ਭਾਜਪਾ ਆਗੂ ਪੰਜਾਬ ਭਾਜਪਾ ਦੀ ਕਮਾਂਡ ਸੰਭਾਲਣ ਲਈ ਸਰਗਰਮ

ਭਾਜਪਾ ਆਗੂ ਪੰਜਾਬ ਭਾਜਪਾ ਦੀ ਕਮਾਂਡ ਸੰਭਾਲਣ ਲਈ ਸਰਗਰਮ

*ਪਰ ਹਾਈ ਕਮਾਨ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਰਾਜ਼ੀ ਨਹੀਂ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ- ਪੰਜਾਬ ਵਿਚ ਭਾਜਪਾ ਬਿਨਾਂ ਪ੍ਰਧਾਨ ਦੀ ਅਗਵਾਈ ਤੋਂ ਹੀ ਆਪਣਾ ਕੰਮ ਚਲਾ ਰਹੀ ਹੈ । ਪਿਛਲੇ ਲੰਮੇ ਸਮੇਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੁਝ ਮੁੱਦਿਆਂ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ ।ਸੂਤਰਾਂ ਅਨੁਸਾਰ ਨਵਾਂ ਸਾਲ ਚੜ੍ਹਦੇ ਹੀ ਭਾਜਪਾ ਦੇ ਕੁਝ ਟਕਸਾਲੀ ਆਗੂਆਂ ਅਤੇ ਕਾਂਗਰਸ ਵਿਚੋਂ ਆਏ ਵੱਡੇ ਲੀਡਰਾਂ ਨੇ ਪੰਜਾਬ ਭਾਜਪਾ ਦੀ ਕਮਾਨ ਸੰਭਾਲਣ ਲਈ ਦਿੱਲੀ ਵਿਚਲੇ ਆਪਣੇ ਸਿਆਸੀ ਆਕਾਵਾਂ ਨਾਲ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਹੈ, ਪਰ ਦੂਜੇ ਪਾਸੇ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਦੇ ਸੂਤਰ ਦੱਸਦੇ ਹਨ ਕਿ ਭਾਜਪਾ ਹਾਈ ਕਮਾਨ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਰਾਜ਼ੀ ਨਹੀਂ ਹੋ ਰਹੀ ।

 ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਕਈ ਸੀਨੀਅਰ ਆਗੂ ਸੁਨੀਲ ਜਾਖੜ ਨਾਲ ਸੰਪਰਕ ਵੀ ਕਰਦੇ ਆ ਰਹੇ ਹਨ ਪਰ ਉਹ ਪੰਜਾਬ ਦੇ ਕੁਝ ਮੁੱਦਿਆਂ ਨੂੰ ਲੈ ਕੇ ਰੱਖੀ ਆਪਣੀ ਮੰਗ 'ਤੇ ਅੜੇ ਹੋਏ ਦੱਸੇ ਜਾ ਰਹੇ ਹਨ | ਉੱਧਰ ਦੂਜੇ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਭਾਜਪਾ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਉੱਥੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਰੱਖਣਾ ਪੰਜਾਬ ਭਾਜਪਾ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਕਈ ਆਗੂਆਂ ਨੇ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਲਾਵਾ ਹੋਰ ਸੀਨੀਅਰ ਲੀਡਰਸ਼ਿਪ ਨੂੰ ਇਸ ਮਾਮਲੇ ਵਿਚ ਜਲਦੀ ਕੋਈ ਫੈਸਲਾ ਲੈਣ ਦੀ ਅਪੀਲ ਵੀ ਕੀਤੀ ਹੈ ।ਉੱਚ ਪੱਧਰੀ ਸੂਤਰਾਂ ਅਨੁਸਾਰ ਆਉਂਦੇ ਦਿਨਾਂ ਵਿਚ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕਦਾ ਹੈ ਅਤੇ ਭਾਜਪਾ ਇਕਾਈ ਵਿਚ ਵੱਡੇ ਬਦਲਾਅ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ।ਉੱਧਰ ਭਾਜਪਾ ਦਾ ਵਰਕਰ ਕਾਡਰ ਪੰਜਾਬ ਭਾਜਪਾ ਦੀ ਬਣੀ ਸਥਿਤੀ ਨੂੰ ਲੈ ਕੇ ਭੰਬਲ ਭੂਸੇ ਵਿਚ ਦਿਖਾਈ ਦੇ ਰਿਹਾ ਹੈ ਜਿਸ ਦਾ ਨੁਕਸਾਨ ਪੰਜਾਬ ਭਾਜਪਾ ਨੂੰ ਜ਼ਿਮਨੀ ਚੋਣਾਂ ਅਤੇ ਹੁਣ ਨਿਗਮ ਚੋਣਾਂ ਵਿਚ ਝਲਣਾ ਪਿਆ । ਉੱਧਰ ਬੀਤੇ ਦਿਨੀਂ ਇਕ ਸਵਾਲ ਦੇ ਜਵਾਬ ਵਿਚ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਣੀ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਫ਼ਿਲਹਾਲ ਕੇਂਦਰੀ ਲੀਡਰਸ਼ਿਪ ਸੁਨੀਲ ਜਾਖੜ ਨੂੰ ਹੀ ਪ੍ਰਧਾਨ ਵਜੋਂ ਦੇਖਣਾ ਚਾਹੁੰਦੀ ਹੈ ।