ਸੁਖਬੀਰ ਬਾਦਲ ਜ਼ਿਮਨੀ ਚੋਣ ਗਿਦੜਬਾਹਾ ਤੋਂ ਲੜਨ ਦੀ ਸੰਭਾਵਨਾ ਘੱਟ
ਡਿੰਪੀ ਢਿੱਲੋ ਦੀ ਬਗਾਵਤ ਕਾਰਣ ਡਗਮਗਾਇਆ ਬਾਦਲ ਅਕਾਲੀ ਦਲ
ਬਾਦਲ ਦਲ ਲਈ ਗਿਦੜਬਾਹਾ ਸੀਟ ਕੱਢਣਾ ਖਾਲਾ ਜੀ ਦਾ ਵਾੜਾ ਨਹੀਂ
ਗਿੱਦੜਬਾਹਾ ਦੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ ਹੈ। ਸਿਆਸੀ ਹਲਕਿਆਂ ਵਿਚ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸੁਖਬੀਰ ਬਾਦਲ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨਗੇ ,ਕਿਉਂਕਿ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਹਲਕੇ ਵਿਚ ਆਪਣੀਆਂ ਸਰਗਮੀਆਂ ਵਧਾਈਆਂ ਹੋਈਆਂ ਸਨ। ਸੁਖਬੀਰ ਬਾਦਲ ਦੇ ਭਰੋਸੇਮੰਦ ਰਹੇ ਡਿੰਪੀ ਢਿੱਲੋਂ ਵਲੋਂ ਪਾਰਟੀ ਨੂੰ ਅਲਵਿਦਾ ਕਹੇ ਜਾਣ ਕਾਰਨ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਡਿੰਪੀ ਢਿਲੋਂ ਵਲੋਂ ਵੱਖਰਾ ਰਾਹ ਅਖਤਿਆਰ ਕੀਤੇ ਜਾਣ ਕਾਰਨ ਚੋਣ ਲੜਨ ਦਾ ਫੈਸਲਾ ਫਿਲਹਾਲ ਵਾਪਸ ਲੈ ਲਿਆ ਹੈ।
ਅਕਾਲੀ ਦਲ ਅੰਦਰ ਪਹਿਲਾਂ ਹੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ। ਪਾਰਟੀ ਦੇ ਕਈ ਸੀਨੀਅਰ ਸੁਖਦੇਵ ਸਿੰਘ ਢੀਂਡਸਾ ,ਬੀਬੀ ਜਗੀਰ ਕੌਰ ,ਗੁਰਪ੍ਰਤਾਪ ਸਿੰਘ ਵਡਾਲਾ ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਨੇਤਾ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਚੁੱਕੇ ਹਨ ਅਤੇ ਉਹ ਲਗਾਤਾਰ ਲੀਡਰਸ਼ਿਪ ਵਿਚ ਬਦਲਾਅ ਲਈ ਦਬਾਅ ਬਣਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਹੇਠ ਬਾਗੀ ਅਕਾਲੀ ਆਗੂਆਂ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਕਾਰਣ ਦੁਆਬਾ ਅਤੇ ਮਾਲਵਾ ਦੇ ਕਈ ਜ਼ਿਲਿਆਂ ਵਿਚ ਅਕਾਲੀ ਦਲ ਦੇ ਕੇਡਰ ਨੂੰ ਕਾਫ਼ੀ ਖੋਰਾ ਲੱਗਿਆ ਹੈ।
ਦੂਜੇ ਪਾਸੇ ਬਾਦਲ ਦੇ ਜੱਦੀ ਜ਼ਿਲੇ ਵਿਚ ਤੇ ਉਹਨਾਂ ਦੇ ਖਾਸਮਖਾਸ ਡਿੰਪੀ ਢਿੱਲੋਂ ਵਲੋਂ ਬਗਾਵਤ ਕੀਤੇ ਜਾਣ ਕਾਰਨ ਸਿਆਸੀ ਹਾਲਾਤ ਬਦਲ ਗਏ ਹਨ। ਇਹਨਾਂ ਹਾਲਾਤ ਵਿਚ ਸੁਖਬੀਰ ਬਾਦਲ ਦਾ ਜ਼ਿਮਨੀ ਚੋਣ ਲੜਨਾ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ। ਜੇਕਰ ਜ਼ਿਮਨੀ ਚੋਣ ਦੇ ਨਤੀਜ਼ੇ ਉਮੀਦ ਤੋਂ ਉਲਟ ਆ ਗਏ ਤਾਂ ਸੁਖਬੀਰ ਬਾਦਲ ਲਈ ਹੋਰ ਵੀ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਕਰਕੇ ਪਾਰਟੀ ਅੰਦਰ ਚੱਲ ਰਹੀ ਖਾਨਾਜੰਗੀ ਨੂੰ ਦੇਖਦੇ ਹੋਏ ਫਿਲਹਾਲ ਸੁਖਬੀਰ ਬਾਦਲ ਨੇ ਚੋਣ ਲੜਨ ਦਾ ਫੈਸਲਾ ਬਦਲ ਲਿਆ ਹੈ।ਹਾਲਾਂਕਿ ਇਸ ਵਾਰ ਸੁਖਬੀਰ ਬਾਦਲ ਨੂੰ ਵਿਰੋਧੀ ਬਾਗੀ ਅਕਾਲੀ ਧਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਜੇਕਰ ਅੰਮ੍ਰਿਤਪਾਲ ਸਿੰਘ ਗਰੁਪ ਆਪਣੇ ਉਮੀਦਵਾਰ ਖੜੇ ਕਰ ਦਿੰਦਾ ਹੈ ਤਾਂ ਅਕਾਲੀ ਦਲ ਬਾਦਲ ਲਈ ਹੋਰ ਦਿਕਤਾਂ ਵਧ ਜਾਣਗੀਆਂ।
ਹਲਕੇ ਦੇ ਬਦਲਦੇ ਸਿਆਸੀ ਸਮੀਕਰਨਾਂ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਆਪਣਾ ਫੈਸਲਾ ਬਦਲਣ ਲਈ ਦਸ ਦਿਨਾਂ ਦਾ ਸਮਾਂ ਦਿੱਤਾ ਹੈ। ਸੁਖਬੀਰ ਨੇ ਢਿਲੋਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੇ ਜ਼ਿਮਨੀ ਚੋਣ ਵਿਚ ਉਮੀਦਵਾਰ ਹੋਣਗੇ ਪਰ ਆਪਣਾ ਫੈਸਲਾ ਬਦਲ ਲੈਣ। ਦੂਜੇ ਪਾਸੇ ਅਕਾਲੀ ਹਲਕਿਆਂ ਵਿਚ ਚਰਚਾ ਹੈ ਕਿ ਹੁਣ ਡਿੰਪੀ ਢਿੱਲੋਂ ਵਾਪਸ ਨਹੀਂ ਮੁੜਨਗੇ ਅਤੇ ਬਕਾਇਦਾ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ।
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਡਿੰਪੀ ਢਿੱਲੋਂ ਨੂੰ ਜ਼ਿਮਨੀ ਚੋਣ ਲੜਾਉਣ ਦਾ ਭਰੋਸਾ ਦੇ ਦਿੱਤਾ ਹੈ ਅਤੇ ਉਹੀ ਗਿੱਦੜਬਾਹਾ ਤੋ ਉਮੀਦਵਾਰ ਹੋਣਗੇ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਜ਼ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਕਨਸੋਆਂ ਤੋਂ ਨਾਖੁਸ਼ ਹਨ। ਦੱਸਿਆ ਜਾਂਦਾ ਹੈ ਕਿ ਕੁੱਝ ਅਹੁਦੇਦਾਰਾਂ, ਵਲੰਟੀਅਰ ਨੇ ਪਾਰਟੀ ਦੇ ਕਈ ਸੀਨੀਅਰ ਅਹੁਦੇਦਾਰਾਂ ਕੋਲ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ ਪਰ ਆਮ ਆਦਮੀ ਪਾਰਟੀ ਹਰ ਹਾਲਤ ਵਿਚ ਇਹ ਚੋਣ ਜਿੱਤਣਾ ਚਾਹੁੰਦੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਇਹਨਾਂ ਵਲੰਟੀਅਰਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ।
ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਜ਼ਿਮਨੀ ਚੋਣ ਵਿਚ ਅਕਾਲੀ ਦਲ ਕਿਹੜੇ ਆਗੂ ਨੂੰ ਉਮੀਦਵਾਰ ਬਣਾਏਗਾ ਪਰ ਇਹ ਤੈਅ ਹੈ ਕਿ ਸੁਖਬੀਰ ਹੁਣ ਜਿ਼ਮਨੀ ਚੋਣ ਨਹੀਂ ਲੜਨਗੇ।ਪੰਜਾਬ ਵਿੱਚ ਹੋਣ ਵਾਲੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਚੁਕਾ ਹੈ। ਇਹ ਜ਼ਿਮਨੀ ਚੋਣਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਭਵਿੱਖ ਤੈਅ ਕਰਨਗੀਆਂ। ਜੇਕਰ ਲੋਕ ਸਭਾ ਚੋਣਾਂ ਵਾਂਗ ਇਨ੍ਹਾਂ ਸੀਟਾਂ ਉਪਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਕਾਰਗੁਜਾਰੀ ਰਹਿੰਦੀ ਹੈ ਤਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਖਤਰਾ ਹੋਰ ਵਧ ਜਾਏਗਾ।ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਸੰਸਦੀ ਬੋਰਡ ਸਰਗਰਮ ਨਜ਼ਰ ਆ ਰਿਹਾ ਹੈ। ਸੰਸਦੀ ਬੋਰਡ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਸਾਰੇ ਚਾਰ ਹਲਕਿਆਂ ਦਾ ਦੌਰਾ ਕਰੇਗਾ ਤੇ ਵਿਧਾਨ ਸਭਾ ਹਲਕਿਆਂ ਤੋਂ ਫੀਡਬੈਕ ਲਵੇਗਾ।
ਦੱਸ ਦਈਏ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਇਨ੍ਹਾਂ ਸੀਟਾਂ ਦੇ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਵਿਧਾਨ ਸਭਾ ਤੋਂ ਅਸਤੀਫਾ ਵੀ ਦੇ ਦਿੱਤਾ ਹੈ। ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਬਣ ਗਏ ਹਨ। ਜਦਕਿ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਹਨ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਸੀਟ ਖਾਲ਼ੀ ਹੋਈ ਹੈ।
Comments (0)