ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਵੱਖ ਵੱਖ ਸਿਆਸੀ ਆਗੂਆਂ ਵਲੋਂ ਨਿੰਦਾ,ਪੰਜਾਬ ਦੇ ਹਾਲਾਤ ਵਿਗੜਨ ਉਪਰ ਕੀਤੀਆਂ ਸਖਤ ਟਿਪਣੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮੋਹਾਲੀ: ਮੁਹਾਲੀ ਪੁਲਿਸ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਿਕ ਮਾਲੀ ਦੇ ਖਿਲਾਫ਼ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹ ਆਪਣੇ ਭਰਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਵੱਡਾ ਭਰਾ ਜਤਿੰਦਰ ਸਿੰਘ ਵੀ ਆਇਆ ਹੋਇਆ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਆਈ.ਟੀ. ਐਕਟ ਅਧੀਨ ਉਨ੍ਹਾਂ ਵੱਲੋਂ ਪਾਈ ਕਿਸੇ ਪੋਸਟ ਕਾਰਨ ਉਨ੍ਹਾਂ ਨੂੰ ਫੜਿਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਆਈ.ਟੀ. ਸਿਟੀ ਥਾਣਾ ਮੁਹਾਲੀ ’ਚ ਉਨ੍ਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਇਸ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਗ੍ਰਿਫਤਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਮਾਲਵਿੰਦਰ ਸਿੰਘ ਮਾਲੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਲਈ ਕਿਹਾ ਹੈ। ਪਟਿਆਲਾ ਦੇ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਨੂੰ ਅਜਿਹੇ ਗੈਰ-ਜਮਹੂਰੀ ਅਤੇ ਜ਼ਾਲਮਾਨਾ ਕਦਮਾਂ ਤੋਂ ਗੁਰੇਜ਼ ਕਰਨ ਅਤੇ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ ਦੀ ਚੇਤਾਵਨੀ ਦਿੱਤੀ ਹੈ।
ਬਿਕਰਮ ਸਿੰਘ ਮਜੀਠੀਆ ਦਾ ਟਵੀਟ ਕਰਕੇ ਲਿਖਿਆ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਪ੍ਰੈਸ ਦੀ ਆਜ਼ਾਦੀ ਤੇ ਵਾਰ ਵਾਰ ਹਮਲਾ ਕਰ ਰਿਹਾ ਹੈ। ਮੈਂ ਸ. ਮਾਲੀ ਦੀ ਇਸ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਭਗਵੰਤ ਮਾਨ ਜੀ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਦਬਾਉ ਨਾ। ਤਾਨਾਸ਼ਾਹੀ ਛੱਡੋ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਇਹ ਕਾਰਵਾਈ ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਦੇ ਬਰਾਬਰ ਹੈ ਕਿਉਂਕਿ ਬੋਲਣ ਦੀ ਆਜ਼ਾਦੀ ਸਾਡੇ ਮੌਲਿਕ ਅਧਿਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੀ ਸਿਆਸੀ ਬਦਲਾਖੋਰੀ ਲਈ ਕੱਲ੍ਹ ਹੀ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਦੇ ਖਿਲਾਫ ਭੜਾਸ ਕੱਢ ਰਹੇ ਸਨ, ਜਦੋਂ ਕਿ ਉਨ੍ਹਾਂ ਦੀ ਸਰਕਾਰ ਆਪਣੇ ਆਲੋਚਕਾਂ ਨੂੰ ਚੁੱਪ ਕਰਵਾਉਣ ਲਈ ਬਦਲਾਖੋਰੀ ਦੀ ਉਹੀ ਘਿਨਾਉਣੀ ਖੇਡ ਵਿੱਚ ਸ਼ਾਮਲ ਹੈ।ਖਹਿਰਾ ਨੇ ਕਿਹਾ ਕਿ ਮਾਲੀ ਦੀ ਗ੍ਰਿਫਤਾਰੀ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਭਗਵੰਤ ਮਾਨ ਸਰਕਾਰ ਵਿਰੁੱਧ ਬੋਲਣ ਤੋਂ ਗੁਰੇਜ਼ ਕਰਨ ਦਾ ਸੁਨੇਹਾ ਹੈ ਜਿਸ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਫੇਸਬੁੱਕ ਪੋਸਟ 'ਚ ਜੰਮੂ-ਕਸ਼ਮੀਰ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਇਸ ਪੋਸਟ ਵਿਚ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਵੱਖਰਾ ਦੇਸ਼ ਦੱਸਿਆ ਸੀ। ਮਾਲੀ ਨੇ ਕਿਹਾ ਸੀ ਕਿ ਕਸ਼ਮੀਰ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਸ਼ਮੀਰ ਨੂੰ ਪਾਕਿਸਤਾਨ ਅਤੇ ਭਾਰਤ ਦਾ ਨਾਜਾਇਜ਼ ਕਬਜ਼ਾ ਦੱਸਿਆ ਸੀ।
ਕੋਣ ਨੇ ਮਾਲੀ
ਮਾਲੀ ਨੇ ਕਾਲਜ ਵਿੱਚ ਵਿਦਿਆਰਥੀ ਆਗੂ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ ਉਹ 1980 ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਹੇ ਸਨ। 1993 ਵਿੱਚ, ਮਾਲੀ ਨੂੰ ਉਨ੍ਹਾਂ ਦੀਆਂ 'ਭੜਕਾਊ' ਲਿਖਤਾਂ ਲਈ ਰਾਸ਼ਟਰੀ ਸੁਰੱਖਿਆ ਐਕਟ (NSA) ਅਤੇ ਟਾਡਾ (ਹੁਣ ਰੱਦ ਕੀਤੇ ਗਏ ਕਾਨੂੰਨ) ਦੇ ਤਹਿਤ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਹਾਈ ਕੋਰਟ ਦੇ ਹੁਕਮਾਂ 'ਤੇ ਡੇਢ ਮਹੀਨੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 2016 ਵਿੱਚ ਮਾਲੀ ਪੰਜਾਬ ਸਰਕਾਰ ਦੇ ਇੱਕ ਸਕੂਲ ਵਿੱਚ ਅਧਿਆਪਕ ਦੇ ਤੌਰ 'ਤੇ ਰਿਟਾਇਰ ਹੋਏ ਸਨ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਵਿੱਚ ਜਨਸੰਪਰਕ ਅਧਿਕਾਰੀ ਰਹੇ ਹਨ।
ਡਰ ਤੇ ਦਹਿਸ਼ਤ ਦੇ ਪਰਛਾਵੇਂ ਹੇਠ ਪੰਜਾਬ
ਇਕ ਪਾਸੇ ਆਪ ਸਰਕਾਰ ਵਲੋਂ ਜਮਹੂਰੀ ਅਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਫੇਸਬੁਕ ਉਪਰ ਲਿਖਣ ਕਾਰਣ ਮਾਲੀ ਦੀ ਗਿ੍ਫਤਾਰੀ ਹੋ ਚੁਕੀ ਹੈ ਦੂਸਰੇ ਪਾਸੇ ਪਿਛਲੇ ਕਰੀਬ ਢਾਣੀ ਸਾਲਾਂ ਤੋਂ ਸੂਬੇ ਦੀ ਵਿਗੜੀ ਅਮਨ ਕਨੂੰਨ ਦੀ ਸਥਿਤੀ ਕਾਰਣ ਸੂਬੇ ਦੇ ਆਮ ਲੋਕ ਬੇਚੈਨ ਹਨ। ਲੁਟਾਂ,ਖੋਹਾਂ, ਗੈਂਗਸਟਰਾਂ ਕਾਰਣ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ।ਦਿਨ ਢਲਨ ਤੋਂ ਬਾਅਦ ਲੋਕ ਸਿਰਫ਼ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ ।ਇਸ ਮਾਮਲੇ ਵਿਚ ਔਰਤਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਗਈ ਹੈ, ਕਿਉਂ ਕਿ ਕਦੇ ਚੂੜੀਆਂ, ਚੈਨੀਆ ਝਪਟੀਆਂ ਜਾ ਰਹੀਆਂ ਹਨ, ਕਦੇ ਪਰਸ ਤੇ ਮੋਬਾਈਲ ਝਪਟੇ ਜਾ ਰਹੇ ਹਨ, ਜੇ ਕੋਲ ਕੁਝ ਵੀ ਨਾ ਹੋਵੇ ਤਾਂ ਸਕੂਟਰ ਕਾਰਾਂ ਖੋਹ ਲਈਆਂ ਜਾਂਦੀਆਂ ਹਨ । ਸਰਹੱਦੀ ਜ਼ਿਲਿਆਂ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਹੋਰ ਵੀ ਤਰਸਯੋਗ ਹੈ, ਕਿਉਂ ਕਿ ਸਰਕਾਰ ਕੋਲ ਇੱਕੋ ਹੀ ਬਹਾਨਾ ਹੈ ਕਿ ਸਰਹੱਦ ਪਾਰੋਂ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਹੁੰਦੀ ਹੈ, ਨਸ਼ਿਆਂ ਦੀਆਂ ਖੇਪਾਂ ਆਉਂਦੀਆਂ ਹਨ ਪਰ ਸੱਚ ਇਹ ਵੀ ਹੈ ਕਿ ਸਿੰਥੈਟਿਕ ਡਰੱਗ ਦੇ ਨਾਲ-ਨਾਲ ਮੈਡੀਕਲ ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ ਵੀ ਵਧਿਆ ਹੈ । ਕਿਸੇ ਤਸਕਰ ਡਰੱਗ ਰੈਕਟ ਚਲਾਉਣ ਵਾਲੇ ਨੂੰ ਕਦੇ ਮਿਸਾਲੀ ਸਜਾ ਨਹੀਂ ਮਿਲੀ, ਜੋ ਗ਼ਲਤ ਅਨਸਰ ਫੜੇ ਗਏ, ਉਹ ਹੋਰ ਵੱਡੇ ਬਦਮਾਸ਼ ਬਣ ਕੇ ਨਿਕਲੇ ਅਤੇ ਹਾਲਾਤ ਸਰਕਾਰ ਦੇ ਵੱਸ ਤੋਂ ਬਾਹਰ ਹੁੰਦੇ ਜਾ ਰਹੇ ਹਨ।
Comments (0)