ਅਕਾਲੀ ਸੰਕਟ:ਜਥੇਦਾਰ ਜੀ,ਅਕਾਲੀ ਦਲ ਦੇ ਦੋਵੇਂ ਧੜੇ ਭੰਗ ਹੋਣ

ਅਕਾਲੀ ਸੰਕਟ:ਜਥੇਦਾਰ ਜੀ,ਅਕਾਲੀ ਦਲ ਦੇ ਦੋਵੇਂ ਧੜੇ ਭੰਗ ਹੋਣ

ਨਿਰਸੰਦੇਹ ਇਸ ਵਕਤ ਸੰਸਾਰ ਭਰ ਵਿਚ ਵੱਸਦੇ ਚੇਤੰਨ ਸਿੱਖ ਇਕ ਵੱਡੇ ਫ਼ਿਕਰ ਵਿਚ ਗੁਜ਼ਰ ਰਹੇ ਹਨ ਕਿ ਸਿੱਖ ਕੌਮ ਦਾ ਸਿਆਸੀ ਭਵਿੱਖ ਕੀ ਹੈ? ਇਸ ਦੀ ਸਿਆਸਤ ਦਾ ਨਿਸ਼ਾਨਾ ਕੀ ਹੈ? ਇਹ ਵਰਤਮਾਨ ਦੀ ਭਿਅੰਕਰ ਘੁੰਮਣਘੇਰੀ ਵਿਚੋਂ ਬਾਹਰ ਕਿਵੇਂ ਨਿਕਲ ਸਕੇਗੀ? ਇਸ ਤਰ੍ਹਾਂ ਦੇ ਹੋਰ ਢੇਰ ਸਵਾਲ ਹਨ ਜੋ ਸਿੱਖ ਚਿੰਤਕਾਂ ਦੇ ਦਿਮਾਗਾਂ ਅੰਦਰ ਅਜੀਬ ਤਰ੍ਹਾਂ ਗਾਹ ਪਾਈ ਬੈਠੇ ਹਨ। 

ਸ਼੍ਰੋਮਣੀ ਅਕਾਲੀ ਦਲ ਕਿਵੇਂ ਸੌ ਸਾਲ ਪਹਿਲਾਂ ਸਮੇਂ ਦੇ ਸਿੱਖਾਂ ਨੇ ਵੱਡਾ ਨਿਸ਼ਾਨਾ ਮਿੱਥ ਕੇ ਹੋਂਦ ਵਿਚ ਲਿਆਂਦਾ ਸੀ? ਕੀ ਨਹੀਂ ਕੀਤਾ ਉਸ ਵਕਤ ਦੇ ਅਕਾਲੀਆਂ ਨੇ ਇਹ ਅਕਾਲੀ ਮੋਰਚਿਆਂ ਦਾ ਇਤਿਹਾਸ ਪੜ੍ਹ ਸਮਝ ਕੇ ਪਤਾ ਲੱਗਦਾ ਹੈ। ਕਈ ਵਾਰ ਅਸੀਂ ਵਰਤਮਾਨ ਦੀ ਨਿਰਾਸ਼ਤਾ ਵਿਚੋਂ ਆਪਣੇ ਵਿਰਸੇ ਨੂੰ ਕਮਜ਼ੋਰ ਅੱਖਾਂ ਰਾਹੀਂ ਵੇਖਣ ਦੀ ਕੁਤਾਹੀ ਕਰਨ ਲੱਗਦੇ ਹਾਂ। ਇਹ ਸਾਡੀ ਵੱਡੀ ਬੇਸਮਝੀ ਹੁੰਦੀ ਹੈ ਸੱਚ ਦੇ ਸਾਹਮਣੇ ਖੜ੍ਹੇ ਹੋਣ ਤੋਂ ਭੱਜਣ ਵਾਲੀ ਕਾਇਰਤਾ! 

ਸਾਡੀ ਓਹ ਸੌ ਸਾਲ ਪਹਿਲਾਂ ਵਾਲੀ ਜੱਥੇਬੰਦੀ ਅੱਜ ਹੋਂਦ ਦੀ ਆਖਰ ਲੜਾਈ ਕਿਉਂ ਲੜ ਰਹੀ ਹੈ? ਇਥੇ ਪੁੱਜ ਜਾਣ ਪਿਛੇ ਕਾਰਣ ਕਿਹੜੇ ਕਿਹੜੇ ਹਨ? ਕੀ ਸਾਡੀ ਇਸ ਕੌਮੀ ਜੱਥੇਬੰਦੀ ਦਾ ਪ੍ਬੰਧਕੀ ਢਾਂਚਾ ਹੀ ਜੀਰਨ ਹੋ ਗਿਆ ਹੈ ਜਾਂ ਸਾਡੇ ਪਾਸ ਉਸ ਕੱਦ ਦੇ ਪ੍ਭਾਵ ਤੇ ਆਗੂ ਨਾਲ ਨਾਲ ਪੈਦਾ ਕਰਨ ਵਾਲੀ ਜੁਗਤਿ ਹੀ ਨਹੀਂ ਰਹੀ? 

ਹਾਲਾਤ  'ਡੁੱਬੀ ਕਿਉਂ ਸਾਹ ਨਹੀਂ ਆਇਆ' ਵਾਲੀ ਹੈ। ਪਦਾਰਥਵਾਦ ਦਾ ਮਾਰੂ ਪ੍ਭਾਵ ਜੋ ਸਿੱਖ ਕੌਮ ਦੇ ਵਾਰਸਾਂ 'ਤੇ ਬਿਲਕੁਲ ਨਹੀਂ ਪੈਣਾ ਚਾਹੀਦਾ ਉਸ ਨੇ ਸਾਨੂੰ ਬੁਰੀ ਤਰ੍ਹਾਂ ਆਪਣੇ ਵਿਚ ਗ੍ਸ ਲਿਆ ਹੈ। ਸਾਡੀਆਂ ਸੁਰਤਾਂ ਤੇ ਗੁਰਬਾਣੀ ਦਾ ਰੰਗ ਜਿਸ ਕਦਰ ਚੜ੍ਹਿਆ ਰਹਿਣਾ ਚਾਹੀਦਾ ਸੀ ਉਸ ਤੋਂ ਅਸੀਂ ਨਿਰੰਤਰ ਵਾਂਝੇ ਰਹਿਣ ਲੱਗੇ! ਸਾਡਾ ਕੌਮੀ ਆਪਾ ਸਤਿਗੁਰੂ ਸਾਹਿਬਾਨ ਦੇ ਦਿੱਤੇ ਜੀਵਨ ਆਦਰਸ਼ਾਂ ਤੋਂ ਡਿੱਗਣਾ ਆਰੰਭ ਹੁੰਦਾ ਹੋਇਆ ਵੇਖਦਿਆਂ ਵੇਖਦਿਆਂ ਵਰਤਮਾਨ ਦੇ ਰਸਾਤਲ 'ਤੇ ਆਣ ਪੁੱਜਾ ਹੈ। 

ਸਾਡੇ ਪੁਰਖਿਆਂ ਦੀਆਂ ਨੇਕ ਨੀਤੀ ਨਾਲ ਖੜ੍ਹੀਆਂ ਕੀਤੀਆਂ ਸੰਸਥਾਵਾਂ ਸਾਡੀ ਸਤਿਗੁਰੂ ਜੀ ਵੱਲ ਧਾਰੀ ਬੇਮੁੱਖਤਾ ਨਾਲ ਪੈਦਾ ਹੋਈ ਨਿਰਾਸ਼ਤਾ, ਫ਼ਿਕਰ ਦੇ ਡੂੰਘੇ ਟੋਏ ਵਿਚ ਲੈ ਆਈ ਹੈ। 

ਇਸ ਵਿਚ ਕੋਈ ਸ਼ੱਕ ਨਹੀਂ ਸਾਡੀ ਇਸ ਕੌਮੀ ਸਿਆਸੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਚ ਬੀਤੇ ਕਈ ਦਹਾਕਿਆਂ ਤੋਂ ਮਤਭੇਦ ਪੈਦਾ ਹੁੰਦੇ ਆਏ ਹਨ ਕਦੇ ਕੌਮ ਦੇ ਦਾਨੇ ਤੇ ਤਖ਼ਤ ਸਾਹਿਬ ਦੇ ਸੇਵਕ ਇਨ੍ਹਾਂ ਹਾਲਾਤਾਂ ਵਿਚੋਂ ਇਸ ਜੱਥੇਬੰਦੀ ਨੂੰ ਬਚਾਉਣ ਲਈ ਸਹਾਇਕ ਹੁੰਦੇ ਰਹੇ ਹਨ। 

ਹੁਣ ਤੇ ਪਿਛਲੇ ੩੫-੪੦ ਸਾਲਾਂ ਤੋਂ ਇਸ ਦੇ ਆਗੂ ਸਿਧਾਂਤ ਮਰਯਾਦਾ ਨੂੰ ਪਿੱਠ ਦੇ ਕੇ ਨਿਜ ਤੇ ਧੜਿਆਂ ਮਗਰ ਐਸੇ ਭੱਜੇ ਹਨ ਇਨ੍ਹਾਂ ਸਭ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਲ ਭਾਵਨਾਵਾਂ ਤੋਂ ਪੂਰੀ ਤਰ੍ਹਾਂ ਕਿਨਾਰਾਕਸ਼ੀ ਹੀ ਕਰ ਲੈਣ ਦਾ ਜਿਵੇਂ ਠੇਕਾ ਹੀ ਲੈ ਲਿਆ ਹੋਵੇ । 

ਬਾਦਲ ਦਲ ਧੜਾ ਤਿੜਕਮ ਖੇਡਣ ਵਿਚ ਸਫ਼ਲ ਹੋ ਕੇ ਭਾਜਪਾ ਵਰਗੀ  ਜਮਾਤ ਨਾਲ ਨਾਪਾਕ ਗੱਠਜੋੜ ਕਰਕੇ ਸੂਬਾ ਤੇ ਦੇਸ਼ ਪੱਧਰੀ ਸਤਾਅ ਦੇ ਸੁੱਖ ਭੋਗਣ ਵਿਚ ਲੱਗਾ ਰਿਹਾ ਹੈ। 

ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਦੇ ਸਿਧਾਂਤ ਹੀ ਇਕ ਅਕਾਲੀ ਸਦਵਾਉਂਦਾ ਵਾਲੇ ਦਾ ਜੀਵਨ ਆਧਾਰ ਬਣਦੇ ਹਨ। ਜੇ ਅਕਾਲੀ ਸਦਵਾਉਣ ਵਾਲਾ ਇਨ੍ਹਾਂ ਸਿਧਾਂਤਾਂ ਪ੍ਰਤੀ ਖੁਦ ਅਮਲੀ ਰੂਪ ਵਿਚ ਪਹਿਰੇਦਾਰ ਤਥਾ ਵਫ਼ਾਦਾਰ ਨਹੀਂ ਤਾਂ ਉਸ ਕੋਲ ਅਕਾਲੀ ਸਦਵਾਉਣ ਤੇ ਕਹਾਉਣ ਦਾ ਕੋਈ ਹੱਕ ਨਹੀਂ ਹੈ। ਬਹੁਤ ਅਫ਼ਸੋਸ ਹੈ ਸਿੱਖ ਜਗਤ ਵਿਚ ਗੁਰੂ ਬਖਸ਼ਿਸ਼ ਨੂੰ ਸਮਝਣ ਜਾਨਣ ਤੇ ਅਮਲਾਉਣ ਵਾਲੀ ਪਵਿੱਤਰਤਾ ਦਾ ਮਹੱਤਵ ਬੇਹੱਦ ਘੱਟ ਗਿਆ ਹੈ। ਰਵਾਇਤੀ ਤੌਰ ਤੇ ਸ਼ਬਦਾਂ ਦੀ ਵਰਤੋਂ ਦੀ ਆਦਤ ਪਾ ਕੇ ਵਰਤਣੇ ਪਰਚਲਤ ਰੱਖ ਲਏ ਹਨ। 

ਸ਼੍ਰੋਮਣੀ ਅਕਾਲੀ ਦਲ ਕੋਈ ਰਵਾਇਤੀ ਜੀਵਨ ਵਾਲਿਆਂ ਦੀ ਜੱਥੇਬੰਦੀ ਨਹੀਂ ਸੀ ਨਹੀ ਹੋ ਸਕਦੀ ਹੈ! ਜੇ ਅਸੀਂ ਅੱਜ ਇਸ ਸੱਚ ਤੱਥ ਨੂੰ ਮਨ ਬਚਨ ਕਰਕੇ ਸਵੀਕਾਰ ਨਹੀਂ ਕਰਾਂਗੇ ਤਾਂ ਅਸੀਂ ਪੰਥਕ ਜੀਵਨ ਜੁਗਤਿ ਦਾ ਨਿਰਾਦਰ ਕਰਨ ਦੇ ਭਾਗੀ ਹੋਵਾਂਗੇ। ਸਾਡੇ ਸਤਿਗੁਰੂ ਜੀ ਦੀ ਸਾਡੇ ਪ੍ਤੀ ਪਰਤੀਤ ਨਹੀਂ ਹੋਵੇਗੀ। 

ਵਰਤਮਾਨ ਸਮੇਂ ਕੌਮ ਦੇ ਅੰਦਰ ਕੌਮੀ ਸਿਆਸੀ ਜੱਥੇਬੰਦੀ ਨੂੰ ਲੈ ਕੇ ਪਰਸ ਰਹੀ ਉਦਾਸੀ ਵਾਜਬ ਹੈ। ਮਗਰ ਇਹ ਕੇਵਲ ਬੌਧਿਕ ਕਸਰਤ ਦਾ ਵਿਸ਼ਾ ਨਹੀਂ ਇਸ ਦਾ ਹੱਲ ਢੂੰਡਣਾ ਜਰੂਰੀ ਹੈ। ਉਸ ਪ੍ਤੀ ਕੌਮ ਅੰਦਰ ਗੰਭੀਰਤਾ ਤੇ ਚੇਤਨਾ ਦੀ ਲੋੜ ਹੈ ਉਹ ਕੌਮ ਦੇ ਕਿਹੜੇ ਹਿੱਸੇ ਵਿਚ ਹੈ! ਦਾਸ ਤਾਂ ਇਸ ਗੱਲ ਦਾ ਉੱਤਰ ਦੇਣ ਲਗਿਆ ਬਹੁਤ ਸ਼ਰਮਿੰਦਾ ਹੈ। ਧੜਿਆਂ, ਸਵਾਰਥ ਖੁਦਗਰਜ਼ੀ, ਹੋਂਦ ਦੀ ਭੁੱਖ ਭਿਆਨਕ ਰੂਪ ਵਿਚ ਕੌਮ ਦੇ ਚੌਗਿਰਦੇ ਪਸਰੀ ਹੋਈ ਇਸ ਨਿਰਾਸ਼ਾ ਦਾ ਜ਼ਾਹਰਾ ਪ੍ਗਟਾਅ ਹੈ। 

ਜੱਥੇਦਾਰ ਜੀ ਕੀ ਕਰਨਗੇ? ਇਹ ਸਵਾਲ ਸਿੱਖ ਚੇਤਨਾ ਵਿਚ ਤੁਫ਼ਾਨ ਖੜ੍ਹਾ ਕਰ ਰਿਹਾ ਹੈ। ਕੀ ਜੱਥੇਦਾਰ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਦੇ ਸਹੀ ਸਿਧਾਤਾਂ ਨੂੰ ਮੱਦੇ-ਨਜ਼ਰ ਖ਼ੁਦ ਨੂੰ ਖੜਿਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦੇ ਮਾਹੌਲ ਵਿਚ ਜਾ ਸਕਣਗੇ ਜਿਥੋਂ ਕੌਮ ਪ੍ਸਤਾਂ ਨੇ ਸਦੀ ਪਹਿਲਾਂ ਇਸ ਜੱਥੇਬੰਦੀ ਨੂੰ ਖੜ੍ਹਾ ਕੀਤਾ ਸੀ? ਕੀ ਜਥੇਦਾਰ ਜੀ ਕੌਮ ਦੀ ਸਿਆਸੀ ਲੋੜ ਤੋਂ ਚੰਗੀ ਤਰ੍ਹਾਂ ਵਾਕਫ਼ ਹਨ? ਕੀ ਜੱਥੇਦਾਰ ਜੀ ਇਸ ਮੱਸਲੇ ਦੀ ਗੰਭੀਰਤਾ ਨੂੰ ਸਮਝਣ ਵਾਸਤੇ  ਖ਼ੁਦ ਤੇ ਸਹਿਯੋਗੀਆਂ ਰਾਹੀਂ ਪਹੁੰਚ ਸਥਾਪਿਤ ਕਰ ਸਕਣਗੇ? ਕੀ ਜੱਥੇਦਾਰ ਜੀ ਇਹ ਸਮਝਣਗੇ ਇਹ ਮਸਲਾ ਕੌਮ ਦੇ ਵਰਤਮਾਨ ਤੇ ਭਵਿੱਖ ਦਾ ਹੈ? ਕੀ ਇਹ ਵੀ ਸਮਝਨਗੇ ਜੋ ਧੜੇ ਇਸ ਮੌਕੇ ਗੁਨਾਹਗਾਰਾਂ ਦੇ ਰੂਪ ਵਿਚ ਸਾਹਮਣੇ ਹਨ ਇਨ੍ਹਾਂ ਵੱਲੋਂ ਕੀਤੇ ਗਏ ਗੁਨਾਹ ਕੌਮੀ ਧ੍ਰੋਹ ਦਾ ਦਰਜਾ ਰੱਖਦੇ ਹਨ? ਕੀ ਇਹ ਸਭ ਕੁਝ ਬਾਬਾ ਕਬੀਰ ਜੀ ਦੇ ਪੇਸ਼ ਵਰਤਾਰੇ ਦਾ ਹਿੱਸਾ ਤਾਂ ਨਹੀਂ ਹੈ " ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।। ਕਾਹੇ ਕੀ ਕੁਸਲਾਤ ਹਾਥ ਦੀਪੁ ਕੂਏ ਪਰੈ।। " 

ਕੀ ਜਥੇਦਾਰ ਜੀ ਇਸ ਮਸਲੇ ਨੂੰ ਸਹੀ ਅਰਥਾਂ ਵਿਚ ਕੌਮੀ ਵਰਤਮਾਨ ਤੇ ਭਵਿੱਖ ਦਾ ਮਸਲਾ ਮੰਨ ਕੇ ਪੰਥਕ ਕਚਹਿਰੀ ਵਿਚ ਇਸ ਦੀ ਸੁਣਵਾਈ ਕਰਵਾਉਣ ਲਈ ਪਹਿਲ ਕਰਨਗੇ? ਕੀ ਜੱਥੇਦਾਰ ਜੀ ਪੰਥਕ ,ਸੇਵਾ ਮੁਕਤ ਸਿੱਖ ਜੱਜ ਲੱਭ ਕੇ ਇਨ੍ਹਾਂ ਗੁਨਾਹਗਾਰਾਂ ਦੀ ਕਪਟੀ ਮਨਸਾ ਦੀ ਤਹਿ ਤੱਕ ਜਾਣ ਦਾ ਕਦਮ ਪੁੱਟਣਗੇ? ਕੀ ਜੱਥੇਦਾਰ ਜੀ ਦੇ ਪੰਥਕ ਸੱਥਾਂ ਵਿਚੋਂ ਪੰਥਕ ਸੋਚ ਦੇ ਸਹੀ ਪਹਿਰੇਦਾਰ ਵਾਰਸ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਨੂੰ ਮਨ ਬਚਨ ਕਰਮ ਕਰਕੇ ਸਮਰਪਿਤ ਹਨ ਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਅਮਲੀ ਹਨ ਉਨ੍ਹਾਂ ਵਿਚੋਂ ,ਪੰਜ ਸੇਵਾ ਮੁਕਤ ਜੱਜਾਂ ਨਾਲ ਘੱਟ ਤੋਂ ਘੱਟ 21 ਸਿੱਖ ਜੋ ਵੱਖ ਵੱਖ ਪੱਖਾਂ ਤੋਂ ਭਲੀਭਾਂਤ ਵਾਕਫ਼ ਹੋਣ ਤੇ ਕੌਮੀ ਹਰ ਪੱਖ ਬਾਰੇ ਅਨੁਭਵ ਵੀ ਰੱਖਦੇ ਹੋਣ ਨਾਲ ਜੋੜ ਕੇ ਇਸ ਮੱਸਲੇ ਦੇ ਹੱਲ ਦੀ ਜ਼ਿੰਮੇਵਾਰੀ ਸੌਪ ਦੇਣਗੇ? ਇਕ ਗੱਲ ਬੜੀ ਸਪਸ਼ਟ ਹੈ ਇਸ ਮਸਲੇ ਦਾ ਹੱਲ ਕੌਮੀ ਪੱਧਰ ਤੇ ਪੰਥਕ ਜੁਗਤਿ ਵਿਚ ਹੀ ਹੋ ਸਕਦਾ ਹੈ। ਜੱਥੇਦਾਰ ਜਾਤੀ ਪੱਧਰ ਜੋ ਵੀ ਕਰਨਗੇ ਉਸ ਉੱਤੇ ਕਿੰਤੂ ਪਰੰਤੂ ਬਹੁਤ ਹੋਵੇਗਾ। 

ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮਸਲਿਆਂ ਦੇ ਹੱਲ ਦੀ ਜੁਗਤਿ ਪੰਥਕ ਹੀ ਮਹੱਤਵਪੂਰਣ ਹੈ ਤੇ ਸਵੀਕਾਰਤ ਹੈ। ਜੋ ਵਰਤਮਾਨ ਵਿਚ ਗਵਾਚਿਆ ਹੋਇਆ ਕਰਦੀ ਸੀ। ਸਮੇਂ ਦੇ ਗੇੜ ਨਾਲ ਉਸ ਨੂੰ ਵਿਸਾਰ ਹੀ ਦਿੱਤਾ ਗਿਆ ਹੈ। 

ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਇਸ ਮੌਕੇ ਸਿੱਖ ਸਿਆਸੀ ਹੋਣੀ ਨੂੰ ਦੁਬਾਰਾ ਸਿਰਜਿਆ ਜਾਣਾ ਵੀ ਬਹੁਤ ਜ਼ਰੂਰੀ ਹੈ ਮਾਹੌਲ ਵੀ ਸਾਜਗਾਰ ਹੈ। ਸਾਰੇ ਦਿਖਾਈ ਦੇਂਦੇ ਧੜੇ ਭੰਗ ਕਰ ਦੇਣੇ ਚਾਹੀਦੇ ਹਨ। ਜਿਨ੍ਹਾਂ ਨੇ ਹੁਣ ਤੱਕ ਕੌਮੀ ਬੇੜੀਆਂ ਵਿਚ ਵੱਟੇ ਪਾਏ ਹਨ ਉਨ੍ਹਾਂ ਸਭ ਨੂੰ ਬਾਹਰ ਕਰ ਦੇਣ ਦਾ ਨਿਰਣਾ ਬਹੁਤ ਜ਼ਰੂਰੀ ਹੈ। 

ਭਾਵੇਂ ਇਹ ਕਦਮ ਸਖਤ ਦਿਖਾਈ ਦੇਂਦਾ ਹੋਵੇਗਾ। ਓਪਰੇਸ਼ਨ ਵੱਡਾ ਹੀ ਕਾਰਗਰ ਰਹਿਣਾ ਹੈ ਛੋਟੀਆਂ ਛੋਟੀਆਂ ਪਟੀਆਂ ਕਰਨ ਨਾਲ ਇਲਾਜ਼ ਨਹੀਂ ਹੋਣਾ। 

ਜੇਕਰ ਅੱਜ ਇਸ ਮੌਕੇ ਨੂੰ ਪੰਥਕ ਪੱਧਰ ਤੇ ਨਹੀਂ ਲਿਆ ਜਾਂਦਾ ਤੇ ਧੜਿਆਂ ਦੀ ਲੇਪਾ ਪੋਚੀ ਹੀ ਕਰੀ ਜਾਵੇਗੀ  ਪਛਤਾਵਾ ਨਾਲ ਹੀ ਚਿੰਬੜਿਆ ਰਹੇਗਾ। 

 

ਕੇਵਲ ਸਿੰਘ

ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ।

9592093472

panthaknagara@gmail.com