ਜਨਵਾਦੀ ਲੇਖਕ ਸੰਘ ਵੱਲੋਂ ਕਹਾਣੀ ਧਾਰਾ ਦਾ ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ ਜਾਰੀ
ਅੰਮ੍ਰਿਤਸਰ ਟਾਈਮਜ਼
ਅਮ੍ਰਿਤਸਰ :- ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿਚ ਨਿਰੰਤਰ ਕਾਰਜ ਸ਼ੀਲ ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਮੁਖ ਰਸਾਲੇ ਕਹਾਣੀ ਧਾਰਾ ਦਾ "ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ" ਜਾਰੀ ਕੀਤਾ ਗਿਆ। ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸੰਖੇਪ ਪਰ ਅਰਥ ਭਰਪੂਰ ਇਸ ਸਮਾਗਮ ਵਿਚ ਸ਼ਾਇਰ ਦੇਵ ਦਰਦ ਨੇ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਰਸਾਲੇ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਲ ਨਾਲ ਮਾਤ ਭਾਸ਼ਾ ਦੀ ਬੇਹਤਰੀ ਲਈ ਗੌਲਣਯੋਗ ਭੂਮਿਕਾ ਨਿਭਾਉਂਦੇ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਕਹਾਣੀ ਧਾਰਾ ਰਸਾਲੇ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਹਾਣੀ ਧਾਰਾ ਨੇ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਗਲਪ ਲਈ ਮੁਲਵਾਨ ਕੰਮ ਕਰਦਿਆਂ ਨਵੇਂ ਅਤੇ ਪੁਰਾਣੇ ਲੇਖਕਾਂ ਨੂੰ ਮਹਤਵਪੂਰਨ ਸਥਾਨ ਵੀ ਦਿਤਾ ਹੈ ਅਤੇ ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ ਵਾਂਗ ਹੀ ਮਾਂ ਵਿਸ਼ੇਸ਼ ਅੰਕ, ਬਾਪ ਵਿਸ਼ੇਸ਼ ਅੰਕ, ਬੇ ਕਤਾਬੇ ਕਹਾਣੀਕਾਰ ਵਿਸ਼ੇਸ਼ ਅੰਕ, ਸ਼ਾਹਮੁਖੀ ਕਹਾਣੀ ਵਿਸ਼ੇਸ਼ ਅੰਕ ਆਦਿ ਜਾਰੀ ਕਰਕੇ ਪੰਜਾਬੀ ਰਸਾਲਿਆਂ ਵਿਚ ਮੋਹਰੀ ਰੋਲ ਅਦਾ ਕੀਤਾ ਹੈ।
ਕਹਾਣੀ ਧਾਰਾ ਦੇ ਸੰਪਾਦਕ ਅਤੇ ਪ੍ਰਮੁਖ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ ਬਾਰੇ ਗਲ ਕਰਦਿਆਂ ਦੱਸਿਆ ਕਿ ਬੇਸ਼ੱਕ ਪ੍ਰੇਮ ਗੋਰਖੀ ਵਕਾਰੀ ਇਨਾਮਾਂ ਸਨਮਾਨਾਂ ਤੋਂ ਅਣਗੌਲਿਆ ਰਿਹਾ ਲੇਕਨ ਉਹਦੇ ਕਥਾਕਾਰ ਸੰਸਾਰ ਨੇ ਮਾਨਵੀ ਰਿਸ਼ਤਿਆਂ ਦੀ ਕਾਸੀਦਾ ਕਾਰੀ ਕਰਦਿਆਂ ਅਜਿਹੇ ਪ੍ਰਭਾਵ ਸਿਰਜੇ ਕਿ ਗੋਰਖੀ ਲੋਕ ਮਨਾਂ ਅੰਦਰ ਹਮੇਸ਼ਾਂ ਲਈ ਵਸ ਗਿਆ। ਇਸੇ ਲਈ ਉਹਨਾਂ ਇਸ ਅੰਕ ਦੀ ਤਰਤੀਬ ਦਸਤਾਵੇਜ਼ੀ ਬਣਾਉਣ ਲਈ ਤਸਵੀਰਾਂ, ਮੁਲਾਕਾਤਾਂ, ਗੋਰਖੀ ਦੇ ਸਵੈ ਕਥਨ ਆਦਿ ਛਾਪੇ ਹਨ ਤਾਂ ਜੋ ਪਾਠਕਾਂ ਨੂੰ ਗੋਰਖੀ ਦੀ ਸਖਸ਼ੀਅਤ ਅਤੇ ਸਾਹਿਤ ਪ੍ਰਤੀ ਬਣੀ ਸਮਝ ਦਾ ਪਤਾ ਲਗ ਸਕੇ। ਇਸ ਸਮੇਂ ਪਰਮਜੀਤ ਕੌਰ, ਪੂਨਮ ਸ਼ਰਮਾ, ਸ਼ਮੀ ਮਹਾਜਨ ਅਤੇ ਅੰਕਿਤਾ ਸਹਿਦੇਵ ਨੇ ਵੀ ਕਹਾਣੀ ਧਾਰਾ ਦੇ ਇਸ ਵਿਸ਼ੇਸ਼ ਅੰਕ ਬਾਰੇ ਵਿਚਾਰ ਰੱਖੇ।
Comments (0)