ਭਗਤ ਸਿੰਘ ਦੀ ਸੋਚ ਅਤੇ ਆਪ ਪਾਰਟੀ ਦੀ ਸੱਤਾ
ਇਨਕਲਾਬ ਦਾ ਅਰਥ ਸਿਰਫ ਹਾਕਮਾਂ ਦੀ ਤਬਦੀਲੀ ਹੀ ਨਹੀਂ ਹੋਵੇਗਾ
ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਹੈ। ਸ਼ਹੀਦ ਭਗਤ ਸਿੰਘ ਦੇ ਪਿੰਡ ਸਹੁੰ ਚੁੱਕ ਸਮਾਗਮ ਕਰਕੇ ਨਵੀਂ ਪਿਰਤ ਪਾਈ ਹੈ। ਹੁਣ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਥਾਂ ਭਗਤ ਸਿੰਘ ਦੀ ਫੋਟੋ ਲੱਗੇਗੀ, ਨਾਲ ਹੀ ਡਾ. ਬੀ ਆਰ ਅੰਬੇਡਕਰ ਨੂੰ ਇਹ ਮਾਣ ਦਿੱਤਾ ਜਾਵੇਗਾ। ਇਹਨਾਂ ਦੋਵਾਂ ਸ਼ਖਸੀਅਤਾਂ ਦਾ ਇਸ ਚੋਣ ਰਾਜਨੀਤੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ, ਭਾਵੇਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼ਰੇਆਮ ਕਹਿੰਦੇ ਹਨ ਕਿ ਉਹ ਹਨੂੰਮਾਨ ਦੇ ਭਗਤ ਹਨ ਤੇ ਹਰ ਮੰਗਲਵਾਰ ਨੂੰ ਹਨੂੰਮਾਨ ਚਾਲੀਸੇ ਦਾ ਪਾਠ ਕਰਦੇ ਹਨ। ਔ ਇਹ ਸਿਆਸਤ ਹੈ, ਜਿਸ ਨੇ ਨਹੀਂ ਸਮਝੀ, ਉਹ ਇਸ ਵਰਤਾਰੇ ਤੋਂ ਸਿੱਖ-ਸਮਝ ਸਕਦਾ ਹੈ।ਚੋਣ ਵਿੱਚ ਮੁੱਦੇ, ਦਾਅਵੇ, ਵਾਅਦੇ ਅਤੇ ਵਿਸ਼ੇਸ਼ ਕਰਕੇ ਗਰੰਟੀਆਂ ਹੁਣ ਇੱਕੋ ਹੀ ਭਾਵ-ਅਰਥ ਨਾਲ ਵਰਤੇ ਜਾਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਪਾਰਟੀ ਦੀ ਜਿੱਤ ਤੋਂ ਬਾਅਦ ਹਰੇ ਪੈੱਨ ਦੀ ਤਾਕਤ ਦੀ ਵਰਤੋਂ ਦੀ ਗੱਲ ਕੀਤੀ, ਫਿਰ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਪਹਿਲੀ ਮੀਟਿੰਗ ਦੌਰਾਨ ਵਿਧਾਇਕਾਂ ਨੂੰ ਆਪਣੇ ਹਲਕੇ/ਲੋਕਾਂ ਵਿੱਚ ਵਿਚਰਨ ਦਾ ਸੁਨੇਹਾ ਦਿੱਤਾ ਤੇ ਅੰਤ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਇਆ। ਇਹ ਦ੍ਰਿਸ਼ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਏ ਜਾਣ ਦੀ ਹਾਮੀ ਭਰਦਾ ਹੈ।
ਇੱਕ ਗੱਲ ਇਸੇ ਸੰਦਰਭ ਵਿੱਚ ਹੋਰ ਹੈ ਕਿ ਇਸ ਨਾਅਰੇ ਦੀ ਇਬਾਰਤ ਵਿੱਚ ਵਰਤੇ ਗਏ ਸ਼ਬਦ ਮਹਿਜ਼ ਸ਼ਬਦ ਨਹੀਂ ਹਨ। ਇਹ ਨਾਅਰਾ, ਇਨਕਲਾਬ ਜ਼ਿੰਦਾਬਾਦ ਕਦੋਂ ਸੰਭਵ ਹੈ, ਕਦੋਂ ਇਹ ਸੱਚ ਹੋਵੇਗਾ? ਇਸ ਨਾਅਰੇ ਦਾ ਦੂਸਰਾ ਅਹਿਮ ਹਿੱਸਾ ਹੈ, ‘ਸਾਮਰਾਜਵਾਦ ਮੁਰਦਾਬਾਦ।’ ਇਹ ਹਿੱਸਾ ਅਕਸਰ ਬਹੁਤੇ ਲੋਕ ਭੁੱਲ ਜਾਂਦੇ ਹਨ ਜਾਂ ਉਹਨਾਂ ਦੀ ਸੋਚ ਦਾ ਹਿੱਸਾ ਹੀ ਨਹੀਂ ਬਣ ਸਕਿਆ ਹੈ। ਇਨਕਲਾਬ ਹੈ ਤਬਦੀਲੀ/ਬਦਲਾਅ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਦਿੱਤਾ ਹੈ, ਉਹ 75 ਸਾਲਾਂ ਤੋਂ ਤਬਦੀਲੀ ਉਡੀਕ ਰਹੇ ਹਨ। ਉਹਨਾਂ ਨੇ ਪਾਰਟੀ ਤੋਂ ਵੱਧ ਬਦਲਾਅ ਨੂੰ ਵੋਟ ਦਿੱਤੀ ਹੈ। ਉਹਨਾਂ ਸਭਨਾਂ ਲਈ ਇਨਕਲਾਬ ਜ਼ਿੰਦਾਬਾਦ, ਉਹਨਾਂ ਦੇ ਮਨਾਂ ਦੇ ਬਹੁਤ ਕਰੀਬ ਹੈ।ਪਰ ਇਨਕਲਾਬ ਆਵੇਗਾ ਕਿਵੇਂ? ਇਹ ਨਾਅਰੇ ਲਗਾਉਣ ਨਾਲ ਨਹੀਂ ਆਉਣਾ। ਇਹ ਬੋਲਣਾ, ਦਿਲੋਂ ਬੋਲਣਾ ਇੱਕ ਵਧੀਆ ਭਾਵਨਾ ਦਾ ਸੂਚਕ ਹੈ। ਇਹ ਠੀਕ ਹੈ ਥੰਮ੍ਹ ਡਿਗੇ ਹਨ, ਹਨੇਰੀ ਚੱਲੀ ਹੈ, ਸੁਨਾਮੀ ਆਈ ਹੈ। ਇਹਨਾਂ ਦੀ ਆਪਣੀ ਤਾਕਤ ਸੀ, ਬਿਲਕੁਲ ਸੀ, ਪਰ ਥੰਮ੍ਹ ਖੋਖਲੇ ਵੀ ਸੀ, ਸਿਉਂਕ ਲੱਗੀ ਹੋਈ ਸੀ। ਹੁਣ ਸਵਾਲ ਹੈ ਉਸੇ ਜ਼ਮੀਨ ’ਤੇ, ਉਸੇ ਮਿੱਟੀ ਵਿੱਚ, ਜਿੱਥੇ ਸਿਉਂਕ ਦੀ ਮਾਰ ਹੈ, ਥੰਮ੍ਹ ਖੋਖਲੇ ਹੋਣ ਤੋਂ ਬਚਾਉਣ ਦਾ ਰਾਹ ਇਖਤਿਆਰ ਕਰਨਾ ਹੈ, ਇਨਕਲਾਬ ਪਸਰਨ-ਫੈਲਣ ਦਾ ਰਾਹ ਦਿਖਾਵੇਗਾ। ਸਾਮਰਾਜੀ ਵਿਵਸਥਾ ਜਦੋਂ ਹਰ ਪਾਸੇ ਪੂਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਉਸ ਦੇ ਚੱਲਦੇ ਇਨਕਲਾਬ ਜ਼ਿੰਦਾਬਾਦ ਦੇ ਨਾਲ ਸਾਮਰਾਜਵਾਦ ਦੇ ਖਾਤਮੇ ਦੀ ਗੱਲ ਵਿਸਾਰ ਦੇਣ ਨਾਲ ਮਨਸ਼ਾ ਪੂਰੀ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਸਿਰਫ ਦਫਤਰ ਜਾਂ ਸਮਾਗਮੀ ਬੈਨਰਾਂ ’ਤੇ ਭਗਤ ਸਿੰਘ ਦੀ ਫੋਟੋ ਨਾਲ ਬਦਲਾਅ ਨਹੀਂ ਆਉਣਾ। ਇਹ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਨਾਲ ਆਵੇਗਾ, ਤਾਂ ਹੀ ਇਹ ਸੱਚ ਹੋ ਸਕੇਗਾ।
ਇਨਕਲਾਬ ਦਾ ਅਰਥ ਸਿਰਫ ਹਾਕਮਾਂ ਦੀ ਤਬਦੀਲੀ ਹੀ ਨਹੀਂ ਹੋਵੇਗਾ। ਸਭ ਤੋਂ ਵੱਧ ਇਸਦਾ ਅਰਥ ਹੋਵੇਗਾ ਕਿ ਇੱਕ ਬਿਲਕੁਲ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ। ਇਹ ਕੰਮ ਕੁਰਬਾਨੀ ਮੰਗਦਾ ਹੈ ਤੇ ਸਭ ਨੂੰ ਇਸਦੇ ਲਈ ਤਿਆਰ ਰਹਿਣਾ ਪਵੇਗਾ। ਦੇਸ਼ ਦੀ ਮੌਜੂਦਾ ਹਾਲਤ ਕਿਵੇਂ ਨਾ-ਬਰਾਬਰੀ ਦੇ ਵੱਖ-ਵੱਖ ਨਜ਼ਰੀਏ ਤੋਂ ਪਰੇਸ਼ਾਨ ਕਰਨ ਵਾਲੀ ਹੈ। ਆਰਥਿਕ ਨਾ-ਬਰਾਬਰੀ ਦੀ ਝਲਕ ਤਾਂ ਸਭ ਨੂੰ ਸਾਫ ਨਜ਼ਰ ਆ ਜਾਂਦੀ ਹੈ, ਪਰ ਲੁਕਵੇਂ ਰੂਪ ਵਿੱਚ ਧਾਰਮਿਕ ਅਤੇ ਜਾਤੀਗਤ ਵਖਰੇਵਾਂ, ਨਾ-ਬਰਾਬਰੀ ਤੋਂ ਵੀ ਅੱਗੇ ਨਫਰਤੀ ਰੂਪ ਧਾਰ ਰਿਹਾ ਹੈ। ਧਰਮ-ਸੰਸਦ ਵਰਗੇ ਵਰਤਾਰੇ ਪਰੇਸ਼ਾਨ ਹੀ ਨਹੀਂ ਕਰਦੇ, ਦਿਲ ਕੰਬਾਊ ਵੀ ਹਨ।ਅੰਬੇਡਕਰ ਸਾਹਿਬ ਦੇ ਬਾਰੇ ਵੀ ਗੱਲ ਹੁੰਦੀ ਹੈ, ਪਰ ਉਸ ਦੀ ਸੰਵਿਧਾਨ ਵਿੱਚ ਦਰਜ ਧਾਰਾਵਾਂ ਨੂੰ ਲਾਗੂ ਕਰਨਾ ਤਾਂ ਦੂਰ, ਸਗੋਂ ਤੋੜਨ-ਮਰੋੜਨ ਦੀ ਵੱਧ ਕੋਸ਼ਿਸ਼ ਹੁੰਦੀ ਹੈ। ਉਹਨਾਂ ਨੂੰ ਉਸ ਪੂਰੇ ਮੁਜੱਸਮੇ ਦੇ ਰੂਪ ਵਿੱਚ ਅਪਣਾਉਣ ਨਾਲ ਹੀ ਪੰਜਾਬ ਦੇ ਲੋਕਾਂ ਦਾ ਕੁਝ ਸੰਵਰ ਸਕਦਾ ਹੈ, ਜਿਸ ਨੂੰ ਉਹ ਉਡੀਕ ਰਹੇ ਹਨ।ਸੱਤਾ ਤਾਕਤਵਰ ਹੁੰਦੀ ਹੈ। ਸਰਮਾਏਦਾਰੀ ਦੀ ਤਾਕਤ ਉਸ ਤੋਂ ਕਿਤੇ ਵੱਡੀ ਤੇ ਅੰਤਰਰਾਸ਼ਟਰੀ ਪ੍ਰਭਾਵ ਵਾਲੀ ਹੈ। ਇਸ ਲਈ ਉਸ ਦੇ ਪ੍ਰਭਾਵ ਤੋਂ ਬਚਣ ਲਈ ਪੂਰੀ ਤਨਦੇਹੀ ਅਤੇ ਸਟੀਕ ਤੌਰ-ਤਰੀਕੇ ਨਾਲ, ਨਿਸ਼ਾਨਾ ਕੇਂਦਰਤ ਨੀਤੀ ਬਣਾ ਕੇ ਉਸ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਇਹ ਪ੍ਰਭਾਵ ਲਾਂਭੇ ਰੱਖਿਆ ਜਾ ਸਕਦਾ ਹੈ। ਇਸਦੀ ਸੰਭਾਵਨਾ ’ਤੇ ਯਕੀਨ ਰੱਖਣਾ ਚਾਹੀਦਾ ਹੈ। ਇਸਦੇ ਲਈ ਇੱਕ ਸੋਚ, ਵਿਹਾਰਕ ਪੱਖ ਭਗਤ ਸਿੰਘ ਨੇ ਜਾਨ ਲਾਕ ਦੇ ਹਵਾਲੇ ਨਾਲ ਉਭਾਰਿਆ ਕਿ ਜਦੋਂ ਤਕ ਕਾਨੂੰਨ ਸੱਤਾਧਾਰੀ ਵਰਗ ਵੱਲੋਂ ਬਣਾਏ ਜਾਣਗੇ ਅਤੇ ਅਦਾਲਤਾਂ ਵਿੱਚ ਇਸ ਵਰਗ ਦੇ ਮੈਂਬਰ ਪ੍ਰਧਾਨਗੀ ਕਰਨਗੇ ਤਾਂ ਕਾਨੂੰਨ/ਅਦਾਲਤਾਂ ਆਮ ਲੋਕਾਂ ਲਈ ਨਾ ਮੁੱਕਣ ਵਾਲਾ ਸਫਰ ਹੋਣਗੀਆਂ। ਕਾਨੂੰਨ ਦੇ ਸਾਹਮਣੇ ਬਰਾਬਰੀ ਇੱਕ ਮਜ਼ਾਕ ਬਣੀ ਰਹੇਗੀ।ਪਰ ਸਾਡੇ ਕੋਲ ਅੱਜ ਇੱਕ ਸਜੀਵ ਉਦਾਹਰਣ ਹੈ, ਸਾਡੇ ਸਮਿਆਂ ਵਿੱਚ ਵਾਪਰੀ। ਅਸੀਂ ਅੱਖੀਂ ਦੇਖੀ, ਖੁਦ ਉਸ ਦਾ ਹਿੱਸਾ ਬਣੇ, ਉਹ ਹੈ ਜਨਤਕ ਤਾਕਤ ਨਾਲ ਲੈ ਕੇ ਤੁਰਿਆ ਜਾਵੇ ਤਾਂ ਸੱਤਾ ਅਤੇ ਸਰਮਾਏਦਾਰੀ ਦੋਹਾਂ ਨੂੰ ਰੋਕਿਆ ਵੀ ਜਾ ਸਕਦਾ ਹੈ ਤੇ ਉਹਨਾਂ ਦੇ ਇਰਾਦਿਆਂ ਨੂੰ ਬਦਲਿਆ ਵੀ ਜਾ ਸਕਦਾ ਹੈ। ਚੰਡੀਗੜ੍ਹ ਵਿੱਚ ਘੱਟ ਰਹਿ ਕੇ, ਵੱਧ ਸਮਾਂ ਲੋਕਾਂ ਵਿੱਚ ਬਿਤਾਉਣ/ਰਹਿਣ/ਉਹਨਾਂ ਦੀਆਂ ਮੁਸ਼ਕਲਾਂ ਸਮਝਣ ਦਾ ਸੱਦਾ ਇੱਕ ਉਤਸ਼ਾਹਜਨਕ ਕਾਰਜ ਹੈ। ਲੋਕ ਸਮੂਹ ਨਾਲ ਹੋਵੇਗਾ ਤਾਂ ਸਭ ਕੁਝ ਮੁਮਕਿਨ ਹੈ। ਵਿਅਕਤੀ ਨਹੀਂ ਜਨ-ਅੰਦੋਲਨ ਦੀ ਤਾਕਤ ਨੂੰ ਆਮ ਆਦਮੀ ਪਾਰਟੀ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਜਿਨ੍ਹਾਂ ਨੇ ਉਹਨਾਂ ਨੂੰ ਆਸ ਤੋਂ ਵੱਧ ਸਮਰਥਨ ਦਿੱਤਾ ਹੈ। ਹੁਣ ਇਸ ਜਨ ਸਮੂਹ ਦੇ ਜਜ਼ਬਾਤੀ ਪ੍ਰਗਟਾਵੇ ਨੂੰ ਪਛਾਨਣ ਅਤੇ ਇੱਜ਼ਤ ਦੇਣ ਦੀ ਲੋੜ ਹੈ।
ਡਾ. ਸ਼ਿਆਮ ਸੁੰਦਰ ਦੀਪਤੀ
Comments (0)