ਬਾਦਲ ਅਕਾਲੀ ਦਲ ਵਲੋਂ ਆਪਣੀ ਹੋਂਦ ਲਈ ਜੱਦੋ ਜਹਿਦ

ਬਾਦਲ ਅਕਾਲੀ ਦਲ ਵਲੋਂ ਆਪਣੀ ਹੋਂਦ ਲਈ ਜੱਦੋ ਜਹਿਦ

ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਬਾਅਦ ਅਕਾਲੀ ਦਲ ਵਲੋਂ ਅਸਤੀਫਾ ਨਾਮਨਜੂਰ

*ਵਿੱਢੀ ਮੁਹਿੰਮ ਕਿ ਇਹ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼

*ਕੀ ਇਹ ਸਿਧਾ ਚੈਲਿੰਜ ਹੈ ਅਕਾਲ ਤਖਤ ਸਾਹਿਬ ਨੂੰ?

ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਸ ਸਿਆਸੀ ਘੁੰਮਣਘੇਰੀ ਵਿਚ ਘਿਰਿਆ ਹੋਇਆ ਹੈ, ਉਸ ਵਿੱਚੋਂ ਨਿਕਲਣ ਲਈ ਇਸ ਨੂੰ ਕੋਈ ਰਾਹ ਨਹੀਂ ਮਿਲ ਰਿਹਾ। ਸਿਖ ਪੰਥ ਅਕਾਲੀ ਦਲ ਵਿਚ ਦੁਬਾਰਾ ਵਿਸ਼ਵਾਸ ਪ੍ਰਗਟ ਨਹੀਂ ਕਰ ਰਿਹਾ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਤਾ ਸੀ ਪਰ ਅਕਾਲੀ ਹਾਈਕਮਾਂਡ ਤੇ ਯੂਥ ਵਿੰਗ ਨੇ ਇਸ ਨੂੰ ਨਾਮਨਜੂਰ ਕਰ ਦਿਤਾ ਸੀ ਤੇ ਇਹ ਕਿਹਾ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਅਸਤੀਫਾ ਵਾਪਸ ਨਹੀਂ ਲੈਣਗੇ ਤਾਂ ਉਹ ਸਾਰੇ ਜਣੇ ਅਸਤੀਫਾ ਦੇ ਦੇਣਗੇ।ਇਹ ਵੀ ਕਿਹਾ ਗਿਆ ਕਿ ਇਹ ਸਭ ਅਕਾਲੀ ਦਲ ਵਿਰੁੱਧ ਸਾਜਿਸ਼ ਹੈ।

ਯਾਦ ਰਹੇ ਨੂੰ ਕੁਝ ਮਹੀਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸਿਖ ਪੰਥ ਵਿਰੁੱਧ ਗੁਨਾਹਗਾਰ ਠਹਿਰਾਉਂਦੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਜਿਸ ਦੀ ਸਜ਼ਾ ਦਾ ਐਲਾਨ ਹੋਣਾ ਅਜੇ ਬਾਕੀ ਹੈ। ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸੱਤਾ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਥ ਅਤੇ ਪੰਜਾਬ ਦੇ ‘ਹਿੱਤਾਂ’ ਦੇ ਉਲਟ ਕੀਤੇ ਫ਼ੈਸਲਿਆਂ ਅਤੇ ਕਾਰਵਾਈਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਖੁਦ ਅਕਾਲ ਤਖ਼ਤ ਸਾਹਮਣੇ ਪੇਸ਼ ਹੋਏ ਸਨ। 

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰਨਾਂ ਜਥੇਦਾਰਾਂ ਨਾਲ ਮੁਲਾਕਾਤਾਂ ਕਰ ਕੇ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਲਦੀ ‘ਸਜ਼ਾ’ ਲਗਾ ਕੇ ਫਾਰਗ ਕੀਤਾ ਜਾਵੇ।ਪਰ ਅਕਾਲ ਤਖਤ ਸਾਹਿਬ ਵਲੋਂ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਤਨਖਾਹੀਆ ਹੈ ,ਉਹ ਪਹਿਲਾਂ ਅਸਤੀਫਾ ਦੇਵੇ।ਫਿਰ ਫੈਸਲਾ ਹੋਵੇਗਾ।

ਸ੍ਰੋਮਣੀ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਮੁਹਿੰਮ

 

 ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਬੀਤੇ ਸੋਮਵਾਰ ਨੂੰ ਸ੍ਰੀ ਬਾਦਲ ਦੇ ਅਸਤੀਫ਼ੇ ਬਾਰੇ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਸੀ। ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦੇ ਮੁੱਖ ਦਫ਼ਤਰ ਵਿਚ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਬਾਰੇ ਕੋਈ ਵੀ ਫ਼ੈਸਲਾ ਕਰਨ ਤੋਂ ਬਿਨਾਂ ਉਠ ਗਈ ਸੀ। ਵਰਕਿੰਗ ਕਮੇਟੀ ਦੀ ਮੀਟਿੰਗ ਬਾਰੇ ਜੋ ਵੇਰਵੇ ਸਾਹਮਣੇ ਆਏ ਸਨ, ਉਨ੍ਹਾਂ ਮੁਤਾਬਿਕ ਕਮੇਟੀ ਨੇ ਅਸਤੀਫ਼ਾ ਸਵੀਕਾਰ ਜਾਂ ਰੱਦ ਕਰਨ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ ਅਤੇ ਇਹ ਤੈਅ ਕੀਤਾ ਹੈ ਕਿ ਅਸਤੀਫ਼ੇ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਅਤੇ ਹੋਰ ਮੰਚਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿਚ ਯੂਥ ਵਰਕਰਾਂ ਵਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਨਾਮਨਜ਼ੂਰ ਕਰਨ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ ਅਤੇ ਮੀਟਿੰਗ ਸ਼ੁਰੂ ਹੋਣ 'ਤੇ ਇਨ੍ਹਾਂ ਸਾਰੇ ਵਰਕਰਾਂ ਨੂੰ ਮੀਟਿੰਗ ਦੌਰਾਨ ਹੀ ਆਪਣੀ ਮੰਗ ਉਠਾਉਣ ਅਤੇ ਨਾਅਰੇਬਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਅਸਤੀਫਿਆਂ ਦੀ ਮੁਹਿੰਮ ਵੀ ਸ਼ੁਰੂ ਹੋ ਚੁਕੀ ਹੈ। ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਪੰਜਾਬ ਸੁਖਬੀਰ ਸਿੰਘ ਵਾਹਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਖ਼ਿਲਾਫ਼ ਕੇਂਦਰ ਦੀਆਂ ਏਜੰਸੀਆਂ ਵਲੋਂ ਵੱਡੀ ਸਾਜਿਸ਼ ਰਚੀ ਜਾ ਰਹੀ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਕੇ ਪੰਜਾਬ ਦੀ ਗੈਰਤ ਅਤੇ ਦਲੇਰਾਨਾ ਸ਼ਕਤੀ ਨੂੰ ਮੁੱਢੋਂ ਖ਼ਤਮ ਕਰ ਦਿੱਤਾ ਜਾਵੇ ।ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੇ ਹੱਥ ਠੋਕਾ ਬਣੇ ਵਿਰੋਧੀ ਜੋ ਅਕਾਲੀ ਦਲ ਨਾਲ ਗੱਦਾਰੀ ਕਰਕੇ ਆਪਣਾ ਉੱਲੂ ਸਿੱਧਾ ਕਰਨ ਦੇ ਚੱਕਰ ਵਿਚ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਜਰਾ ਜਿੰਨਾ ਵੀ ਇਲਮ ਨਹੀਂ ਹੈ ਕਿ ਜੇਕਰ ਅਕਾਲੀ ਦਲ ਪੰਜਾਬ ਵਿਚੋਂ ਖ਼ਤਮ ਹੋ ਜਾਂਦਾ ਹੈ ਤਾਂ ਫਿਰ ਉਨ੍ਹਾਂ ਦਾ ਵਜੂਦ ਵੀ ਇਕ ਪਿਆਦਿਆਂ ਤੋਂ ਵੱਧ ਨਹੀਂ ਰਹੇਗਾ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਤਰੀ ਪਾਰਟੀ ਦਾ ਤਗੜਾ ਹੋਣਾ ਸਮੇਂ ਦੀ ਲੋੜ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜੋ ਕੇਂਦਰ ਦੀਆਂ ਏਜੰਸੀਆਂ ਤੇ ਪੰਜਾਬ ਵਿਰੋਧੀ ਤਾਕਤਾਂ ਨਾਲ ਡੱਟ ਕੇ ਮੁਕਾਬਲਾ ਕਰ ਸਕਦੀ ਹੈ ਅਤੇ ਸੁਖਬੀਰ ਸਿੰਘ ਬਾਦਲ ਹੀ ਅਜਿਹੇ ਪ੍ਰਧਾਨ ਹਨ, ਜੋ ਸਿੱਖ ਕੌਮ ਦੀ ਬਿਹਤਰੀ ਤੇ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲ ਸਕਦੇ ਹਨ ।

ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ,ਸਾਬਕਾ ਵਿਧਾਇਕ ਅਤੇ ਖ਼ਜ਼ਾਨਚੀ ਐਨ.ਕੇ. ਸ਼ਰਮਾ ਨੇ ਅਕਾਲੀ ਦਲ ਛੱਡ ਦਿੱਤਾ ਹੈ। ਸੁਖਬੀਰ ਬਾਦਲ ਦੇ ਹੱਕ ਵਿਚ ਅਸਤੀਫ਼ਾ ਦੇਣ ਤੋਂ ਬਾਅਦ ਐਨ ਕੇ ਸ਼ਰਮਾ ਨੇ ਕਿਹਾ ਸੀ ਕਿ ਪਾਰਟੀ ਵਿਚ ਧਾਰਮਿਕ ਦਖਲਅੰਦਾਜ਼ੀ ਬਹੁਤ ਜ਼ਿਆਦਾ ਵਧ ਗਈ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਿਆਸੀ ਪਾਰਟੀਆਂ ਕਿਵੇਂ ਚੱਲਣਗੀਆਂ ?  

ਇਸ ਤੋਂ ਸਪਸ਼ਟ ਹੈ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਦੀ ਦਖਲ ਅੰਦਾਜ਼ੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹੈ।ਇਸ ਕਰਕੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਉਪਰ ਕਿੰਤੂ ਕੀਤੇ ਜਾ ਰਹੇ ਹਨ।

ਸਮਝਿਆ ਜਾ ਰਿਹਾ ਹੈ ਕਿ ਸ਼ਰਮਾ ਵਾਂਗ ਕੁਝ ਹੋਰ ਆਗੂ ਵੀ ਆਉਂਦੇ ਕੁਝ ਦਿਨਾਂ ਵਿਚ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਰੱਦ ਕਰਨ ਲਈ ਦਬਾਅ ਬਣਾਉਣ ਲਈ ਅਸਤੀਫ਼ੇ ਦੇ ਸਕਦੇ ਹਨ ।ਅਕਾਲੀ ਦਲ ਦੀ ਹਾਈਕਮਾਂਡ ਤੇ ਵਰਕਿੰਗ ਕਮੇਟੀ ਮੈਂਬਰਾਂ ਨੇ ਬਾਅਦ ਵਿਚ ਪ੍ਰੈਸ ਨੋਟ ਜਾਰੀ ਕਰਕੇ ਜ਼ੋਰ ਦੇ ਕੇ ਆਪਣਾ ਪਹਿਲਾ ਫੈਸਲਾ ਬਦਲਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਅਕਾਲੀ ਦਲ ਦੇ ਖ਼ਿਲਾਫ਼ ਸਾਜਿਸ਼ ਰਚੀ ਗਈ ਹੈ ਅਤੇ ਇਸ ਦਾ ਮਕਸਦ ਪਾਰਟੀ ਨੂੰ ਆਗੂ ਵਿਹੂਣਾ ਬਣਾਉਣਾ ਹੈ ।ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ 'ਤੇ ਇਸ ਸਾਜਿਸ਼ ਨੂੰ ਸਫਲ ਨਹੀਂ ਹੋਣ ਦਿਆਂਗੇ। ਸ. ਸੁਖਬੀਰ ਸਿੰਘ ਬਾਦਲ ਸਾਡੇ ਆਗੂ ਹਨ ਤੇ ਸਾਡੇ ਆਗੂ ਬਣੇ ਰਹਿਣਗੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਿਨਾਂ ਅਕਾਲੀ ਦਲ ਨਹੀਂ ਚਲ ਸਕਦਾ।ਜੇ ਸੁਖਬੀਰ ਅਸਤੀਫਾ ਵਾਪਸ ਨਹੀਂ ਲੈਣਗੇ ਤਾਂ ਅਸੀਂ ਸਾਰੇ ਅਸਤੀਫਾ ਦੇਵਾਂਗੇ।ਸਾਨੂੰ ਸੁਖਬੀਰ ਦਾ ਅਸਤੀਫਾ ਮਨਜੂਰ ਨਹੀਂ।

ਇਸ ਮੀਟਿੰਗ ਵਿਚ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਗੋਬਿੰਦ ਸਿੰਘ ਲੌਂਗੋਵਾਲ, ਪਰਮਜੀਤ ਸਿੰਘ ਸਰਨਾ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ, ਮਨਜੀਤ ਸਿੰਘ ਜੀ. ਕੇ., ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ, ਸਰਬਜੀਤ ਸਿੰਘ ਝਿੰਜਰ, ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਬੰਟੀ ਰੁਮਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਇਕਬਾਲ ਸਿੰਘ ਝੂੰਦਾਂ, ਵੀਰ ਸਿੰਘ ਲੋਪੋਕੇ, ਲਖਬੀਰ ਸਿੰਘ ਲੋਧੀਨੰਗਲ, ਗੁਰਬਚਨ ਸਿੰਘ ਬੱਬੇਹਾਲੀ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਅਰਸ਼ਦੀਪ ਸਿੰਘ ਕਲੇਰ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਗੁਰਿੰਦਰ ਸਿੰਘ ਗੋਗੀ, ਅਮਿਤ ਸਿੰਘ ਰਾਠੀ, ਰਣਬੀਰ ਸਿੰਘ ਰਾਣਾ ਢਿੱਲੋਂ, ਵਰਦੇਵ ਸਿੰਘ ਨੋਨੀਮਾਨ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਵਰਕਿੰਗ ਕਮੇਟੀ ਤੇ ਅਕਾਲੀ ਆਗੂ ਤੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਹਾਜ਼ਰ ਸਨ

ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਵਰਕਿੰਗ ਕਮੇਟੀ ਵੱਲੋਂ ਲਏ ਗਏ ਫੈਸਲੇ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਡਰਾਮਾ ਸਾਹਮਣੇ ਆਇਆ ਹੈ। ਸਭ ਕੁਝ ਲਿਖੀ ਸਕਰਿਪਟ ਮੁਤਾਬਕ ਤਰ੍ਹਾਂ ਚੱਲ ਰਿਹਾ ਹੈ। ਧਿਆਨ ਨਾਲ ਦੇਖੋ ਅਸਤੀਫੇ ਛਪੇ ਛਪਾਏ ਮੀਟਿੰਗ ਹਾਲ ਦੇ ਬਾਹਰ ਟੇਬਲ 'ਤੇ ਦਿੱਤੇ ਜਾਂਦੇ ਸਨ ਤੇ ਦਫ਼ਤਰ ਦੇ ਮੁਲਾਜ਼ਮ ਹਰੇਕ ਬੰਦੇ ਦੀ ਹਾਜ਼ਰੀ ਲਾਉਣ ਸਮੇਂ ਦੇ ਦਿੰਦੇ ਸਨ ਤਾਂ ਕਿ ਅੰਦਰ ਅਸਤੀਫ਼ਾ ਰੱਦ ਕਰਾਉਣ ਲਈ ਦਬਾਅ ਬਣਾਇਆ ਜਾ ਸਕੇ। ਵੀਡਿਓ ਧਿਆਨ ਨਾਲ ਦੇਖੋ ਇਸ ਵਿੱਚ ਸਤਿੰਦਰਜੀਤ ਮੰਟਾ ਖਾਲੀ ਆਉਂਦਾ ਹੈ। ਹਾਜ਼ਰੀ ਲਾਉਣ ਤੋਂ ਬਾਅਦ ਛਪਿਆ ਪੇਪਰ ਹੱਥ ਵਿਚ ਫੜਦਾ ਹੈ। ਉਸੇ ਤਰ੍ਹਾਂ ਬੰਟੀ ਰੋਮਾਣਾ, ਰੋਜੀ ਬਰਕੰਦੀ ਅਤੇ ਪਰਮਜੀਤ ਸਿੰਘ ਢਿੱਲੋਂ ਦੇ ਅਸਤੀਫੇ ਇੱਕੋ ਇਬਾਰਤ ਨਾਲ ਲਿਖੇ ਕੈਮਰੇ ਵਿਚ ਕੈਦ ਹੋਏ।

ਅਕਾਲੀ ਦਲ ਦਾ ਅਕਾਲ ਤਖਤ ਉਪਰ ਦਬਾਅ

 

ਅਕਾਲ ਤਖ਼ਤ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਫ਼ੀ ਸਮਾਂ ਗੁਜ਼ਰ ਚੁੱਕਿਆ ਹੈ ਜਿਸ ਕਰ ਕੇ ਪਾਰਟੀ ਵਲੋਂ ਜਥੇਦਾਰ ਸਾਹਿਬਾਨ ’ਤੇ ਇਹ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਕਿ ਸਜ਼ਾ ਦੇ ਮੁੱਦੇ ਨੂੰ ਜਲਦੀ ਨਿਬੇੜ ਦਿੱਤਾ ਜਾਵੇ। ਇਸ ਦੇ ਨਾਲ ਹੀ ਪਾਰਟੀ ਆਗੂਆਂ ਵਲੋਂ ਇਹ ਲਾਈਨ ਵੀ ਅਖ਼ਤਿਆਰ ਕੀਤੀ ਗਈ ਕਿ ਅਕਾਲ ਤਖ਼ਤ ਵੱਲੋਂ ਸਿਰਫ਼ ਧਾਰਮਿਕ ਸਜ਼ਾ ਹੀ ਲਾਈ ਜਾ ਸਕਦੀ ਹੈ ਅਤੇ ਜੇ ਕਿਸੇ ਤਰ੍ਹਾਂ ਦੀ ਰਾਜਨੀਤਕ ਸਜ਼ਾ ਲਾਈ ਗਈ ਤਾਂ ਇਸ ਨਾਲ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਪਾਰਟੀ ਅੰਦਰ ਲਗਾਤਾਰ ਦਵੰਦ ਦੀ ਸਥਿਤੀ ਬਣੀ ਹੋਈ ਹੈ। ਸਿੰਘ ਸਾਹਿਬਾਨ ਲਈ ਵੀ ਫੈਸਲਾ ਲੈਣਾ ਔਖਾ ਹੋਇਆ ਪਿਆ ਹੈ।

ਸੁਖਬੀਰ ਬਾਦਲ ਦੀ ਗੁਪਤ ਸਿਆਸੀ ਨੀਤੀ ਕੀ ਹੈ?

 

ਪਿਛਲੇ ਹਫ਼ਤੇ ਹੀ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਸੌਂਪ ਕੇ ਆਏ ਸਨ ਜਿਸ ਵਿਚ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਉਨ੍ਹਾਂ ਦੀ ਸਜ਼ਾ ਦਾ ਮਾਮਲਾ ਜਲਦੀ ਨਿਬੇੜਿਆ ਜਾਵੇ। ਸੁਖਬੀਰ ਸਿੰਘ ਬਾਦਲ ਵਲੋਂ ਸ਼ਨਿਚਰਵਾਰ ਨੂੰ ਅਸਤੀਫ਼ਾ ਦੇਣ ਦਾ ਕੋਈ ਕਾਰਨ ਭਾਵੇਂ ਬਿਆਨ ਨਹੀਂ ਕੀਤਾ ਗਿਆ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇ ਕੇ ਆਪਣਾ ਕੇਸ ਲੋਕਾਂ ਦੀ ਕਚਹਿਰੀ ਵਿਚ ਲਿਜਾਣਾ ਚਾਹੁੰਦੇ ਹਨ। ਸੋਮਵਾਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਰੁਖ਼ ਤੋਂ ਵੀ ਝਲਕ ਰਿਹਾ ਹੈ ਕਿ ਪਾਰਟੀ ਲੀਡਰਸ਼ਿਪ ਇਸ ਮੁੱਦੇ ਨੂੰ ਲੈ ਕੇ ਹੇਠਲੇ ਪੱਧਰ ’ਤੇ ਅਕਾਲ ਤਖਤ ਸਾਹਿਬ ਵਿਰੁੱਧ ਲਾਮਬੰਦੀ ਵਿੱਢ ਸਕਦੀ ਹੈ। ਇਸ ਤੋਂ ਪਹਿਲਾਂ ਵੀ ਪਾਰਟੀ ਲੀਡਰਸ਼ਿਪ ਦੱਬਵੀਂ ਜ਼ਬਾਨ ਵਿਚ ਇਹ ਗੱਲ ਆਖਦੀ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਦੋਸ਼ਾਂ ਵਿਚ ਕੋਈ ਸਚਾਈ ਨਹੀਂ ਹੈ।ਜੇ ਪਾਰਟੀ ਇਹ ਪੈਂਤੜਾ ਅਖ਼ਤਿਆਰ ਕਰਦੀ ਹੈ ਤਾਂ ਕੀ ਇਹ ਇਸ ਸਵਾਲ ’ਤੇ ਸਿਖ ਪੰਥ ਨਾਲ ਟਕਰਾਅ ਦਾ ਜੋਖ਼ਮ ਮੁੱਲ ਲਵੇਗੀ? 

ਸਭ ਕਾਸੇ ਦੇ ਬਾਵਜੂਦ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਪਾਰਟੀ ਲੀਡਰਸ਼ਿਪ ਅਜੇ ਵੀ ਉਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਰ ਕੇ ਇਹ ਨੌਬਤ ਬਣੀ ਹੈ ਤੇ ਅਕਾਲੀ ਦਲ ਆਪਣਾ ਸਿਆਸੀ ਵਾਜੂਦ ਗੁਆ ਬੈਠਾ ਹੈ। ਪੰਜਾਬ ਵਿਚ ਵਿਧਾਨ ਸਭਾ ਦੀਆਂ ਚਾਰ ਸੀਟਾਂ- ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਤੇ ਚੱਬੇਵਾਲ ਦੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। 1992 ਦੀਆਂ ਵਿਧਾਨ ਸਭਾ ਚੋਣਾਂ ਜਦੋਂ ਪੰਜਾਬ ਵਿਚ ਅਸ਼ਾਂਤੀ ਦਾ ਮਾਹੌਲ ਚੱਲ ਰਿਹਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਅਤੇ ਉਮੀਦਵਾਰਾਂ ਦੀ ਹੱਤਿਆਵਾਂ ਹੋਣ ਕਰ ਕੇ ਇਸ ਨੂੰ ਚੋਣਾਂ ਦਾ ਬਾਈਕਾਟ ਕਰਨਾ ਪਿਆ ਸੀ। ਇਸ ਤੋਂ ਕਰੀਬ 32 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਕਿਸੇ ਚੋਣ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਪਰ 1992 ਦੌਰਾਨ ਅਕਾਲੀ ਦਲ ਮਜਬੂਤ ਰਿਹਾ ਸੀ ਤੇ ਉਸਨੇ ਖਾੜਕੂਆਂ ਦੇ ਦਬਾਅ ਕਾਰਣ ਚੋਣਾਂ ਦਾ ਬਾਈਕਾਟ ਕੀਤਾ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਦਲੀਲ ਦਿੱਤੀ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਕਰ ਕੇ ਉਹ ਕੋਈ ਜਨਤਕ ਸਰਗਰਮੀ ਨਹੀਂ ਕਰ ਸਕਦੇ ਜਿਸ ਕਰ ਕੇ ਪਾਰਟੀ ‘ਜਰਨੈਲ’ ਬਾਝੋਂ ਚੋਣ ਮੈਦਾਨ ਵਿਚ ਉਤਰਨ ਦੇ ਅਸਮਰੱਥ ਹੈ। ਇਉਂ ਇਹ ਚੁਣਾਵੀ ਮੈਦਾਨ ਛੱਡ ਦਿੱਤਾ ਗਿਆ। ਆਮ ਰਾਏ ਇਹੀ ਬਣ ਰਹੀ ਸੀ ਕਿ ਅਕਾਲੀ ਦਲ ਨੂੰ ਇਉਂ ਮੈਦਾਨ ਛੱਡਣ ਦੀ ਥਾਂ ਆਪਣੀ ਹੋਂਦ ਜ਼ਾਹਿਰ ਕਰਨੀ ਚਾਹੀਦੀ ਸੀ। ਇੱਕ ਹੋਰ ਰਾਏ ਇਹ ਵੀ ਸੀ ਕਿ ਪਾਰਟੀ ਆਗੂਆਂ ਨੂੰ ਆਪਣੀ ਮਾੜੀ ਕਾਰਗੁਜ਼ਾਰੀ ਦੇ ਖ਼ੌਫ਼ ਨੇ ਵੀ ਚੋਣ ਮੈਦਾਨ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ। ਪਾਰਟੀ ਦੀ ਭਾਈਵਾਲ ਰਹੀ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿਚ ਵੋਟ ਫ਼ੀਸਦ ਦੇ ਹਿਸਾਬ ਨਾਲ ਸੂਬੇ ਦੀ ਤੀਜੀ ਵੱਡੀ ਧਿਰ ਬਣ ਗਈ।

ਕੀ ਕਰੇ ਸ੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਜਾਂ ਇਸ ਤੋਂ ਵੱਖ ਹੋਏ ਧੜਿਆਂ ਸਾਹਮਣੇ ਹੁਣ ਟਾਲਾ ਵੱਟਣ ਦੀ ਗੁੰਜਾਇਸ਼ ਨਹੀਂ ਬਚੀ। ਜੇ ਇਨ੍ਹਾਂ ਨੇ ਪੰਜਾਬ ਵਿਚ ਆਪਣੀ ਗੁਆਈ ਸਿਆਸੀ ਜ਼ਮੀਨ ਮੁੜ ਪ੍ਰਾਪਤ ਕਰਨੀ ਹੈ ਅਤੇ ਪੰਥਕ ਹਲਕਿਆਂ ਵਿਚ ਆਪਣੀ ਸ਼ਾਨ ਬਹਾਲ ਕਰਨੀ ਹੈ ਤਾਂ ਇਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਅਗੇ ਸੀਸ ਨਿਵਾਉਣਾ ਪਵੇਗਾ। ਉਨ੍ਹਾਂ ਸਾਰੇ ਪੰਥਕ ਤੇ ਪੰਜਾਬ ਮੁੱਦਿਆਂ ਨੂੰ ਮੁਖਾਤਿਬ ਹੋਣਾ ਪਵੇਗਾ ਜਿਨ੍ਹਾਂ ਨੂੰ ਲੈ ਕੇ ਇਸ ਦੀ ਪਹੁੰਚ ਅਤੇ ਸਮੁੱਚੀ ਕਾਰਗੁਜ਼ਾਰੀ ’ਤੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਇਸ ਨਾਲ ਜੁੜੇ ਮੁੱਦੇ ਐਨੇ ਗੰਭੀਰ ਹਨ ਕਿ ਇਨ੍ਹਾਂ ਨੂੰ ਨਿੱਠ ਕੇ ਚਰਚਾ ਕਰਨ ਲਈ ਹੀ ਲੰਮਾ ਸਮਾਂ ਲੱਗੇਗਾ ਅਤੇ ਇਨ੍ਹਾਂ ਉਪਰ ਦਰੁਸਤੀ ਕਦਮ ਪੁੱਟਣ ਦਾ ਰਾਹ ਹੋਰ ਵੀ ਲੰਮੇਰਾ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥ, ਪੰਜਾਬ ਅਤੇ ਸਮੁੱਚੇ ਭਾਈਚਾਰੇ ਦੇ ਹਿੱਤਾਂ ਤੇ ਸਰੋਕਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਣਾ ਅਤੇ ਦ੍ਰਿੜਾਉਣਾ ਪਵੇਗਾ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਲੀਡਰਸ਼ਿਪ ਇਸ ਔਖੀ ਘੜੀ ਦਾ ਸਾਹਮਣਾ ਕਰਨ ਲਈ ਨਵੀਂ ਪਹੁੰਚ ਅਤੇ ਪਹਿਲ ਕਰਦੀ ਹੈ ਜਾਂ ਫਿਰ ਵੇਲਾ ਵਿਹਾਅ ਚੁੱਕੇ ਨੁਸਖਿਆਂ ’ਤੇ ਹੀ ਟੇਕ ਰੱਖ ਕੇ ਚਲਦੀ ਹੈ।

 

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

9815700916