ਸੁਖਬੀਰ ਬਾਦਲ ਦਾ ਪੰਥ ਵੱਲ ਮੋੜਾ; ਭਾਰਤੀ ਫੌਜ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖਾਂ ਨੂੰ ਪ੍ਰਣਾਮ ਕੀਤਾ
ਚੰਡੀਗੜ੍ਹ: ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸ਼ਰਮਨਾਕ ਹਾਰ ਅਤੇ ਉਸ ਮਗਰੋਂ ਲੋਕ ਸਭਾ ਚੋਣਾਂ ਵਿੱਚ ਮਹਿਜ਼ ਦੋ ਸੀਟਾਂ ਬਚਾਉਣ 'ਚ ਕਾਮਯਾਬ ਰਹੀ ਸ਼ਰੋਮਣੀ ਅਕਾਲ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਪੰਥ ਵੱਲ ਮੂੰਹ ਕਰਨ ਦਾ ਝਲਕਾਰਾ ਦਿੱਤਾ ਹੈ ਪਰ ਪੰਥ ਹੁਣ ਇਹਨਾਂ ਨੂੰ ਪ੍ਰਵਾਨ ਕਰਦਾ ਹੈ ਜਾ ਨਹੀਂ ਇਹ ਸਮਾਂ ਹੀ ਦੱਸੇਗਾ। ਪੂਰੀ ਤਰ੍ਹਾਂ ਭਾਰਤੀ ਰਾਸ਼ਟਰਵਾਦ ਵਿੱਚ ਜਜ਼ਬ ਹੋ ਚੁੱਕੀ ਸ਼ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਾਇਦ ਮਾੜੀ ਰਾਜਨੀਤਕ ਹਾਲਤ ਦਾ ਹੀ ਸਿੱਟਾ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਪਾ ਕੇ ਜੂਨ 1984 ਵਿੱਚ ਦਰਬਾਰ ਸਾਹਿਬ 'ਤੇ ਹੋਏ ਭਾਰਤੀ ਹਮਲੇ ਵਿਰੁਧ ਜੂਝ ਕੇ ਸ਼ਹੀਦ ਹੋਏ ਸਿੱਖ ਜੂਝਾਰੂਆਂ ਨੂੰ ਪ੍ਰਣਾਮ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਲਿਖਿਆ, "04 ਜੂਨ 1984 ਨੂੰ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਹੁਕਮਾਂ 'ਤੇ ਹੋਇਆ ਫ਼ੌਜੀ ਹਮਲਾ, ਸਿੱਖ ਕੌਮ ਉੱਤੇ ਵਾਪਰਿਆ ਤੀਜਾ ਘੱਲੂਘਾਰਾ ਸੀ। ਸਿੱਖ ਕੌਮ ਦੇ ਸਵੈਮਾਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਮੇਰਾ ਕੋਟਾਨ-ਕੋਟ ਪ੍ਰਣਾਮ।"
ਜ਼ਿਕਰਯੋਗ ਹੈ ਕਿ ਜੂਨ 1984 ਵਿੱਚ ਉਸ ਸਮੇਂ ਦੀ ਭਾਰਤੀ ਸੱਤਾ 'ਤੇ ਕਾਬਜ਼ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਹੁਕਮਾਂ 'ਤੇ ਭਾਰਤੀ ਫੌਜ ਨੇ ਪੰਜਾਬ ਦੇ ਹਮਲਾ ਕਰਕੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਇਸ ਹਮਲੇ ਦਾ ਕੇਂਦਰ ਸਿੱਖਾਂ ਦੇ ਧਾਰਮਿਕ ਕੇਂਦਰ ਦਰਬਾਰ ਸਾਹਿਬ ਨੂੰ ਬਣਾਇਆ ਗਿਆ ਸੀ ਤੇ 6 ਦਿਨ ਦੇ ਕਰੀਬ ਚੱਲੀ ਸਿੱਖਾਂ ਅਤੇ ਭਾਰਤ ਦੀ ਜੰਗ ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਸਿੱਖ ਜੂਝਾਰੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਵੀਰਤਾ ਨਾਲ ਜੂਝੇ ਸਨ।
ਸੁਖਬੀਰ ਬਾਦਲ ਦਾ ਇਹ ਬਿਆਨ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜਨ ਦੀ ਸਮਰੱਥਾ ਰੱਖਦਾ ਹੈ ਤੇ ਇਸ ਬਿਆਨ ਪਿੱਛੇ ਸੁਖਬੀਰ ਬਾਦਲ ਦੀ ਕੀ ਰਣਨੀਤੀ ਹੈ ਇਹ ਆਉਂਦੇ ਦਿਨਾਂ ਵਿੱਚ ਸਾਫ ਹੋਵੇਗਾ। ਸੁਖਬੀਰ ਬਾਦਲ ਦਾ ਇਹ ਬਿਆਨ ਉਹਨਾਂ ਦੇ ਰਾਜਸੀ ਭਾਈਵਾਲ ਭਾਜਪਾ ਨੂੰ ਪਚਣਾ ਮੁਸ਼ਕਿਲ ਜਾਪਦਾ ਹੈ ਤੇ ਭਾਜਪਾ ਦਾ ਪ੍ਰਤੀਕਰਮ ਵੀ ਉਡੀਕਿਆ ਜਾ ਰਿਹਾ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)