ਕੇਜਰੀਵਾਲ ਸਰਕਾਰ ਠੇਕੇ ਦੇ ਕੰਮ ਕਰਦੀਆਂ ਪੰਜਾਬੀ ਅਧਿਆਪਕਾਂ ਦੀਆਂ ਸੇਵਾਵਾਂ ਮੁੜ ਬਹਾਲ ਕਰਣ : ਕਾਹਲੋਂ

ਕੇਜਰੀਵਾਲ ਸਰਕਾਰ ਠੇਕੇ ਦੇ ਕੰਮ ਕਰਦੀਆਂ ਪੰਜਾਬੀ ਅਧਿਆਪਕਾਂ ਦੀਆਂ ਸੇਵਾਵਾਂ ਮੁੜ ਬਹਾਲ ਕਰਣ : ਕਾਹਲੋਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 3 ਮਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲਾਂ ਵਿਚ ਪੰਜਾਬੀ ਪੜ੍ਹਾਉਂਦੀਆਂ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕਰਨ ਜਿਹਨਾਂ ਨੂੰ ਸੇਵਾਵਾਂ ਤੋਂ ਹਟਾਇਆ ਗਿਆ ਹੈ।

ਅੱਜ ਇਥੇ ਸੇਵਾਵਾਂ ਤੋਂ ਫਾਰਗ ਕੀਤੀਆਂ ਅਧਿਆਪਕਾਂ ਨੇ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨਾਲ ਮੁਲਾਕਾਤ ਕੀਤੀ ਤੇ ਆਪਣੀਆਂ ਮੁਸ਼ਕਿਲਾਂ ਦੱਸੀਆਂ।

ਇਸ ਮੌਕੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਦੁੱਖ ਨਾਲ ਇਹ ਵੀਡੀਓ ਬਣਾਉਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਸਾਡੀਆਂ ਭੈਣਾਂ ਪਿਛਲੇ 30-30 ਸਾਲਾਂ ਤੋਂ ਸਕੂਲਾਂ ਵਿਚ ਪੰਜਾਬੀ ਪੜ੍ਹਾ ਰਹੀਆਂ ਸਨ ਤੇ ਠੇਕੇ ’ਤੇ ਸਿਰਫ 6-6 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਕੰਮ ਕਰ ਰਹੀਆਂ ਸਨ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਕੇਜਰੀਵਾਲ ਸਰਕਾਰ ਨੇ ਇਹਨਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ ਕਿਉਂਕਿ ਆਪ ਸਰਕਾਰ ਦਿੱਲੀ ਵਿਚ ਪੰਜਾਬੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਹਨਾਂ ਦੱਸਿਆ ਕਿ ਜਿਥੇ ਪੰਜਾਬੀ ਭਾਸ਼ਾ ਦਿੱਲੀ ਦੀ ਤੀਜੀ ਆਫੀਸ਼ੀਅਲ ਭਾਸ਼ਾ ਹੈ ਪਰ ਕੇਜਰੀਵਾਲ ਸਰਕਾਰ ਨੇ ਇਸਨੂੰ ਸਕੂਲਾਂ ਵਿਚੋਂ ਪੂਰੀ ਤਰ੍ਹਾਂ ਲਾਪਰਵਾਹੀ ਨਾਲ ਖ਼ਤਮ ਕਰਨ ਦੀ ਕਗਾਰ ’ਤੇ ਆ ਗਈ ਹੈ।

ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬੀ ਅਕੈਡਮੀ ਰਾਹੀਂ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ ਤਾਂ ਜੋ ਬੱਚੇ ਸਕੂਲਾਂ ਵਿਚ ਪੰਜਾਬੀ ਨਾ ਪੜ੍ਹ ਸਕਣ।

ਉਹਨਾਂ ਕਿਹਾ ਕਿ ਇਹਨਾਂ ਨੂੰ ਤਾਂ ਠੇਕੇ ’ਤੇ ਹੀ ਰੱਖਿਆ ਹੋਇਆ ਸੀ ਤੇ ਸਿਰਫ ਨਿਗੂਣੀ 6-6 ਹਜ਼ਾਰ ਰੁਪਏ ਤਨਖਾਹ ਦਿੰਦੇ ਸੀ, ਅਜਿਹੇ ਵਿਚ ਠੇਕਾ ਬਹਾਲ ਕਰਨ ਵਿਚ ਕੀ ਮੁਸ਼ਕਿਲ ਹੈ ?

ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਅਧਿਆਪਕਾਂ ਨੂੰ ਮੰਤਰੀ ਸੌਰਵ ਭਾਰਦਵਾਜ ਤੇ ਕਦੇ ਮੰਤਰੀ ਆਤਿਸ਼ੀ ਦੇ ਦਫਤਰ ਦੇ ਗੇੜੇ ਕੱਢਣੇ ਪੈ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਦੋਵਾਂ ਮੰਤਰੀਆਂ ਸਮੇਤ ਸਮੁੱਚੀ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਤਾਂ ਜੋ ਅਤਿਅੰਤ ਮਹਿੰਗਾਈ ਦੀ ਮਾਰ ਝੱਲ ਰਹੇ ਇਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਹੋ ਸਕੇ।

ਇਸ ਮੌਕੇ ਪੀੜਤ ਅਧਿਆਪਕਾਂ ਨੇ ਦੱਸਿਆ ਕਿ ਉਹਨਾਂ ਨੇ ਤਿੰਨ ਮਹੀਨੇ ਪੰਜਾਬੀ ਅਕੈਡਮੀ ਦੇ ਬਾਹਰ ਧਰਨਾ ਦਿੱਤਾ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਮੰਤਰੀ ਆਤਿਸ਼ੀ ਦੇ ਘਰ ਗਏ ਸੀ ਤਾਂ ਬਰਸਾਤ ਵਿਚ ਅਧਿਆਪਕਾਂ ਨੂੰ ਬਾਹਰ ਖੜ੍ਹਾ ਰੱਖਿਆ ਗਿਆ।

ਉਹਨਾਂ ਕਿਹਾ ਕਿ ਅੱਜ ਕੇਜਰੀਵਾਲ ਦੇ ਜੇਲ੍ਹ ਵਿਚ ਹੋਣ ’ਤੇ ਆਪ ਸਰਕਾਰ ਵਾਲੇ ਸੜਕਾਂ ’ਤੇ ਨਾਅਰੇ ਲਗਾ ਰਹੇ ਹਨ ਪਰ ਉਹਨਾਂ ਨੂੰ ਤਿੰਨ ਮਹੀਨੇ ਤੱਕ ਉਹਨਾਂ ਵੱਲੋਂ ਦਿੱਤੇ ਧਰਨੇ ਵਿਖਾਈ ਨਹੀਂ ਦਿੱਤੇ।

ਉਹਨਾਂ ਕਿਹਾ ਕਿ ਉਹ ਅੱਜ ਸਰਦਾਰ ਜਗਦੀਪ ਸਿੰਘ ਕਾਹਲੋਂ ਕੋਲ ਆਏ ਹਨ ਤੇ ਆਸ ਕਰਦੇ ਹਨ ਕਿ ਦਿੱਲੀ ਗੁਰਦੁਆਰਾ ਕਮੇਟੀ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢੇਗੀ।