ਪੰਜਾਬ ਵਿੱਚ ਨਵੀਂ ਪੰਥਕ ਪਾਰਟੀ ਦੇ ਗਠਨ ਦੀ ਚਰਚਾ!

ਪੰਜਾਬ ਵਿੱਚ ਨਵੀਂ ਪੰਥਕ ਪਾਰਟੀ ਦੇ ਗਠਨ ਦੀ ਚਰਚਾ!

ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਾਂਸਦ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਰੂੁਪ ਵਿੱਚ ਨਵੀਂ ਪੰਥਕ ਲੀਡਰਸ਼ਿਪ ਦਾ ਉਭਾਰ ਚਰਚਾ ਦੇ ਵਿੱਚ ਹੈ।

ਦੋਵਾਂ ਨੌਜਵਾਨ ਪੰਥਕ ਆਗੂਆਂ ਤੋਂ ਸਿੱਖ ਪੰਥ ਨੂੰ ਬਹੁਤ ਉਮੀਦਾਂ ਹਨ। ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਉਹਨਾਂ ਦੇ ਸਮਰਥਕ ਹੀ ਪੰਥਕ ਸਰਗਰਮੀਆਂ ਚਲਾ ਰਹੇ ਹਨ। ਹੁਣ ਸਾਂਸਦ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਐਲਾਨ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਨਵੀਂ ਪਾਰਟੀ ਦਾ ਗਠਨ ਕੀਤਾ ਜਾਵੇਗਾ। ਪੰਥਕ ਸਿਆਸਤ ਦੇ ਮੁੜ ਪੂਰੀ ਤਰ੍ਹਾਂ ਉਭਾਰ ਲਈ ਅਤੇ ਪੰਥ ਦੇ ਅਹਿਮ ਮਸਲੇ ਹੱਲ ਕਰਵਾਉਣ ਲਈ ਨਵੀਂ ਪੰਥਕ ਪਾਰਟੀ ਦੀ ਲੋੜ ਇਸ ਸਮੇਂ ਪੰਥ ਨੂੰ ਮਹਿਸੂਸ ਹੋ ਰਹੀ ਹੈ। ਲੰਬਾ ਸਮਾਂ ਪੰਥ ਦੀ ਅਗਵਾਈ ਕਰਨ ਵਾਲੀ ਪੰਥਕ ਪਾਰਟੀ ਅਕਾਲੀ ਦਲ ਇਸ ਸਮੇਂ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਗਈ ਹੈ, ਜਿਸ ਕਰਕੇ ਪੰਜਾਬ ਵਿੱਚ ਹੋਰ ਕੋਈ ਅਜਿਹੀ ਪਾਰਟੀ ਨਹੀਂ ਜੋ ਕਿ ਪੰਥਕ ਪਾਰਟੀ ਕਹਿਲਾਅ ਸਕੇ। ਹੋਰਨਾਂ ਸਿਆਸੀ ਪਾਰਟੀਆਂ ਨੇ ਪੰਥਕ ਮੁੱਦਿਆਂ ਤੋਂ ਇੱਕ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੋਈ ਹੈ। ਇਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਪੰਥਕ ਮੁੱਦਿਆਂ ਤੋਂ ਦੂਰੀ ਬਣਾਈ ਹੋਈ ਹੈ, ਜਿਸ ਕਰਕੇ ਪੰਜਾਬ ਵਿੱਚ ਨਵੀਂ ਪੰਥਕ ਪਾਰਟੀ ਦੀ ਲੋੜ ਵੱਡੇ ਪੱਧਰ ’ਤੇ ਮਹਿਸੂਸ ਕੀਤੀ ਜਾ ਰਹੀ ਹੈ।   

ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਦੀ ਸਿਆਸਤ ’ਤੇ ਪੰਥਕ ਸੋਚ ਵਾਲੇ ਆਗੂਆਂ ਦਾ ਵੱਡਾ ਪ੍ਰਭਾਵ ਰਿਹਾ ਹੈ ਅਤੇ ਪੰਥਕ ਸੋਚ ਨੂੰ ਪ੍ਰਨਾਏ ਆਗੂ ਸਿਆਸਤ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਕਿਸੇ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਪੰਥ ਦੇ ਨਾਲ ਪੰਜਾਬ ਦੀ ਸਿਆਸਤ ’ਤੇ ਵੀ ਪੂਰਾ ਪ੍ਰਭਾਵ ਹੁੰਦਾ ਸੀ ਅਤੇ ਉਹਨਾਂ ਨੇ ਪੰਜਾਬ ਦੇ ਸੀਨੀਅਰ ਆਗੂ ਵਜੋਂ ਵਿਚਰਦਿਆਂ ਹੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ‘ਰਾਜੀਵ ਲੌਂਗੋਵਾਲ ਸਮਝੌਤਾ’ ਕੀਤਾ ਸੀ। ਪਿਛਲੇ ਸਮੇਂ ਦੌਰਾਨ ਸ੍ਰ੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪੰਜਾਬ ਦੀ ਸਿਆਸਤ ’ਤੇ ਵੀ ਪੂਰਾ ਦਬਦਬਾ ਹੁੰਦਾ ਸੀ। ਉਸ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਹੋਰ ਆਗੂ ਵੀ ਪੰਥਕ ਸਿਆਸਤ ਦੇ ਨਾਲ- ਨਾਲ ਪੰਜਾਬ ਦੀ ਸਿਆਸਤ ਵਿੱਚ ਛਾਏ ਰਹੇ। 

ਇਤਿਹਾਸ ਗਵਾਹ ਹੈ ਕਿ ਜਦੋਂ ਰੋਮ ਵਿੱਚ ਪੋਪ ਯਾਨੀ ਧਰਮ ਦਾ ਰੋਮ ਦੀ ਰਾਜਨੀਤੀ ’ਤੇ ਦਬਦਬਾ ਰਿਹਾ ਤਾਂ ਰੋਮ ਵਿੱਚ ਸਭ ਕੁਝ ਠੀਕ ਸੀ ਪਰ ਜਦੋਂ ਰੋਮ ਵਿੱਚ ਪੋਪ ਦਾ ਪ੍ਰਭਾਵ ਘਟਿਆ ਅਤੇ ਧਰਮ ਵਿੱਚ ਵੀ ਰਾਜਨੀਤੀ ਦੀ ਦਖਲਅੰਦਾਜੀ ਹੋਣ ਲੱਗੀ ਤਾਂ ਰੋਮ ਦਾ ਜੋ ਹਾਲ ਹੋਇਆ ਸੀ, ਉਹ ਸਭ ਨੂੰ ਪਤਾ ਹੈ। ਉਸ ਸਮੇਂ ਹੀ ਕਹਾਵਤ ਬਣੀ ਕਿ ‘ਰੋਮ ਜਲਦਾ ਰਿਹਾ, ਤੇ ਨੀਰੋ ਬੰਸਰੀ ਵਜਾਉਂਦਾ ਰਿਹਾ। ਪੰਜਾਬ ਦੀ ਪੰਥਕ ਸਿਆਸਤ ਵਿੱਚ ਇਸ ਸਮੇਂ ‘ਨੀਰੋ’ ਵਰਗੇ ਆਗੂਆਂ ਦੀ ਲੋੜ ਨਹੀਂ ਹੈ, ਸਗੋਂ ਧਾਰਮਿਕ ਤੇ ਪੰਥਕ ਜ਼ਜ਼ਬੇ ਵਾਲੇ ਆਗੂਆਂ ਦੀ ਲੋੜ ਹੈ। 

ਪੰਜਾਬ ਵਿੱਚ ਪੱਕੀਆਂ ਪੰਥਕ ਵੋਟਾਂ ਦੀ ਗਿਣਤੀ ਬਹੁਤ ਹੈ, ਇਹ ਪੰਥਕ ਵੋਟਾਂ ਕਿਸੇ ਵੀ ਪਾਰਟੀ ਦੀ ਜਿੱਤ ਹਾਰ ਨੂੰ ਬਦਲਣ ਦੀ ਸਮਰਥਾ ਰਖਦੀਆਂ ਕਹੀਆਂ ਜਾਂਦੀਆਂ ਹਨ ਅਤੇ ਪੰਥਕ ਵੋਟਾਂ ਕਾਰਨ ਪੰਜਾਬ ਦੀ ਸਿਆਸਤ ਦੇ ਸਮੀਕਰਨ ਵੀ ਬਦਲ ਸਕਦੇ ਹਨ। ਸਿੱਖਾਂ ਅਤੇ ਪੰਥ ਦੀ ਸਿਆਸੀ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਈ ਸਾਲ ਪਹਿਲਾਂ ਮੋਗਾ ਵਿਖੇ ਰੈਲੀ ਦੌਰਾਨ ਪੰਥਕ ਪਾਰਟੀ ਤੋਂ ਪੰਜਾਬ ਪਾਰਟੀ ਦਾ ਰੂਪ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਅਕਾਲੀ ਦਲ ਸਿਰਫ਼ ਪੰਥ ਜਾਂ ਸਿੱਖਾਂ ਦੀ ਪਾਰਟੀ ਨਹੀਂ ਸਗੋਂ ਸਾਰੇ ਪੰਜਾਬੀਆਂ ਦੀ ਪਾਰਟੀ ਹੈ। ਉਸ ਤੋਂ ਬਾਅਦ ਅਕਾਲੀ ਦਲ ਵਿੱਚ ਟਕਸਾਲੀ ਪੰਥਕ ਆਗੂਆਂ ਦੀ ਥਾਂ ਹੋਰਨਾਂ ਧਰਮਾਂ ਦੇ ਆਗੂਆਂ ਨੂੰ ਅਹਿਮ ਅਹੁਦੇ ਦਿਤੇ ਜਾਣ ਲੱਗੇ ਅਤੇ ਅਕਾਲੀ ਦਲ ਬਾਦਲ ਵਿੱਚ ਇਹ ਰਵਾਇਤ ਅਜੇ ਵੀ ਕਾਇਮ ਹੈ। ਅਕਾਲੀ ਦਲ ਇਸ ਸਮੇਂ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ ਪਰ ਪੰਥ ਦਰਦੀਆਂ ਨੂੰ ਅਜੇ ਵੀ ਅਕਾਲੀ ਦਲ ਦੇ ਮੁੜ ਉਭਰਨ ਦੀ ਆਸ ਹੈ। ਪੰਥ ਦਰਦੀ ਇਹ ਵੀ ਸੋਚ ਰਹੇ ਹਨ ਕਿ ਜੇ ਅਕਾਲੀ ਦਲ ਮੁੜ ਪੰਥਕ ਸੋਚ ਨੂੰ ਅਪਨਾਅ ਲੈਂਦਾ ਹੈ ਤਾਂ ਉਹ ਪੰਜਾਬ ਵਿੱਚ ਮੁੜ ਮਜ਼ਬੂਤ ਹੋ ਸਕਦਾ ਹੈ। ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਇਸ ਸਮੇਂ ਵੀ ਇਹ ਪਾਰਟੀ ਆਪਣੇ ਹੀ ਆਗੂਆਂ ਤੋਂ ਕੁਰਬਾਨੀਆਂ ਮੰਗ ਰਹੀ ਹੈ। ਅਕਾਲੀ ਆਗੂਆਂ ਨੂੰ ਕੰਧ ’ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਅਤੇ ਆਪਣੇ ਅਹੁਦਿਆਂ ਦਾ ਮੋਹ ਛੱਡ ਕੇ ਪਾਰਟੀ ਦੀ ਵਾਗਡੋਰ ਸਰਬਪ੍ਰਵਾਨਿਤ ਆਗੂ ਦੇ ਹੱਥ ਦੇ ਦੇਣੀ ਚਾਹੀਦੀ ਹੈ ਤਾਂ ਕਿ ਪਾਰਟੀ ਮੁੜ ਮਜ਼ਬੂਤ ਹੋ ਸਕੇ। 

ਪੰਥ ਹਮੇਸ਼ਾ ਚੜ੍ਹਦੀਕਲਾ ਵਿੱਚ ਰਿਹਾ ਹੈ ਅਤੇ ਚੜ੍ਹਦੀਕਲਾ ਵਿੱਚ ਹੀ ਰਹੇਗਾ। ਭਾਵੇਂ ਕਿ ਸਮੇਂ ਸਮੇਂ ਵੱਖ- ਵੱਖ ਹਾਕਮਾਂ ਨੇ ਪੰਥ ਨਾਲ ਟੱਕਰ ਲਈ ਹੈ, ਪਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਇਹੋ ਕਾਰਨ ਹੈ ਕਿ ਅਨੇਕਾਂ ਉਤਰਾਓ ਚੜਾਓ ਆਉਣ ਦੇ ਬਾਵਜੂਦ ਪੰਥ ਪੂਰੀ ਤਰ੍ਹਾਂ ਮਜ਼ਬੂਤ ਦਿਖਾਈ ਦੇ ਰਿਹਾ ਹੈ। ਇਸ ਸਮੇਂ ਲੋੜ ਤਾਂ ਅਜਿਹੇ ਧੜੱਲੇਦਾਰ ਸਿੱਖ ਆਗੂਆਂ ਦੀ ਹੈ, ਜੋ ਪੰਥ ਨੂੰ ਯੋਗ ਅਗਵਾਈ ਦੇ ਸਕਣ। ਪੰਜਾਬ ਦੀ ਪੰਥਕ ਸਿਆਸਤ ਵਿੱਚ ਨਵੇਂ ਉਭਰੇ ਨੌਜਵਾਨ ਆਗੂ ਭਾਈ ਸਰਬਜੀਤ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਜੋ ਨਵੀਂ ਪੰਥਕ ਪਾਰਟੀ ਬਣਾਉਣ ਦੇ ਯਤਨ ਹੋ ਰਹੇ ਹਨ, ਉਸ ਸਬੰਧੀ ਪੰਥ ਵਿੱਚ ਕਿਆਸ ਅਰਾਈਆਂ ਦਾ ਦੌਰ ਜਾਰੀ ਹੈ। ਹੁਣ ਇਹਨਾਂ ਆਗੂਆਂ ਤੋਂ ਵੀ ਆਸ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਵਿੱਚ ਪ੍ਰਗਟਾਏ ਗਏ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣਗੇ ਅਤੇ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਵੱਡਾ ਯੋਗਦਾਨ ਪਾਉਣਗੇ। ਇਸ ਸਮੇਂ ਪੰਥਕ ਏਕਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਪੰਥ ਦੇ ਨੌਜਵਾਨ ਆਗੂਆਂ ਸਮੇਤ ਹੋਰਨਾਂ ਸੀਨੀਅਰ ਆਗੂਆਂ ਨੂੰ ਵੀ ਰਲ ਮਿਲ ਕੇ ਪੰਥ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ ਅਤੇ ਪੰਥਕ ਮਸਲੇ ਹੱਲ ਕਰਵਾਉਣ ਲਈ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਪੰਥਕ ਸਿਆਸਤ ਵਿੱਚ ਨਵੇਂ ਉਭਰੇ ਨੌਜਵਾਨ ਆਗੂ ਪੰਥ ਦੀਆਂ ਉਮੀਦਾਂ ’ਤੇ ਖ਼ਰੇ ਉਤਰਣਗੇ।

 

ਸੰਪਾਦਕੀ