ਦਰਬਾਰ ਸਾਹਿਬ ਸਮੂਹ ਵਿਚ ਫਿਲਮਾਂ ਦੇ ਪ੍ਰਚਾਰ ’ਤੇ ਰੋਕ

ਦਰਬਾਰ ਸਾਹਿਬ ਸਮੂਹ ਵਿਚ ਫਿਲਮਾਂ ਦੇ ਪ੍ਰਚਾਰ ’ਤੇ ਰੋਕ

ਸ਼ਰਧਾਲੂ ਮਰਿਯਾਦਾ ਵਿਚ ਰਹਿਕੇ ਪਰਕਰਮਾ ਵਿਚ ਖਿਚ ਸਕਣਗੇ ਫੋਟੋ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ-ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਰਿਆਦਾ ਦੀ ਹੋ ਰਹੀ ਉਲੰਘਣਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਫਿਲਮੀ ਕਲਾਕਾਰਾਂ ਵੱਲੋਂ ਫਿਲਮਾਂ ਦੇ ਪ੍ਰਚਾਰ ਵਾਸਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ’ਤੇ ਰੋਕ ਲਾ ਦਿੱਤੀ ਹੈ। ਇਹ ਫ਼ੈਸਲਾ ਬੀਤੇ ਦਿਨ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਸੀ, ਜਿਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਵਡੋਦਰਾ ਵਾਸੀ ਅਰਚਨਾ ਮਕਵਾਨਾ ਨੇ ਇੱਥੇ ਪਰਿਕਰਮਾ ਵਿੱਚ ਯੋਗ ਆਸਣ ਕੀਤਾ ਸੀ, ਜਿਸ ਦਾ ਵਿਵਾਦ ਅਜੇ ਚੱਲ ਹੀ ਰਿਹਾ ਸੀ ਕਿ ਅਗਲੇ ਦਿਨ ਦਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਆਪਣੀ ਫਿਲਮ ਦੇ ਪ੍ਰਚਾਰ ਲਈ ਇੱਥੇ ਮੱਥਾ ਟੇਕਿਆ। ਦਲਜੀਤ ਦੋਸਾਂਝ ਨੇ ਸਵੇਰੇ ਪ੍ਰਕਾਸ਼ ਵੇਲੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਵੀਡੀਓ ਸਾਂਝੀ ਕੀਤੀ, ਜਿਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਸਖਤ ਨੋਟਿਸ ਲਿਆ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਫ਼ੈਸਲਾ ਲੈਂਦਿਆਂ ਫਿਲਮਾਂ ਦੇ ਪ੍ਰਚਾਰ ਅਤੇ ਪ੍ਰਮੋਸ਼ਨ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਵੀਡੀਓਗ੍ਰਾਫੀ ਕਰਨ ’ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ।

ਇਸ ਰੋਕ ਤਹਿਤ ਆਮ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਕੁਝ ਛੋਟ ਦਿੱਤੀ ਗਈ ਹੈ, ਜਿਸ ਤਹਿਤ ਉਹ ਯਾਦਗਾਰ ਵਜੋਂ ਪਰਿਕਰਮਾ ਵਿੱਚ ਆਪਣੀ ਤਸਵੀਰ ਅਤੇ ਸੈਲਫੀ ਲੈ ਸਕਦੇ ਹਨ ਪਰ ਚਲਦੇ ਹੋਏ ਵੀਡੀਓਗ੍ਰਾਫੀ ਕਰਨ ਤੋਂ ਗੁਰੇਜ਼ ਕਰਨਾ ਹੋਵੇਗਾ। ਇਸ ਸਬੰਧੀ ਮਰਿਆਦਾ ਦੇ ਪਾਲਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਪਰਿਕਰਮਾ ਵਿੱਚ ਵਾਧੂ ਟਾਸਕ ਫੋਰਸ ਲਗਾਉਣ ਅਤੇ ਸੇਵਾਦਾਰਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਫ਼ੌਰੀ ਤੌਰ ’ਤੇ ਲਾਗੂ ਕੀਤਾ ਗਿਆ ਹੈ। ਪਰਿਕਰਮਾ ਵਾਸਤੇ ਵਾਧੂ ਸਟਾਫ ਭਰਤੀ ਕੀਤਾ ਜਾ ਰਿਹਾ ਹੈ, ਜੋ ਇਸੇ ਹਫ਼ਤੇ ਆਪਣੀ ਡਿਊਟੀ ’ਤੇ ਪੁੱਜ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਿਕਰਮਾ ਵਿੱਚ ਡਿਊਟੀ ਦੇਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਵਰਕਸ਼ਾਪ ਲਾ ਕੇ ਸਿੱਖਿਅਤ ਕੀਤਾ ਜਾਵੇਗਾ ਕਿ ਕਿਵੇਂ ਧਾਰਮਿਕ ਸਥਾਨ ਦੀ ਮਰਿਆਦਾ ਦੀ ਪਾਲਣਾ ਕਰਨੀ ਹੈ ਅਤੇ ਸੈਲਾਨੀਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਹੈ।

ਮਰਿਆਦਾ ਦੀ ਪਾਲਣਾ ਜ਼ਰੂਰੀ: ਧਾਮੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਧਾਰਮਿਕ ਸਥਾਨ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਦਾ ਧਿਆਨ ਰੱਖਣਾ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਗੁਰੂ ਧਾਮ ਦੀ ਮਰਿਆਦਾ ਦੀ ਪਾਲਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਕੁਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ

ਲਗਾਈ ਜਾਵੇਗੀ ਟਾਸਕ ਫੋਰਸ

ਦੱਸਿਆ ਜਾ ਰਿਹਾ ਹੈ ਕਿ ਸ੍ਰੋਮਣੀ ਕਮੇਟੀ ਪਾਬੰਦੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਗਭਗ 100 ਹੋਰ ਕਰਮਚਾਰੀਆਂ ਦੀ ਭਰਤੀ ਕਰਕੇ ਆਪਣੀ ‘ਪਰਿਕਰਮਾ ਟਾਸਕ ਫੋਰਸ’ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ।

ਇਹ ਕਾਰਵਾਈ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨਾਲ ਜੁੜੇ ਹਾਲ ਹੀ ਦੇ ਵਿਵਾਦ ਤੋਂ ਬਾਅਦ ਹੋਈ ਹੈ, ਜਿਸ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਸ੍ਰੀ ਦਰਬਾਰ ਸਾਹਿਬ ਵਿੱਚ ਯੋਗ ਆਸਣ ਕੀਤਾ ਸੀ ਅਤੇ ਆਪਣੀਆਂ ਤਸਵੀਰਾਂ ਆਨਲਾਈਨ ਪੋਸਟ ਕੀਤੀਆਂ ਸਨ, ਜੋ ਵਾਇਰਲ ਹੋ ਗਈਆਂ ਸਨ। ਉਕਤ ਮਾਮਲੇ ਵਿੱਚ ਐਸਜੀਪੀਸੀ ਨੇ ਐਫਆਈਆਰ ਦਰਜ ਕਰਵਾਈ, ਜਦਕਿ ਅਰਚਨਾ ਨੇ ਸੋਸ਼ਲ ਮੀਡੀਆ ’ਤੇ ਧਮਕੀਆਂ ਅਤੇ ਗਾਲ੍ਹਾਂ ਮਿਲਣ ਤੋਂ ਬਾਅਦ ਆਪਣੇ ਕੀਤੇ ਲਈ ਮੁਆਫੀ ਮੰਗੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਆਸਥਾ ਸਰਵਉੱਚ ਹੈ ਪਰ ਇਹ ਪਾਬੰਦੀ ਇਸ ਲਈ ਲਗਾਉਣੀ ਪਈ ਕਿਉਂਕਿ ਕੁਝ ਸ਼ਰਾਰਤੀ ਅਨਸਰ ਸੁਰਖੀਆਂ ਵਿਚ ਆਉਣ ਲਈ ਪਾਬੰਦੀ ਦੀ ਉਲੰਘਣਾ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਾਰਿਆਂ ਦਾ ਸੁਆਗਤ ਹੈ, ਪਰ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ