ਸੁਖਬੀਰ ਬਾਦਲ ਪਹੁੰਚੇ ਅਕਾਲ ਤਖਤ , ਜਥੇਦਾਰ ਨੂੰ ਚਿੱਠੀ ਸੌਂਪ ਕੇ ਜਲਦੀ ਫੈਸਲਾ ਲੈਣ ਦੀ ਕੀਤੀ ਮੰਗ

ਸੁਖਬੀਰ ਬਾਦਲ ਪਹੁੰਚੇ ਅਕਾਲ ਤਖਤ , ਜਥੇਦਾਰ ਨੂੰ  ਚਿੱਠੀ ਸੌਂਪ ਕੇ  ਜਲਦੀ ਫੈਸਲਾ ਲੈਣ ਦੀ ਕੀਤੀ ਮੰਗ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ –  ਸਖਬੀਰ ਸਿੰਘ ਬਾਦਲ  ਅਚਾਨਕ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਹਨ ਅਤੇ ਇਕ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ (ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਚ ਸੌਂਪਦੇ ਹਨ। ਤਿੰਨ ਸਫਿਆਂ ਦੀ ਇਸ ਚਿੱਠੀ ਵਿਚ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨਾਂ ਤੋਂ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਕੋਈ ਫੈਸਲਾ ਲੈਣ ਦੀ ਮੰਗ ਕਰਦੇ ਹਨ।

ਸੁਖਬੀਰ ਸਿੰਘ ਬਾਦਲ ਨੇ ਸਿੰਘ ਸਾਹਿਬਾਨਾਂ ਤੋਂ ਮੰਗ ਕਰਦਿਆਂ ਚਿੱਠੀ ਵਿਚ ਲਿਖਿਆ ਕਿ ਮਾਨਯੋਗ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਦਾਸ ਨੂੰ ਤਨਖਾਹੀਆ ਕਰਾਰ ਦਿੱਤੇ ਗਏ ਨੂੰ ਢਾਈ ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਚੁੱਕਿਆ ਹੈ। ਇੱਕ ਨਿਮਾਣੇ ਸੇਵਕ ਵਜੋਂ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ-ਆਪ ਨੂੰ ਪੰਥਕ, ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਤੋਂ ਦੂਰ ਰੱਖਿਆ ਹੋਇਆ ਹੈ। ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਪਰ ਦਾਸ ਇਸ ਸਮੇਂ ਚਾਹੁੰਦੇ ਹੋਏ ਵੀ ਇਹਨਾਂ ਗੰਭੀਰ ਹਾਲਾਤਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਮਦਦ ਕਰਨ ਵਿੱਚ ਅਸਮਰੱਥ ਹੈ। ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਉਤੇ ਵੀ ਭਾਰੀ ਅਸਰ ਪੈ ਰਿਹਾ ਹੈ। ਇਸ ਲਈ ਦਾਸ ਅੱਜ ਫਿਰ ਨਿਮਾਣੇ ਸੇਵਕ ਵਜੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਦੋਬਾਰਾ ਜੋਦੜੀ ਕਰਦਾ ਹਾਂ ਕਿ ਹੋਇਆ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾ ਕੇ ਗੁਰ-ਮਰਿਆਦਾ ਅਨੁਸਾਰ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਇਆ ਜਾਣਾ ਹੈ ਉਹ ਲਗਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਦਾਸ ਹਰ ਹੁਕਮ ਦੀ ਪਾਲਣਾ ਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ।