਜ਼ਰਾਈਲ ਨੇ ਦੋਸ਼ ਲਾਇਆ ਹੈ ਕਿ ਈਰਾਨ ਕੋਲ ਪ੍ਰਮਾਣੂ ਬੰਬ ਬਣਾਉਣ ਲਈ ਲੋੜੀਂਦੇ ਯੂਰੇਨੀਅਮ ਦੇ ਵੱਡੇ ਭੰਡਾਰ ਹਨ। ਹਾਲਾਂਕਿ ਇਰਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਇਸ ਦੌਰਾਨ, ਈਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਮੁਖੀ ਮੁਹੰਮਦ ਇਸਲਾਮ ਨੇ ਕਿਹਾ ਕਿ ਈਰਾਨ ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਨਿਗਰਾਨ ਦੀ ਪਹੁੰਚ ਅਤੇ ਆਪਣੀਆਂ ਸਾਈਟਾਂ ਦੇ ਨਿਰੀਖਣ ਵਿੱਚ ਰੁਕਾਵਟ ਨਹੀਂ ਬਣੇਗਾ।
ਯਾਦ ਰਹੇ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਇੱਕ ਖੁਦਮੁਖਤਿਆਰ ਗਲੋਬਲ ਸੰਸਥਾ ਹੈ ਜਿਸਦਾ ਉਦੇਸ਼ ਵਿਸ਼ਵ ਵਿੱਚ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਨੂੰ ਯਕੀਨੀ ਬਣਾਉਣਾ ਹੈ। ਇਹ ਕਿਸੇ ਵੀ ਤਰੀਕੇ ਨਾਲ ਪ੍ਰਮਾਣੂ ਊਰਜਾ ਦੀ ਫੌਜੀ ਵਰਤੋਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਹ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਅੰਦਰ ਇੱਕ ਖੁਦਮੁਖਤਿਆਰ ਸੰਸਥਾ ਵਜੋਂ 1957 ਵਿੱਚ ਸਥਾਪਿਤ ਕੀਤੀ ਗਈ ਸੀ। ਇਹ ਸੰਗਠਨ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਅਤੇ ਸੁਰੱਖਿਆ ਕੌਂਸਲ ਦੋਵਾਂ ਨੂੰ ਰਿਪੋਰਟ ਕਰਦਾ ਹੈ। ਇਸਦਾ ਮੁੱਖ ਦਫਤਰ ਵਿਏਨਾ, ਆਸਟਰੀਆ ਵਿੱਚ ਸੰਯੁਕਤ ਰਾਸ਼ਟਰ ਦਫਤਰ ਵਿੱਚ ਹੈ।
Comments (0)