ਕੈਪਟਨ ਸਿਧੂ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ
*ਇਸੇ ਹਫ਼ਤੇ ਕਾਂਗਰਸ ਹਾਈਕਮਾਨ ਕਰ ਸਕਦੀ ਹੈ ਪੰਜਾਬ ਲਈ ਨਵੀਂ ਟੀਮ ਦਾ ਐਲਾਨ
* ਪਾਰਟੀ ਦਾ ਕਲੇਸ਼ ਖ਼ਤਮ ਕਰਨ ਲਈ ਰਾਹੁਲ ਗਾਂਧੀ ਨੇ ਸੰਭਾਲਿਆ ਮੋਰਚਾ
*ਕੈਪਟਨ ਵਾਰ-ਵਾਰ ਕਮੇਟੀ ਅੱਗੇ ਪੇਸ਼ ਹੋਣ ਤੋਂ ਵੀ ਖਾਸੇ ਖਫ਼ਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ -ਕੈਪਟਨ ਅਮਰਿੰਦਰ ਸਿੰਘ ਦੀ ਸੀਨੀਆਰਤਾ ਅਤੇ ਨਵਜੋਤ ਸਿੰਘ ਸਿੱਧੂ ਦੀ ਅਹਿਮੀਅਤ ਦੇ ਦੋ ਪੇਚੀਦਾ ਨੁਕਤਿਆਂ 'ਚ ਉਲਝੀ ਪੰਜਾਬ ਕਾਂਗਰਸ ਦੇ ਅੜਿੱਕੇ ਨੂੰ ਸੁਲਝਾਉਣ ਲਈ ਦਿੱਲੀ 'ਚ ਮੀਟਿੰਗਾਂ ਦਾ ਦੌਰ ਚਲਦਾ ਰਿਹਾ, ਜਿੱਥੇ ਇਕ ਪਾਸੇ ਮਸਲੇ ਨੂੰ ਸੁਲਝਾਉਣ ਲਈ ਬਣੀ ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਨਾਲ ਵੱਖਰੇ ਤੌਰ 'ਤੇ ਤਵਸੀਲੀ ਮੀਟਿੰਗ ਕੀਤੀ, ਉੱਥੇ ਰਾਹੁਲ ਗਾਂਧੀ ਨੇ ਬਾਅਦ ਦੁਪਹਿਰ ਆਪਣੀ ਰਿਹਾਇਸ਼ 'ਤੇ ਕਈ ਨਾਰਾਜ਼ ਆਗੂਆਂ ਨਾਲ ਮੁਲਾਕਾਤ ਕੀਤੀ | ਹਾਲੇ ਮੁਲਾਕਾਤਾਂ ਦਾ ਇਹ ਸਿਲਸਿਲਾ ਅੱਜੇ ਵੀ ਜਾਰੀ ਰਹੇਗਾ ।ਕਾਂਗਰਸੀ ਹਲਕਿਆਂ ਮੁਤਾਬਿਕ ਇਸ ਹਫ਼ਤੇ ਅੰਦਰ ਪੰਜਾਬ ਲਈ ਨਵੀਂ ਟੀਮ ਦਾ ਗਠਨ ਕੀਤਾ ਜਾਵੇਗਾ । ਰਾਹੁਲ ਨਾਲ ਮੁਲਾਕਾਤ ਕਰਨ ਆਏ ਆਗੂਆਂ 'ਚ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਅਤੇ ਭਾਰਤ ਭੂਸ਼ਣ ਆਸ਼ੂ ਸ਼ਾਮਿਲ ਸਨ ।ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ । ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਡਾ. ਅਮਰ ਸਿੰਘ ਨਾਲ ਵੀ ਰਾਹੁਲ ਨੇ ਮੁਲਾਕਾਤ ਕੀਤੀ ।ਹਲਕਿਆਂ ਮੁਤਾਬਿਕ ਇਨ੍ਹਾਂ ਮੀਟਿੰਗਾਂ ਦਾ ਮਕਸਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣਾ ਹੈ । ਜ਼ਿਕਰਯੋਗ ਹੈ ਕਿ ਇਕ ਤੋਂ ਬਾਅਦ ਇਕ ਸੂਬਾਈ ਚੋਣਾਂ 'ਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰ ਚੁੱਕੀ ਕਾਂਗਰਸ ਹਰ ਹਾਲਤ 'ਚ ਪੰਜਾਬ ਫ਼ਤਹਿ ਕਰਨਾ ਚਾਹੁੰਦੀ ਹੈ। ਪਰ ਆਪਸੀ ਧੜੇਬੰਦੀ ਇਸ ਨੂੰ ਕਮਜ਼ੋਰ ਕਰ ਰਹੀ ਹੈ |
ਕੈਪਟਨ ਮਹੀਨੇ 'ਚ ਦੂਜੀ ਵਾਰ ਕਮੇਟੀ ਅੱਗੇ ਪੇਸ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਮਹੀਨੇ 'ਚ ਮੁੜ ਦੂਜੀ ਵਾਰ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਏ । ਸੰਸਦ ਭਵਨ 'ਚ ਕਾਂਗਰਸ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ 'ਚ ਹੋਈ ਕੈਪਟਨ ਨਾਲ ਮੀਟਿੰਗ ਤਕਰੀਬਨ 3 ਘੰਟੇ ਚੱਲੀ | ਹਲਕਿਆਂ ਮੁਤਾਬਿਕ ਕਮੇਟੀ ਨੇ ਕੈਪਟਨ ਨੂੰ ਅਸੰਤੁਸ਼ਟ ਵਿਧਾਇਕਾਂ ਨੂੰ ਮਨਾਉਣ 'ਚ ਤੇਜ਼ੀ ਲਿਆਉਣ ਨੂੰ ਕਿਹਾ ।ਕੈਪਟਨ ਨੇ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ 'ਚ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ।ਹਲਕਿਆਂ ਮੁਤਾਬਿਕ ਕੈਪਟਨ ਵਾਰ-ਵਾਰ ਕਮੇਟੀ ਅੱਗੇ ਪੇਸ਼ ਹੋਣ ਤੋਂ ਵੀ ਖਾਸੇ ਖਫ਼ਾ ਹਨ । ਹਾਲਾਂਕਿ 4 ਜੂਨ ਅਤੇ 22 ਜੂਨ ਦੋਵੇਂ ਹੀ ਮੀਟਿੰਗਾਂ ਦੇ ਸਮੇਂ ਕੈਪਟਨ ਮਿੱਥੇ ਸਮੇਂ 'ਤੇ ਪਹੁੰਚ ਗਏ ਸਨ ।ਹਲਕਿਆਂ ਮੁਤਾਬਿਕ ਕੈਪਟਨ ਨੇ ਕਮੇਟੀ ਅੱਗੇ ਸਿੱਧੂ ਵਲੋਂ ਉਨ੍ਹਾਂ 'ਤੇ ਕੀਤੇ ਸ਼ਬਦੀ ਹਮਲੇ 'ਤੇ ਨਾਰਾਜ਼ਗੀ ਪ੍ਰਗਟਾਈ, ਜਿਸ 'ਚ ਉਸ ਨੇ ਕਿਹਾ ਸੀ ਕਿ ਪੰਜਾਬ 'ਚ ਦੋ ਪਰਿਵਾਰ ਫਾਇਦਾ ਉਠਾ ਰਹੇ ਹਨ । ਸਿੱਧੂ ਦੇ ਇਸ ਬਿਆਨ 'ਤੇ ਕਾਂਗਰਸ ਹਾਈਕਮਾਨ ਵਲੋਂ ਵੀ ਇਤਰਾਜ਼ ਕੀਤਾ।ਖੜਗੇ ਨੇ ਮੁਲਾਕਾਤ ਤੋਂ ਪਹਿਲਾਂ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜੇਗੀ ।ਖੜਗੇ ਦਾ ਇਹ ਬਿਆਨ ਆਉਣ ਵਾਲੇ ਸਮੇਂ ਪੰਜਾਬ 'ਚ ਹੋਣ ਵਾਲੀ ਸਿਆਸੀ ਉਥਲ-ਪੁਥਲ ਵੱਲ ਵੀ ਇਸ਼ਾਰਾ ਕਰਦਾ ਹੈ ।ਨਵੀਂ ਟੀਮ ਦਾ ਗਠਨ ਦੇ ਕਿਆਸਾਂ ਦਰਮਿਆਨ ਖੜਗੇ ਦੇ ਇਸ ਬਿਆਨ ਤੋਂ ਇਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਾਰਾਜ਼ ਤੇ ਅਸੰਤੁਸ਼ਟ ਆਗੂਆਂ ਨੂੰ ਮਨਾਉਣ ਲਈ ਅਤੇ ਧੜੇਬੰਦੀ 'ਚ ਸੰਤੁਲਨ ਬਣਾਏ ਰੱਖਣ ਲਈ ਲਏ ਜਾਣ ਵਾਲੇ ਫ਼ੈਸਲਿਆਂ ਨੂੰ ਲੈ ਕੇ ਪਾਰਟੀ ਅਜੇ ਆਪਣੇ ਕੋਈ ਵੀ ਪੱਤੇ ਨਹੀਂ ਖੋਲ੍ਹਣਾ ਚਾਹੁੰਦੀ । ਖੜਗੇ ਨੇ ਸਿੱਧੂ ਦੇ ਇਸ ਮੀਟਿੰਗ 'ਚ ਨਾ ਸ਼ਾਮਿਲ ਹੋਣ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਚਾਰ ਰੱਖ ਚੁੱਕੇ ਹਨ । ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਕਮੇਟੀ ਕੈਪਟਨ ਤੋਂ ਕੁਝ ਜਾਣਕਾਰੀ ਲੈਣਾ ਚਾਹੁੰਦੀ ਸੀ । ਖੜਗੇ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ, ਜਿਸ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਜੇ.ਪੀ. ਅਗਰਵਾਲ ਵੀ ਸ਼ਾਮਿਲ ਹਨ, ਨੇ ਅੰਬਿਕਾ ਸੋਨੀ, ਸਲਮਾਨ ਖੁਰਸ਼ੀਦ ਅਤੇ ਰਵਨੀਤ ਸਿੰਘ ਬਿੱਟੂ ਨਾਲ ਵੀ ਮੁਲਾਕਾਤ ਕੀਤੀ ।ਸਾਡੇ ਪਤਰਕਾਰ ਅਨੁਸਾਰ ਪਾਰਟੀ ਦਾ ਕਲੇਸ਼ ਖ਼ਤਮ ਕਰਨ ਲਈ ਰਾਹੁਲ ਗਾਂਧੀ ਨੇ ਖ਼ੁਦ ਮੋਰਚਾ ਸੰਭਾਲ ਲਿਆ ਹੈ। ਰਾਹੁਲ ਗਾਂਧੀ ਨੇ ਆਗੂਆਂ ਤੋਂ ਲੋਕਾਂ ਵਿਚ ਕੈਪਟਨ ਤੇ ਨਵਜੋਤ ਸਿੱਧੂ ਦੀ ਲੋਕਪਿ੍ਰਅਤਾ ਬਾਰੇ ਪੁੱਛਿਆ। ਇਹ ਵੀ ਪੁੱਛਿਆ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਵਿਚ ਇਨ੍ਹਾਂ ’ਚੋਂ ਕਿਹੜਾ ਆਗੂ ਪਾਰਟੀ ਨੂੰ ਮੁੜ ਜਿੱਤ ਦਵਾ ਸਕਦਾ ਹੈ। ਰਾਹੁਲ ਨੇ ਇਹ ਵੀ ਪੁੱਛਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਚਿਹਰਾ ਨਹੀਂ ਬਣਾਇਆ ਜਾਂਦਾ ਤਾਂ ਕਿੰਨੇ ਵਿਧਾਇਕ ਬਗ਼ਾਵਤ ਕਰ ਸਕਦੇ ਹਨ। ਰਾਹੁਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੂੰ ਵਾਗਡੋਰ ਸੰਭਾਲਣ ਦੀ ਗੱਲ ਕਰਦਿਆਂ ਕਿਹਾ ਕਿ ਉਦੋਂ ਕੈਪਟਨ ਦੀ ਗੱਲ ਕਰ ਰਹੇ ਸੀ ਤਾਂ ਹੁਣ ਅਚਾਨਕ ਕਿਉਂ ਵਿਰੋਧ ਕਰ ਰਹੇ ਹੋ? ਤਾਂ ਆਗੂਆਂ ਨੇ ਦੱਸਿਆ ਕਿ ਉਦੋਂ ਪਾਰਟੀ ਨੂੰ ਕੇਵਲ ਕੈਪਟਨ ਅਮਰਿੰਦਰ ਸਿੰਘ ਹੀ ਜਿੱਤ ਦਿਵਾ ਸਕਦੇ ਸਨ ਪਰ ਅੱਜ ਸਥਿਤੀ ਬਦਲ ਗਈ ਹੈ।
ਜ਼ਿਆਦਾਤਰ ਆਗੂਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਸੂਬਾ ਸਰਕਾਰ ਚੋਣਾਂ ਦੌਰਾਨ ਮਾਫ਼ੀਆ ਰਾਜ ਨੂੰ ਖ਼ਤਮ ਕਰਨ ਤੇ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਸਮੇਤ ਦਰਜਨਾਂ ਮਹੱਤਵਪੂਰਨ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ। ਕਈ ਆਗੂਆਂ ਨੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਕਾਰਨ ਪਾਰਟੀ ਦੀ ਹੋ ਰਹੀ ਬਦਨਾਮੀ ਦਾ ਮੁੱਦਾ ਵੀ ਚੁੱਕਿਆ। ਦੁਆਬੇ ਦੇ ਇਕ ਆਗੂ ਨੇ ਰਾਹੁਲ ਗਾਂਧੀ ਨੂੰ ਇੱਥੋਂ ਤਕ ਕਹਿ ਦਿੱਤਾ ਕਿ ਆਗਾਮੀ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਹੁਣ ਗੱਲ ਨਹੀਂ ਬਣਨੀ। ਸਮਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ।ਦੂਜੇ ਪਾਸੇ, ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਚੱਲ ਰਹੀ ਬਗ਼ਾਵਤ ਨੂੰ ਖ਼ਤਮ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਫਿਰ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ।ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਕਾਂਗਰਸ ਵਿਚ ਕੋਈ ਧੜੇਬੰਦੀ ਨਹੀਂ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਮਸਲਿਆਂ ਦਾ ਹੱਲ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ, ਪਰ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਸਮੱਸਿਆ ਜਿਉਂ ਦੀ ਤਿਉਂ ਰਹਿਣੀ ਹੈ। ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਪਾਰਟੀ ਹਾਈਕਮਾਨ ਨੇ ਹੀ ਲੈਣਾ ਹੈ। ਵਾਰ ਵਾਰ ਮੀਡੀਆ ਵਿਚ ਜਾਣ ਕਰ ਕੇ ਪਾਰਟੀ ਅਨੁਸਾਸ਼ਨ ਤੋੜਨ ’ਤੇ ਪਾਰਟੀ ਹਾਈਕਮਾਨ ਦੇ ਨਾਰਾਜ਼ ਹੋਣ ਤੇ ਕਾਰਵਾਈ ਕੀਤੇ ਜਾਣ ਦੇ ਮੁੱਦੇ ’ਤੇ ਪਰਗਟ ਸਿੰਘ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮਸਲੇ ਚੁੱਕ ਰਹੇ ਹਨ ਬੀਤੇ ਕੱਲ੍ਹ ਵੀ ਉਨ੍ਹਾਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮੁੱਦਾ ਚੁੱਕਿਆ ਹੈ ਕਿਉਂਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪਾਰਟੀ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੋਈ ਧੜਾ ਨਹੀਂ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਇਕ ਹੈ।ਸੂਤਰਾਂ ਦਾ ਮੰਨਣਾ ਹੈ ਕਿ ਇਹ ਧੜੇਬਾਜ਼ੀ ਕਾਂਗਰਸ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ।
ਅਕਾਲੀ ਦਲ-ਬਸਪਾ ਗੱਠਜੋੜ ਨੇ ਸੂਬੇ ਦੀ ਸਿਆਸਤ ਵਿਚ ਨਵੀਆਂ ਸੰਭਾਵਨਾਵਾਂ ਪੇਸ਼ ਕੀਤੀਆਂ ਹਨ। ਇਸ ਗੱਠਜੋੜ ਵਿਚ ਸੀਪੀਆਈ ਅਤੇ ਸੀਪੀਐਮ ਦੇ ਸ਼ਾਮਿਲ ਹੋਣ ਦੀ ਚਰਚਾ ਵੀ ਹੈ। ਅਕਾਲੀ ਦਲ ਭਾਵੇਂ ਆਪਣੇ ਅਕਸ ਵਿਚ ਜ਼ਿਆਦਾ ਸੁਧਾਰ ਨਹੀਂ ਕਰ ਸਕਿਆ ਪਰ ਉਸ ਕੋਲ ਹਰ ਪੱਧਰ ਦਾ ਕਾਡਰ ਮੌਜੂਦ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ 2017 ਵਿਚ ਅਕਾਲੀ ਦਲ ਨੂੰ ਸੀਟਾਂ ਆਮ ਆਦਮੀ ਪਾਰਟੀ ਨਾਲੋਂ ਘੱਟ ਮਿਲੀਆਂ ਸਨ ਪਰ ਕੁਲ ਵੋਟਾਂ ਵਿਚ ਉਹ ਦੂਸਰੇ ਨੰਬਰ ’ਤੇ ਸੀ। ਕਾਂਗਰਸ ਨੂੰ 38 ਫ਼ੀਸਦੀ ਵੋਟਾਂ ਮਿਲੀਆਂ ਸਨ, ਅਕਾਲੀ ਦਲ ਨੂੰ 30 ਫ਼ੀਸਦੀ ਅਤੇ ‘ਆਪ’ ਨੂੰ 23 ਫ਼ੀਸਦੀ। ਅਕਾਲੀ ਦਲ ਦੇ ਕਈ ਟਕਸਾਲੀ ਆਗੂਆਂ ਨੇ ਪਾਰਟੀ ਤੋਂ ਵੱਖ ਹੋ ਕੇ ਆਪਣਾ ਨਵਾਂ ਅਕਾਲੀ ਦਲ ਬਣਾਇਆ ਹੈ ਜਿਹੜਾ ਕੁਝ ਸੀਟਾਂ ’ਤੇ ਪਾਰਟੀ ਲਈ ਸਮੱਸਿਆਵਾਂ ਪੈਦਾ ਕਰੇਗਾ। ‘ਆਪ’ ਨੇ ਸਾਬਕਾ ਆਈਜੀ ਕੰਵਰ ਪ੍ਰਤਾਪ ਸਿੰਘ ਨੂੰ ਸ਼ਾਮਿਲ ਕਰ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਨਵੇਂ ਚਿਹਰਿਆਂ ਨੂੰ ਜੀ ਆਇਆਂ ਕਹੇਗੀ। ਭਾਜਪਾ ਅਤੇ ਕਾਂਗਰਸ ਦੇ ਕੁਝ ਆਗੂਆਂ ਦੇ ‘ਆਪ’ ਵਿਚ ਸ਼ਾਮਿਲ ਹੋਣ ਦੀ ਚਰਚਾ ਵੀ ਹੈ ਪਰ ਇਸ ਵਾਰ ‘ਆਪ’ ਨੂੰ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀ ਹਮਾਇਤ ਗ਼ੈਰਹਾਜ਼ਰ ਹੈ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਇਸ ਵਾਰ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਕਿਸਾਨ ਅੰਦੋਲਨ ਨੇ ਭਾਜਪਾ ਦੇ ਆਗੂਆਂ ਦੀਆਂ ਸਿਆਸੀ ਸਰਗਰਮੀਆਂ ਵਿਚ ਮੁਸ਼ਕਿਲਾਂ ਪੈਦਾ ਕੀਤੀਆਂ ਹਨ ਅਤੇ ਪੰਜਾਬੀ ਲੋਕ-ਮਾਨਸ ਭਾਜਪਾ ਪ੍ਰਤੀ ਉਦਾਸੀਨ ਤੇ ਗੁੱਸੇ ਵਿਚ ਹੈ। ਭਾਜਪਾ ਕੋਲ ਆਪਣਾ ਪ੍ਰਤੀਬੱਧ ਕਾਡਰ ਹੈ ਅਤੇ ਸ਼ਹਿਰਾਂ ਅਤੇ ਕੁਝ ਹੋਰ ਇਲਾਕਿਆਂ ਵਿਚ ਉਸ ਦੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਕਿਸਾਨ ਅੰਦੋਲਨ ’ਤੇ ਕੇਂਦ੍ਰਿਤ ਹਨ ਅਤੇ ਪੰਜਾਬੀਆਂ ਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂ ਵੱਡੀ ਭੂਮਿਕਾ ਨਿਭਾ ਸਕਦੇ ਹਨ। ‘ਆਪ’ ਅਤੇ ਹੋਰ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਦੇ ਕੁਝ ਗ਼ੈਰ ਸਿਆਸੀ ਆਗੂਆਂ ਨੂੰ ਆਪਣੇ ਵਿਚ ਸ਼ਾਮਿਲ ਕਰਨ ਵਿਚ ਦਿਲਚਸਪੀ ਲੈ ਰਹੀਆਂ ਹਨ। ਅੰਦੋਲਨ ਦਾ ਵਧਦਾ ਪ੍ਰਭਾਵ ਆਉਣ ਵਾਲੇ ਦਿਨਾਂ ਵਿਚ ਭਾਜਪਾ ਦੇ ਨਾਲ ਨਾਲ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸਿਆਸੀ ਸਰਗਰਮੀਆਂ ਵਿਚ ਵੀ ਅੜਿੱਕੇ ਪਾ ਸਕਦਾ ਹੈ। ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹਨ ਪਰ ਅਜੇ ਤਕ ਉਨ੍ਹਾਂ ਨੂੰ ਸਪੱਸ਼ਟ ਰਾਹ ਦਿਖਾਈ ਨਹੀਂ ਦੇ ਰਿਹਾ ।
ਸੋਨੀਆਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਚੋਣਾਂ : ਖੜਗੇ
ਤਿੰਨ ਮੈਂਬਰੀ ਕਮੇਟੀ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ ਪੰਜਾਬ ਕਾਂਗਰਸ ਦੇ ਮਸਲੇ ਨੂੰ ਕੁੱਝ ਦਿਨਾਂ ਵਿਚ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ।
Comments (0)