ਅਠਾਰਵੀਂ ਸਦੀ ਤੇ ਅਜੋਕੇ ਸਮੇਂ ਦੌਰਾਨ ਅਕਾਲ ਤਖਤ ਸਾਹਿਬ ਦੇ ਕਈ ਮਹੱਤਵਪੂਰਨ ਫੈਸਲੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਅਕਾਲ ਤਖਤ ਸਾਹਿਬ ਦੀ ਪਰੰਪਰਾ ਹੈ ਕਿ ਅਠਾਰਵੀਂ ਸਦੀ ਦੌਰਾਨ ਸਿਖ ਪੰਥ ਦੇ ਜਥੇਦਾਰ ਵਲੋਂ ਪਹਿਲਾਂ ਪੰਥ ਦਾ ਨੁਮਾਇੰਦਾ ਇਕੱਠ ਬੁਲਾਕੇ ਪੰਜ ਸਿੰਘ ਚੁਣਕੇ ਫੈਸਲੇ ਲਏ ਜਾਂਦੇ ਸਨ ,ਸਿੱਖ ਧਰਮ ਦੀਆਂ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਕੀਤੀ ਜਾਂਦੀ ਸੀ ਅਤੇ ਹੁਣ ਅਕਾਲ ਤਖਤ ਦੇ ਜਥੇਦਾਰ ਪੰਜ ਸਿੰਘ ਸਾਹਿਬਾਨ ਦੇ ਰੂਪ ਵਿਚ ਫੈਸਲੇ ਲੈਂਦੇ ਹਨ।
* ਫਰਵਰੀ 1762 ਦੇ ਵੱਡੇ ਘੱਲੂਘਾਰੇ ਤੋਂ ਬਾਅਦ ਇਸੇ ਸਾਲ ਅਕਤੂਬਰ ਵਿੱਚ ਸਿੱਖਾਂ ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਸਰਬੱਤ ਖਾਲਸਾ ਦੌਰਾਨ ਇਕੱਤਰ ਹੋ ਕੇ ਫੈਸਲਾ ਲਿਆ ਕਿ ਅਹਿਮਦ ਸ਼ਾਹ ਅਬਦਾਲੀ ਦਾ ਜਥੇਬੰਦ ਹੋਕੇ ਮੁਕਾਬਲਾ ਕੀਤਾ ਜਾਵੇਗਾ। ਅਬਦਾਲੀ ਉਸ ਵੇਲੇ ਲਾਹੌਰ ਸੀ ਅਤੇ ਸਿੱਖਾਂ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਹੀ ਕੂਚ ਕੀਤਾ ਗਿਆ। ਅਬਦਾਲੀ ਲਾਹੌਰ ਤੋਂ ਆਇਆ ,ਅੰਮ੍ਰਿਤਸਰ ਨਜ਼ਦੀਕ ਜੰਗ ਹੋਈ ਅਤੇ ਉਸ ਦੇ ਇਤਿਹਾਸਕਾਰਾਂ ਵੱਲੋਂ ਲਿਖਿਆ ਗਿਆ ਹੈ ਕਿ ਸਿੱਖ ਬਹੁਤ ਬਹਾਦੁਰੀ ਨਾਲ ਲੜੇ। ਸ਼ਾਮ ਤੱਕ ਅਬਦਾਲੀ ਲੜਾਈ ਵਿੱਚੋਂ ਹਾਰ ਕੇ ਲਾਹੌਰ ਪਹੁੰਚ ਗਿਆ ਸੀ। ਇਸ ਤੋਂ ਬਾਅਦ 1764 ਵਿੱਚ ਵੀ ਅਬਦਾਲੀ ਨੇ ਹਮਲਾ ਕੀਤਾ ਨੁਕਸਾਨ ਵੀ ਹੋਇਆ ਅਤੇ ਅੰਤ ਸਿੱਖਾਂ ਨੇ ਫਿਰ ਉਸ ਨੂੰ ਹਰਾ ਦਿੱਤਾ। 1765 ਵਿੱਚ ਸਿੱਖਾਂ ਨੇ ਲਾਹੌਰ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ।'
ਸਪੱਸ਼ਟ ਹੈ ਕਿ ਖਾਲਸਾ ਰਾਜ ਦੀ ਸਥਾਪਨਾ ਦਾ ਮੁੱਢ ਅਕਾਲ ਤਖ਼ਤ ਸਾਹਿਬ ਤੋਂ ਹੀ ਬੱਝਿਆ ਸੀ।
*ਵਿਸਾਖੀ 1799 ਦੌਰਾਨ ਅਕਾਲ ਤਖਤ ਦੇ ਜਥੇਦਾਰ ਨੇ ਸਰਬੱਤ ਖਾਲਸਾ ਵਿਚ ਐਲਾਨ ਕੀਤਾ ਕਿ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਨਾਲ ਟਕਰ ਲਈ ਜਾਵੇਗੀ ਤੇ ਉਸਦੀਆਂ ਜਾਗੀਰਾਂ ਖਾਲਸਾ ਪੰਥ ਸਵੀਕਾਰ ਨਹੀਂ ਕਰੇਗਾ। ਖਾਲਸਾ ਰਾਜ ਖੁਦ ਸਥਾਪਤ ਕਰੇਗਾ।
*1801 ਦੌਰਾਨ ਬਾਬਾ ਸਾਹਿਬ ਸਿੰਘ ਬੇਦੀ ਨੇ ਲਾਹੌਰ ਤਖਤ ਉਪਰ ਮਹਾਰਾਜਾ ਰਣਜੀਤ ਸਿੰਘ ਨੂੰ ਬਿਠਾਕੇ ਖਾਲਸਾ ਰਾਜ ਦੀ ਹੋਂਦ ਦਾ ਐਲਾਨ ਕਰ ਦਿਤਾ।
*1978-ਆਧੁਨਿਕ ਸਮੇਂ ਦੀ ਗੱਲ ਕੀਤੀ ਜਾਵੇ ਤਾਂ 10 ਜੂਨ,1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਸੀ।ਅਪ੍ਰੈਲ 1978 ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਹੋਏ ਝੜਪ ਤੋਂ ਬਾਅਦ 13 ਸਿੱਖਾਂ ਅਤੇ 3 ਨਿਰੰਕਾਰੀ ਸਮਰਥਕਾਂ ਦੀ ਜਾਨ ਗਈ ਸੀ।
*2007-ਡੇਰਾ ਸੌਦਾ ਮੁਖੀ ਰਾਮ ਰਹੀਮ ਵੱਲੋਂ ਸਲਾਮਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਵੇਸ਼ ਭੂਸ਼ਾ ਅਤੇ ਅੰਮ੍ਰਿਤ ਸੰਚਾਰ ਦੀ ਨਕਲ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵੱਲੋਂ ਕਰਕੇ ਸਿੱਖਾਂ ਨੂੰ ਡੇਰੇ ਦਾ ਬਾਈਕਾਟ ਕਰਨ ਨੂੰ ਆਖਿਆ ਗਿਆ ਸੀ।
*2015- 2015 ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ, ਸਿੱਖਾਂ ਦੇ ਵਿਰੋਧ ਤੋਂ ਬਾਅਦ ਅਕਤੂਬਰ 2015 ਵਿੱਚ ਇਹ ਫੈਸਲਾ ਵਾਪਸ ਲੈਂਦੇ ਹੋਏ 2007 ਦੇ ਹੁਕਮਨਾਮੇ ‘ਤੇ ਕਾਇਮ ਰਹਿਣ ਦੀ ਗੱਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਆਖੀ ਗਈ।ਇਹ ਹੁਕਮਨਾਮਾ ਬਾਦਲ ਪਰਿਵਾਰ ਦੀ ਅਕਾਲੀ ਸਿਆਸਤ ਲਈ ਘਾਤਕ ਸਿਧ ਹੋਇਆ।
Comments (0)