ਜਥੇਦਾਰ  ਜੀ ਹੁਣ ਫੈਸਲਾ ਤੁਹਾਡਾ ਹੈ ਚਾਹੇ ਗੁਨਾਹਗਾਰ ਲੀਡਰਸ਼ਿਪ ਨੂੰ ਬਚਾ ਲਵੋ ਜਾਂ ਅਕਾਲ ਤਖਤ ਦੀ ਮਾਣ ਮਰਿਯਾਦਾ ਨੂੰ

ਜਥੇਦਾਰ  ਜੀ ਹੁਣ ਫੈਸਲਾ ਤੁਹਾਡਾ ਹੈ ਚਾਹੇ ਗੁਨਾਹਗਾਰ ਲੀਡਰਸ਼ਿਪ ਨੂੰ ਬਚਾ ਲਵੋ ਜਾਂ ਅਕਾਲ ਤਖਤ ਦੀ ਮਾਣ ਮਰਿਯਾਦਾ ਨੂੰ

*ਬਾਬਾ ਸਾਹਿਬ ਸਿੰਘ ਬੇਦੀ ਤੇ ਅਕਾਲੀ ਫੂਲਾ ਸਿੰਘ ਦੀਆਂ ਇਤਿਹਾਸਕ ਪਰੰਪਰਾਵਾਂ ਨੂੰ ਜਿਉਂਦਾ ਰਖਿਆ ਜਾਵੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਚਾਰੇ ਜਾ ਰਹੇ ਮਾਮਲੇ ਦੇ ਸੰਬੰਧ ਵਿਚ ਵੱਖ-ਵੱਖ ਅਕਾਲੀ ਆਗੂਆਂ ਵਲੋਂ ਇਕ-ਦੂਜੇ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਤੇ ਇਸ ਨੂੰ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦੇ ਵਿਰੁੱਧ ਕਰਾਰ ਦਿੰਦਿਆਂ ਅਜਿਹਾ ਕਰਨ ਵਾਲੇ ਅਕਾਲੀ ਆਗੂਆਂ ਨੂੰ ਸਖ਼ਤ ਤਾੜਨਾ ਕੀਤੀ ਹੈ । ਅਕਾਲ ਤਖ਼ਤ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱੱਟਰ ਵਲੋਂ ਜਾਰੀ ਬਿਆਨ ਅਨੁਸਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਵਰਤਾਰਾ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਅਤੇ ਸਰਬਉੱਚਤਾ ਦੇ ਵਿਰੁੱਧ ਹੈ, ਕਿਉਂਕਿ ਜਦੋਂ ਤੱਕ ਇਹ ਮਾਮਲਾ ਵਿਚਾਰ ਅਧੀਨ ਹੈ ਤਦ ਤੱਕ ਇਸ 'ਤੇ ਕਿਸੇ ਤਰ੍ਹਾਂ ਦੀਆਂ ਵੀ ਟਿੱਪਣੀਆਂ ਉਚਿਤ ਨਹੀਂ ਹਨ ।ਉਨ੍ਹਾਂ ਸਿੱਖ ਸਿਆਸਤ ਨਾਲ ਜੁੜੇ ਆਗੂਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ, ਸਤਿਕਾਰ, ਸਿਧਾਂਤ ਅਤੇ ਪਰੰਪਰਾ ਨੂੰ ਧਿਆਨ ਵਿਚ ਰੱਖਦਿਆਂ ਇਕ-ਦੂਜੇ ਵਿਰੁੱਧ ਬਿਆਨਬਾਜ਼ੀ ਤੁਰੰਤ ਬੰਦ ਕੀਤੀ ਜਾਵੇ । ਜੇਕਰ ਸਿੱਖ ਸਿਆਸੀ ਆਗੂ ਬਾਜ਼ ਨਾ ਆਏ ਤਾਂ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦੀ ਉਲੰਘਣਾ ਕਰਨ ਵਾਲੇ ਆਗੂਆਂ ਦੇ ਖ਼ਿਲਾਫ਼ ਪੰਥਕ ਰਹੁ-ਰੀਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਬਿਆਨ ਉਪਰ ਕੋਈ ਟਿਪਣੀ ਨਹੀਂ ਹੋ ਸਕਦੀ,ਕਿਉਂਕਿ ਅਜੇ ਇਸ ਬਾਰੇ ਫੈਸਲਾ ਆਉਣਾ ਹੈ।ਪਰ ਸਿੰਘ ਸਾਹਿਬਾਨ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇ ਗੂਰੂ ਪੰਥ ਨੂੰ ਸਰਵਉਚ ਦਰਜਾ ਦਿਤਾ ਹੈ,ਹੋਰ ਕਿਸੇ ਨੂੰ ਨਹੀਂ।

ਅਠਾਰਵੀ ਸਦੀ ਵਿਚ ਸਿਖ ਮਿਸਲਦਾਰਾਂ ਦੇ ਯੁਗ ਵਿਚ ਅਕਾਲ ਤਖਤ ਤੋਂ ਵੀ ਫੈਸਲੇ ਹੋਏ ,ਜੰਗਲਾਂ ਵਿਚ ਵੀ ਗੁਰੂ ਪੰਥ ਨੇ ਆਪਣੇ ਵਿਚੋਂ ਪੰਜ ਪਿਆਰਿਆਂ ਦੀ ਚੋਣ ਕਰਕੇ ਮੀਰੀ ਪੀਰੀ ਸਿਧਾਂਤ ਅਨੁਸਾਰ ਫੈਸਲੇ ਕੀਤੇ।ਇਸ ਬਾਰੇ ਖਾਲਸਾ ਪੰਥ ਦੀ ਸਹਿਮਤੀ ਸੀ।ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਰਾਜਨੀਤਕ ਤਖਤ ਹੈ ਇਥੋਂ ਫੈਸਲੇ ਉਹੀ ਮਨਜੂਰ ਹੁੰਦੇ ਨੇ ਜੋ ਖਾਲਸਾ ਪੰਥ ਤੇ ਗੁਰੂ ਸਿਧਾਂਤ ਮੁਤਾਬਕ ਹੁੰਦੇ ਹਨ।ਇਸ ਲਈ ਸਿਖ ਪੰਥ ਤੁਹਾਡੇ ਕੋਲੋਂ ਇਹੀ ਇਛਾ ਰਖਦਾ ਹੈ ਕਿ ਤੁਸੀਂ ਪੰਥ ਦੀ ਸਹਿਮਤੀ ਅਨੁਸਾਰ ਇਸ ਬਾਰੇ ਫੈਸਲਾ ਲਵੋ ਤਾਂ ਜੋ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਪਰੰਪਰਾ ਰੋਸ਼ਨ ਰਹੇ। ਗੁਰੂ ਕਾ ਖਾਲਸਾ ਹਮੇਸ਼ਾ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਪ੍ਰਤੀ ਸੁਚੇਤ ਰਿਹਾ ਹੈ।ਇਹੀ ਕਾਰਣ ਹੈ ਕਿ ਕੂੜ ਫੈਸਲਿਆਂ ਕਾਰਣ ਗਿਆਨੀ ਗੁਰਬਚਨ ਸਿੰਘ ਨੂੰ ਸੌਦਾ ਸਾਧ ਨੂੰ ਮਾਫ ਕਰਨ ਦਾ ਹੁਕਮਨਾਮਾ ਵਾਪਸ ਲੈਣਾ ਪਿਆ। ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਇਸੇ ਕਾਰਣ ਅਕਾਲੀ ਦਲ ਨੀਵਾਣਾਂ ਵਲ ਆਇਆ।

ਇਹ ਗਲ ਹੁਣ ਸੱਚ ਹੈ ਕਿ ਸਿਖ ਪੰਥ ਨੂੰ ,ਗੁਨਾਹਗਾਰ ਲੀਡਰਸ਼ਿਪ ਮਨਜੂਰ ਨਹੀਂ।ਉਸ ਵਿਰੁੱਧ ਰੋਸਾ ਤੇ ਵਿਰੋਧ ਜਾਰੀ ਰਹੇਗਾ।

* ਸਿਖ ਸੰਗਤ ਦੀ ਮੰਗ ਹੈ ਕਿ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਆਦਿ ਨੂੰ  ਗੁਨਾਹਗਾਰ ਮੰਨਕੇ  ਇਨ੍ਹਾਂ ਨੂੰ ਤਲਬ ਕੀਤਾ ਜਾਵੇ ਤਾਂ ਜੋ ਉਸ ਸਮੇਂ ਦਾ ਸਾਰਾ ਸੱਚ ਸਾਹਮਣੇ ਆ ਸਕੇ।

ਸਿਖ ਪੰਥ ਇਹ ਵੀ ਚਾਹੁੰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ  ਅਕਾਲ ਤਖਤ ਤੋਂ ਦਿਤਾ ਖਿਤਾਬ ਫਖਰੇ ਕੌਮ ਵਾਪਸ ਲਿਆ ਜਾਵੇ,ਕਿਉਂ ਸਿਖ ਪੰਥ ਵਲੋਂ ਗੁਨਾਹਗਾਰ ਕਰਾਰ ਦਿਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਮਹਾਨਤਾ ਦਾ ਦਰਜਾ ਨਹੀਂ ਦਿਤਾ ਜਾ ਸਕਦਾ।

ਸੰਨ 2015 ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ  ਅਤੇ ਹੋਰ ਸਹਿਯੋਗੀਆਂ ਰਾਹੀਂ ਸੌਦਾ ਸਾਧ ਨੂੰ ਮਾਫ਼ ਕਰਵਾਉਣ ਵਾਲਾ ਕੋਝਾ ਕੰਮ ਕਰਵਾਉਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੇ ਸੰਸਥਾਵਾਂ ਦਾ ਮਿਆਰ ਡੇਗਣ ਤੋਂ ਇਲਾਵਾ ਸਿਖ ਪੰਥ ਨੂੰ ਨੀਵਾਂ ਦਿਖਾਇਆ ਉਹ ਇਤਿਹਾਸ ਵਿਚ ਦਰਜ ਹੋ ਚੁਕਾ ਹੈ।ਇਹ ਗੁਨਾਹ ਮਾਫ ਨਹੀਂ ਹੋਣੇ ਚਾਹੀਦੇ।  ਇਸ ਸਾਰੀ ਖੇਡ ਦਾ ਕਪਤਾਨ ਬਾਦਲ ਪਰਿਵਾਰ ਹੈ।  ਗੁਰੂ ਦੀ ਗੋਲਕ ’ਚੋਂ 94 ਲੱਖ ਰੁਪਏ ਤੋਂ ਵੱਧ; ਇਸ (ਸੌਦਾ ਸਾਧ) ਕੁਫ਼ਰ ਨੂੰ ਸਹੀ ਸਿੱਧ ਕਰਨ ਲਈ ਅਖ਼ਬਾਰੀ ਇਸ਼ਤਿਹਾਰੀ ’ਤੇ ਖ਼ਰਚ ਕਰ ਦਿੱਤਾ ਗਿਆ।ਉਸਦਾ ਹਿਸਾਬ ਲੈਣਾ ਚਾਹੀਦਾ ਹੈ।ਗੁਰੂ ਦੀ ਗੋਲਕ ਦੀ ਭਰਪਾਈ ਕਰਾਉਣੀ ਚਾਹੀਦੀ ਹੈ।

 ਸੋ ਫੈਸਲਾ ਤੁਹਾਡਾ ਹੈ ਕਿ ਤੁਸੀਂ ਅਕਾਲੀ ਦਲ ਜਿਉਂਦਾ ਰਖਣਾ ਹੈ ਜਾਂ ਗੁਨਾਹਗਾਰ ਲੀਡਰਸ਼ਿਪ ਨੂੰ।

ਯਾਦ ਰਖਣ ਵਾਲੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਨੂੰ ਉਸ ਸਮੇਂ ਦੇ ਜਥੇਦਾਰਾਂ ਬਾਬਾ ਸਾਹਿਬ ਸਿੰਘ ਬੇਦੀ ਤੇ ਅਕਾਲੀ ਫੂਲਾ ਸਿੰਘ ਨੇ ਬਚਾਈਆਂ।ਕਿਸੇ ਸ਼ਾਸ਼ਕ ਦੀ ਦਖਲਅੰਦਾਜ਼ੀ ਨਹੀਂ ਹੋਣ ਦਿਤੀ।ਨਾ ਈਨ ਮੰਨੀ।ਫੈਸਲੇ ਅਕਾਲ ਤਖਤ ਸਾਹਿਬ ਤੋਂ ਉਹੀ ਪ੍ਰਵਾਨ ਚੜ੍ਹੇ ਜੋ ਸਿਖ ਪੰਥ ਨੂੰ ਮਨਜੂਰ ਸਨ ਤੇ ਮੀਰੀ ਪੀਰੀ ਸਿਧਾਂਤ ਅਨੁਸਾਰ ਸਨ। 

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ