ਰਾਧਾ ਸਵਾਮੀਆਂ ਦੇ ਡੇਰੇ ਵਿਚ ਵਿਵਾਦ ਤੇ ਗੁਰਗਦੀ ਪਿਛੇ ਭੰਬਲਭੂਸਾ ਕਿਉਂ ?

ਰਾਧਾ ਸਵਾਮੀਆਂ ਦੇ ਡੇਰੇ ਵਿਚ ਵਿਵਾਦ ਤੇ ਗੁਰਗਦੀ ਪਿਛੇ ਭੰਬਲਭੂਸਾ ਕਿਉਂ ?

ਫਿਲਹਾਲ ਨਹੀਂ ਸੌਂਪੀ ਜਾਵੇਗੀ ਗੁਰਤਾ ਗੱਦੀ ਡਾ. ਜਸਦੀਪ ਸਿੰਘ ਗਿੱਲ ਨੂੰ,ਫੈਸਲਾ ਬਦਲਿਆ

*ਸਤਿਸੰਗ ਵਿਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਬੈਠਣਗੇ ਨਵੇਂ ਬਣੇ ਡੇਰਾ ਮੁਖੀ ਬਿਆਸ

 ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੋਮਵਾਰ ਨੂੰ 45 ਸਾਲਾ ਡਾ. ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਂਨਸ਼ੀਨ ਐਲਾਨ ਦਿੱਤਾ। ਡੇਰਾ ਬਿਆਸ ਵੱਲੋਂ ਅਚਾਨਕ ਲਏ ਗਏ ਇਸ ਫ਼ੈਸਲੇ ਨਾਲ ਦੇਸ਼-ਦੁਨੀਆ ਵਿਚ ਬੈਠੀ ਡੇਰੇ ਦੇ ਪ੍ਰੇਮੀ ਹੈਰਾਨ ਤੇ ਨਿਰਾਸ਼ ਹੋ ਗਈ। ਹਾਲਾਂਕਿ ਬਾਅਦ ’ਚ ਡੇਰੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁਰਤਾ ਗੱਦੀ ’ਤੇ ਬਣੇ ਰਹਿਣਗੇ। ਇਹ ਪਹਿਲੀ ਵਾਰ ਹੈ ਕਿ ਰਾਧ ਸਵਾਮੀ ਪਰੰਪਰਾ ਵਿਚ ਗੱਦੀ ਬਾਰੇ ਵਿਵਾਦ ਛਿੜਿਆ ਹੋਵੇ?

ਡੇਰਾ ਬਿਆਸ ਵੱਲੋਂ ਬੀਤੇ ਸੋਮਵਾਰ ਨੂੰ ਆਪਣੇ ਸਾਰੇ ਸੇਵਾਦਾਰ ਇੰਚਾਰਜਾਂ ਤੇ ਸੈਂਟਰਾਂ ਨੂੰ ਇਕ ਪੱਤਰ ਜਾਰੀ ਕਰ ਕੇ ਦੱਸਿਆ ਗਿਆ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸਪੁੱਤਰ ਡਾ. ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ। 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਡਾ. ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦੇ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ। ਪੱਤਰ ਮੁਤਾਬਕ ਉਨ੍ਹਾਂ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਵੀ ਹੋਵੇਗਾ। ਪੱਤਰ ਵਿਚ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ (ਚਰਨ ਸਿੰਘ) ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤ ਦਾ ਅਥਾਹ ਸਹਿਯੋਗ ਤੇ ਪਿਆਰ ਮਿਲਿਆ, ਉਨ੍ਹਾਂ ਦੀ ਇੱਛਾ ਤੇ ਅਪੀਲ ਹੈ ਕਿ ਸੰਗਤ ਉਹੀ ਪਿਆਰ ਤੇ ਸਹਿਯੋਗ ਡਾ. ਜਸਦੀਪ ਸਿੰਘ ਗਿੱਲ ਨੂੰ ਵੀ ਦੇਵੇ।

ਇਸ ਪੱਤਰ ਤੇ ਖ਼ਬਰ ਦੇ ਜਨਤਕ ਹੁੰਦੇ ਹੀ ਦੇਸ਼-ਦੁਨੀਆ ਵਿਚ ਡੇਰਾ ਬਿਆਸ ਦੀ ਸੰਗਤ ’ਚ ਨਿਰਾਸ਼ਾ ਫੈਲ ਗਈ। ਡੇਰੇ ਵਿਚ ਸਤਿਸੰਗ ਦੇ ਤੈਅ ਪ੍ਰੋਗਰਾਮ ਤੋਂ ਠੀਕ ਚਾਰ-ਪੰਜ ਦਿਨ ਪਹਿਲਾਂ ਇਸ ਤਰ੍ਹਾਂ ਦੇ ਐਲਾਨ ਮਗਰੋਂ ਇੰਟਰਨੈੱਟ ਮੀਡੀਆ ਜ਼ਰੀਏ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਤੇ ਭਰਮਾਊ ਜਾਣਕਾਰੀਆਂ ਫੈਲਣ ਲੱਗੀਆਂ। ਵੱਡੀ ਗਿਣਤੀ ਵਿਚ ਸੰਗਤ ਡੇਰੇ ਲਈ ਰਵਾਨਾ ਹੋ ਪਈ।

ਇਸ ਦੇ ਮੱਦੇਨਜ਼ਰ ਸ਼ਾਮ ਨੂੰ ਡੇਰੇ ਵੱਲੋਂ ਸੰਦੇਸ਼ ਜਾਰੀ ਕਰ ਕੇ ਦੱਸਿਆ ਕਿ ਗਿਆ ਕਿ ਸੰਦੇਸ਼ ਮੁਤਾਬਕ ਬਾਬਾ ਗੁਰਿੰਦਰ ਸਿੰਘ ਤੰਦਰੁਸਤ ਹਨ ਤੇ ਰਾਧਾ ਸੁਆਮੀ ਬਿਆਸ ਦੇ ਗੁਰੂ ਬਣੇ ਰਹਿਣਗੇ। ਗੁਰੂ ਗੱਦੀ ਤਬਦੀਲ ਕਰਨ ਤੇ ਦਸਤਾਰਬੰਦੀ ਵਰਗਾ ਕੋਈ ਪ੍ਰੋਗਰਾਮ ਨਹੀਂ। ਡਾ. ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਡਿਪਟੀ ਵਜੋਂ ਉਨ੍ਹਾਂ ਨਾਲ ਬੈਠਣਗੇ ਤੇ ਬਾਬਾ ਗੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਰਹਿਣਗੇ। 

ਹਾਲਾਂਕਿ ਸਾਰੇ ਵਿਦੇਸ਼ੀ ਸਤਿਸੰਗ ਨਵੇਂ ਮਹਾਰਾਜ ਵੱਲੋਂ ਕੀਤੇ ਜਾਣਗੇ। ਸੰਦੇਸ਼ ’ਚ ਸੰਗਤ ਨੂੰ ਕਿਹਾ ਗਿਆ ਹੈ ਕਿ ਕਾਹਲੀ ਵਿਚ ਡੇਰਾ ਬਿਆਸ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਬਾਬਾ ਗੁਰਿੰਦਰ ਸਿੰਘ ਤੇ ਉਨ੍ਹਾਂ ਦੇ ਜਾਨਸ਼ੀਨ ਇਕੱਠੇ ਸਤਿਸੰਗ ਕੇਂਦਰਾਂ ਦਾ ਦੌਰਾ ਕਰਨਗੇ। ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਅਫ਼ਵਾਹ ’ਤੇ ਯਕੀਨ ਨਾ ਕਰਨ ਤੇ ਡੇਰੇ ਵੱਲ ਨਾ ਭੱਜਣ।

ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੈਂਸਰ ਤੇ ਦਿਲ ਦੇ ਰੋਗ ਤੋਂ ਪੀੜਤ ਹਨ। ਕੁਝ ਸਾਲ ਪਹਿਲਾਂ ਲੰਬਾ ਸਮਾਂ ਉਨ੍ਹਾਂ ਦਾ ਕੈਂਸਰ ਇਲਾਜ ਚੱਲਿਆ ਸੀ ਹਾਲਾਂਕਿ ਉਹ ਬਾਅਦ ਵਿਚ ਠੀਕ ਹੋ ਕੇ ਪਹਿਲਾਂ ਵਾਂਗ ਹੀ ਡੇਰੇ ਦੀਆਂ ਸਰਗਰਮੀਆਂ ’ਚ ਹਿੱਸਾ ਲੈਣ ਲੱਗ ਪਏ ਸਨ।

ਕੌਣ ਹਨ ਡਾ. ਜਸਦੀਪ ਸਿੰਘ ਗਿੱਲ

ਡੇਰਾ ਬਿਆਸ ਦੇ ਨਵੇਂ ਚੁਣੇ ਗਏ ਜਾਂਨਸ਼ੀਨ ਡਾ. ਜਸਦੀਪ ਸਿੰਘ ਗਿੱਲ ਦੇ ਪਿਤਾ ਸੁਖਦੇਵ ਸਿੰਘ ਗਿੱਲ ਮੁੰਬਈ ਵਿਚ ਡੇਰੇ ਦੀਆਂ ਬ੍ਰਾਂਚਾਂ ਦੇ ਸਕੱਤਰ ਗੁਰਵਿੰਦਰ ਸਿੰਘ ਦੇ ਜਵਾਈ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਭੁਆ ਦੇ ਪੁੱਤਰ ਹਨ। ਉਹ ਕੈਮੀਕਲ ਇੰਜੀਨੀਅਰ ਹਨ। ਉਨ੍ਹਾਂ ਨੇ ਕੈਂਬ੍ਰਿਜ ਯੂਨੀਵਰਿਸਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿਚ ਪੀਐੱਚਡੀ ਤੇ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਆਈਆਈਟੀ ਦਿੱਲੀ ਤੋਂ ਬੀਟੈਕ ਤੇ ਐਮਟੈਕ ਦੀ ਡਿਗਰੀ ਹਾਸਲ ਕੀਤੀ ਸੀ। ਡਾ. ਜਸਦੀਪ ਸਿੰਘ ਗਿੱਲ ਸਿਪਲਾ ਕੰਪਨੀ ਵਿਚ ਚੀਫ ਸਟ੍ਰੈਟਜੀ ਅਫਸਰ ਤੇ ਸੀਈਓ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ 31 ਮਈ 2024 ਨੂੰ ਇਹ ਅਹੁਦਾ ਛੱਡਿਆ ਸੀ। ਉਹ ਬੋਰਡ ਆਬਜ਼ਰਵਰ ਦੇ ਰੂਪ ਵਿਚ ਏਥ੍ਰਿਸ ਐਂਡ ਅਚਿਰਾ ਲੈਬਸ ਪ੍ਰਾਈਵੇਟ ਲਿਮਟਡ ਨਾਲ ਵੀ ਜੁੜੇ ਰਹੇ। ਮਾਰਚ 2024 ਤੱਕ ਉਹ ਹੈਲਦੀ ਥੈਰੇਪਿਊਟਿਕਸ ਦੇ ਬੋਰਡ ਮੈਂਬਰ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੈਨਬੈਕਸੀ ਵਿਚ ਸੀਈਓ ਦੇ ਕਾਰਜਕਾਰੀ ਸਹਾਇਕ ਦੇ ਰੂਪ ਵਿਚ ਵੀ ਕੰਮ ਕੀਤਾ ਹੈ।

 ਕੀ ਇਸ ਪਿਛੇ ਸਰਕਾਰ ਦੀ ਜਾਂ ਸੰਘ ਪਰਿਵਾਰ ਦੀ ਦਖਲਅੰਦਾਜ਼ੀ ਹੈ?

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੰਡੀਗੜ੍ਹ ਲਿਖਦੇ ਹਨ ਕਿ ਰਾਧਾ ਸਵਾਮੀ ਡੇਰੇ ਅੰਦਰ ਰੱਫੜ ਖੜਾ ਹੋ ਗਿਆ ।ਕਿਤੇ ਇਹ ਕਾਰਪੋਰੇਟ ਕਲਚਰ ਵਾਲੇ ਬਾਬੇ ਦੀ ਨਿਯੁਕਤੀ ਰਾਧਾ ਸੁਆਮੀਆਂ ਦੇ ਅਧਿਆਤਮਕਤਾ ਦੇ ਜੁਗਾੜੀ ਪੱਖ ਨੂੰ ਚੌਪਟ ਤਾਂ ਨਹੀੰ ਕਰ ਦੇਵੇਗੀ। ਇਸ ਸੰਭਾਵਤ ਡਰ ਕਾਰਨ ਡੇਰੇ ਦੇ ਸਕਤਰ ਦਵਿੰਦਰ ਕੁਮਾਰ ਸਿਕਰੀ ਦਾ ਬਿਆਨ ਆ ਗਿਆ ਕਿ  ਸਵੇਰ ਵਾਲਾ ਐਲਾਨ ਭੁਲੇਖੇ ਕਾਰਨ ਦਿੱਤਾ ਗਿਆ ਸੀ | 

ਸਵੇਰ ਵਾਲਾ ਬਿਆਨ ਬਾਬਾ ਗੁਰਿੰਦਰ ਸਿੰਘ ਵਲੋੰ ਜਾਰੀ ਹੋਇਆ  ਦਸਿਆ ਗਿਆ ਸੀ ।ਉਸ ਅਨੁਸਾਰ ਬਾਬੇ ਨੇ ਸੰਗਤਾਂ ਨੂੰ ਕਿਹਾ ਸੀ ਕਿ  ਜਸਦੀਪ ਸਿੰਘ ਗਿਲ ਨੇ 2 ਸਤੰਬਰ ਤੋੰ ਡੇਰਾ ਮੁਖੀ ਦਾ ਚਾਰਜ ਸਾਂਭ ਲਿਆ ਹੈ ।ਬਾਬਾ ਗੁਰਿੰਦਰ ਸਿੰਘ ਨੇ ਸੰਗਤਾਂ ਨੂੰ ਅਪੀਲ ਵੀ ਕੀਤੀ ਸੀ ਕਿ ਉਹ ਨਵੇੰ ਮੁਖੀ ਨੂੰ ਉੰਜ ਹੀ ਪਿਆਰ ਸਤਿਕਾਰ ਦੇਣ ਜਿਵੇੰ ਉਹ ਬਾਬੇ ਗੁਰਿੰਦਰ ਸਿੰਘ ਨੂੰ ਦਿੰਦੀਆਂ ਆ ਰਹੀਆਂ ਸਨ ।

ਪਰ ਸ਼ਾਮ ਤਕ ਹਾਲਾਤ ਬਦਲ ਗਏ ।ਸੀਕਰੀ ਨੇ "ਦਰੁਸਤੀ" ਕਰਦਿਆਂ ਦਸਿਆ ਬਾਬਾ ਗੁਰਿੰਦਰ ਸਿੰਘ ਢਿਲੋੰ "ਸੰਤ ਸਤਗੁਰੂ" ਦੀ ਉਪਾਧੀ ਤੇ ਕਾਇਮ ਰਹਿਣਗੇ, ਉਹੀ ਸੰਗਤਾਂ ਨੂੰ ਸੰਬੋਧਤ ਹੋਣਗੇ ਅਤੇ ਨਾਮ ਦਾਨ ਦਿੰਦੇ ਰਹਿਣਗੇ ।ਜਸਦੀਪ ਸਿੰਘ ਗਿਲ ਤਦ ਹੀ ਮੁਖੀ ਬਣਨਗੇ ਜਦ ਬਾਬਾ ਢਿੱਲੋੰ ਚਾਰਜ ਛਡਣਗੇ । ਫਿਲਹਾਲ ਗਿਲ (ਇਸ ਸਲਤਨਤ ਦੇ) ਰਾਜ ਪਰਬੰਧਕ ਮਾਮਲੇ ਸਾਂਭਣਗੇ ।ਵਿਸ਼ਾਲ ਜੁਗਾੜ, ਅਰਬਾਂ ਦੀ ਜਾਇਦਾਦ ਅਤੇ ਰਾਜਨੀਤਕ-ਧਾਰਮਿਕ ਮਹਤਵ ਕਾਰਨ, ਮੇਰੇ ਵਿਚਾਰ ਵਿਚ, ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀੰ ਕਿ "ਸੰਤ ਸਤਗੁਰੂ" ਜਿਹੇ ਅਹਿਮ ਅਹੁਦੇ ਦਾ ਫੈਸਲਾ ਸੰਗਠਨ ਦਾ ਮਹਿਜ਼ ਅੰਦਰੂਨੀ ਮਾਮਲਾ ਹੋਵੇ । ਸਟੇਟ ਇਸ ਤੋੰ ਬਾਹਰ ਰਹਿ ਨਹੀੰ ਸਕਦੀ | 

 ਉਹ ਲਿਖਦੇ ਹਨ ਕਿ ਜਿਵੇੰ ਤਿਬਤੀ ਲਾਮਾ ਸੰਗਠਣ ਦੀ ਬਣਤਰ ਵਿਚ ਚੀਨ ਸਰਕਾਰ ਦਾ ਹੱਥ ਹੁੰਦਾ ਹੈ, ਇਸੇ ਤਰ੍ਹਾਂ ਭਾਰਤੀ ਸਟੇਟ ਸਭਨਾਂ ਧਾਰਮਿਕ ਸੰਸਥਾਵਾਂ, ਡੇਰਿਆਂ ਅਤੇ ਸ਼ਰੋਮਣੀ ਕਮੇਟੀ ਤਕ ਜਿਹੀਆਂ ਸੰਸਥਾਵਾਂ ਉਪਰ ਨਜ਼ਰਾਂ ਹੀ ਨਹੀੰ ਰਖਦੀ ਬਲਕਿ ਇਨ੍ਹਾਂ ਦੀ ਬਣਤਰ ਵਿਚ , ਜਿਥੋੰ ਤਕ ਸੰਭਵ ਹੁੰਦਾ ਹੈ, ਸਰਗਰਮ ਦਖਲ ਦਿੰਦੀ ਹੈ ।

ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਸੰਘ ਪਰਿਵਾਰ ਤਾਂ ਪੈਦਾ ਹੀ ਇਸ ਕੰਮ ਲਈ ਕੀਤਾ ਗਿਆ ਹੈ । ਰਾਧਾ ਸਵਾਮੀ ਸੰਗਠਨ ਹਿੰਦੂਤਵੀ ਮੰਚ ਦਾ ਬਹੁਤ ਸਿੱਕੇਬੰਦ ਅੱਡਾ ਹੈ ।ਸਰਕਾਰਾਂ ਅੰਦਰ ਇਸ ਦਾ ਦਖਲ ਚਲਦਾ ਆਇਆ ਹੈ ।ਇਸ ਸੰਗਠਨ ਅੰਦਰ ਸਰਕਾਰਾਂ ਦਾ ਰਕਾਣ ਬਣ ਕੇ ਬੈਠਣ ਦਾ ਹੱਕ ਕਿਉੰ ਨਾ ਹੋਵੇ !