ਬੰਦ ਹੋਵੇ ਵਿਆਹਾਂ 'ਤੇ ਫ਼ਜ਼ੂਲ ਖ਼ਰਚੀ
ਹਰ ਕੌਮ ਦਾ ਇਕ ਸ਼ਾਨਦਾਰ ਵਿਰਸਾ ਹੈ। ਕਿਸੇ ਕੌਮ ਬਾਰੇ ਜਾਨਣਾ ਹੋਵੇ, ਤਾਂ ਉਸ ਦੇ ਸੱਭਿਆਚਾਰ ਤੋਂ ਉਸ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਜਿਹੜੀਆਂ ਕੌਮਾਂ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦੀ ਹਾਲਤ ਉਸ ਇਮਾਰਤ ਵਰਗੀ ਹੋ ਜਾਂਦੀ ਹੈ, ਜਿਸ ਦੀਆਂ ਨੀਂਹਾਂ ਪਿੱਲੀਆਂ ਹੋਣ।ਪੰਜਾਬੀ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਵਿਰਸੇ 'ਚੋਂ ਅਮੀਰ ਵਿਰਾਸਤ ਮਿਲੀ ਹੈ, ਜਿਸ 'ਤੇ ਹਰ ਪੰਜਾਬੀ ਨੂੰ ਫ਼ਖਰ ਵੀ ਹੈ। ਪਰ ਹੁਣ ਪੰਜਾਬੀ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਦੂਰ ਹੀ ਨਹੀਂ ਹੋਣ ਲੱਗੇ, ਸਗੋਂ ਉਨ੍ਹਾਂ ਨੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਬੜੀ ਤੇਜ਼ੀ ਨਾਲ ਕਬੂਲਿਆ ਹੈ। ਪੰਜਾਬੀਆਂ ਦਾ ਆਪਣਾ ਖਾਣ-ਪੀਣ, ਪਹਿਨਣ-ਪਰਚਣ ਅਤੇ ਜੀਵਨ ਢੰਗ ਸਭ ਕੁਝ ਕਾਫ਼ੀ ਹੱਦ ਤੱਕ ਬਦਲ ਲਿਆ ਹੈ। ਇੱਥੋਂ ਤੱਕ ਕਿ ਵਿਆਹ ਨਾ ਕਰਾਉਣ ਦੀ ਥਾਂ 'ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ' ਨੂੰ ਵੀ ਸਾਡੀ ਨਵੀਂ ਪੀੜ੍ਹੀ ਆਪਣਾ ਸੱਭਿਆਚਾਰ ਸਮਝਣ ਲੱਗੀ ਹੈ। ਪਰਿਵਾਰ ਨੂੰ ਸੀਮਤ ਰੱਖਣ ਅਤੇ ਉਸ ਤੋਂ ਅੱਗੇ ਬੱਚੇ ਪੈਦਾ ਨਾ ਕਰਨ ਦੀ ਸੋਚ ਨੂੰ ਬਿਨਾਂ ਸੋਚੇ ਸਮਝੇ ਅਪਣਾਇਆ ਜਾ ਰਿਹਾ ਹੈ। ਦੂਜੇ ਬੰਨੇ ਵਿਆਹਾਂ ਨੂੰ ਇਤਿਹਾਸਕ ਬਣਾਉਣ ਦੀ ਭੇਡ ਚਾਲ ਸ਼ੁਰੂ ਹੋ ਗਈ ਹੈ। ਇਕ ਰਿਪੋਰਟ ਅਨੁਸਾਰ ਭਾਰਤ 'ਚ ਵਿਆਹਾਂ ਉੱਤੇ ਸਾਲਾਨਾ ਖ਼ਰਚ 10 ਲੱਖ ਕਰੋੜ ਰੁਪਏ ਹੋਣ ਲੱਗਾ ਹੈ। ਇਕ ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ਦੌਰਾਨ 40 ਕਰੋੜ ਵਿਆਹ ਹੋਣਗੇ, ਜਿਨ੍ਹਾਂ 'ਚੋਂ ਅੱਧੇ ਅਗਲੇ ਪੰਜ ਸਾਲਾਂ ਵਿਚ ਹੋਣ ਜਾ ਰਹੇ ਹਨ। ਇਸ ਸਾਲ ਨਵੰਬਰ-ਦਸੰਬਰ 'ਚ ਕਰੀਬ 40 ਲੱਖ ਵਿਆਹ ਹਨ, ਜਦਕਿ 2023 'ਚ 35 ਲੱਖ ਅਤੇ 2022 'ਚ 32 ਲੱਖ ਸ਼ਾਦੀਆਂ ਹੋਈਆਂ ਸਨ। ਇਸ ਸਾਲ ਦੋ ਮਹੀਨਿਆਂ 'ਚ ਪਿਛਲੇ ਤਿੰਨ ਸਾਲਾਂ ਤੋਂ ਸਭ ਤੋਂ ਵੱਧ ਵਿਆਹ ਹੋਣ ਜਾ ਰਹੇ ਹਨ। ਭਾਰਤ 'ਚ ਵਿਆਹਚੌਥੀ ਸਭ ਤੋਂ ਵੱਡੀ ਇੰਡਸਟਰੀ ਬਣ ਚੁੱਕੇ ਹਨ। ਹਰ ਸਾਲ 80 ਲੱਖ ਤੋਂ ਇਕ ਕਰੋੜ ਸ਼ਾਦੀਆਂ ਹੋ ਰਹੀਆਂ ਹਨ। ਭਾਰਤੀਆਂ 'ਚ ਵਿਦੇਸ਼ 'ਵੈਡਿੰਗ ਡੈਸਟੀਨੇਸ਼ਨ' ਦਾ ਰੁਝਾਨ 25 ਫ਼ੀਸਦੀ ਘਟਿਆ ਹੈ, ਜਦੋਂ ਕਿ ਦੇਸ਼ 'ਚ 20 ਫ਼ੀਸਦੀ ਵਧਿਆ ਹੈ। ਔਸਤਨ ਇਕ ਸ਼ਾਦੀ ਉੱਤੇ 12 ਲੱਖ ਰੁਪਏ ਤੱਕ ਖ਼ਰਚ ਆ ਰਹੇ ਹਨ, ਜਿਹੜੇ ਕਿ 18 ਸਾਲ ਤੱਕ ਕਿਸੇ ਬੱਚੇ ਦੀ ਪ੍ਰੀ ਨਰਸਰੀ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਉੱਤੇ ਹੋਣ ਵਾਲੇ ਖ਼ਰਚੇ ਤੋਂ ਵੀ ਜ਼ਿਆਦਾ ਹਨ। ਕਿਸੇ ਵੀ ਪਰਿਵਾਰ ਲਈ ਸ਼ਾਦੀ ਉੱਤੇ ਹੋਣ ਵਾਲਾ ਖ਼ਰਚਾ ਸਭ ਤੋਂ ਵੱਡਾ ਦਿੱਸਣ ਲੱਗਾ ਹੈ। ਵਿਆਹ 'ਤੇ ਖਰਚ ਹੋਣ ਵਾਲੀ ਰਕਮ 'ਚੋਂ 50 ਫ਼ੀਸਦੀ ਗਹਿਣਿਆਂ ਅਤੇ 10 ਫ਼ੀਸਦੀ ਕੱਪੜਿਆਂ ਉੱਤੇ ਲੱਗ ਰਿਹਾ ਹੈ।
ਜੈਫਰੀਨ ਕੈਟ ਅਤੇ ਸਕਾਈ ਸਕੈਨਰ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਏਜੰਸੀਆਂ ਦੀ ਰਿਪੋਰਟ ਮੁਤਾਬਿਕ ਭਾਰਤ 'ਚ ਹਰ ਸਾਲ ਗਹਿਣੇ ਖ਼ਰੀਦਣ ਉੱਤੇ ਕਰੀਬ ਸਵਾ ਤਿੰਨ ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਕੈਟਰਿੰਗ ਉੱਤੇ 2.19 ਲੱਖ ਕਰੋੜ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ। ਕੱਪੜਿਆਂ ਉੱਤੇ 84 ਲੱਖ ਕਰੋੜ ਰੁਪਏ ਅਤੇ ਸਜਾਵਟ 'ਡੈਕੋਰੇਸ਼ਨ' ਉੱਤੇ ਏਨੀਹੀ ਰਕਮ ਖਰਚੀ ਜਾ ਰਹੀ ਹੈ। ਫੋਟੋਗ੍ਰਾਫੀ ਦਾ ਖਰਚਾ ਇਕ ਕਰੋੜ ਲੱਖ ਨੂੰ ਪਾਰ ਕਰ ਗਿਆ। ਈਵੈਂਟ ਉੱਤੇ ਹੁਣ ਬੜਾ ਖਰਚਾ ਪੌਣੇ ਦੋ ਲੱਖ ਕਰੋੜ ਦੇ ਕਰੀਬ ਹੋਣ ਲੱਗਾ ਹੈ।
ਵਿਆਹ-ਸ਼ਾਦੀਆਂ ਉੱਤੇ ਪਿਛਲੇ ਸਮੇਂ ਤੋਂ ਜਿਹੜਾ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਉਹ ਹੈ ਕਿ ਪ੍ਰੀ ਵੈਡਿੰਗ ਉੱਤੇ ਵੀ ਵੈਡਿੰਗ ਜਿੰਨਾ ਖਰਚਾ ਹੋਣ ਲੱਗਾ ਹੈ। ਇਸ ਨਾਲ ਵਿਆਹ ਸ਼ਾਦੀਆਂ ਉੱਤੇ ਹੋਣ ਵਾਲਾ ਖਰਚਾ 50 ਫ਼ੀਸਦੀ ਤੱਕ ਵੱਧ ਗਿਆ ਹੈ। ਵੈਡਿੰਗ ਪਲੈਨਰਜ਼ ਉੱਤੇ ਇਤਬਾਰ ਕਰੀਏ ਤਾਂ ਅਮੀਰ ਲੋਕਾਂ 'ਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ ਵੈਡਿੰਗ ਦਾ ਅਸਰ ਸਾਫ਼ ਦਿੱਸਣ ਲੱਗਾ ਹੈ। ਦੂਜਾ ਬਦਲਾਅ ਇਹ ਹੈ ਕਿ ਭਾਰਤੀਆਂ 'ਚ ਦੂਜੇ ਮੁਲਕਾਂ 'ਚ ਜਾ ਕੇ ਵਿਆਹ ਕਰਨ ਦਾ ਰੁਝਾਨ ਵਧਣ ਲੱਗਾ ਹੈ ਪਰ ਦੇਸ਼ 'ਚ 'ਡੈਸਟੀਨੇਸ਼ਨ ਵੈਡਿੰਗ' ਦਾ ਰਿਵਾਜਵੀ ਵਧਿਆ ਹੈ। ਭਾਰਤ 'ਚ ਹੁਣ ਵਿਆਹ ਲਈ ਖ਼ੂਬਸੂਰਤ ਥਾਵਾਂ ਦੀ ਘਾਟ ਨਹੀਂ ਹੈ। ਈਵੈਂਟ ਐਂਡ ਇੰਟਰਟੇਨਮੈਂਟ ਮੈਨੇਜਮੈਂਟ ਐਸੋਸੀਏਸ਼ਨ ਦੇ ਮੁਤਾਬਿਕਪਿਛਲੇ ਸਾਲ ਵਿਦੇਸ਼ਾਂ 'ਚ 800 ਤੋਂ ਜ਼ਿਆਦਾ ਵਿਆਹਾਂ ਦੀ ਬੁਕਿੰਗ ਸੀ। ਇਸ ਸਾਲ ਨਵੰਬਰ ਤੋਂ ਫਰਵਰੀ ਤੱਕ ਰਾਜਸਥਾਨ 'ਚ 500 ਤੋਂ ਜ਼ਿਆਦਾ 'ਡੈਸਟੀਨੇਸ਼ਨ ਵੈਡਿੰਗ' ਹੋਣ ਦਾ ਅਨੁਮਾਨ ਹੈ। ਇਨ੍ਹਾਂ 'ਚ ਜ਼ਿਆਦਾਤਰ ਪੰਜ ਸਟਾਰ ਅਤੇ ਸੱਤ ਸਟਾਰ ਹੋਟਲ ਸ਼ਾਮਿਲ ਹਨ। ਇਨ੍ਹਾਂ ਦਾ ਔਸਤਨ ਬਜਟ 2 ਤੋਂ 10 ਕਰੋੜ ਰੁਪਏ ਤੱਕ ਦਾ ਹੈ, ਜਿਹੜਾ ਕਿ ਪਿਛਲੇ ਸਾਲ ਨਾਲੋਂ 20 ਫ਼ੀਸਦੀ ਵਧਿਆ ਹੈ।
ਹੁਣ ਰਿੰਗ ਸੈਰੇਮਨੀ, ਹਲਦੀ, ਮਹਿੰਦੀ ਅਤੇ ਲੇਡੀ ਸੰਗੀਤ ਨੂੰ ਵੀ ਵੱਡੇ ਪੱਧਰ 'ਤੇ ਮਨਾਇਆ ਜਾਣ ਲੱਗਾ ਹੈ। ਵਿਆਹ ਅਤੇ ਰਿਸੈਪਸ਼ਨ ਸਭ ਤੋਂ ਵੱਧ ਖ਼ਰਚੇ ਵਾਲੇ ਸਮਾਗਮ ਹਨ। ਪ੍ਰੀ ਵੈਡਿੰਗ ਸ਼ੂਟ ਦਾ ਖਰਚ ਵੀ ਲੱਖਾਂ ਨੂੰ ਪਾਰ ਕਰਨ ਲੱਗਾ ਹੈ। ਕੁਆਰੇ ਮੁੰਡੇ-ਕੁੜੀਆਂ ਦੀ ਪਾਰਟੀਕਰਨ ਦਾ 'ਨਵਾਂ ਟਰੇਂਡ' ਸ਼ੁਰੂ ਹੋ ਗਿਆ ਹੈ। ਕੋਰੋਨਾ ਕਾਲ 'ਚ ਵਿਆਹਾਂ 'ਤੇ ਖਰਚਾ ਜਿਸ ਤੇਜ਼ੀ ਨਾਲ ਘਟਿਆ ਸੀ, ਹੁਣ ਉਸੇ ਤੇਜ਼ੀ ਨਾਲ ਉੱਪਰ ਗਿਆ ਹੈ ਅਤੇ ਮਹਿਮਾਨਾਂ ਦੀ ਗਿਣਤੀ ਵੀ ਕਈ ਗੁਣਾ ਵੱਧ ਗਈ ਹੈ।ਦੋ-ਤਿੰਨ ਦਿਨ ਦੀ ਸ਼ਾਦੀ ਦਾ ਟਰੇਂਡ ਆ ਗਿਆ ਹੈ। 'ਥੀਮ ਬੇਸਡ' ਵਿਆਹ ਹੋਰ ਵੀ ਮਹਿੰਗੇ ਹੋ ਗਏ ਹਨ।
ਬਿਨਾਂ ਸ਼ੱਕ ਵਿਆਹਾਂ ਦੇ ਸੁਭਾਗੇ ਦਿਨ ਮਿੱਤਰਾਂ-ਸੱਜਣਾਂ ਅਤੇ ਰਿਸ਼ਤੇਦਾਰਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਹੁੰਦੇ ਹਨ। ਰਲ ਕੇ ਮਨਾਏ ਸਮਾਗਮਾਂ ਦਾ ਆਪਣਾ ਹੀ ਸਵਾਦ ਅਤੇ ਅਪਣੱਤ ਹੁੰਦੀ ਹੈ। ਸਾਦਗੀ 'ਚ ਰਹਿ ਕੇ ਮਨਾਏ ਸਮਾਗਮ ਅਤੇ ਤਿਉਹਾਰ ਘੱਟ ਖ਼ੁਸ਼ੀ ਨਹੀਂ ਦਿੰਦੇ। ਸਗੋਂ ਵਿਆਹਾਂ ਉੱਤੇ ਕੀਤੇ ਜਾਣ ਵਾਲੇ ਬੇਲੋੜੇ ਅਤੇ ਫ਼ਜ਼ੂਲ ਖ਼ਰਚਿਆਂ ਨੇ ਕਈ ਤਰ੍ਹਾਂ ਦੇ ਵਿਗਾੜ ਪਾਏ ਹਨ। ਵਿਆਹਾਂ ਲਈ ਲਏ ਕਰਜ਼ੇ ਨੇ ਬਹੁਤ ਸਾਰੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਵੀ ਖੋਹ ਲਈਆਂ ਹਨ। ਇਕ ਹੋਰ ਦੁਖਾਂਤਕ ਪੱਖ ਇਹ ਵੀ ਹੈ ਕਿ ਏਨਾ ਖਰਚ ਕਰਕੇ ਵੀ ਪਰਿਵਾਰਾਂ ਅਤੇ ਜੋੜਿਆਂ 'ਚ ਵਖਰੇਵੇਂ ਅਤੇ ਦੂਰੀਆਂ ਵਧੀਆਂ ਹਨ।ਤਲਾਕ ਪਹਿਲਾਂ ਨਾਲੋਂ ਕਿਤੇ ਵੱਧ ਹੋਣ ਲੱਗੇ ਹਨ। ਲੋੜ ਸਾਦਗੀ 'ਚ ਰਹਿ ਕੇ ਇਕ-ਦੂਜੇ ਨੂੰ ਸਮਰਪਿਤ ਹੋਣ ਦੀ ਹੈ। ਇਕ ਦੂਜੇ ਪ੍ਰਤੀ ਵਫ਼ਾਦਾਰੀ ਨਿਭਾਉਣ ਨੂੰ ਧਰਮ ਮੰਨਿਆ ਜਾਣਾ ਬਣਦਾ ਹੈ।ਵਿਖਾਵੇ ਅਤੇ ਵੱਡਾ ਬਣਨ ਲਈ ਕੀਤੇ ਸ਼ਾਨੋ-ਸ਼ੌਕਤ ਵਾਲੇ ਸਮਾਗਮ ਸਦੀਵੀ ਖ਼ੁਸ਼ੀਆਂ ਨਹੀਂ ਦੇ ਸਕਦੇ। ਅਸੀਂ ਆਪਣੇ ਆਪ ਨੂੰ ਸੰਵਰਨ-ਸੰਵਾਰਨ, ਪਹਿਨਣ-ਪਰਚਨ ਅਤੇ ਖਾਣ-ਪੀਣ ਦੇ ਚੱਜ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਤਾਂ ਬਣਾਉਣ ਲੱਗ ਪਏ ਹਾਂ ਪਰ ਉਨ੍ਹਾਂ ਕੋਲੋਂ ਜੀਵਨ ਦੀ ਸਾਦਗੀ ਅਤੇ ਫ਼ਜ਼ੂਲ ਖ਼ਰਚੀ ਨਾ ਕਰਨ ਦਾ ਗੁਰ ਨਹੀਂ ਲਿਆ।
ਕਮਲਜੀਤ ਸਿੰਘ ਬਨਵੈਤ
Comments (0)