ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਨਾਮਜ਼ਦ ਚਾਰੇ ਦੋਸ਼ੀ ਕੈਨੇਡਾ ਜੇਲ੍ਹ ਅੰਦਰ ਹਨ ਬੰਦ, ਹਿੰਦ ਮੀਡੀਆ ਵਲੋਂ ਰਿਹਾਈ ਦਾ ਭਰਮ ਫੈਲਾਇਆ ਗਿਆ ਸੀ
ਸਰੀ ਗੁਰਦੁਆਰਾ ਕਮੇਟੀ ਨੇ ਸਰਕਾਰ ਪੱਖੀ ਭਾਰਤੀ ਮੀਡੀਆ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 10 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨ ਭਾਰਤੀ ਮੀਡੀਆ ਵਲੋਂ ਜਾਰੀ ਕੀਤੀ ਖਬਰ ਕਿ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਨਾਮਜ਼ਦ ਚਾਰ ਦੋਸ਼ੀਆਂ ਨੂੰ ਕੈਨੇਡੀਅਨ ਅਦਾਲਤ ਵਲੋਂ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਹ ਖਬਰ ਕਈ ਨਿਊਜ ਚੈਨਲਾਂ ਤੋਂ ਇਲਾਵਾ ਨਾਮਵਰ ਅੰਗਰੇਜ਼ੀ ਅਖਬਾਰਾਂ ਦਾ ਟ੍ਰਿਬਿਊਨ, ਹਿੰਦਸਤਾਨ ਟਾਈਮਜ਼, ਟਾਈਮਜ਼ ਆਫ ਇੰਡੀਆ ਤੇ ਕੁਝ ਹੋਰ ਅਖਬਾਰੀ ਅਦਾਰਿਆਂ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਕਰਕੇ ਅਸੀਂ ਵੀਂ ਗਲਤਫਹਿਮੀ ਦਾ ਸ਼ਿਕਾਰ ਬਣ ਗਏ ਸੀ । ਇਸ ਬਾਰੇ ਆਰਸੀਐਮਪੀ (ਕੈਨੇਡੀਅਨ ਪੁਲਿਸ) ਨੇ ਸਪੱਸ਼ਟ ਕੀਤਾ ਹੈ ਕਿ ਨਿੱਝਰ ਕਤਲ ਕੇਸ ਨਾਲ ਸਬੰਧਿਤ ਚਾਰੇ ਮੁਲਜ਼ਮ ਜੇਲ ਵਿਚ ਬੰਦ ਹਨ ਅਤੇ ਕਿਸੇ ਨੂੰ ਵੀ ਜ਼ਮਾਨਤ ਤੇ ਰਿਹਾਅ ਨਹੀ ਕੀਤਾ ਗਿਆ। ਆਰਸੀਐਮਪੀ ਦੇ ਆਈ ਹਿਟ ਵਿਭਾਗ ਜੋ ਇਸ ਕਤਲ ਕੇਸ ਦੀ ਪੈਰਵਾਈ ਕਰ ਰਿਹਾ ਹੈ ਦੇ ਮੀਡੀਆ ਰਿਲੇਸਨਜ਼ ਅਫਸਰ ਫਰੈਡਾ ਫੋਂਗ ਨੇ ਸਪੱਸ਼ਟ ਕਿਹਾ ਹੈ ਕਿ ਚਾਰੇ ਦੇਸ਼ੀ ਹੁਣ ਤੱਕ ਉਹਨਾਂ ਦੀ ਹਿਰਾਸਤ ਵਿਚ ਹਨ। ਹੋਰ ਵਧੇਰੇ ਜਾਣਕਾਰੀ ਲਈ ਉਹਨਾਂ ਦੇ ਫੋਨ ਨੰਬਰ 778-290-5878 ਜਾਂ 236-334-3081 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੰਥਕ ਸੇਵਾਦਾਰ ਭਾਈ ਨਰਿੰਦਰ ਸਿੰਘ ਖਾਲਸਾ ਮੁਤਾਬਿਕ ਇਸ ਬਾਰੇ ਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਂ ਉਚੇਚੇ ਤੌਰ ਤੇ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਭਾਰਤੀ ਮੀਡੀਆ ਦੀ ਖਬਰਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਜੋ ਕਿ ਜਾਣਬੁਝ ਕੇ ਇਸ ਮਾਮਲੇ ਨੂੰ ਢਾਹ ਲਗਾਣ ਦੀ ਕੋਸ਼ਿਸ਼ ਕਰ ਰਹੇ ਹਨ । ਅਸੀਂ ਇਸ ਕੇਸ ਲਈ ਪੂਰੀ ਤਰ੍ਹਾਂ ਗੰਭੀਰ ਹਾਂ ਅਤੇ ਮਾਮਲੇ ਦੀ ਅਗਲੀ ਸੁਣਵਾਈ 11 ਅਤੇ 12 ਫਰਵਰੀ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਅੰਦਰ ਹੋਣੀ ਹੈ ਜਿਸ ਵਿਚ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੇ ਸਬੰਧ ਵਿਚ ਚਾਰ ਭਾਰਤੀ ਨਾਗਰਿਕ ਕਰਨ ਬਰਾੜ (22), ਕਮਲਪ੍ਰੀਤ ਸਿੰਘ (22), ਕਰਨਪ੍ਰੀਤ ਸਿੰਘ (28) ਅਤੇ ਅਮਨਦੀਪ ਸਿੰਘ ਨੂੰ ਆਰ ਸੀ ਐਮ ਪੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਚਾਰੇ ਦੋਸ਼ੀਆਂ ਖਿਲਾਫ ਕਤਲ ਅਤੇ ਸਾਜਿਸ਼ ਅਤੇ ਮੁਕੱਦਮਾ ਚੱਲ ਰਿਹਾ ਹੈ ਤੇ ਇਹਨਾਂ ਨੂੰ ਅਤਿ ਸੁਰੱਖਿਆ ਵਾਲੀ ਜੇਲ ਵਿਚ ਰੱਖਿਆ ਗਿਆ ਹੈ। ਪਰ ਭਾਰਤੀ ਮੀਡੀਆ ਵਲੋਂ ਇਹਨਾਂ ਦੀ ਰਿਹਾਈ ਦੀ ਖਬਰ ਨੂੰ ਕੈਨੇਡੀਅਨ ਸਰਕਾਰ ਨੂੰ ਵੱਡੇ ਧੱਕੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ।
Comments (0)