ਕੇਜਰੀਵਾਲ ਦੀ ਗ੍ਰਿਫਤਾਰੀ ਬਾਅਦ ਆਪ ਦੇ ਰਾਜ ਸਭਾ ਮੈਂਬਰਾਂ ਨੇ ਕਬਰਾਂ ਵਰਗੀ ਚੁਪ ਧਾਰੀ

ਕੇਜਰੀਵਾਲ ਦੀ ਗ੍ਰਿਫਤਾਰੀ ਬਾਅਦ  ਆਪ ਦੇ ਰਾਜ ਸਭਾ ਮੈਂਬਰਾਂ ਨੇ ਕਬਰਾਂ ਵਰਗੀ ਚੁਪ ਧਾਰੀ

ਰਾਘਵ ਚੱਢਾ ਅੱਖਾਂ ਦੇ ਅਪਰੇਸ਼ਨ ਲਈ ਯੂਕੇ ਵਿਚ,ਬੁਧੀਜੀਵੀਆਂ ਦਾ ਸ਼ੱਕ ਚੱਢਾ ਜਾ ਸਕਦੇ ਨੇ ਭਾਜਪਾ ਵਿਚ

* ਰਾਜ ਸਭਾ ਮੈਂਬਰਾਂ ਕੋਲ ਧਰਨਿਆਂ ਵਿਚ ਸ਼ਾਮਿਲ ਹੋਣ ਦਾ ਸਮਾਂ ਨਹੀਂ 

ਕੌਣ ਜਾਣਦਾ ਹੈ ਕਿ ਹੁਣ ਜੇਲ੍ਹ ਵਿੱਚ ਬੈਠਾ ਕੇਜਰੀਵਾਲ ਸ਼ਾਇਦ ਪਛਤਾ ਰਿਹਾ ਹੋਵੇਗਾ ਕਿ ਉਸ ਨੇ ਸਿਆਸੀ ਲੋਕਾਂ ਜਾਂ ਪਾਰਟੀ ਦੇ ਪੁਰਾਣੇ ਆਗੂਆਂ ਜਾਂ ਵਰਕਰਾਂ ਨੂੰ ਰਾਜ ਸਭਾ ਵਿੱਚ ਕਿਉਂ ਨਹੀਂ ਭੇਜਿਆ। ਜੇਕਰ ਕੋਈ ਸਿਆਸੀ ਲੋਕ ਹੁੰਦੇ ਤਾਂ ਉਸ ਦੀ ਹਮਾਇਤ ਵਿਚ ਸੜਕਾਂ 'ਤੇ ਜ਼ਰੂਰ ਉਤਰਦੇ।ਪਰ ਉਸ ਦੇ ਚੁਣੇ ਰਾਜ ਸਭਾ ਦੇ ਮੈਂਬਰ ਧੋਖਾ ਦੇ ਗਏ।

ਬੀਤੇ ਦਿਨੀਂ ਆਪ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੀ ਗਿ੍ਫਤਾਰੀ ਬਾਅਦ ਆਪ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁਕੇ ਹਨ ਅਤੇ ਜਲੰਧਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨਗੇ। ਪਰ ਸਵਾਲ ਇਹ ਹੈ ਕਿ ਪਾਰਟੀ ਦੇ 10 ਰਾਜ ਸਭਾ ਮੈਂਬਰ ਕਿੱਥੇ ਗਏ ਹਨ ਤੇ ਉਹ ਇਨ੍ਹਾਂ ਮਾਮਲਿਆਂ ਬਾਰੇ ਕਬਰਾਂ ਵਰਗੀ ਚੁਪ ਧਾਰੀ ਬੈਠੇ ਹਨ? ਪਾਰਟੀ ਵੱਲੋਂ ਰੋਜ਼ ਐਵੇਨਿਊ ਕੋਰਟ ਤੋਂ ਲੈ ਕੇ ਤਿਹਾੜ ਜੇਲ੍ਹ, ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਰੋਜ਼ਾਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਾਰਟੀ ਆਗੂਆਂ ਤੇ ਵਰਕਰਾਂ ਦਾ ਇਕੱਠ ਹੁੰਦਾ ਹੈ ਪਰ ਪਾਰਟੀ ਦੇ ਜ਼ਿਆਦਾਤਰ ਰਾਜ ਸਭਾ ਮੈਂਬਰ ਕਿਤੇ ਨਜ਼ਰ ਨਹੀਂ ਆਉਂਦੇ।

ਇਥੇ ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਨਾਲ ਜੁੜੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ।ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਵਰਕਰ ਸੜਕਾਂ 'ਤੇ ਹਨ। ਆਤਿਸ਼ੀ, ਸੌਰਭ ਭਾਰਦਵਾਜ, ਸੰਦੀਪ ਪਾਠਕ, ਗੋਪਾਲ ਰਾਏ ਤੇ ਹੋਰ ਆਗੂ ਪਾਰਟੀ ਨਾਲ ਜੁੜੇ ਹਰ ਛੋਟੇ-ਵੱਡੇ ਮਾਮਲੇ ਨੂੰ ਮੀਡੀਆ ਦੇ ਸਾਹਮਣੇ ਪਾਰਟੀ ਨਾਲ ਜੁੜੀ ਹਰ ਛੋਟੀ-ਛੋਟੀ ਗੱਲ ਪੇਸ਼ ਕਰਦੇ ਨਜ਼ਰ ਆ ਰਹੇ ਹਨ।

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਹੁਣ ਸਾਹਮਣੇ ਹਨ। 

ਇਸ ਦੇ ਉਲਟ ਹੁਣੇ ਜਿਹੇ ਜਦੋਂ ਤ੍ਰਿਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਤਾਂ ਪਾਰਟੀ ਦੇ ਕਰੀਬ 10 ਰਾਜ ਸਭਾ ਸੰਸਦ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕਿਉਂਕਿ ਲਗਭਗ ਸਾਰੇ ਲੋਕ ਸਭਾ ਮੈਂਬਰ ਚੋਣ ਲੜ ਰਹੇ ਹਨ, ਇਸ ਲਈ ਵਿਰੋਧ ਦੀ ਜ਼ਿੰਮੇਵਾਰੀ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਲਈ ਸੀ। ਡੇਰੇਕ ਓ'ਬ੍ਰਾਇਨ ਤੋਂ ਲੈ ਕੇ ਡੋਲਾ ਸੇਨ ਤੱਕ ਅਤੇ ਹਾਲ ਹੀ ਵਿਚ ਚੁਣੀ ਗਈ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਧੁੱਪ 'ਵਿਚ ਧਰਨਾ ਲਾਕੇ ਬੈਠੀ ਤੇ ਉਸਦੀ ਪੁਲਸ ਨਾਲ ਝੜਪ ਵੀ ਹੋਈ ਸੀ।

ਸੰਜੇ ਸਿੰਘ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਕੁਝ ਕੁ ਆਪ ਪਾਰਟੀ ਵੱਲੋਂ ਕੀਤੇ ਜਾ ਰਹੇ ਧਰਨਿਆਂ ਵਿੱਚ ਕੁਝ ਕੁ ਰਾਜ ਸਭਾ ਮੈਂਬਰ ਵੀ ਸ਼ਾਮਲ ਹੋ ਰਹੇ ਹਨ, ਪਰ ਦਿੱਲੀ ਦੇ ਬਾਕੀ ਦੋ ਰਾਜ ਸਭਾ ਸੰਸਦ ਮੈਂਬਰਾਂ ਦਾ ਪਤਾ ਨਹੀਂ ਹੈ। ਐਨਡੀ ਗੁਪਤਾ ਪਾਰਟੀ ਦੇ ਖਜ਼ਾਨਚੀ ਹਨ ਅਤੇ ਉਨ੍ਹਾਂ ਨੂੰ ਦੂਜੀ ਵਾਰ ਰਾਜ ਸਭਾ ਭੇਜਿਆ ਗਿਆ ਹੈ ਪਰ ਉਹ ਧਰਨਿਆਂ ਵਿਚੋਂ ਗਾਇਬ ਹਨ। ਨਵੀਂ ਦਿੱਲੀ ਤੋਂ ਰਾਜ ਸਭਾ ਮੈਂਬਰ ਬਣੀ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਅਮਰੀਕਾ ਵਿੱਚ ਹੈ। ਉਸ ਦਾ ਕਹਿਣਾ ਸੀ ਕਿ ਉਹ ਆਪਣੀ ਭੈਣ ਦਾ ਇਲਾਜ ਕਰਵਾ ਰਹੀ ਹੈ।

ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਕੇਜਰੀਵਾਲ ਨੇ ਰਾਜ ਸਭਾ ਭੇਜਿਆ ਹੈ ਪਰ ਉਨ੍ਹਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਨਾ ਤਾਂ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਕਿਸੇ ਪ੍ਰਦਰਸ਼ਨ ਵਿਚ ਹਿੱਸਾ ਲਿਆ ।ਕੇਜਰੀਵਾਲ ਨੇ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਮੁਖੀ ਨੂੰ ਵੀ ਰਾਜ ਸਭਾ ਵਿੱਚ ਭੇਜਿਆ ਹੈ ਪਰ ਉਸ ਕੋਲ ਵੀ ਧਰਨਿਆਂ ਵਿਚ ਸ਼ਾਮਿਲ ਹੋਣ ਦਾ ਸਮਾਂ ਨਹੀਂ ਹੈ।

ਇਸ ਸਭ ਦੇ ਵਿਚਕਾਰ, ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਜੋ ਅਕਸਰ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਨਜ਼ਰ ਆਉਂਦੇ ਹਨ, ਇਸ ਪੂਰੇ ਘਟਨਾਕ੍ਰਮ ਵਿੱਚ ਜ਼ਿਆਦਾ ਬੋਲਦੇ ਨਜ਼ਰ ਨਹੀਂ ਆ ਰਹੇ ਹਨ।ਸਿਰਫ ਇਕ ਟਵੀਟ ਨਾਲ ਸਾਰ ਦਿਤਾ। ਉਨ੍ਹਾਂ ਦੀ ਗੈਰਹਾਜ਼ਰੀ ਲੋਕਾਂ ਦੇ ਮਨਾਂ ਵਿਚ ਸ਼ੰਕੇ ਪੈਦਾ ਕਰ ਰਹੀ ਹੈ। ਆਪ ਪਾਰਟੀ ਦੇ ਕੌਮੀ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ, "ਉਹ ਅੱਖਾਂ ਦੇ ਅਪਰੇਸ਼ਨ ਕਰਕੇ ਯੂਕੇ ਗਏ ਹੋਏ ਹਨ, ਉਨ੍ਹਾਂ ਦੀ ਅੱਖ ਦੇ ਰੈਟੀਨਾ ਵਿੱਚ ਛੇਕ ਹੈ।" ਰਾਘਵ ਚੱਢਾ ਦੇ ਵਾਪਸ ਪਰਤਣ ਜਾਂ ਲੰਬੇ ਸਮੇਂ ਤੱਕ ਰਹਿਣ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਦੇ।।ਹਾਲਾਂਕਿ ਰਾਘਵ ਚੱਢਾ ਨੇ 9 ਮਾਰਚ ਨੂੰ ਲੰਡਨ ਸਕੂਲ ਆਫ ਇਕਨਾਮਿਕਸ ਦੇ ਲੰਡਨ ਇੰਡੀਅਨ ਫੋਰਮ ਵਿੱਚ ਵੀ ਸੰਬੋਧਨ ਕੀਤਾ ਸੀ। ਰਾਘਵ ਚੱਢਾ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਪਰ ਸ਼ੋਸ਼ਲ ਮੀਡੀਆ ਉਪਰ ਲੋਕ ਪੁਛਦੇ ਹਨ ਕਿ ਰਾਘਵ ਚੱਢਾ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਬਾਰੇ ਬਿਆਨ ਕਿਉਂ ਨਹੀਂ ਜਾਰੀ ਕੀਤਾ।ਕੀ ਉਹ ਮੋਦੀ ਸਰਕਾਰ ਤੋਂ ਡਰ ਗਏ ਹਨ? ਕੁਝ ਲੋਕ ਸੋਸ਼ਲ ਮੀਡੀਆ ਯੂਜ਼ਰ ਕਹਿ ਰਹੇ ਹਨ ਕਿ ਪਾਰਟੀ ਵਿੱਚ ਸੰਕਟ ਦੇ ਇਸ ਸਮੇਂ ਵਿੱਚ ਰਾਘਵ ਚੱਢਾ ਦੂਰੀ ਬਣਾ ਰਹੇ ਹਨ। ਕੁਝ ਯੂਜ਼ਰਸ ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਬਾਰੇ ਵੀ ਕਿਆਸ ਲਗਾ ਰਹੇ ਹਨ।

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ: ਆਸ਼ੂਤੋਸ਼ ਕੁਮਾਰ ਵੀ ਇਸ ਗੱਲ ਨੂੰ ਆਮ ਨਹੀਂ ਸਮਝਦੇ ।ਉਹ ਰਾਘਵ ਚੱਢਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਵੀ ਗਲਤ ਨਹੀਂ ਮੰਨਦੇ।ਪ੍ਰੋਫੈਸਰ ਆਸ਼ੂਤੋਸ਼ ਕਹਿੰਦੇ ਹਨ, "ਇਹ ਬਿਲਕੁੱਲ ਸੰਭਵ ਹੈ। ਪੰਜਾਬ ਵਿੱਚ ਭਾਜਪਾ ਦਾ ਕੋਈ ਪ੍ਰਭਾਵਸ਼ਾਲੀ ਆਗੂ ਨਹੀਂ ਹੈ। ਰਾਘਵ ਚੱਢਾ ਨੌਜਵਾਨ ਹਨ, ਉਹ ਨਾ ਸਿਰਫ਼ ਆਪਣੀ ਗੱਲ ਨੂੰ ਚੰਗੀ ਤਰ੍ਹਾਂ ਤਿਆਰ ਕਰਦੇ ਹਨ, ਸਗੋਂ ਲੋਕਾਂ ਵਿੱਚ ਵੀ ਚੰਗੀ ਪਹੁੰਚ ਰੱਖਦੇ ਹਨ। ਭਾਜਪਾ ਵੈਸੇ ਵੀ ਇਸ ਤਰ੍ਹਾਂ ਦੇ ਆਗੂਆਂ ਦੀ ਭਾਲ ਕਰ ਰਹੀ ਹੈ। ਬੀਜੇਪੀ ਦਾ ਫੋਕਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਇਸ ਤੋਂ ਉੱਪਰ ਰਾਘਵ ਚੱਢਾ ਖੱਤਰੀ ਭਾਈਚਾਰੇ ਤੋਂ ਆਉਂਦੇ ਹਨ ਜੋ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ ਅਤੇ ਇੱਕ ਸ਼ਹਿਰੀ ਵੋਟਰ ਹਨ। ਭਾਜਪਾ ਦੇ ਵੋਟਰ ਵੀ ਇਸ ਵਰਗ ਨਾਲ ਸਬੰਧਤ ਹਨ। ਰਾਘਵ ਭਾਜਪਾ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਹਨ।"

ਸੀਨੀਅਰ ਵਕੀਲ ਅਤੇ ਸਾਬਕਾ ਕਾਂਗਰਸੀ ਨੇਤਾ ਕਪਿਲ ਸਿੱਬਲ ਕਿਹਾ ਕਿ ਗ੍ਰਿਫਤਾਰ ਹੋਣ ਵਾਲਿਆਂ ਵਿੱਚ ਅਗਲਾ ਨੰਬਰ ਰਾਘਵ ਚੱਢਾ ਦਾ ਹੈ।ਕੇ ਕਵਿਤਾ ਅਤੇ ਅਰਵਿੰਦ ਕੇਜਰੀਵਾਲ ਬਾਅਦ ਹੁਣ ਮੋਦੀ ਸਰਕਾਰ ਦਾ ਅਗਲਾ ਨਿਸ਼ਾਨਾ ਰਾਘਵ ਚੱਢਾ ਹੋਣਗੇ। ਇਸ ਤੋਂ ਬਾਅਦ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੋ ਇਸ ਦੇਸ ਦੀਆਂ ਚੋਣਾਂ ਵਿੱਚ ਮੁੱਖ ਖਿਡਾਰੀ ਹਨ।"

ਜਾਣਕਾਰੀ ਮੁਤਾਬਕ ਚੱਢਾ ਦੀ ਸ਼ੁਰੂਆਤ ਦੌਰਾਨ ਸਰਕਾਰ ਵਿਚ ਕਾਫੀ ਦਖਲਅੰਦਾਜ਼ੀ ਸੀ। ਹੌਲੀ-ਹੌਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਨਿਕ ਕੰਮ ਆਪਣੇ ਹੱਥਾਂ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਜਿਵੇਂ-ਜਿਵੇਂ ਮਜ਼ਬੂਤ ਹੋਣ ਲੱਗੇ, ਚੱਢਾ ਦਾ ਦਖ਼ਲ ਵੀ ਘਟਣ ਲੱਗਾ। ਚੱਢਾ ਦੀਆਂ ਸਰਗਰਮੀਆਂ ਵੀ ਪਿਛਲੇ ਛੇ ਮਹੀਨਿਆਂ ਤੋਂ ਪੰਜਾਬ 'ਚ ਨਾ-ਮਾਤਰ ਹੀ ਸਨ।

ਪਰ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਬਾਅਦ ਸੰਜੇ ਸਿੰਘ ਨੇ ਆਪ ਪਾਰਟੀ ਦੀ ਕਮਾਂਡ ਸੰਭਾਲੀ ਹੋਈ ਹੈ ਤੇ ਭਗਵੰਤ ਮਾਨ ਵੀ ਸੰਜੇ ਸਿੰਘ ਦੇ ਸੰਪਰਕ ਵਿਚ ਹਨ।