ਸੁਖਬੀਰ ਬਾਦਲ ਉੱਤੇ ਹੋਏ ਹਮਲੇ ਦੇ ਆ ਰਹੇ ਵਨ ਸਵੰਨੇ ਬਿਰਤਾਂਤ

ਸੁਖਬੀਰ ਬਾਦਲ ਉੱਤੇ ਹੋਏ ਹਮਲੇ ਦੇ ਆ ਰਹੇ ਵਨ ਸਵੰਨੇ ਬਿਰਤਾਂਤ

ਭਾਈ ਨਰਾਇਣ ਸਿੰਘ ਦਾ ਆਪਣਾ ਬਿਰਤਾਂਤ ਨਹੀਂ ਆਇਆ ਸਾਹਮਣੇ

ਭਾਈ ਨਰਾਇਣ ਸਿੰਘ ਚੌੜਾ ਜਿਨਾਂ ਨੇ ਬੁੱਧਵਾਰ ਵਾਲੇ ਦਿਨ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕੀਤਾ, ਉਸ ਬਾਰੇ ਇੱਕ ਬਿਰਤਾਂਤ ਪੁਲਿਸ ਦਾ ਚੱਲ ਰਿਹਾ ਹੈ ਜਦਕਿ ਦੂਜਾ ਬਿਰਤਾਂਤ ਰਾਜਸੀ ਆਗੂਆਂ ਦਾ ਹੈ ਜਿਸ ਵਿੱਚ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤੀ ਕਾਰਵਾਈ ਦੀ ਨਿਖੇਧੀ ਗਲੀ ਸੜੀ ਤੇ ਬਹੀ-ਤਰਬਹੀ ਰਸਮੀ ਸ਼ਬਦਾਵਲੀ ਦੇ ਰੂਪ ਵਿਚ ਕੀਤੀ ਜਾ ਰਹੀ ਹੈ।
ਕੋਈ ਇਹ ਕਹਿੰਦਾ ਹੈ ਕਿ ਬਹੁਤ ਮਾੜਾ ਕੀਤਾ ਹੈ। ਕਿਸੇ ਦਾ ਖਿਆਲ ਹੈ ਕਿ ਹਮਲੇ ਲਈ ਸਮਾਂ ਤੇ ਸਥਾਨ ਠੀਕ ਨਹੀਂ ਸੀ।ਕੋਈ ਇਹ ਦਾਅਵਾ ਕਰਦਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਿੱਖਾਂ ਦੀ ਸਰਬ ਉੱਚ ਸੰਸਥਾ ਵੱਲੋਂ ਪਹਿਲਾਂ ਹੀ ਸਜ਼ਾ ਦੇ ਦਿੱਤੀ ਗਈ ਸੀ ਅਤੇ ਉਹ ਨੀਵੇਂ ਹੋ ਕੇ ਤੇ ਨਿਰਮਾਣ ਹੋ ਕੇ ਭੁਗਤ ਵੀ ਰਿਹਾ ਸੀ ਤਾਂ ਉਸ ਹਾਲਤ ਵਿੱਚ ਹਮਲਾ ਕਰਨਾ ਸਿੱਖੀ ਸਿਧਾਂਤਾਂ ਮੁਤਾਬਕ ਠੀਕ ਨਹੀਂ ਹੈ। ਕੋਈ ਦਬੀ ਆਵਾਜ਼ ਵਿੱਚ ਨਰਾਇਣ ਸਿੰਘ ਨਾਲ ਹਮਦਰਦੀ ਵੀ ਪ੍ਰਗਟ ਕਰਦਾ ਹੈ।  ਇਸ ਲਈ ਇਸ ਸਮੇਂ ਭਾਂਤ ਭਾਂਤ ਦੇ ਬਿਰਤਾਂਤ ਚੱਲ ਰਹੇ ਹਨ ਪਰ ਪੀੜਾਂ ਮੱਲੇ ਅਤੇ ਦਰਦ ਨਾਲ ਭਰੇ ਭਾਈ ਨਰਾਇਣ ਸਿੰਘ ਦਾ ਆਪਣਾ ਬਿਰਤਾਂਤ ਰੌਲੇ ਤੇ ਸ਼ੋਰ ਸ਼ਰਾਬੇ ਵਿੱਚ ਅਲੋਪ ਕੀਤਾ ਜਾ ਰਿਹਾ ਹੈ।ਚੈਨਲਾਂ ਦਾ ਵੀ ਆਪਣਾ ਹੀ ਬਿਰਤਾਂਤ ਹੈ ਜਿੱਥੇ ਇੱਕ ਪਾਸੜ ਵਿਚਾਰ ਪੇਸ਼ ਹੋ ਰਹੇ ਹਨ,ਜਦਕਿ ਬਹੁਤ ਸਾਰੀ ਜਾਣਕਾਰੀ ਤੱਥਾਂ ਉੱਤੇ ਆਧਾਰਿਤ ਨਹੀਂ ਹੈ ਵੈਸੇ ਇੰਡੀਅਨ ਐਕਸਪ੍ਰੈਸ ਅਖਬਾਰ ਨੇ ਭਾਈ ਨਰਾਇਣ ਸਿੰਘ ਦੀ ਸ਼ਖਸ਼ੀਅਤ ਬਾਰੇ ਕੁਝ ਅਹਿਮ ਨੁਕਤੇ ਅੱਜ ਸਾਹਮਣੇ ਲਿਆਂਦੇ ਵੀ ਹਨ।
ਪਰ ਮੈਂ ਜਿਵੇਂ ਭਾਈ ਨਰਾਇਣ ਸਿੰਘ ਚੌੜਾ ਨੂੰ ਪਿਛਲੇ ਅੱਧੀ ਸਦੀ ਤੋਂ ਵੱਧ ਵੇਖਿਆ,ਸਮਝਿਆ ਤੇ ਮਹਿਸੂਸ ਕੀਤਾ ਹੈ,ਉਸ ਬਾਰੇ ਇੱਕ ਸੀਨੀਅਰ ਪੱਤਰਕਾਰ ਦੇ ਤੌਰ ਤੇ ਮੇਰਾ ਫਰਜ਼ ਬਣਦਾ ਹੈ ਕਿ ਉਸ ਦੀ ਸ਼ਖਸ਼ੀਅਤ ਦਾ ਸਰਬਪੱਖੀ ਵਿਸ਼ਲੇਸ਼ਣ ਕਰਾਂ ।
ਪੱਤਰਕਾਰੀ ਕਰਦਿਆਂ ਚੋਟੀ ਦੇ ਜੁਝਾਰੂ ਆਗੂਆਂ ਨੂੰ ਸਭ ਖਤਰੇ ਮੁੱਲ ਲੈ ਕੇ ਅਤੇ ਦੂਰ ਦੁਰਾਡੇ ਜਾ ਕੇ ਉਹਨਾਂ ਨੂੰ ਮਿਲਦਾ ਰਿਹਾ ਹਾਂ।ਉਨ੍ਹਾਂ ਦੇ ਧੁਰ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਅਥਾਹ ਦਰਦ ਨੂੰ ਸਮਝਣ ਦਾ ਯਤਨ ਕੀਤਾ ਹੈ ।ਉਨ੍ਹਾਂ ਦੀਆਂ ਕਮਜ਼ੋਰੀਆਂ ਤੇ ਮਹਾਨ ਹੈਰਾਨੀਜਨਕ ਪ੍ਰਾਪਤੀਆਂ ਦਾ ਵੀ ਵਿਸ਼ਲੇਸ਼ਣ ਕਰਦਾ ਰਿਹਾ ਹਾਂ ।ਅਜਿਹਾ ਕਰਦਿਆਂ ਉਸ ਸਮੇਂ ਦੇ ਪੁਲਿਸ ਮੁਖੀ ਕੇਪੀਐਸ ਗਿੱਲ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਸੀ।
68 ਵਰ੍ਹਿਆਂ ਦੇ ਭਾਈ ਨਰਾਇਣ ਸਿੰਘ ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਚੌੜਾ ਦੇ ਵਸਨੀਕ ਹਨ ਜੋ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਐਨ ਨਜ਼ਦੀਕ ਪੈਂਦਾ ਹੈ।ਉਹ ਸਾਧਾਰਨ ਕਿਸਮ ਦੇ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਹ ਪਰਿਵਾਰ ਆਰਥਿਕ ਤੌਰ ਤੇ ਕੋਈ ਖੁਸ਼ਹਾਲ ਪਰਿਵਾਰ ਨਹੀਂ ਸੀ। ਇਸ ਲਈ ਭਾਈ ਨਰਾਇਣ ਸਿੰਘ ਕਾਲਜ ਤੱਕ ਕਦੇ ਵੀ ਨਹੀਂ ਪਹੁੰਚ ਸਕੇ ਪਰ ਉਨ੍ਹਾਂ ਦੇ ਅੰਦਰ ਉੱਚੀਆਂ ਡਿਗਰੀਆਂ ਹਾਸਲ ਕਰਨ ਦੀ ਤਮੰਨਾ  ਸ਼ੁਰੂ ਤੋਂ ਹੀ ਸੀ। ਇਸ ਲਈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਐਮਏ ਪੋਲੀਟੀਕਲ ਸਾਇੰਸ ਅਤੇ ਐਮਏ ਪੰਜਾਬੀ ਦੀ ਪੜ੍ਹਾਈ ਪ੍ਰਾਈਵੇਟ ਰਹਿ ਕੇ ਹਾਸਲ ਕੀਤੀ। ਉਨ੍ਹਾਂ ਨੇ ਗਿਆਨੀ ਵੀ ਪਾਸ ਕੀਤੀ ਅਤੇ ਦਿਲਚਸਪ ਗੱਲ ਹੈ ਇਹ ਹੈ ਕਿ ਉਨ੍ਹਾਂ ਦਾ ਖੇਤੀ ਦੇ ਕਿੱਤੇ ਵਿੱਚ ਵੀ ਇਨਾ ਸ਼ੌਕ ਸੀ ਕਿ ਇਹ ਸ਼ੌਕ ਉਨ੍ਹਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੈ ਕੇ ਚਲਾ ਗਿਆ ਜਿੱਥੇ ਉਨ੍ਹਾਂ ਨੇ ਖੇਤੀਬਾੜੀ ਦਾ ਡਿਪਲੋਮਾ ਵੀ ਹਾਸਿਲ ਕੀਤਾ। ਖੇਤੀਬਾੜੀ ਦੀ ਉਨ੍ਹਾਂ ਨੂੰ ਬੜੀ ਡੂੰਘੀ ਸਮਝ ਹੈ ਅਤੇ ਉਹ ਅਜੇ ਤੱਕ ਵੀ ਖੁਦ ਖੇਤੀ ਆਪ ਕਰਦੇ ਹਨ।
ਭਾਈ ਨਰਾਇਣ ਸਿੰਘ ਦੀ ਬਚਪਨ ਤੋਂ ਹੀ ਸਿੱਖ ਧਰਮ ਨਾਲ ਗੂੜੀ ਸਾਂਝ ਸੀ ।ਧਰਮ ਬਾਰੇ ਡੂੰਘੀ ਜਾਣਕਾਰੀ ਹਾਸਲ ਕਰਨ ਦੀ ਤਮੰਨਾ ਉਨ੍ਹਾਂ ਨੂੰ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵੱਲ ਲੈ ਗਈ ਜਿੱਥੇ ਉਨ੍ਹਾਂ ਨੇ ਗੁਰਬਾਣੀ ਦਾ ਵਿਸ਼ਾਲ ਮੁਤਾਲਿਆ ਕੀਤਾ ਅਤੇ ਲੈਕਚਰ ਕਰਨ ਦੀਆਂ ਜੁਗਤਾਂ ਸਿੱਖੀਆਂ। ਉਹ ਬਹੁਤ ਵਧੀਆ ਲੈਕਚਰ ਕਰਦੇ ਹਨ ਜਿਸ ਵਿੱਚ ਸਹਿਜ ਤੇ ਗਰਜ ਦਾ ਸੁਮੇਲ ਹੁੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਉਹ ਅੰਮ੍ਰਿਤਸਰ ਜੇਲ ਵਿੱਚ ਸਨ ਤਾਂ ਉੱਥੇ ਵੀ ਗੁਰਦੁਆਰਾ ਸਾਹਿਬ ਵਿੱਚ ਉਹ ਰੋਜ਼ਾਨਾ ਕਥਾ ਕਰਿਆ ਕਰਦੇ ਸਨ ਅਤੇ ਬਹੁਤ ਸਾਰੇ ਕੈਦੀ ਵੀ ਉਹਨਾਂ ਦੀ ਸ਼ਖਸ਼ੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਨਿਤਨੇਮ ਦੀਆਂ ਬਾਣੀਆਂ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਈਆਂ। ਭਾਈ ਨਰਾਇਣ ਸਿੰਘ ਨੇ ਸ਼੍ਰੋਮਣੀ  ਕਮੇਟੀ ਵਿੱਚ ਵੀ ਕੁਝ ਸਾਲ ਵਿੱਚ ਪ੍ਰਚਾਰਕ ਦੇ ਰੂਪ ਵਿੱਚ ਸੇਵਾ ਕੀਤੀ।
ਭਾਈ ਨਰਾਇਣ ਸਿੰਘ ਚੌੜਾ ਨੇ ਅਕਾਲ ਤਖਤ, ਗੁਰਮਤਾ, ਜਥੇਦਾਰ ਅਤੇ ਸਰਬੱਤ ਖਾਲਸਾ ਦੀਆਂ ਸੰਸਥਾਵਾਂ ਬਾਰੇ ਵੀ ਬੜਾ ਗਹਿਰ ਗੰਭੀਰ ਮੁਤਾਲਿਆ ਕੀਤਾ ਅਤੇ ਅੱਜ ਦੀਆਂ ਹਾਲਤਾਂ ਮੁਤਾਬਕ ਅਕਾਲ ਤਖਤ ਦਾ ਰੋਲ ਕੀ ਹੋਵੇ, ਇਸ ਬਾਰੇ ਕਈ ਲੇਖ ਤੇ ਪੈਂਫਲਟ ਲਿਖੇ ਅਤੇ ਸੈਮੀਨਾਰਾਂ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਖਿਆਲ ਨੂੰ ਸਿਧਾਂਤਕ ਰੂਪ ਦੇਣ ਲਈ ਉਹਨਾਂ ਨੇ ਅਕਾਲ ਫੈਡਰੇਸ਼ਨ ਨਾਂ ਦੀ ਸੰਸਥਾ ਵੀ ਕਾਇਮ ਕੀਤੀ ਜਿਸ ਦੇ ਉਹ ਕਨਵੀਨਰ ਵੀ ਸਨ। ਇਹ ਗੱਲਾਂ 1978 ਤੋਂ ਪਹਿਲਾਂ ਦੀਆਂ ਹਨ।
13 ਅਪ੍ਰੈਲ 1978 ਨੂੰ ਵਿਸਾਖੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ 13 ਸਿੰਘਾਂ ਦੀ ਸ਼ਹਾਦਤ ਦੇ ਵੱਡੇ ਸਾਕੇ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਉਸ ਸਮੇਂ ਉਹਨਾਂ ਦੀ ਉਮਰ ਕੇਵਲ 32 ਵਰਿਆਂ ਦੀ ਸੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਪੰਥ ਵਿੱਚ ਉਭਰ ਕੇ ਸਾਹਮਣੇ ਆਏ। ਉਹ ਸੰਤ ਜਰਨੈਲ ਸਿੰਘ ਦੇ ਵੀ ਕਰੀਬ ਰਹੇ ਅਤੇ ਦਰਬਾਰ ਸਾਹਿਬ ਦੀਆਂ ਉਨ੍ਹਾਂ ਦਿਨਾਂ ਦੀਆਂ ਸਰਗਰਮੀਆਂ ਵਿੱਚ ਉਨ੍ਹਾਂ ਦਾ ਅਹਿਮ ਰੋਲ ਹੁੰਦਾ ਸੀ। ਉਸ ਦੌਰ ਵਿੱਚ ਪੱਤਰਕਾਰੀ ਕਰਦਿਆਂ ਜਦੋਂ ਮੈਂ ਦਰਬਾਰ ਸਾਹਿਬ ਅਕਸਰ ਹੀ ਜਾਇਆ ਕਰਦਾ ਸੀ, ਉਦੋਂ ਉਨ੍ਹਾਂ ਨਾਲ ਮੇਰਾ ਮੇਲ ਹੋਇਆ।
ਜਦੋਂ ਜੁਝਾਰੂ ਲਹਿਰ ਇੱਕ ਤਰ੍ਹਾਂ ਨਾਲ ਸਮਾਪਤੀ ਦੇ ਦੌਰ ਵੱਲ ਜਾ ਰਹੀ ਸੀ ਤਾਂ ਅਸਾਂ ਦੋਵਾਂ ਨੇ ਵਿਚਾਰ ਕੀਤਾ ਕਿ ਜੁਝਾਰੂ ਲਹਿਰ ਨੂੰ ਜਗਦਾ ਤੇ ਜਿਉਂਦਾ ਰੱਖਣ ਲਈ ਲਹਿਰ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਉੱਤੇ ਆਧਾਰਿਤ ਕਿਤਾਬ ਦੀ ਸੰਪਾਦਨਾ ਕੀਤੀ ਜਾਏ। ਸਾਨੂੰ ਡਰ ਸੀ ਕਿ ਇਤਿਹਾਸ ਦੇ ਇਸ ਮਹਾਨ ਦੌਰ ਨੂੰ ਜੇਕਰ ਸਾਂਭਿਆ ਨਾ ਗਿਆ ਤਾਂ ਹਜ਼ਾਰਾਂ ਸ਼ਹਾਦਤਾਂ ਨੂੰ ਦੁਸ਼ਮਣ ਤਾਕਤਾਂ ਆਪਣੇ ਬਿਰਤਾਂਤ ਅਤੇ ਚਤੁਰ ਚਲਾਕੀਆਂ ਨਾਲ ਨਾਲ ਮਿੱਟੀ ਵਿੱਚ ਰੋਲ ਕੇ ਰੱਖ ਦੇਣਗੀਆਂ। ਭਾਈ ਨਰਾਇਣ ਸਿੰਘ ਇਤਿਹਾਸ ਦੇ ਚੇਤਨ ਤੇ ਗੰਭੀਰ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਦਸਤਾਵੇਜ਼ ਸਾਂਭ ਕੇ ਰੱਖੇ ਹੋਏ ਸਨ ਅਤੇ ਮੇਰੇ ਕੋਲ ਵੀ ਬਹੁਤ ਸਾਰੇ ਦਸਤਾਵੇਜ਼ ਸਨ।ਅਸਾਂ ਦੋਵਾਂ ਨੇ ਰਲ ਕੇ ਕਰੀਬ 600 ਪੰਨਿਆਂ ਉੱਤੇ ਆਧਾਰਿਤ ਪੰਥਕ ਦਸਤਾਵੇਜ਼ ਨਾਂ ਦੀ ਕਿਤਾਬ ਸੰਗਤਾਂ ਦੇ ਸਾਹਮਣੇ ਲਿਆਂਦੀ ਜਿਸ ਦੀਆਂ ਦੋ ਅਡੀਸ਼ਨਾਂ ਛੱਪ ਵੀ ਚੁੱਕੀਆਂ ਹਨ।
ਜਿਵੇਂ ਮੈਂ ਭਾਈ ਨਰਾਇਣ ਸਿੰਘ ਨੂੰ ਜਾਨਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ,ਉਸ ਮੁਤਾਬਕ ਉਹ ਕਲਮ ਤੇ ਵਿਚਾਰ ਦਾ ਧਨੀ ਤਾਂ ਹੈ ਹੀ ਪਰ ਇਸ ਮਹਾਨ ਗੁਣ ਨੂੰ ਉਹ ”ਐਕਸ਼ਨ” ਨਾਲ ਜੋੜ ਕੇ ਵੇਖਦਾ ਤੇ ਮੁਕੰਮਲ ਕਰਦਾ ਹੈ।ਇਹਨਾਂ ਦੋਹਾਂ ਗੁਣਾਂ ਦਾ ਸੁਮੇਲ ਜੁਝਾਰੂ ਲਹਿਰ ਵਿੱਚ ਉਸ ਤੋਂ ਸਵਾ ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ। ਐਕਸ਼ਨ ਦੌਰਾਨ ਉੱਚੇ ਸੁੱਚੇ ਕਿਰਦਾਰ ਦਾ ਸਫਰ ਉਸਦੇ ਨਾਲ ਨਾਲ ਚੱਲਦਾ ਹੈ ਤੇ ਉਸਦਾ ਸਦਾ ਹਮਸਫਰ ਰਿਹਾ ਹੈ। ਇਸ ਗੁਣ ਦਾ ਉਸਨੇ ਮੁੱਲ ਵੀ ਤਾਰਿਆ ਹੈ। ਇਕ ਮੁਲਾਕਾਤ ਵਿੱਚ ਉਸਨੇ ਦੱਸਿਆ ਕਿ ਕਿਵੇਂ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਉਸ ਨੂੰ ਖੁਦ ਟਾਰਚਰ ਕਰਦਾ ਸੀ ਅਤੇ ਤਰ੍ਹਾਂ ਤਰ੍ਹਾਂ ਦਾ ਟਾਰਚਰ ਸਾਰਾ ਸਾਰਾ ਦਿਨ ਲਗਾਤਾਰ ਚਲਦਾ ਰਹਿੰਦਾ ਸੀ। ਉਸ ਦਾ ਕਹਿਣਾ ਸੀ ਕਿ ਹਰ ਸਮੇਂ ਗੁਰੂ- ਸਿਧਾਂਤ ਮੇਰੇ ਨਾਲ ਅੰਗ ਸੰਗ ਰਿਹਾ ਸੀ ਅਤੇ ਹਰ ਮੁਸ਼ਕਲ ਵਿੱਚ ਮੈਂ ਗੁਰੂ ਦੀ ਕਿਰਪਾ ਨਾਲ ਅਡੋਲ ਰਿਹਾ।
ਭਾਈ ਨਰਾਇਣ ਸਿੰਘ ਬਹੁਤੀ ਵਾਰ ਆਪਣੇ ਦਿਲ ਦੀ ਗੱਲ ਆਪਣੇ ਦਿਲ ਤੱਕ ਹੀ ਰੱਖਦੇ ਹਨ। ਬੜੈਲ ਜੇਲ ਦੀ ਘਟਨਾ ਬਹੁਤ ਵੱਡੀ ਸੀ। ਇਹ ਘਟਨਾ ਦੁਨੀਆਂ ਦੀਆਂ ਵੱਡੀਆਂ ਜੇਲ ਬਰੇਕਾਂ ਦੇ ਵਰਗ ਵਿੱਚ ਆਉਂਦੀ ਹੈ। ਇਸ ਬਾਰੇ ਉਹ ਬਹੁਤ ਕੁਝ ਜਾਣਦੇ ਸਨ ਤੇ ਜਾਣਦੇ ਹਨ। ਮੈਂ ਖੋਜੀ ਪੱਤਰਕਾਰ ਵਾਂਗ ਇਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਪਰ ਉਹ ਸਦਾ ਟਾਲ ਮਟੋਲ ਕਰਦਾ ਰਿਹਾ। ਮੈਂ ਉਸਨੂੰ 1962 ਦੀ ਅਲਕੇਟਰਸ ਜੇਲ ਬਰੇਕ ਦੀ ਯਾਦ ਦਵਾਈ ਜਿਸ ਵਿੱਚ 3 ਅਪਰਾਧੀ ਜੇਲ ਤੋੜ ਕੇ ਭੱਜੇ, ਪਰ ਅਜੇ ਤੱਕ ਐਫਬੀਆਈ ਨੂੰ ਵੀ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਗਏ, ਮਰ ਗਏ ਜਾ ਮਾਰ ਦਿੱਤੇ ਗਏ। 1973 ਵਿੱਚ ਆਇਰਲੈਂਡ ਦੇ ਤਿੰਨ ਇਨਕਲਾਬੀ ਮਾਊਂਟ ਜਾਏ ਜੇਲ ਵਿੱਚੋਂ ਭੱਜੇ, ਪਰ ਨਰਾਇਣ ਸਿੰਘ ਨੇ ਬੜੈਲ ਜੇਲ ਬਾਰੇ ਕਦੇ ਕੁਛ ਨਹੀਂ ਲਿਖਿਆ। ਸ਼ਾਇਦ ਅੱਜ ਕੱਲ ਉਹ ਇਸ ਬਾਰੇ ਕੁਝ ਲਿਖ ਵੀ ਰਹੇ ਸਨ। ਮੈਂ ਕਈ ਵਾਰ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੀ ਸਵੈ ਜੀਵਨੀ ਲਿਖੇ, ਕਿਉਂਕਿ ਸਿੱਖ ਪੰਥ ਵਿੱਚ ਵੰਨ ਸਵੰਨੇ ਸੰਘਰਸ਼ਾਂ ਦਾ ਉਹ ਚਸ਼ਮਦੀਦ ਗਵਾਹ ਹੈ ਜਿਸ ਵਿੱਚ ਉਹ ਆਪ ਵੀ ਇਹਨਾਂ ਕਈ ਸੰਘਰਸ਼ਾਂ ਵਿੱਚ ਹਿੱਸੇਦਾਰ ਰਿਹਾ ਹੈ ਅਤੇ ਇਹ ਦੌਰ 60 ਸਾਲ ਤੱਕ ਚੱਲਦਾ ਹੈ। ਭਾਈ ਨਰਾਇਣ ਸਿੰਘ ਦੀ ਸ਼ਖਸ਼ੀਅਤ ਇੱਕ ਬੁਝਾਰਤ ਦੀ ਤਰਾਂ ਹੈ । ਉਸ ਦੇ ਅੰਦਰ ਰੋਸ, ਕ੍ਰੋਧ ਤੇ ਗੁੱਸਾ ਉਸ ਸਮੇਂ ਉਬਾਲੇ ਖਾਂਦਾ ਪ੍ਰਤੀਤ ਹੁੰਦਾ ਹੈ
ਜਦੋਂ ਉਹ ਇਹ ਵੇਖਦਾ ਸੀ ਕਿ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਕੇ ਜਿਵੇਂ ਮਾਰਿਆ ਗਿਆ ਤੇ ਜਿਵੇਂ ਮਾਰਨ ਵਾਲੇ ਸਵਰਨ ਘੋਟਨੇ ਨੂੰ ਬਾਦਲਾਂ ਨੇ ਆਪਣੀ ਸੁਰੱਖਿਆ ਲਈ ਵਿਸ਼ੇਸ਼ ਰੂਪ ਵਿੱਚ ਸ਼ਿੰਗਾਰ ਕੇ ਰੱਖਿਆ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਸਾਧਾਰਨ ਜਾਂ ਮਮੂਲੀ ਜਿਹੀ ਸਮਝ ਕੇ ਉਲਟਾ ਬੇਅਦਬੀ ਕਰਨ ਵਾਲਿਆਂ ਦੀ ਰੱਖਿਆ ਕੀਤੀ, ਉਨ੍ਹਾਂ ਨੂੰ ਬਿਨਾਂ ਮੰਗੇ ਤੋਂ ਮਾਫੀ ਦਿੱਤੀ ਤੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਵੀ ਨਾ ਕੀਤਾ ਸਗੋਂ ਉਨ੍ਹਾਂ ਦਾ ਵਿਰੋਧ ਕੀਤਾ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਖੁਦ ਆਪ ਕਰਵਾਏ, ਸਾਡੀਆਂ ਸਿੱਖ ਸੰਸਥਾਵਾਂ ਉੱਤੇ ਕਬਜ਼ਾ ਕਰਕੇ ਸਿੱਖੀ ਸਿਧਾਂਤਾਂ ਦਾ ਆਪ ਘਾਣ ਕੀਤਾ। ਉਹ ਇਨ੍ਹਾਂ ਜ਼ੁਲਮਾਂ ਨੂੰ ਬਾਦਲਾਂ ਵੱਲੋਂ ਕੀਤੇ ਵੱਡੇ ਪਾਪ ਸਮਝਦਾ ਹੈ। ਇਹ ਪੀੜ ਉਸਦੇ ਅੰਦਰ ਹੀ ਪਈ ਰਹਿੰਦੀ ਹੈ ਅਤੇ ਉਹ ਇਸ ਪੀੜ ਨੂੰ ਇਕੱਲਾ ਹੀ ਹੰਢਾਉਂਦਾ ਹੈ।
ਭਾਈ ਨਰਾਇਣ ਸਿੰਘ ਨੇ ਹੁਣ ਤੱਕ ਕਰੀਬ 15 ਕਿਤਾਬਾਂ ਲਿਖੀਆਂ ਹਨ। ਕਵਿਤਾਵਾਂ ਦੀਆਂ ਕਿਤਾਬਾਂ ਵਿੱਚ ਆਜ਼ਾਦੀ ਦਾ ਜਜ਼ਬਾ ਤੇ ਗਰਜਵਾਂ ਨਾਦ ਹਰ ਸਤਰ ਵਿੱਚ ਮਿਲਦਾ ਹੈ ।ਖਾਲਿਸਤਾਨ ਬਾਰੇ ਤਾਂ ਉਨ੍ਹਾਂ ਨੇ ਇੱਕ ਨਾਵਲ ਵੀ ਲਿਖਿਆ। ਉਨ੍ਹਾਂ ਦੀ ਤਾਜ਼ਾ ਕਿਤਾਬ ਦਾ  ਨਾਂ ‘‘ਖਾਲਿਸਤਾਨ ਵਿਰੁੱਧ ਸਾਜਿਸ਼’’ ਹੈ ਜੋ ਸਾਬਕਾ ਰਾਅ ਅਧਿਕਾਰੀ ਜੀ ਬੀ ਐਸ ਸਿੱਧੂ ਦੀ ਕਿਤਾਬ ‘‘ਖਾਲਿਸਤਾਨ ਦੀ ਸਾਜਿਸ਼’’ ਦਾ ਠੋਸ, ਤੱਥਾਂ, ਦਲੀਲਾਂ ਅਤੇ ਸਬੂਤਾਂ ਸਹਿਤ ਠੋਕਵਾਂ ਤੇ ਢੁਕਵਾਂ ਜਵਾਬ ਹੈ। 400 ਪੰਨਿਆਂ ਦੀ ਇਸ ਕਿਤਾਬ ਦੀ ਭੂਮਿਕਾ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿਲੋਂ ਨੇ ਲਿਖੀ ਹੈ। ਉਨ੍ਹਾਂ ਦਾ ਸਿੱਖਾਂ ਦੇ ਉੱਘੇ ਦਾਨਸ਼ਵਰਾਂ, ਸਿੱਖ ਜਥੇਬੰਦੀਆਂ ਤੇ ਜਥੇਦਾਰਾਂ ਨਾਲ ਮੇਲ ਜੋਲ ਤੇ ਬਕਾਇਦਾ ਸੰਪਰਕ ਰਿਹਾ ਹੈ ਤੇ ਕਈ ਵਾਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ। ਹੋ ਸਕਦਾ ਇਹ ਦਾਨਸ਼ਵਰ ਹੁਣ ਦੱਬੀ ਜ਼ੁਬਾਨ ਵਿੱਚ ਚੁੱਪ ਰਹਿਣਗੇ, ਪਰ ਇਹ ਵੀ ਸੱਚ ਹੈ ਕਿ ਕਈ ਬੁੱਧੀਜੀਵੀ ਕਿਸੇ ਡਰ ਕਾਰਨ ਉਹਨਾਂ ਤੋਂ ਦੂਰੀ ਵੀ ਬਣਾ ਕੇ ਰੱਖਦੇ ਸਨ ਤਾਂ ਜੋ ਉਹਨਾਂ ਨੂੰ ਕਿਸੇ ਔਖੇ ਸਮੇਂ ਕਿਸੇ  ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਭਾਈ ਨਰਾਇਣ ਸਿੰਘ ਨੇ ਕਾਨੂੰਨ ਦਾ ਰਸਮੀ ਕੋਰਸ ਭਾਵੇਂ ਪਾਸ ਨਹੀਂ ਕੀਤਾ ਪਰ ਕਾਨੂੰਨ ਦੀਆਂ ਕਈ ਬਰੀਕੀਆਂ ਨੂੰ ਉਹ ਵਕੀਲਾਂ ਤੋਂ ਵੀ ਵੱਧ ਜਾਣਦੇ ਹਨ । ਉਨ੍ਹਾਂ ਦੇ ਪੁੱਤਰ ਸਰਦਾਰ ਜਗਜੀਤ ਸਿੰਘ ਨੇ ਲਾਅ ਕੀਤਾ ਹੋਇਆ ਹੈ ਅਤੇ ਆਪਣੇ ਸਾਥੀਆਂ ਨਾਲ ਰਲ ਕੇ ਕਰੀਬ 10 ਹਜ਼ਾਰ ਖਾੜਕੂ ਸ਼ਹੀਦਾਂ ਦੀ ਖੋਜ ਕਰਕੇ ਜਾਣਕਾਰੀ ਹਾਸਿਲ ਕੀਤੀ ਤੇ ਅਦਾਲਤ ਵਿੱਚ ਕੇਸ ਵੀ ਪਾਇਆ। ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਵੱਡੀਆਂ ਸਜ਼ਾਵਾਂ ਵੀ ਦਿਵਾਈਆਂ ।
ਭਾਈ ਨਰਾਇਣ ਸਿੰਘ ਸਾਦਗੀ ਵਿੱਚ ਜੀਵਨ ਬਤੀਤ ਕਰਦੇ ਹਨ। ਸ਼ਹੀਦ ਖਾੜਕੂਆਂ ਦੇ ਭੋਗਾਂ ਤੇ ਜਾਂਦੇ ਹਨ। ਬਹੁਤੀ ਵਾਰ ਬੱਸਾਂ ਵਿੱਚ ਹੀ ਸਫਰ ਕਰਦੇ ਹਨ। ਕਿੰਨੇ ਸਾਲਾਂ ਤੋਂ ਉਹ ਇਹ ਕੋਸ਼ਿਸ਼ ਕਰ ਲਏ ਸਨ ਕਿ ਖੇਤੀ ਤੋਂ ਮਿਲਣ ਵਾਲਾ ਮੁਨਾਫੇ ਨਾਲ ਉਹ ਕਾਰ ਲੈਣ, ਪਰ ਅਜੇ ਤੱਕ ਉਹ ਸਫਲ ਨਹੀਂ ਹੋ ਸਕੇ।  ਥੋੜੇ ਦਿਨ ਪਹਿਲਾਂ ਝੋਨਾ ਵੇਚਣ ਤੋਂ ਪਿੱਛੋਂ ਕਣਕ ਦੀ ਬਜਾਈ ਵੀ ਉਨ੍ਹਾਂ ਨੇ ਖੁਦ ਕੀਤੀ ਹੈ। ਸਫਰ ਵਿੱਚ ਹਰ ਸਮੇਂ ਇੱਕ ਲੈਪਟਾਪ ਉਹਨਾਂ ਦਾ ਸਾਥੀ ਹੁੰਦਾ ਹੈ, ਜਿਸ ਵਿੱਚ ਉਹ ਆਪਣੇ ਅਨੁਭਵ, ਆਪਣੀਆਂ ਯਾਦਾਂ,ਆਪਣੇ ਤਜਰਬੇ ਤੇ ਆਰਟੀਕਲ ਲਿਖਦੇ ਰਹਿੰਦੇ ਹਨ। 


 

ਬੁੱਧਵਾਰ ਵਾਲੇ ਦਿਨ ਪਤਾ ਨਹੀਂ ਕਦੋਂ 68 ਸਾਲਾਂ ਦੇ ਨਰਾਇਣ ਸਿੰਘ ਅੰਦਰ ਬੁੱਢੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲੇ ਦੀ ਰੂਹ ਆ ਗਈ ਜਾਂ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਪਹਿਰਾ ਦੇ ਗਿਆ ਕਿ ਸਿੱਖ ਪੰਥ ਤੇ ਹੋਏ ਹੋ ਰਹੇ ਅਣਗਿਣਤ ਜ਼ੁਲਮ ਉਸ ਦੇ ਸਾਰੇ ਜਿਸਮ ਅੰਦਰ ਇੱਕ ਥਾਂ ਤੇ ਇਕੱਠੇ ਹੋ ਗਏ ਅਤੇ ਉਸ ਨੂੰ ਇਉਂ ਮਹਿਸੂਸ ਹੋਇਆ ਕਿ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲੇ ਵਿਅਕਤੀ ਨੂੰ ਉਹ ਸਜ਼ਾ ਅਸਲ ਵਿੱਚ ਨਹੀਂ ਮਿਲੀ ਜਿਸ ਦਾ ਉਹ ਹੱਕਦਾਰ ਸੀ ਤੇ ਇਸੇ ਲਈ ਹੀ ਉਸਦੇ ਬੌਧਿਕ ਜਜ਼ਬਿਆਂ ਨਾਲ ਲੱਦੇ ਕਦਮ ਸੁਖਬੀਰ ਬਾਦਲ ਵੱਲ ਹੋ ਤੁਰੇ।
ਹੁਣ ਵਿਦਵਾਨ ਅਤੇ ਸਿਆਸਤਦਾਨ ਉਸ ਦੀ ਕਾਰਵਾਈ ਦਾ ਇੱਕ  ਬਿਰਤਾਂਤ ਘੜਨਗੇ, ਘੜ ਵੀ ਰਹੇ ਹਨ। ਇੱਕ ਸਾਂਝਾ ਬਿਰਤਾਂਤ ਸਾਡੇ ਸਾਹਮਣੇ ਆਵੇਗਾ ਜਾਂ ਇੰਝ ਕਹਿ ਲਵੋ ਕਿ ਵੰਨ ਸਵੰਨੇ ਝੂਠ ਇੱਕ ਥਾਂ ਤੇ ਇਕੱਠੇ ਹੋ ਜਾਣਗੇ ਜਾਂ ਦੂਜੇ ਲਫਜ਼ਾਂ ਵਿੱਚ ਸਮਕਾਲੀ ਰਾਜਨੀਤਿਕ ਪੰਛੀ ਇੱਕੋ ਟਾਹਣ ਤੇ ਬੈਠੇ ਨਜ਼ਰ ਆਉਣਗੇ।ਇਹ ਉਹ ਪਲ ਹੁੰਦੇ ਹਨ ਜਦੋਂ ਦਾਨੇ ਸੌ ਜਾਂਦੇ ਹਨ ਪਰ ਦੀਵਾਨੇ ਹੀ ਜਾਗਦੇ ਹਨ।
ਪਰ ਇੱਕ ਬਿਰਤਾਂਤ ਆਉਣ ਵਾਲੇ ਕੱਲ ਦੇ ਇਤਿਹਾਸਕਾਰ ਤੇ ਬੁੱਧੀਜੀਵੀ ਪੇਸ਼ ਕਰਨਗੇ ਜੋ ਅੱਜ ਦੇ ਬਿਰਤਾਂਤ ਨਾਲੋਂ ਵੱਖਰਾ ਵੀ ਹੋਵੇਗਾ ਤੇ ਸ਼ਾਇਦ ਉਲਟ ਵੀ। 

 

 

 

ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ