ਬਾਦਲ ਦਲ ਨੂੰ ਵੱਡਾ ਝਟਕਾ - ਸਾਬਕਾ ਨਗਰ ਕੌਂਸਲ ਪ੍ਰਧਾਨ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ 'ਚ ਹੋਏ ਸ਼ਾਮਲ
ਅੰਮ੍ਰਿਤਸਰ ਟਾਈਮਜ਼
ਸੰਗਰੂਰ ( ਜਗਸੀਰ ਲੌਂਗੋਵਾਲ )- ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸ੍ਰ. ਰਿਪੁਦਮਨ ਸਿੰਘ ਢਿੱਲੋਂ ਆਪਣੇ ਸਾਥੀਆਂ ਸਮੇਤ ਬਾਦਲ ਦਲ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਗਏ | ਸ੍ਰ. ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ਵਿਖੇ ਅੱਜ ਸੰਗਰੂਰ ਤੋਂ ਗਠਜੋੜ ਉਮੀਦਵਾਰ ਅਰਵਿੰਦ ਖੰਨਾ ਅਤੇ ਹਲਕਾ ਲਹਿਰਾ ਤੋਂ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਮੌਜੂਦਗੀ ਵਿੱਚ ਸ਼ਾਮਲ ਹੋਣ ਉਪਰੰਤ ਸ੍ਰ. ਢਿੱਲੋਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਸਨ, ਪਰ ਸ਼੍ਰੋਮਣੀ ਅਕਾਲੀ ਦਲ (ਬ) ਹੁਣ ਪਹਿਲਾਂ ਵਾਲਾ ਦਲ ਨਹੀਂ ਰਿਹਾ, ਸਗੋਂ ਬਾਦਲ ਦਲ ਤੱਕ ਸੀਮਿਤ ਹੋ ਕੇ ਰਿਹਾ ਗਿਆ ਹੈ | ਇਸ ਪਾਰਟੀ ਵਿੱਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ, ਸਿਰਫ ਪਰਿਵਾਰਵਾਦ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਅਕਾਲੀ ਦਲ ਬਾਦਲ ਵੱਲੋਂ ਉਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਅਕਾਲੀ ਸੰਘਰਸ਼ ਵਿੱਚ ਕੋਈ ਰੋਲ ਹੀ ਨਹੀਂ ਹੈ | ਜਦੋਂਕਿ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਹਮੇਸ਼ਾ ਪਾਰਟੀ ਤੋਂ ਪਹਿਲਾਂ ਲੋਕ ਹਿੱਤਾਂ ਦੀ ਗੱਲ ਕੀਤੀ ਹੈ ਅਤੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਹਨ | ਇਸ ਲਈ ਉਨ੍ਹਾਂ ਨੇ ਬਾਦਲ ਦਲ ਨੂੰ ਅਲਵਿਦਾ ਆਖ ਕੇ ਸ੍ਰ. ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣਾ ਹੀ ਬਿਹਤਰ ਸਮਝਿਆ | ਉਹ ਪਹਿਲਾਂ ਵੀ ਸ੍ਰ. ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਲੋਕ ਸੇਵਾ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ | ਇਸ ਮੌਕੇ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਰਿਪੁਦਮਨ ਸਿੰਘ ਢਿੱਲੋਂ ਅਤੇ ਸਾਥੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਭਰਵਾਂ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸ੍ਰ. ਸੁਖਦੇਵ ਸਿੰਘ ਢੀਂਡਸਾ ਅਤੇ ਪਾਰਟੀ ਵੱਲੋਂ ਪੂਰਾ ਮਾਣ ਸਨਮਾਨ ਮਿਲਦਾ ਰਹੇਗਾ |
Comments (0)