ਐਧਰਲੇ ਸਿਸਟਮ ਦਾ ਬਾਬਾ ਬਨਾਮ ਸੁਖਬੀਰ ਬਾਦਲ
ਅੱਜ ਕੱਲ੍ਹ ਬਾਬਿਆਂ ਦਾ ਬੋਲਬਾਲਾ ਕੁੱਝ ਜਿਆਦਾ ਹੀ ਹੈ।ਇੱਥੋਂ ਤੱਕ ਕਿ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਬਤੌਰ ਪ੍ਰਧਾਨ ਓਨਾ ਤਾਕਤਵਾਰ ਅਤੇ ਇੱਜ਼ਤਦਾਰ ਮਹਿਸੂਸ ਨਹੀ ਕਰਦੇ,ਜਿੰਨਾਂ ਉਨ੍ਹਾਂ ਲਈ ਇੱਕ ਡੇਰੇਦਾਰ ਬਾਬਾ ਤਾਕਤਵਾਰ ਅਤੇ ਰਸੂਖ਼ਦਾਰ ਹੁੰਦਾ ਹੈ, ਇਹੋ ਕਾਰਨ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਵੋਟਾਂ ਦੇ ਸਮੇ ਵੱਖ ਵੱਖ ਡੇਰਿਆਂ ਵਿੱਚ ਜੁੱਤੀਆਂ ਝਾੜਦੇ ਅਤੇ ਨੱਕ ਰਗੜਦੇ ਦੇਖੇ ਜਾ ਸਕਦੇ ਹਨ।
ਕਈ ਵਾਰ ਇਹ ਡੇਰਾ ਮੋਹ ਐਨਾ ਭਾਰੀ ਪੈ ਜਾਂਦਾ ਹੈ,ਜਿਸ ਦਾ ਖਮਿਆਜਾ ਦੋਵਾਂ ਧਿਰਾਂ (ਸਿਆਸੀ ਆਗੂਆਂ ਅਤੇ ਲੋਕਾਂ) ਨੂੰ ਬਹੁਤ ਵੱਡੇ ਮੁੱਲ ਤਾਰਕੇ ਭੁਗਤਣਾ ਪੈਂਦਾ ਹੈ।ਕਿਸੇ ਵੀ ਕੌਮ ਲਈ,ਕਿਸੇ ਵੀ ਮਜ੍ਹਬ ਲਈ,ਕਿਸੇ ਫਿਰਕੇ ਲਈ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਜਦੋਂ ਉਨ੍ਹਾਂ ਦਾ ਸਭ ਤੋਂ ਵੱਡਾ ਤੇ ਤਾਕਤਵਰ ਆਗੂ ਖੁਦ ਹੀ ਆਪਣੀ ਕੌਮ ਅਤੇ ਆਪਣੇ ਧਰਮ ਨਾਲ ਬੇਵਫ਼ਾਈ ਕਰਨ ਦਾ ਸਭ ਤੋਂ ਵੱਡਾ ਗੁਨਾਹਗਾਰ ਸਾਬਤ ਹੋ ਜਾਵੇ ।
ਇਹੋ ਜਿਹੇ ਦੁਖਾਂਤ ਨੂੰ ਸਿੱਖ ਕੌਮ ਪਿਛਲੇ ਲੰਮੇ ਅਰਸੇ ਤੋਂ ਆਪਣੇ ਤਨ ਮਨ ਤੇ ਹੰਢਾਉਂਦੀ ਆ ਰਹੀ ਹੈ | ਇਹ ਦੁਖਾਂਤ ਉਸ ਮੌਕੇ ਤਾਂ ਹੋਰ ਵੀ ਦੁਖਦਾਈ ਬਣ ਗਿਆ,ਜਦੋਂ ਇਸ ਕੌਮ ਦਾ ਖੈਰ ਖਵਾਹ,ਕੌਮ ਦਾ ਸਭ ਤੋਂ ਵੱਡਾ ਆਗੂ,ਕੌਮ ਦੀ ਨੁਮਾਇੰਦਾ ਪਾਰਟੀ ਦਾ ਮੁਖੀਆ ਮਹਿਜ ਸੱਤਾ ਦੀ ਭੁੱਖ ਨੂੰ ਪੂਰਾ ਕਰਨ ਖਾਤਰ ਭਾਵ ਪੰਜਾਬ ਸੂਬੇਦਾਰੀ ਲੈਣ ਖਾਤਰ ਸਿੱਖਾਂ ਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ,ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਕੌਮ ਦੇ ਹਾਜ਼ਰ ਨਾਜ਼ਰ ਗੁਰੂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਢਾਹ ਲਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਗਿਆ ।ਡੇਰਾ ਸਿਰਸਾ ਦੇ ਮੁਖੀ ਵੱਲੋਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਰਚ 1699 ਦੀ ਵਿਸਾਖੀ ਵਾਲੇ ਦਿਨ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਜ਼ਮੀਨ ਖਰੀਦ ਕੇ ਵਸਾਏ ਗਏ ਨਗਰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੰਜ ਸਿੱਖਾਂ ਦੇ ਸੀਸ ਲੈ ਕੇ ਖਾਲਸਾ ਪ੍ਰਗਟ ਕਰਨ ਹਿਤ ਤਿਆਰ ਕੀਤੇ ਖੰਡੇ ਬਾਟੇ ਦੀ ਪਾਹੁਲ ਦੇ ਅਲੌਕਿਕ ਸੰਕਲਪ ਦੀ ਨਕਲ ਕਰਦਿਆਂ ਗੁਰੂ ਸਾਹਿਬ ਵਰਗੀ ਪੁਸ਼ਾਕ ਪਾ ਕੇ ਤਿਆਰ ਕੀਤੇ 'ਜਾਮ ਏ ਇਨਸਾਂ' ਦੇ ਢੌਂਗ ਰਚਣ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੱਕ ਦੇ ਸਾਰੇ ਪ੍ਰਕਰਣ ਵਿੱਚ ਕਿਤੇ ਨਾ ਕਿਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਭਾਗੀਦਾਰੀ ਜੱਗ ਜਾਹਰ ਹੋ ਰਹੀ ਹੈ ।ਬੀਤੇ ਦਿਨੀਂ ਹੀ ਟੈਲੀ ਮੀਡੀਆ ਵਿਚ ਪ੍ਰਸਾਰਿਤ ਹੋਈ ਬੇਅਦਬੀ ਮਾਮਲਿਆਂ ਵਿੱਚ ਮੁੱਖ ਗਵਾਹ ਬਣੇ ਡੇਰੇ ਦੇ ਸਿਆਸੀ ਵਿੰਗ ਦੇ ਤਤਕਾਲੀ ਮੁਖੀ ਪਰਦੀਪ ਕਲੇਰ ਦੀ ਇੰਟਰਵਿਊ ਨੇ ਜਿੱਥੇ ਬਹੁਤ ਸਾਰੇ ਭਰਮ ਭੁਲੇਖੇ ਦੂਰ ਕੀਤੇ ਹਨ ਅਤੇ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਤੋਂ ਮਖੌਟੇ ਵੀ ਉਤਾਰ ਦਿੱਤੇ ਹਨ,ਓਥੇ ਸਿੱਖ ਕੌਮ ਲਈ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਇਹ ਵੱਡੇ ਸਦਮੇ ਵਾਲੀ ਖਬਰ ਹੋਵੇਗੀ,ਜਿਹੜੇ ਹੁਣ ਤੱਕ ਅਕਾਲੀ ਦਲ ਦੇ ਉਪਰੋਕਤ ਆਗੂਆਂ ਨੂੰ ਹੀ ਅਸਲ ਪੰਥ ਸਮਝਕੇ ਕੌਮ ਦੀ ਹੋਣੀ ਉਨ੍ਹਾਂ ਉਪਰ ਛੱਡ ਦਿੰਦੇ ਰਹੇ ਹਨ । ਡੇਰੇ ਦੇ ਸਿਆਸੀ ਵਿੰਗ ਦਾ ਸਾਬਕਾ ਮੁਖੀ ਇਹ ਸਪੱਸ਼ਟ ਤੌਰ ਤੇ ਕਹਿ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਹਦੇ ਸਾਥੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੁਲਾਈ 2007 ਵਿੱਚ ਡੇਰਾ ਮੁਖੀ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਣ ਦੇ ਹੁਕਮਨਾਮੇ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਇੱਕ ਨਹੀਂ ਬਲਕਿ ਅਨੇਕਾਂ ਵਾਰ ਡੇਰਾ ਮੁਖੀ ਦੀ ਹਾਜ਼ਰੀ ਭਰਦੇ ਰਹੇ ਹਨ । ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਦੇ ਮੁੱਦੇ ਤੇ ਗੱਲ ਕਰਦਿਆਂ ਦੱਸਦੇ ਹਨ ਕਿ ਡੇਰਾ ਮੁਖੀ ਦੇ ਸਾਰੇ ਪ੍ਰੋਗਰਾਮ ਪੰਜਾਬ ਅੰਦਰ ਸਿੱਖਾਂ ਨੇ ਬੰਦ ਕਰ ਦਿੱਤੇ ਸਨ ਅਤੇ ਉਸ ਦੀ ਪਹਿਲੀ ਫਿਲਮ ਵੀ ਪੰਜਾਬ ਵਿੱਚ ਚੱਲਣ ਨਹੀਂ ਸੀ ਦਿੱਤੀ ਅਤੇ ਜਦੋਂ ਡੇਰਾ ਮੁਖੀ ਦੀ ਦੂਜੀ ਫਿਲਮ ਆਈ ਤਾਂ ਪੰਜਾਬ ਵਿੱਚ ਫਿਲਮ ਨੂੰ ਚਲਾਉਣ ਲਈ ਉਸ ਮੌਕੇ ਉਹਨਾਂ (ਡੇਰਾ ਮੁਖੀ ਅਤੇ ਹਨੀਪ੍ਰੀਤ) ਨੇ ਸਾਨੂੰ (ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ) ਨੂੰ ਬੁਲਾ ਕੇ ਕਿਹਾ ਸੀ ਕਿ ਸੁਖਬੀਰ ਬਾਦਲ ਨਾਲ ਜਾਕੇ ਗੱਲ ਕਰੋ ਕਿ ਹੁਣ ਤੱਕ ਅਸੀ ਉਨ੍ਹਾਂ ਦੀ ਚੋਣਾਂ ਵਿੱਚ ਮੱਦਦ ਕਰਦੇ ਆ ਰਹੇ ਹਾਂ,ਹੁਣ ਉਹ ਸਾਡੀ ਮੱਦਦ ਕਰਨ ਅਤੇ ਕੁੱਝ ਵੀ ਹੱਲ ਕੱਢ ਕੇ ਮੇਰੇ ਪ੍ਰੋਗਰਾਮ ਪੰਜਾਬ ਵਿੱਚ ਕਰਨ ਲਈ ਮੱਦਦ ਕਰਨ ਅਤੇ ਫਿਲਮ ਨੂੰ ਪੰਜਾਬ ਵਿੱਚ ਚਲਾਉਣ ਦਾ ਇੰਤਜਾਮ ਕਰਨ । ਉਨ੍ਹਾਂ ਦੱਸਿਆ ਕਿ ਮੈਂ ਜ਼ਿਆਦਾ ਦਿੱਲੀ ਦੇ ਕੰਮ ਦੇਖਦਾ ਸੀ ਅਤੇ ਹਰਸ਼ ਦੀ ਜ਼ਿੰਮੇਵਾਰੀ ਪੰਜਾਬ ਦੇਖਣ ਦੀ ਸੀ,ਇਸ ਲਈ ਮੈ ਹਰਸ਼ ਨੂੰ ਨਾਲ ਲੈ ਕੇ ਸੁਖਬੀਰ ਦੀ ਕੋਠੀ 12 ਸਫਦਰਗੰਜ ਰੋਡ ਗਿਆ ਅਤੇ ਉਨ੍ਹਾਂ ਨਾਲ ਮਿਲਕੇ ਡੇਰਾ ਮੁਖੀ ਦਾ ਸੁਨੇਹਾ ਦਿੱਤਾ | ਉਸ ਮੌਕੇ ਸੁਖਬੀਰ ਨੇ ਹਿੱਕ ਤੇ ਹੱਥ ਮਾਰ ਕੇ ਕਿਹਾ ਸੀ ਕਿ ਜਿਸ ਤਰ੍ਹਾਂ ਤੁਹਾਡੇ ਵਾਲੇ ਸਿਸਟਮ ਦਾ ਉਹ ਬਾਬਾ ਹੈ,ਉਸ ਤਰ੍ਹਾਂ ਹੀ ਐਧਰਲੇ ਸਿਸਟਮ ਦਾ ਮੈਂ ਬਾਬਾ ਹਾਂ,ਕਹਿਣ ਤੋਂ ਭਾਵ ਕਿ ਸਿੱਖਾਂ ਵਾਲੇ ਸਿਸਟਮ ਦਾ ਬਾਬਾ ਮੈਂ ਹਾਂ,ਭਾਵ ਸੁਖਬੀਰ ਸਿੰਘ ਬਾਦਲ ਹੈ,ਇਸ ਲਈ ਤੁਸੀ ਕੋਈ ਫਿਕਰ ਜਾਂ ਪ੍ਰਵਾਹ ਨਾ ਕਰੋ ਮੈਂ ਸਾਰੇ ਇੰਤਜਾਮ ਕਰਾਂਗਾ,ਉਹਦੇ ਲਈ ਬਾਬੇ ਤੋਂ ਇੱਕ ਮੁਆਫੀਨਾਮੇ ਦਾ ਪੱਤਰ ਲਿਖਵਾ ਕੇ ਲੈ ਆਓ,ਜਿਸ ਦੇ ਜਰੀਏ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਬੇ ਨੂੰ ਮੁਆਫ਼ੀ ਦਿਵਾ ਦੇਣਗੇ | ਉਹ ਅੱਗੇ ਦੱਸਦਾ ਹੈ ਕਿ ਅਸੀ ਸੁਖਬੀਰ ਦਾ ਇਹ ਸੁਨੇਹਾ ਲੈਕੇ ਬਾਬੇ ਨੂੰ ਬੰਬੇ ਜਾ ਕੇ ਮਿਲੇ ਅਤੇ ਸਾਰਾ ਕੁੱਝ ਦੱਸਿਆ,ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਸਪੱਸ਼ਟੀਕਰਨ ਹਿੰਦੀ ਵਿੱਚ ਲਿਖ ਕੇ ਸਾਨੂੰ ਦੇ ਦਿੱਤਾ ਗਿਆ,ਜਿਸ ਦੇ ਬਿਲਕੁਲ ਹੇਠਾਂ ਬਾਬੇ ਦੇ ਹਸਤਾਖ਼ਰ ਸਨ | ਉਹ ਦੱਸਦਾ ਹੈ ਕਿ ਦਲਜੀਤ ਚੀਮਾ ਅਤੇ ਸੁਖਬੀਰ ਨੇ ਉਸ ਸਪੱਸ਼ਟੀਕਰਨ ਦਾ ਪੰਜਾਬੀ ਅਨੁਵਾਦ ਕਰਨ ਸਮੇ ਉਸ ਪੱਤਰ ਅਤੇ ਹਸਤਾਖਰਾਂ ਦੇ ਵਿਚਕਾਰ ਬਚਦੀ ਕੁੱਝ ਥਾਂ ਵਿੱਚ ਖਿਮਾਂ ਦਾ ਜਾਚਕ ਸਬਦ ਆਪ ਹੀ ਲਿਖ ਦਿੱਤਾ ਅਤੇ ਜਦੋਂ ਦੂਜੇ ਦਿਨ ਅਖਬਾਰਾਂ ਵਿੱਚ ਇਹ ਖਬਰਾਂ ਛਪੀਆਂ ਤਾਂ ਬਾਬਾ ਇਸ ਗੱਲ ਤੇ ਪਹਿਲਾਂ ਸਾਡੇ ਨਾਲ ਨਰਾਜ਼ ਹੋਇਆ ਕਿ ਖਿਮਾਂ ਦਾ ਜਾਚਕ ਸ਼ਬਦ ਦੀ ਮੈਂ ਵਰਤੋਂ ਨਹੀ ਕੀਤੀ,ਕਿਉਂਕਿ ਮੈ ਸਪੱਸ਼ਟੀਕਰਨ ਦਿੱਤਾ ਹੈ ।ਮੁਆਫੀਨਾਮਾ ਨਹੀ ਸੀ ਦਿੱਤਾ,ਉਹ ਦੱਸਦਾ ਹੈ ਕਿ ਸਾਨੂੰ ਇਹ ਸਪੱਸ਼ਟੀਕਰਨ ਬਾਬੇ ਨੂੰ ਦੇਣਾ ਪਿਆ ਕਿ ਇਹ ਸ਼ਬਦ ਖਿਮਾਂ ਦਾ ਜਾਚਕ ਅਸੀਂ ਨਹੀ ਬਲਕਿ ਖੁਦ ਸੁਖਬੀਰ ਅਤੇ ਦਲਜੀਤ ਚੀਮੇ ਨੇ ਲਿਖਿਆ ਹੈ | ਉਸ ਤੋਂ ਬਾਅਦ ਜਦੋ ਸਿੱਖ ਕੌਮ ਨੇ ਉਸ ਮੁਆਫੀਨਾਮੇ ਨੂੰ ਰੱਦ ਕਰ ਦਿੱਤਾ ਤਾਂ ਸੁਖਬੀਰ ਨੇ ਬਾਬੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਲਈ ਕਿਹਾ,ਪਰ ਬਾਬੇ ਨੇ ਸ੍ਰੀ ਅਕਾਲ ਤਖਤ ਸਾਹਿਬ ਆਉਣ ਤੋਂ ਜਵਾਬ ਦੇ ਦਿੱਤਾ।ਜਿਸ ਦਾ ਹੱਲ ਕੱਢਣ ਲਈ ਸੁਖਬੀਰ ਨੇ ਬਾਬੇ ਤੋਂ ਦੂਜਾ ਪੱਤਰ ਜਾਰੀ ਕਰਵਾਇਆ ।ਉਹ ਇਹ ਵੀ ਸਾਫ ਦੱਸਦਾ ਹੈ ਕਿ ਸੁਖਬੀਰ 2012 ਦੀਆਂ ਚੋਣਾਂ ਸਮੇ ਵੀ ਗੁਪਤ ਤੌਰ 'ਤੇ ਡੇਰਾ ਸਿਰਸਾ ਵਿਖੇ ਜਾ ਕੇ ਬਾਬੇ ਨੂੰ ਮਿਲਿਆ,ਉਸ ਤੋ ਬਾਅਦ 2017 ਦੀਆਂ ਚੋਣਾਂ ਸਮੇ ਵੀ ਦੋ ਵਾਰ ਬਾਬੇ ਨੂੰ ਮਿਲਿਆ ।ਉਹ ਦੱਸਦਾ ਹੈ ਕਿ ਡੇਰੇ ਵੱਲੋਂ 2017 ਵਿੱਚ ਵੀ ਖੁੱਲ ਕੇ ਅਕਾਲੀ ਦਲ ਦੀ ਮੱਦਦ ਕੀਤੀ ਗਈ ਅਤੇ 2019 ਵਿੱਚ ਵੀ ਸੁਖਬੀਰ ਅਤੇ ਹਰਸਿਮਰਤ ਦੀ ਮੱਦਦ ਕੀਤੀ ਗਈ ਸੀ । ਸੋ ਉਪਰੋਕਤ ਸਾਰੇ ਖੁਲਾਸਿਆਂ ਦੇ ਮੱਦੇਨਜਰ ਇਹ ਸੋਚਣਾ ਬਣਦਾ ਹੈ ਕਿ ਮੰਨ ਲਓ ਪ੍ਰਦੀਪ ਕਲੇਰ ਵੱਲੋਂ ਕੀਤੇ ਖੁਲਾਸਿਆਂ ਵਿੱਚ ਬਹੁਤ ਸਾਰਾ ਝੂਠ ਵੀ ਬੋਲਿਆ ਗਿਆ ਹੋਵੇ,ਜੇਕਰ ਸਾਰੇ ਖੁਲਾਸਿਆਂ ਵਿੱਚ ਅੱਧੀ ਸਚਾਈ ਵੀ ਹੋਵੇ, ਤਾਂ ਵੀ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਦੇ ਵੱਡੇ ਦੋਸ਼ੀ ਹਨ ।ਕਿਉਂਕਿ ਉਹ ਕੌਮ ਦੇ ਵੱਡੇ ਆਗੂ ਹਨ ।ਲੰਮਾ ਸਮਾਂ ਸਿੱਖ ਕੌਮ ਬਾਦਲ ਪਰਿਵਾਰ ਨੂੰ ਹੀ ਪੰਥ ਸਮਝ ਕੇ ਉਹਨਾਂ ਨੂੰ ਆਪਣੀ ਹੋਣੀ ਦੇ ਮਾਲਕ ਬਣਾਉਂਦੀ ਰਹੀ ਹੈ । ਜੇਕਰ ਅੱਧੇ ਤੋਂ ਵੀ ਘੱਟ ਸਚਾਈ ਹੋਵੇ,ਫਿਰ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਗੁਨਾਹ ਬਖਸ਼ਣ ਯੋਗ ਨਹੀ ਹਨ ।ਉਨ੍ਹਾਂ ਨੇ ਕੌਮ ਦੇ ਭਰੋਸੇ ਨੂੰ ਵੀ ਤੋੜਿਆ ਹੈ ਅਤੇ ਆਪਣੇ ਗੁਰੂ ਨਾਲ ਵੀ ਧੋਖਾ ਕਰਨ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਵੱਡੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਵੱਲੋਂ ਬੋਲੇ ਗਏ ਇਹ ਸਬਦ:- ਕਿ “ਓਧਰਲੇ ਸਿਸਟਮ ਦਾ ਤੁਹਾਡਾ ਬਾਬਾ ਹੈ ਅਤੇ ਐਧਰਲੇ ਸਿਸਟਮ ਦਾ ਬਾਬਾ ਮੈਂ ਹਾਂ”, ਸੁਖਬੀਰ ਨਹੀ ਬਲਕਿ ਉਹਨਾਂ ਦਾ ਸੱਤਾ ਦੇ ਨਸ਼ੇ ਵਿੱਚ ਹੰਕਾਰ ਬੋਲਿਆ ਹੈ ।ਕਾਸ਼ ! ਕਿ ਮੌਜੂਦਾ ਸਮੇਂ ਵਿੱਚ ਵੀ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਵਰਗੇ ਜਥੇਦਾਰ ਹੁੰਦੇ,ਜਿਹੜੇ ਆਪਣੇ ਮਹਾਰਾਜੇ ਨੂੰ ਦਰੱਖਤ ਨਾਲ ਬੰਨਕੇ ਕੋੜੇ ਮਾਰਨ ਦੀ ਸਜ਼ਾ ਦੇਕੇ ਸਬਕ ਸਿਖਾਉਣ ਦੀ ਜੁਰਅਤ ਰੱਖਦੇ ਸਨ।ਪ੍ਰੰਤੂ ਮੌਜੂਦਾ ਜਥੇਦਾਰਾਂ ਤੋਂ ਇਹ ਆਸ ਨਹੀ ਕੀਤੀ ਜਾ ਸਕਦੀ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਅਕਲ ਟਿਕਾਣੇ ਕਰ ਸਕਣ। ਕਿਉਂਕਿ ਤਨਖਾਹ-ਦਾਰ ਮੁਲਾਜ਼ਮ ਨੇ ਹਮੇਸ਼ਾ ਆਪਣੇ ਮਾਲਕ ਪ੍ਰਤੀ ਵਫਾ ਹੀ ਪਾਲਣੀ ਹੈ,ਇਹਦੇ ਵਿੱਚ ਹੀ ਉਹਨਾਂ ਦੇ ਨਿੱਜੀ ਹਿਤਾਂ ਦੇ ਸੁਰੱਖਿਅਤ ਰਹਿਣ ਦੀ ਸੰਭਾਵਨਾ ਛੁਪੀ ਹੋਈ ਹੁੰਦੀ ਹੈ ।
ਇਸ ਲਈ ਭਾਵੇਂ ਮੌਜੂਦਾ ਮੁਲਾਜ਼ਮ ਕੌਮ ਦੇ ਜਥੇਦਾਰ ਬਣਕੇ ਇਤਿਹਾਸ ਸਿਰਜਣ ਦੇ ਸਮਰੱਥ ਨਹੀ ਹੋ ਸਕਣਗੇ,ਪਰ ਮੌਜੂਦਾ ਜਥੇਦਾਰਾਂ ਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਮੀਰੀ ਪੀਰੀ ਦੇ ਤਖਤ ਤੇ ਬੈਠ ਕੇ ਲਏ ਗਏ ਗਲਤ ਫੈਸਲੇ ਕੌਮ ਲਈ ਤਾਂ ਘਾਤਕ ਹੋਣਗੇ ਹੀ,ਪ੍ਰੰਤੂ ਉਹਨਾਂ ਦੀਆਂ ਅਪਣੀਆਂ ਨਸਲਾਂ ਲਈ ਵੀ ਸਦੀਆਂ ਤੱਕ ਕੌਮੀ ਨਫਰਤ ਦੇ ਬੀਜ ਬੀਜਣ ਦੇ ਵੀ ਜ਼ਿੰਮੇਵਾਰ ਹੋਣਗੇ | ਇਸ ਸਾਰੇ ਘਟਨਾਕ੍ਰਮ ਵਿੱਚ ਇਕੱਲਾ ਸੁਖਬੀਰ ਸਿੰਘ ਬਾਦਲ ਦੋਸ਼ੀ ਨਹੀ,ਬਲਕਿ ਉਹ ਸਾਰੇ ਹੀ ਅਕਾਲੀ ਬਰਾਬਰ ਦੇ ਦੋਸ਼ੀ ਹਨ,ਜਿਹੜੇ ਜਾਂ ਤਾਂ ਸੱਤਾ ਸੁਖ ਦੇ ਲਾਲਚ ਵਿੱਚ ਮੂਕ ਦਰਸ਼ਕ ਬਣੇ ਰਹੇ ਅਤੇ ਜਾਂ ਫਿਰ ਬਾਦਲ ਪਰਿਵਾਰ ਦੀਆਂ ਆਪ ਹੁਦਰੀਆਂ ਤੇ ਸਹੀ ਪਾਉਂਦੇ ਰਹੇ ਹਨ | ਕੌਮ ਦੇ ਕਟਹਿਰੇ ਵਿੱਚ ਇਹ ਸਾਰੇ ਹੀ ਲੋਕ ਕਦੇ ਮੁਆਫ ਨਹੀ ਹੋ ਸਕਣਗੇ,ਭਾਂਵੇਂ ਉਹ ਹੁਣ ਆਪਣੇ ਆਪ ਨੂੰ ਬਾਦਲ ਪਰਿਵਾਰ ਤੋਂ ਵੱਖ ਕਰਨ ਦੀ ਕਿੰਨੀ ਵੀ ਕੋਸ਼ਿਸ਼ ਕਰ ਲੈਣ। ਅਗਲੀ ਗੱਲ ਉਸ ਵਾਅਦਾ ਮੁਆਫ ਗਵਾਹ ਪਰਦੀਪ ਕਲੇਰ ਦੀ ਕਰਦੇ ਹਾਂ,ਜਿਹੜਾ ਹੁਣ ਕਨੂੰਨੀ ਪ੍ਰਕਿਰਿਆ ਤੋਂ ਡਰਦਾ ਵਾਅਦਾ ਮੁਆਫ ਗਵਾਹ ਬਣਕੇ ਆਪਣੀ ਬੰਦ ਖਲਾਸੀ ਚਾਹੁੰਦਾ ਹੈ | ਉਹਦੇ ਵੱਲੋਂ ਡੇਰਾ ਸਿਰਸਾ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਆਪਸੀ ਸਬੰਧਾਂ ਅਤੇ ਸਾਰੇ ਘਟਨਾਕਰਮ ਤੋ ਪਰਦਾ ਚੁੱਕਣ ਤੋ ਬਾਅਦ ਜਿਸ ਤਰ੍ਹਾਂ ਸਿੱਖ ਕੌਮ ਤੋਂ ਹਮਦਰਦੀ ਦੀ ਆਸ ਰੱਖਦਿਆਂ ਹਮਾਇਤ ਦੀ ਮੰਗ ਕੀਤੀ ਗਈ ਹੈ,ਉਹ ਸਾਰਾ ਵਰਤਾਰਾ ਬਿਲਕੁਲ ਉਸ ਤਰਾਂ ਦਾ ਹੈ,ਜਿਸ ਤਰ੍ਹਾਂ ਪਿਛਲੇ ਕੁੱਝ ਸਾਲਾਂ ਵਿੱਚ ਪਿੰਕੀ ਕੈਟ ਦਾ ਵਰਤਾਰਾ ਰਿਹਾ ਹੈ ।
ਪਿੰਕੀ ਕੈਟ ਸੈਂਕੜੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਮਾਰਨ ਦਾ ਦੋਸ਼ੀ ਰਿਹਾ ਹਾਂ ।ਫਿਰ ਜਦੋਂ ਉਹਨੂੰ ਜਾਪਿਆ ਕਿ ਸਰਕਾਰ ਵੱਲੋਂ ਉਹਨੂੰ ਉਹ ਸਹੂਲਤਾਂ ਅਤੇ ਰੁਤਬਾ ਨਹੀ ਦਿੱਤਾ ਗਿਆ ਜਿਸਦੀ ਉਹ ਆਸ ਕਰਦਾ ਸੀ,ਤਾਂ ਉਹਨੇ ਮੀਡੀਏ ਵਿੱਚ ਆਕੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਸੁਮੇਧ ਸੈਣੀ ਸਮੇਤ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਲੋਕ ਕਚਹਿਰੀ ਵਿੱਚ ਨੰਗਾ ਕਰ ਦਿੱਤਾ ।
ਹੁਣ ਇੱਥੇ ਇਹ ਸੋਚਣਾ ਬਣਦਾ ਹੈ ਕਿ ਜਦੋ ਪਿੰਕੀ ਨੂੰ ਸਰਕਾਰ ਵੱਲੋਂ ਜਾਂ ਉਹਦੇ ਮਹਿਕਮੇ ਵੱਲੋਂ ਨਜ਼ਰਅੰਦਾਜ ਕਰ ਦਿੱਤਾ ਗਿਆ,ਫਿਰ ਹੀ ਉਹਨੇ ਇਹ ਖੁਲਾਸੇ ਕੀਤੇ,ਪਰ ਇਹ ਵੀ ਸੱਚ ਹੈ ਕਿ ਦਰਜਨਾਂ ਬੇਦੋਸ਼ੇ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਦੇ ਦੋਸ਼ੀ ਕੌਂਮ ਦੀ ਹਮਦਰਦੀ ਅਤੇ ਹਮਾਇਤ ਦਾ ਹੱਕਦਾਰ ਕਿਵੇਂ ਬਣ ਸਕਦਾ ਸੀ,ਠੀਕ ਉਸੇ ਤਰ੍ਹਾਂ ਹੀ ਪ੍ਰਦੀਪ ਕਲੇਰ ਜਿਹੜਾ ਸਾਰੇ ਪਾਪਾਂ ਵਿੱਚ ਡੇਰਾ ਸਿਰਸਾ ਮੁਖੀ ਦੇ ਬਰਾਬਰ ਦੇ ਦੋਸ਼ੀਆਂ 'ਚੋਂ ਇੱਕ ਰਿਹਾ ਹੈ,ਉਹ ਸਿੱਖ ਕੌਮ ਦੀ ਹਮਦਰਦੀ ਅਤੇ ਹਮਾਇਤ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ ?ਅਜੇ ਤੱਕ ਉਕਤ ਵਾਅਦਾ ਮੁਆਫ ਗਵਾਹ ਨੇ ਸਿੱਖ ਕੌਮ ਦੇ ਹਿਰਦੇ ਵਲੂੰਧਰ ਰਹੀਆਂ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਬੰਧੀ ਇੱਕ ਸਬਦ ਤੱਕ ਤੱਕ ਨਹੀਂ ਬੋਲਿਆ।ਭਾਵੇਂ ਸਿੱਖਾਂ ਦੀ ਹਮਦਰਦੀ ਤਾਂ ਉਹਨੂੰ ਕਿਸੇ ਵੀ ਸ਼ਰਤ ਤੇ ਮਿਲਣੀ ਸੰਭਵ ਨਹੀਂ,ਪਰ ਫਿਰ ਵੀ ਜਦੋ ਉਹਨੇ ਮੀਡੀਏ ਨੂੰ ਇੱਥੋਂ ਤੱਕ ਦੱਸ ਹੀ ਦਿੱਤਾ ਹੈ,ਫਿਰ ਬੇਅਦਬੀਆਂ ਦੇ ਸਬੰਧ ਵਿੱਚ ਵੀ ਸੱਚੋ ਸੱਚ ਖੁਲਾਸੇ ਕਰ ਦੇਣੇ ਚਾਹੀਦੇ ਹਨ।ਜਿੰਨੀ ਦੇਰ ਸਾਰਾ ਕੁੱਝ ਸਪੱਸ਼ਟ ਨਹੀ ਹੁੰਦਾ,ਓਨੀ ਦੇਰ ਉਪਰੋਕਤ ਇੰਟਰਵਿਊ ਸਬੰਧੀ ਦੁਬਿਧਾ ਬਣੀ ਰਹੇਗੀ।ਸੋ ਉਪਰੋਕਤ ਪਾਪਾਂ ਦੇ ਘੜੇ ਦੇ ਭਰ ਭਰ ਕੇ ਉਛਲਣ ਨਾਲ ਹੋਰ ਕੌਣ ਕੌਣ ਲੋਕ ਕਟਹਿਰੇ ਵਿੱਚ ਨੰਗੇ ਹੋਣਗੇ,ਦੇਖਣ, ਵਿਚਾਰਨ ਅਤੇ ਚਿੰਤਾ ਵਾਲੀ ਗੱਲ ਇਹ ਵੀ ਹੋਵੇਗੀ।
ਬਘੇਲ ਸਿੰਘ ਧਾਲੀਵਾਲ
99142-58142
Comments (0)