ਨਵਜੋਤ ਸਿੱਧੂ ਸੀਐੱਮ ਚੰਨੀ ਦੇ ਕੰਮਕਾਜ ਤੋਂ ਵੀ ਸੰਤੁਸ਼ਟ ਨਹੀਂ
*ਦਿੱਤੀ ਚੁਣੌਤੀ, ਡਰੱਗਜ਼ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਤਾਂ ਮੈਨੂੰ ਦੇ ਦਿਉ, ਮੈਂ ਕਰ ਦਿਆਂਗਾ ਜਨਤਕ
*ਕੈਪਟਨ ਸਭ ਤੋਂ ਵੱਡਾ ਫਰਾਡ ਤੇ ਕਾਇਰ- ਨਵਜੋਤ ਸਿੱਧੂ
*ਸਿੱਧੂ ਦਾ ਦਾਅਵਾ ਕਿ ਵਿਧਾਨ ਸਭਾ ਚੋਣਾਂ ’ਚ ਉਹ ਕਾਂਗਰਸ ਨੂੰ 80 ਤੋਂ 100 ਸੀਟਾਂ ਜਿਤਾਉਣਗੇ
*ਸਿੱਧੂ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਨਤਮਸਤਕ ਹੋਏ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੰਘ ਸਿੱਧੂ ( ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਣ ਤਕ ਦੇ ਕੰਮਕਾਜ ਤੋਂ ਵੀ ਸੰਤੁਸ਼ਟ ਨਹੀਂ ਹਨ। ਜਿਨ੍ਹਾਂ ਮੁੱਦਿਆ ਨੂੰ ਲੈ ਕੇ ਉਹ ਕੈਪਟਨ ਨੂੰ ਘੇਰਦੇ ਸਨ, ਉਨ੍ਹਾਂ ਮੁੱਦਿਆਂ ’ਤੇ ਉਨ੍ਹਾਂ ਨੇ ਚੰਨੀ ’ਤੇ ਹਮਲਾ ਕੀਤਾ। ਉਨ੍ਹਾਂ ਪਾਰਟੀ ਦੇ ਸੂਬਾਈ ਪ੍ਰਧਾਨ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਜਦੋਂ ਤਕ ਐਡਵੋਕੇਟ ਜਨਰਲ ਤੇ ਡੀਜੀਪੀ ਨਹੀਂ ਹਟਾਏ ਜਾਂਦੇ ਉਦੋਂ ਤਕ ਉਹ ਕਾਂਗਰਸ ਭਵਨ ਨਹੀਂ ਜਾਣਗੇ।ਸਿੱਧੂ ਨੇ ਕਿਹਾ, ‘ਦੋ ਮੁੱਦੇ ਸਨ, ਬੇਅਦਬੀ ਤੇ ਡਰੱਗਜ਼। ਇਕ ਮੁੱਖ ਮੰਤਰੀ ਨੂੰ ਹਟਾਇਆ, ਦੂਜੇ ਨੂੰ ਲਗਾਇਆ। 90 ਦਿਨਾਂ ਦੀ ਸਰਕਾਰ ਹੈ। 50 ਦਿਨ ਬੀਤ ਗਏ, ਪਰ ਇਨ੍ਹਾਂ ਦੋਵੇਂ ਮੁੱਦਿਆਂ ’ਤੇ ਕੁਝ ਨਹੀਂ ਹੋਇਆ।’ਸਿੱਧੂ ਨੇ ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ, ‘ਜੇਕਰ ਸਰਕਾਰ ’ਚ ਡਰੱਗਜ਼ ਮਾਮਲੇ ਦੀ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਹੈ, ਤਾਂ ਇਹ ਰਿਪੋਰਟ ਪਾਰਟੀ ਨੂੰ ਦੇਣ। ਮੈਂ ਜਨਤਕ ਕਰ ਦਿਆਂਗਾ। ਮੇਰੇ ਵਿਚ ਹਿੰਮਤ ਹੈ ਤੇ ਦਮ ਵੀ।’ਸਿੱਧੂ ਨੇ ਕਿਹਾ, ‘ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅੱਖ ਦਾ ਤਾਰਾ ਰਹੇ ਇਕਬਾਲ ਪ੍ਰੀਤ ਸਿੰਘ ਸਹੋਤਾ ਤੇ ਸੈਣੀ ਨੂੰ ਬਲੈਂਕਟ ਬੇਲ ਦਿਵਾਉਣ ਵਾਲੇ ਏਪੀਐੱਸ ਦਿਓਲ ਨੂੰ ਡੀਜੀਪੀ ਤੇ ਏਜੀ ਲਗਾਇਆ ਗਿਆ। ਇਨ੍ਹਾਂ ਨੇ ਬਾਦਲਾਂ ਨੂੰ ਸੁਰੱਖਿਆ ਕਵੱਚ ਦਿੱਤਾ। ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਹੀ 2015 ਵਿਚ ਐੱਸਆਈਟੀ ਦਾ ਮੁਖੀ ਹੁੰਦੇ ਹੋਏ ਬਰਗਾੜੀ ਕਾਂਡ ’ਵਿਚ ਕਲੀਨ ਚਿੱਟ ਦੇ ਦਿੱਤੀ ਸੀ। ਸਾਨੂੰ ਚੋਣਾਂ ਵਿਚ ਲੋਕਾਂ ਨੂੰ ਇਸ ਮੁੱਦੇ ’ਤੇ ਜਵਾਬ ਦੇਣਾ ਪਵੇਗਾ। ਡਰੱਗਜ਼ ਮੁੱਦੇ ਨੂੰ ਰੋਸ਼ਨੀ ’ਚ ਲਿਆਉਣ ਵਾਲੇ ਰਾਹੁਲ ਗਾਂਧੀ ਸਨ। ਸਾਨੂੰ ਹਾਈਕਮਾਨ ਦੀ ਸੋਚ ’ਤੇ ਪਹਿਰਾ ਦੇਣਾ ਪਵੇਗਾ।
ਚਿਹਰਾ ਲੋਕ ਬਣਦੇ ਹਨ
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਚਿਹਰਾ ਕੌਣ ਹੋਵੇਗਾ, ਇਸ ਦੇ ਜਵਾਬ ’ਚ ਸਿੱਧੂ ਨੇ ਕਿਹਾ, ‘ਫੇਸ ਲੋਕ ਬਣਾਉਂਦੇ ਹਨ। ਮੈਂ ਛੇ ਵਾਰੀ ਚੋਣ ਜਿੱਤਿਆ। ਕਾਂਗਰਸ ਵਿਚ ਆਉਣ ਤੋਂ ਪਹਿਲਾਂ 70 ਵਾਰੀ ਪ੍ਰਸ਼ਾਂਤ ਕਿਸ਼ੋਰ ਨੇ ਮੇਰੇ ਨਾਲ ਬੈਠਕ ਕੀਤੀ।’
80 ਤੋਂ 100 ਸੀਟਾਂ ਉਤੇ ਜਿੱਤ ਹਾਸਲ ਕਰਾਂਗੇ: ਸਿੱਧੂ
ਸਿੱਧੂ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ’ਚ ਉਹ ਕਾਂਗਰਸ ਨੂੰ 80 ਤੋਂ 100 ਸੀਟਾਂ ਜਿਤਾਉਣਗੇ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਲਈ ਰਣਨੀਤੀ ਬਣਾਉਣਗੇ ਜਾਂ ਨਹੀਂ, ਇਸ ’ਤੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪਾਰਟੀ ਕਰੇਗੀ।
500 ਵਾਅਦੇ ਕਰਨ ਜਾਂ ਲਾਲੀਪਾਪ ਦੇਣ ਨਾਲ ਗੱਲ ਨਹੀਂ ਬਣੇਗੀ
ਸਿੱਧੂ ਨੇ ਕਿਹਾ ਕਿ 500 ਵਾਅਦੇ ਕਰਨ ਜਾਂ ਲਾਲੀਪਾਪ ਦੇਣ ਨਾਲ ਗੱਲ ਨਹੀਂ ਬਣੇਗੀ। ਇਹ ਤੈਅ ਕਰਨਾ ਪਵੇਗਾ ਕਿ ਪੰਜਾਬ ਨੂੰ ਇਕ ਵੈੱਲਫੇਅਰ ਸਟੇਟ ਬਣਾਉਣਾ ਹੈ ਜਾਂ ਸਿਰਫ਼ ਚੋਣ ਜਿੱਤਣ ਲਈ ਵਾਅਦੇ ਕਰਨੇ ਹਨ। ਇਸ ’ਤੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਸਿੱਧੂ ਨੇ ਕਿਹਾ, ‘ਜੇਕਰ ਮੈਂ ਲਾਲੀਪਾਪ ਵਾਲੀ ਗੱਲ ਕਹਿੰਦਾ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਸਰਕਾਰ ’ਤੇ ਹਮਲਾ ਕਰ ਰਿਹਾ ਹਾਂ। ਅਰਵਿੰਦ ਕੇਜਰੀਵਾਲ ਪੰਜਾਬ ਆ ਕੇ 26 ਲੱਖ ਨੌਕਰੀਆਂ ਤੇ ਬਿਜਲੀ ’ਤੇ ਵਾਅਦੇ ਕਰ ਕੇ ਜਾਂਦੇ ਹਨ। ਮੈਂ ਨਾਂ ਨਹੀਂ ਲੈਂਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਮੈਂ ਮੁੱਖ ਮੰਤਰੀ ’ਤੇ ਹਮਲਾ ਕਰ ਰਿਹਾ ਹਾਂ।’ਸਿੱਧੂ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਨਤਮਸਤਕ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਸ਼ੁੱਕਰਵਾਰ ਨੂੰ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਸੀ ਤੇ ਦੂਸਰੇ ਹੀ ਦਿਨ ਸ਼ਨਿਚਰਵਾਰ ਨੂੰ ਬਿਨਾਂ ਕਿਸੇ ਰਸਮੀ ਪ੍ਰੋਗਰਾਮ ਦੇ ਉਹ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਨਤਮਸਤਕ ਹੋਏ। ਇਸ ਬਾਰੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਜਾਣਕਾਰੀ ਦਿੱਤੀ। ਸਿੱਧੂ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾਵਾਂ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ।ਜ਼ਿਕਰਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇਸੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕੀਤਾ ਗਿਆ ਸੀ ਤੇ ਕੁਝ ਸਮੇਂ ਬਾਅਦ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਸਿੱਧੂ ਨੇ ਵਿਸਾਖੀ ਮੌਕੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਸੀ ਤੇ ਬੇਅਦਬੀ ਦੀਆਂ ਘਟਨਾਵਾਂ 'ਚ ਇਨਸਾਫ਼ ਦਿਵਾਉਣ ਦਾ ਸੰਕਲਪ ਕੀਤਾ ਸੀ।
ਸਿੱਧੂ ਵਲੋਂ ਕੈਪਟਨ ਦੀ ਤਿਖੀ ਆਲੋਚਨਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਕੜੇ ਹਮਲੇ ਕੀਤੇ ਤੇ ਕਿਹਾ ਕਿ ਕੈਪਟਨ ਹੁਣ ਇਕੱਲਾ ਹੈ ਤੇ ਉਸ ਦੀ ਪਤਨੀ ਤੱਕ ਵੀ ਨਾਲ ਨਹੀਂ ਹੈ । ਸਿੱਧੂ ਨੇ ਕਿਹਾ ਕਿ ਕੈਪਟਨ ਚੱਲਿਆ ਕਾਰਤੂਸ ਹੈ ਤੇ ਉਹ (ਸਿੱਧੂ) ਕਿਸੇ ਚੱਲੇ ਹੋਏ ਕਾਰਤੂਸ ਨਾਲ ਕਦੇ ਗੱਲ ਨਹੀਂ ਕਰਦੇ । ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੈਪਟਨ ਦੀ ਹਾਲਤ ਤਾਂ ਅਜਿਹੀ ਹੋ ਗਈ ਹੈ ਕਿ ਉਸ ਦੇ ਨਾਲ ਇਕ ਕੌਂਸਲਰ ਤੱਕ ਖੜ੍ਹਾ ਨਹੀਂ ਦਿਖ ਰਿਹਾ । ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਛੇਤੀ ਹੀ ਨਵੀਆਂ ਲੋਕ ਹਿੱਤੂ ਨੀਤੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਨਾਲ ਸੂਬੇ 'ਚ ਸੁਧਾਰ ਹੋਵੇਗਾ | ਇਸ ਤੋਂ ਇਲਾਵਾ ਰੇਤ ਦੇ ਰੇਟ ਨਿਰਧਾਰਿਤ ਕੀਤੇ ਜਾਣਗੇ, ਜਿਸ ਨਾਲ ਪੰਜਾਬੀਆਂ ਨੂੰ ਇਮਾਰਤ ਉਸਾਰੀ ਵਿਚ ਵੱਡੀ ਰਾਹਤ ਮਿਲੇਗੀ । ਉਨ੍ਹਾਂ ਕਿਹਾ ਕਿ ਸ਼ਰਾਬ, ਰੇਤ, ਟਰਾਂਸਪੋਰਟ ਆਦਿ ਮਾਫੀਆ ਨੂੰ ਜੜੋਂ ਖ਼ਤਮ ਕਰਕੇ ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਲਈ ਚੰਗੀ ਨੀਤੀ ਤੇ ਨੀਅਤ ਚਾਹੀਦੀ ਹੈ, ਜਿਸ ਦੀ ਤਾਜ਼ਾ ਉਦਾਹਰਣ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੇਸ਼ ਕਰਦੇ ਹੋਏ ਸਿਰਫ ਕੁਝ ਦਿਨਾਂ 'ਚ ਹੀ ਪੰਜਾਬ ਰੋਡਵੇਜ਼ ਨੂੰ ਰੋਜ਼ਾਨਾ 50 ਲੱਖ ਰੁਪਏ ਦਾ ਮੁਨਾਫਾ ਕਮਾਉਣ ਦੇ ਕਾਬਿਲ ਬਣਾ ਦਿੱਤਾ ਹੈ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ 'ਤੇ ਵਰ੍ਹਦਿਆਂ ਕਿਹਾ ਕਿ ਸੱਤਾ ਦੌਰਾਨ ਇਨ੍ਹਾਂ ਲੋਕਾਂ ਨੇ ਕੁਦਰਤੀ ਸ੍ਰੋਤਾਂ ਦੀ ਅੰਨ੍ਹੇਵਾਹ ਲੁੱਟ ਕਰਕੇ ਪੰਜਾਬ ਨੂੰ ਬਦਹਾਲੀ ਦੇ ਕਿਨਾਰੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ।ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਜੇਕਰ ਕੈਪਟਨ ਨੂੰ ਰੇਤ ਮਾਫੀਆ ਸਬੰਧੀ ਜਾਣਕਾਰੀ ਸੀ ਤਾਂ ਉਨ੍ਹਾਂ ਠੋਸ ਕਾਰਵਾਈ ਨਾ ਕਰਦੇ ਹੋਏ ਆਪਣੀ ਕਾਇਰਤਾ ਤੇ ਬੁਜ਼ਦਿਲੀ ਦਾ ਸਬੂਤ ਦਿੱਤਾ ।
Comments (0)