ਅਕਾਲ ਤਖ਼ਤ ਸਾਹਿਬ ’ਤੇ ਗੁਨਾਹ ਕਬੂਲਣ ਵਾਲੇ ਸੁਖਬੀਰ ਬਾਦਲ ਉਪਰ ਬੇਅਦਬੀ ਅਤੇ ਕਤਲ ਦੇ ਚਲਾਏ ਜਾਣ ਮੁਕੱਦਮੇ: ਦਲ ਖ਼ਾਲਸਾ
ਡੇਰਾ ਪ੍ਰੇਮੀਆਂ ਵਲੋਂ ਬਾਦਲ ਦਲ ਹਕੂਮਤ ਵੇਲੇ ਸ਼ਹੀਦ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਮਿਲੇ ਇਨਸਾਫ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 8 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀਆਂ ਸਰਕਾਰਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਝੂਠੇ ਪੁਲਿਸ ਮੁਕਾਬਲਿਆਂ ਦਾ ਵਾਅਦਾ ਕਰਕੇ ਇਨਸਾਫ਼ ਨਾ ਕਰਵਾਉਣ ਦੀ ਥਾਂ ’ਤੇ ਸੰਗੀਨ ਕਤਲਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਲਾਉਣਾ, ਬਰਗਾੜੀ ’ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾ ਰਹੇ ਸਿੱਖਾਂ ’ਤੇ ਗੋਲੀਆਂ ਦਾ ਮੀਂਹ ਵਰਸਾ ਕੇ ਕਤਲ ਕਰਨਾ ਆਦਿ ਸਾਰੇ ਗੁਨਾਹ ਪ੍ਰਤੱਖ ਰੂਪ ਵਿਚ ਕਬੂਲਣ ਬਾਅਦ ਹੁਣ ਪੰਜਾਬ ਸਰਕਾਰ ਉਸ ’ਤੇ ਇਹਨਾਂ ਦੋਸ਼ਾਂ ਹੇਠ ਮੁਕੱਦਮੇ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰੇ। ਬਾਦਲ ਹਕੂਮਤ ਦੌਰਾਨ ਇਕ ਦਰਜ਼ਨ ਦੇ ਕਰੀਬ ਸਿੱਖਾਂ ਦੇ ਕਤਲ ਹੋਏ ਜਿਸ ਵਿਚ ਡੇਰਾ ਪ੍ਰੇਮੀਆਂ ਵਲੋਂ ਸ਼ਹੀਦ ਕੀਤੇ ਗਏ ਨੌਜਵਾਨ ਵੀ ਸ਼ਾਮਲ ਹਨ, ਉਹਨਾਂ ਨੂੰ ਵੀ ਇਨਸਾਫ਼ ਦਿਵਾਇਆ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਦਲ ਖ਼ਾਲਸਾ ਦੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਭਗਵਾਨ ਸਿੰਘ ਸੰਧੂ ਖੁਰਦ, ਰਾਮ ਸਿੰਘ ਢਿਪਾਲੀ ਵਲੋਂ ਜਾਰੀ ਬਿਆਨ ਵਿਚ ਕੀਤਾ।
ਉਹਨਾਂ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਵਾਲੇ ਦੋਸ਼ੀ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਤਨਖ਼ਾਹ ਲਾਈ ਜਾਵੇ। ਜਥੇਦਾਰ ਸਾਹਿਬਾਨ ਵਲੋਂ ਜਿਹੜੇ ਤਿੰਨ ਸਾਬਕਾ ਜਥੇਦਾਰਾਂ ਗਿਆਨੀ ਗੁਰਮੁੱਖ ਸਿੰਘ, ਇਕਬਾਲ ਸਿੰਘ ਤੇ ਗੁਰਬਚਨ ਸਿੰਘ ਨੂੰ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਮਾਮਲੇ ਵਿਚ ਸਪੱਸਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਗਿਆ ਸੀ, ਮੌਜੂਦਾ ਜਥੇਦਾਰ ਸਾਹਿਬ ਸੰਗਤ ਅੱਗੇ ਸਪੱਸਟ ਕਰਨ ਕਿ ਉਹਨਾਂ ਨੇ ਆਪਣਾ ਕਿਹੜਾ ਪੱਖ ਪੇਸ਼ ਕੀਤਾ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖਾਲਸਾ ਪੰਥ ਦੀ ਆਗਿਆ ਤੋਂ ਬਿਨ੍ਹਾਂ ਦਿੱਲੀ ਦੇ ਹੁਕਮਾਂ ’ਤੇ ਮੁਰੰਮਤ ਕਰਵਾਉਣ ਵਾਲੇ ਬੂਟਾ ਸਿੰਘ ਤੇ ਸੰਤਾ ਸਿੰਘ ਨੂੰ ਪੰਥ ਵਿਚੋਂ ਛੇਕਿਆ ਗਿਆ ਸੀ, ਤੇ ਹੁਣ ਤਾਂ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਦਲ ਦੇ ਹੋਰਨਾਂ ਵੱਲੋਂ ਕੀਤੇ ਗਏ ਗੁਨਾਹ ਵੀ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਗੋਲੀ ਚਲਣ ਤੋਂ ਬਾਅਦ ਜੋ ਕੁਝ ਬਾਦਲ ਦਲ ਵਾਲੇ ਕਰ ਰਹੇ ਨੇ ਉਹਨਾਂ ਦਾ ਦੰਭ ਬੇਪਰਦ ਹੋ ਰਿਹਾ ਹੈ। ਉਹਨਾਂ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹ ਲਾਉਣ ’ਤੇ ਸਿੱਖ ਸੰਗਤ ਵਲੋਂ ਆ ਰਹੇ ਪ੍ਰਤੀਕਰਮ ਨੂੰ ਨਿਮਰਤਾ ਨਾਲ ਕਬੂਲ ਕਰਨ ਕਿਉਂਕਿ ਇਸ ਮਸਲੇ ਵਿਚ ਉਹ ਜਥੇਦਾਰ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਹੀਂ ਨਿਭਾਅ ਸਕੇ ਤੇ ਜਿੰਨੇ ਕੁ ਹੁਕਮ ਦਿਤੇ ਸਨ ਜਿਵੇਂ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਜੂਰ ਕਰਨਾ ਤੇ ਹੋਰ ਆਦੇਸ਼ ਉਹਨਾਂ ਨੂੰ ਵੀ ਇਹ ਮੰਨਣ ਤੋਂ ਇਨਕਾਰੀ ਹਨ।
Comments (0)