ਮੋਹਾਲੀ ਦੇ ਖੁਫੀਆ ਵਿਭਾਗ ਦੀ ਇਮਾਰਤ 'ਤੇ ਗਰਨੇਡ ਹਮਲਾ, ਪੰਜਾਬ ਵਿਚ ਹਾਈ ਅਲਰਟ
ਐੱਨਆਈਏ ਟੀਮ ਕਰੇਗੀ ਜਾਂਚ
* ਪੰਜਾਬ ਪੁਲੀਸ ਵੱਲੋਂ ਸਿਟ ਕਾਇਮ * ਪੁਲੀਸ ਵੱਲੋਂ ਇਕ ਦਰਜਨ ਸ਼ੱਕੀ ਹਿਰਾਸਤ ਵਿਚ
*ਹਮਲੇ ਨੇ ਪੁਲੀਸ ਤੰਤਰ ਧੁਰ ਅੰਦਰ ਤੱਕ ਹਿਲਾਇਆ
*ਪੰਜਾਬ ਦੇ ਇਤਿਹਾਸ ਵਿੱਚ ਰਾਕੇਟ ਨਾਲ ਬੰਬ ਦਾਗਣ ਦੀ ਪਹਿਲੀ ਘਟਨਾ ਵਾਪਰੀ
ਅੰਮ੍ਰਿਤਸਰ ਟਾਈਮਜ਼
ਐਸਏਐਸ ਨਗਰ: ਬੀਤੇ ਦਿਨੀਂ ਇੰਟੀਲੀਜੈਂਸੀ ਵਿਭਾਗ ਦੀ ਇਮਾਰਤ 'ਤੇ ਗਰਨੇਡ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਤੀਜੀ ਮੰਜ਼ਿਲ 'ਤੇ ਰਾਕੇਟ ਪ੍ਰੋਪੈਨਲ ਗ੍ਰੇਨੇਡ ਨਾਲ ਧਮਾਕਾ ਹੋਇਆ ਹੈ। ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਹਮਲੇ ਦੇ ਮੱਦੇਨਜ਼ਰ ਪੰਜਾਬ ਵਿਚ ਹਾਈ ਅਲਰਟ ਕੀਤਾ ਗਿਆ ਹੈ।ਮੋਹਾਲੀ ਪੁਲਿਸ ਅਨੁਸਾਰ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।
ਮੋਹਾਲੀ ਦੇ ਐੱਸਪੀ (ਡੀ) ਰਵਿੰਦਰ ਪਾਲ ਨੇ ਕਿਹਾ ਕਿ ਪੰਜਾਬ ਇੰਟੈਲੀਜੈਂਸ ਹੈੱਡ ਕੁਆਟਰ ਦੀ ਇਮਾਰਤ 'ਤੇ ਮਾਮੂਲੀ ਹਮਲਾ ਹੋਇਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਮਾਰਤ ਦੀ ਖਿੜਕੀ ਟੁੱਟੀ ਹੈ, ਦਫ਼ਤਰ ਦੇ ਅੰਦਰ ਕੋਈ ਨੁਕਸਾਨ ਨਹੀਂ ਹੋਇਆ। ਸੜਕ ਵਾਲੇ ਪਾਸੇ ਤੋਂ ਹਮਲਾ ਹੋਇਆ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਪੁਲੀਸ ਨੇ ਪੁੱਛ ਪੜਤਾਲ ਲਈ ਕਰੀਬ ਦਰਜਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਡੀਜੀਪੀ ਨੇ ਸਪੱਸ਼ਟ ਕੀਤਾ ਹੈ ਕਿ ਫ਼ਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਧਰ ਦਿੱਲੀ ਤੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਵੀ ਮੌਕੇ ’ਤੇ ਪੁੱਜ ਗਈ ਹੈ। ਟੀਮ ਨੇ ਇਲਾਕੇ ਦਾ ਮੁਆਇਨਾ ਕੀਤਾ। ਪੁਲੀਸ ਨੇ ਹਮਲੇ ਨੂੰ ਅੰਜਾਮ ਦੇਣ ਲਈ ਟੀਐਨਟੀ ਬਾਰੂਦ ਦੀ ਵਰਤੋਂ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਵੀ.ਕੇ.ਭਾਵਰਾ ਨੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਚ ਗ੍ਰਨੇਡ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ। ਇਸੇ ਦੌਰਾਨ ਪੰਜਾਬ ਪੁਲੀਸ ਨੇ ਹਮਲੇ ਲਈ ਵਰਤਿਆ ਰੂਸ ਦਾ ਬਣਿਆ ਲਾਂਚਰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ।
ਐੱਨਆਈਏ ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਅਧਿਕਾਰਤ ਤੌਰ ’ਤੇ ਕੇਸ ਦੀ ਜਾਂਚ ਕਰ ਰਹੀ ਹੈ ਜਦੋਂਕਿ ਐੱਨਆਈਏ ਕੇਂਦਰੀ ਏਜੰਸੀ ਹੋਣ ਦੇ ਨਾਤੇ ਇਲਾਕੇ ਦਾ ਮੁਆਇਨਾ ਕਰਨ ਆਈ ਹੈ। ਸਿੰਘ ਨੇ ਕਿਹਾ ਕਿ ਐੱਨਆਈਏ ਟੀਮ ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਮਸ਼ਕੂਕਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਪੁਲੀਸ ਵੱਲੋਂ ਕੀਤੀ ਸ਼ੁਰੂਆਤੀ ਪੜਤਾਲ ਤੋਂ ਇਹੀ ਸੰਕੇਤ ਮਿਲਿਆ ਹੈ ਕਿ ਹਮਲੇ ਪਿੱਛੇ ਦੋ ਕਾਰ ਸਵਾਰਾਂ ਦਾ ਹੱਥ ਹੋ ਸਕਦਾ ਹੈ। ਹਮਲੇ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਇਮਾਰਤ ਦੇ ਬਾਹਰ ਸਫ਼ੇਦ ਰੰਗ ਦੀ ਡਿਜ਼ਾਇਰ ਕਾਰ ਵੇਖੀ ਗਈ ਸੀ। ਇਮਾਰਤ ਵਿੱਚ ਕੋਈ ਸੀਸੀਟੀਵੀ ਕੈਮਰਾ ਨਾ ਲੱਗਾ ਹੋਣ ਕਰਕੇ ਪੁਲੀਸ ਵੱਲੋਂ ਨੇੜਲੇ ਇਲਾਕਿਆਂ/ਖੇਤਰਾਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਨੇੜੇ ਰਹਿੰਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਪੁਲੀਸ ਨੇ ਹਮਲੇ ਲਈ ਵਰਤਿਆ ਰੂਸ ਦਾ ਬਣਿਆ ਲਾਂਚਰ ਬਰਾਮਦ ਕਰ ਲਿਆ ਹੈ। ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਦੇ ਸੁਰੱਖਿਆ ਇੰਚਾਰਜ ਸਬ-ਇੰਸਪੈਕਟਰ ਬਲਕਾਰ ਸਿੰਘ ਦੇ ਬਿਆਨਾਂ ਉੱਤੇ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਆਈਪੀਸੀ, ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਅਤੇ ਧਮਾਕਾਖੇਜ਼ ਸਮੱਗਰੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਹਮਲੇ ਪਿੱਛੇ ਗੈਂਗਸਟਰ ਤੋਂ ਖਾੜਕੂ ਬਣੇ ਹਰਵਿੰਦਰ ਸਿੰਘ ਰਿੰਦਾ, ਜੋ ਇਸ ਵੇਲੇ ਪਾਕਿਸਤਾਨ ਵਿੱਚ ਹੈ, ਦੀ ਸ਼ਮੂਲੀਅਤ ਦਾ ਸ਼ੱਕ ਹੈ।
ਪੁਲਿਸ ਦਹਿਸ਼ਤ ਵਿਚ
ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਅਤਿ ਸੁਰੱਖਿਆ ਵਾਲੀ ਇਮਾਰਤ ’ਤੇ ਹਮਲੇ ਨੇ ਪੁਲੀਸ ਸੁਰੱਖਿਆ ਦੀ ਹੀ ਪੋਲ ਨਹੀਂ ਖੋਲ੍ਹੀ ਸਗੋਂ ਪੁਲੀਸ ਨੂੰ ਵੱਡੀ ਚੁਣੌਤੀ ਵੀ ਦਿੱਤੀ ਹੈ। ਸੂਬੇ ਵਿੱਚ 80ਵਿਆਂ ਤੋਂ ਲੈ ਕੇ 90ਵਿਆਂ ਦੇ ਅੱਧ ਤੱਕ ਚੱਲੇ ਪੰਜਾਬ ਸੰਤਾਪ ਦੌਰਾਨ ਵੀ ਕੋਈ ਖਾੜਕੂ ਜਥੇਬੰਦੀ ‘ਰਾਕੇਟ ਲਾਂਚਰ’ ਨਾਲ ਪੁਲੀਸ ਇਮਾਰਤ ਜਾਂ ਪੁਲੀਸ ਅਧਿਕਾਰੀ ਨੂੰ ਨਿਸ਼ਾਨਾ ਨਹੀਂ ਸੀ ਬਣਾ ਸਕੀ। ਪੰਜਾਬ ਦੇ ਇਤਿਹਾਸ ਵਿੱਚ ਵਾਪਰੀ ਇਹ ਪਹਿਲੀ ਘਟਨਾ ਹੈ ਜਿਸ ਨੇ ਪੁਲੀਸ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਸ ਮਾਮਲੇ ਦੀ ਜਾਂਚ ਕਾਊਂਟਰ ਇੰਟੈਲੀਜੈਂਸ ਤੇ ਜ਼ਿਲ੍ਹਾ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਹੈ। ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਸੀਨੀਅਰ ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਮਾਮੂਲੀ ਧਮਾਕਾ ਨਹੀਂ ਸੀ। ਫੋਰੈਂਸਿਕ ਮਾਹਿਰਾਂ ਦੀ ਮੁੱਢਲੀ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਧਮਾਕੇ ਲਈ ਵਰਤਿਆ ਗਿਆ ਬੰਬ ਕਿਸੇ ਆਰਡੀਨੈਂਸ ਫੈਕਟਰੀ ਦਾ ਬਣਾਇਆ ਹੋਇਆ ਹਾਈ ਗਰੇਡ ਬੰਬ ਸੀ। ਜਿਸ ਰਾਕੇਟ ਰਾਹੀਂ ਇਹ ਦਾਗਿਆ ਗਿਆ ਹੈ, ਉਸ ਦੀ ਮਾਰ ਵੀ 300 ਤੋਂ 500 ਮੀਟਰ ਤੱਕ ਕਿਆਸੀ ਗਈ ਹੈ। ਅਧਿਕਾਰੀਆਂ ਮੁਤਾਬਕ ਬੰਬ ਦੇ ਨਿਸ਼ਾਨੇ ਤੋਂ ਖੁੰਝਣ ਕਰ ਕੇ ਵੱਡੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਸ ਇਮਾਰਤ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਅਤੇ ਅਤਿਵਾਦ ਵਿਰੋਧੀ ਦਸਤੇ ਨਾਲ ਸਬੰਧਤ ਪੁਲੀਸ ਅਧਿਕਾਰੀਆਂ ਦੇ ਦਫ਼ਤਰ ਮੌਜੂਦ ਹਨ। ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਹਮਲੇ ਵਾਲੇ ਹਿੱਸੇ ਵਿੱਚ ਅਹਿਮ ਅਫ਼ਸਰਾਂ ਦੇ ਦਫ਼ਤਰ ਹੀ ਨਹੀਂ ਸਗੋਂ ਇੰਟੈਲੀਜੈਂਸ ਨਾਲ ਸਬੰਧਤ ਸਾਜ਼ੋ-ਸਾਮਾਨ ਵੀ ਸਥਾਪਤ ਕੀਤਾ ਹੋਇਆ ਹੈ। ਪੁਲੀਸ ਵੱਲੋਂ ਇਸ ਇਮਾਰਤ ਦੀ ਸੁਰੱਖਿਆ ਲਈ ਹੋਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਪੰਜਾਬ ਪੁਲੀਸ ਦੇ ਮੁਖੀ ਵੀ.ਕੇ. ਭਾਵੜਾ ਨੇ ਕਿਹਾ ਕਿ ਬਿਨਾਂ ਸ਼ੱਕ ਇਹ ਘਟਨਾ ਖਾੜਕੂ ਕਾਰਾ ਹੈ। ਉਨ੍ਹਾਂ ਪੁਲੀਸ ਵੱਲੋਂ ਇਹ ਮਾਮਲਾ ਜਲਦ ਸੁਲਝਾਉਣ ਦਾ ਦਾਅਵਾ ਕੀਤਾ ਹੈ। ਦੂਸਰੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਖ਼ਤਰੇ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੁਹਾਲੀ ਵਿੱਚ ਹੋਏ ਧਮਾਕੇ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
Comments (0)