ਇਜਰਾਈਲ ਦੇ ਨਿਸ਼ਾਨੇ ਉਪਰ ਜਿਹਾਦੀ ਖਾੜਕੂਵਾਦ,ਹਮਲੇ ਜਾਰੀ

ਇਜਰਾਈਲ ਦੇ ਨਿਸ਼ਾਨੇ ਉਪਰ ਜਿਹਾਦੀ ਖਾੜਕੂਵਾਦ,ਹਮਲੇ ਜਾਰੀ

*ਹਿਜਬੁਲਾ ਦਾ ਕਮਾਂਡਰ ਹਸਨ ਬੇਟੀ ਜ਼ੈਨਬ ਸਮੇਤ ਇਜਰਾਈਲ ਦੇ ਹਮਲੇ ਵਿਚ ਮਾਰਿਆ ਗਿਆ

*ਹਿਜਬੁਲਾ ਦੀ ਸੀਨੀਅਰ ਕਮਾਂਡ ਇਜਰਾਈਲੀ ਬੰਬ ਧਮਾਕਿਆਂ ਵਿਚ ਖਤਮ

.*ਇਹ ਜੰਗ ਪੱਛਮ ਤੇ ਇਸਲਾਮ ਵਿਚਾਲੇ ਵੱਡਾ ਤਣਾਅ ਪੈਦਾ ਕਰੇਗੀ।

ਇਜਰਾਈਲ ਨੇ ਹਿਜਬੁਲਾ ਨੂੰ ਮਿਟਾਉਣ ਲਈ ਲੇਬਨਾਨ ਉਪਰ ਹਮਲੇ ਪੇਜਰ ਧਮਾਕਿਆਂ ਬਾਅਦ ਹੋਰ ਤੇਜ ਕਰ ਦਿਤੇ ਹਨ ਤੇ ਐਲਾਨ ਕੀਤਾ ਕਿ ਉਹ ਲੈਬਨਾਨ ਅੰਦਰ ਵੜੇਗਾ। ਇਸ ਮਹੀਨੇ ਦੌਰਾਨ ਇਜਰਾਈਲ ਨੇ ਕਈ ਹਿਜਬੁਲਾ ਦੇ ਕਮਾਂਡਰ ਇਬਰਾਹੀਮ ਕੁਬੇਸੀ,ਇਬਰਾਹੀਮ ਅਕੀਲ,ਫੁਆਦ ਸ਼ੁਕਰ ਠੋਕ ਦਿਤੇ ਹਨ,ਪਰ ਹਿਜਬੁਲਾ ਇਜਰਾਈਲ ਦਾ ਮੁਕਾਬਲਾ ਕਰਨ ਤੋਂ ਅਸਮਰਥ ਸਿਧ ਹੋ ਰਿਹਾ ਹੈ।

 ਇਜ਼ਰਾਈਲ ਨੇ ਬੀਤੇ ਹਫਤੇ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਦਹੀਹ ਵਿਚ ਇਕ ਵੱਡਾ ਹਵਾਈ ਹਮਲਾ ਕੀਤਾ ਸੀ। ਹਮਲੇ ਵਿੱਚ ਲੇਬਨਾਨੀ ਸਮੂਹ ਹਿਜ਼ਬੁੱਲਾ ਦਾ ਹੈੱਡਕੁਆਰਟਰ ਤਬਾਹ ਹੋ ਗਿਆ ਸੀ। ਇਸ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ।ਅਮਰੀਕੀ ਨਿਊਜ਼ ਵੈੱਬਸਾਈਟ ਐਕਸੀਓਸ ਨੇ ਇਕ ਇਜ਼ਰਾਈਲੀ ਸੂਤਰ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਇਹ ਹਮਲਾ ਹਿਜ਼ਬੁੱਲਾ ਨੇਤਾ ਹਸਨ ਨਸਰੱਲਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।  ਨਸਰੁੱਲਾ ਇਸ ਵਿਚ ਮਾਰਿਆ ਗਿਆ।ਸਮਝਿਆ ਜਾਂਦਾ ਹੈ ਕਿ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੇ ਦੱਖਣੀ ਬੈਰੂਤ ਵਿਚ ਸਥਿਤ ਹੈੱਡਕੁਆਰਟਰ ’ਚ ਮੌਜੂਦ ਹੋਣ ਦੀ ਸੂਚਨਾ ਇਜ਼ਰਾਈਲ ਨੂੰ ਇਕ ਈਰਾਨੀ ਜਾਸੂਸ ਤੋਂ ਮਿਲੀ ਸੀ, ਜਿਸ ਤੋਂ ਬਾਅਦ ਹਮਲੇ ਲਈ ਤੁਰੰਤ ਮਿਸ਼ਨ ਤਿਆਰ ਕੀਤਾ ਗਿਆ। ਅਮਰੀਕਾ ਵਿਚ ਮੌਜੂਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤੁਰੰਤ ਇਸ ਮਿਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਸੀ।

ਨੇਤਨਯਾਹੂ ਦੀ ਮਨਜ਼ੂਰੀ ਮਿਲਦਿਆਂ ਹੀ ਕੁਝ ਮਿੰਟਾਂ ਦੇ ਅੰਦਰ ਇਜ਼ਰਾਈਲ ਦੀ ਹਵਾਈ ਫੌਜ ਨੇ ਹਿਜ਼ਬੁੱਲਾ ਹੈੱਡਕੁਆਰਟਰ ਦੀ ਸੱਤ ਮੰਜ਼ਿਲਾ ਇਮਾਰਤ ਨੂੰ ਨਿਸ਼ਾਨਾ ਬਣਾਉਂਦਿਆਂ ਬੰਬ ਸੁੱਟੇ। ਨਸਰੁੱਲਾ ਇਸੇ ਇਮਾਰਤ ਦੀ ਬੇਸਮੈਂਟ ਵਿਚ ਆਪਣੇ ਸਾਥੀਆਂ ਨਾਲ ਮੀਟਿੰਗ ਕਰ ਰਿਹਾ ਸੀ।

ਇਜ਼ਰਾਈਲੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਨਦਾਵ ਸ਼ੋਸ਼ਾਨੀ ਨੇ ਟਵਿੱਟਰ 'ਤੇ ਐਲਾਨ ਕੀਤਾ, "ਹਿਜ਼ਬੁੱਲਾ ਚੀਫ ਹਸਨ ਨਸਰੱਲਾਹ  ਬੇਟੀ ਜ਼ੈਨਬ ਨਸਰੱਲਾਹ,ਹਿਜ਼ਬੁੱਲਾ ਦੇ ਦੱਖਣੀ ਫਰੰਟ ਕਮਾਂਡਰ ਅਲੀ ਕਰਾਕੀ ਅਤੇ ਹੋਰ ਸੀਨੀਅਰ ਕਮਾਂਡਰਾਂ ਸਮੇਤ ਇਸ ਹਮਲੇ ਵਿਚ ਮਾਰਿਆ ਗਿਆ ਸੀ।  ਇਜ਼ਰਾਇਲੀ ਹਮਲਿਆਂ ਵਿਚ ਹਿਜ਼ਬੁੱਲਾ ਦੀ ਸੈਕਿੰਡ ਇਨ ਕਮਾਂਡ ਵੀ ਤਬਾਹ ਹੋ ਚੁਕੀ ਹੈ। 

 ਨਸਰੁੱਲਾ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ, ਹਿਜ਼ਬੁੱਲਾ ਨੇ ਹਸਨ ਨਸਰੱਲਾ  ਦੀ ਮੌਤ ਬਾਰੇ ਪੁਸ਼ਟੀ ਕਰ ਦਿਤੀ ਹੈ।  ਇਸ ਮੌਤ ਨਾਲ ਪੱਛਮੀ ਏਸ਼ੀਆ ਵਿਚ ਤਣਾਅ ਵਧ ਸਕਦਾ ਹੈ।

ਇਜ਼ਰਾਈਲੀ ਹਮਲੇ 'ਚ ਹਿਜ਼ਬੁੱੱਲਾ ਦਾ ਇਕ ਹੋਰ ਸੀਨੀਅਰ ਕਮਾਂਡਰ ਹਲਾਕ

ਇਜ਼ਰਾਈਲੀ ਫ਼ੌਜ ਨੇ ਹੁਣੇ ਜਿਹੇ ਦਾਅਵਾ ਕੀਤਾ ਕਿ ਉਸ ਨੇ ਇਕ ਹਵਾਈ ਹਮਲੇ ਵਿਚ ਹਿਜ਼ਬੁੱਲਾ ਦੇ ਇਕ ਹੋਰ ਪ੍ਰਮੁੱਖ ਨੇਤਾ ਹਿਜ਼ਬੁੱਲਾ ਦੀ ਕੇਂਦਰੀ ਕੌਂਸਲ ਦਾ ਉਪ ਮੁਖੀ ਨਬੀਲ ਕਾਉਕ ਨੂੰ ਮਾਰ ਦਿੱਤਾ ਹੈ ।  ਲਿਬਨਾਨ ਦੇ ਹਥਿਆਰਬੰਦ ਸ਼ੀਆ ਸੰਗਠਨ ਹਿਜ਼ਬੁੱਲਾ ਨੇ ਕਾਉਕ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲ ਹੀ ਦੇ ਦਿਨਾਂ 'ਚ ਇਜ਼ਰਾਈਲੀ ਹਮਲਿਆਂ 'ਚ ਉਸ ਦਾ ਚੋਟੀ ਦਾ 7ਵਾਂ ਕਮਾਂਡਰ ਮਾਰਿਆ ਗਿਆ ਹੈ। ਕਾਉਕ ਹਿਜ਼ਬੁੱਲਾ ਦਾ ਇਕ ਅਨੁਭਵੀ ਮੈਂਬਰ ਸੀ ਅਤੇ ਇਸ ਤੋਂ ਪਹਿਲਾਂ ਦੱਖਣੀ ਲਿਬਨਾਨ ਵਿਚ ਹਿਜ਼ਬੁੱਲਾ ਦੇ ਫ਼ੌਜੀ ਕਮਾਂਡਰ ਵਜੋਂ ਕੰਮ ਕਰ ਚੁੱਕਾ ਹੈ । ਅਮਰੀਕਾ ਨੇ 2020 ਵਿਚ ਉਸ ਦੇ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ ਸੀ ।

ਹਾਸ਼ਮ ਸਫੀਦੀਨ ਹਸਨ ਨਸਰੁੱਲਾ ਦੀ ਲਵੇਗਾ ਥਾਂ

ਨਸਰੁੱਲਾ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਦੇ ਨਵੇਂ ਮੁਖੀ ਲਈ ਹਾਸ਼ਮ ਸਫੀਦੀਨ ਦਾ ਨਾਂ ਸਭ ਤੋਂ ਅੱਗੇ ਹੈ।ਹਾਸ਼ਮ ਸਫੀਦੀਨ ਸਾਬਕਾ ਹਿਜ਼ਬੁੱਲਾ ਮੁਖੀ ਨਸਰੁੱਲਾ ਦਾ ਚਚੇਰਾ ਭਰਾ ਹੈ।ਹਿਜ਼ਬੁੱਲਾ ਦੀ ਕਾਰਜਕਾਰੀ ਕੌਂਸਲ ਦੇ ਮੁਖੀ ਵਜੋਂ, ਸਫੀਦੀਨ ਹਿਜ਼ਬੁੱਲਾ ਦੇ ਰਾਜਨੀਤਿਕ ਮਾਮਲਿਆਂ ਦੀ ਨਿਗਰਾਨੀ ਕਰਦਾ ਹੈ।ਹਾਸ਼ਮ ਜੇਹਾਦ ਕੌਂਸਲ 'ਤੇ ਵੀ ਬੈਠਦਾ ਹੈ, ਜੋ ਸਮੂਹ ਦੇ ਫੌਜੀ ਕਾਰਵਾਈਆਂ ਦਾ ਪ੍ਰਬੰਧਨ ਕਰਦਾ ਹੈ।ਸਫੀਦੀਨ ਆਪਣੇ ਆਪ ਨੂੰ ਇੱਕ ਮੌਲਵੀ ਦੱਸਦਾ ਹੈ ਜੋ ਹਰ ਸਮੇਂ ਕਾਲੀ ਪੱਗ ਬੰਨ੍ਹਦਾ ਹੈ ਅਤੇ ਇਸਲਾਮ ਦੇ ਪੈਗੰਬਰ ਮੁਹੰਮਦ ਦੇ ਵੰਸ਼ਜ ਹੋਣ ਦਾ ਦਾਅਵਾ ਵੀ ਕਰਦਾ ਹੈ।ਸਮਝਿਆ ਜਾਂਦਾ ਹੈ ਕਿ  ਈਰਾਨ ਹਿਜ਼ਬੁੱਲਾ ਨੂੰ ਨਿਯੰਤਰਿਤ ਅਤੇ ਵਿੱਤ ਪ੍ਰਦਾਨ ਕਰਦਾ ਹੈ। ਹਾਸ਼ਮ ਦੇ ਈਰਾਨ ਨਾਲ ਬਹੁਤ ਚੰਗੇ ਸਬੰਧ ਮੰਨੇ ਜਾਂਦੇ ਹਨ, ਕਿਉਂਕਿ ਉਸ ਨੇ ਉੱਥੇ ਪੜ੍ਹਾਈ ਵੀ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਈਰਾਨ ਨਾਲ ਬਿਹਤਰ ਸਬੰਧਾਂ ਕਾਰਨ ਉਸ ਦਾ ਨੇਤਾ ਬਣਨਾ ਤੈਅ ਹੈ।

ਯੂ.ਐੱਸ. ਸਟੇਟ ਡਿਪਾਰਟਮੈਂਟ ਨੇ 2017 ਵਿਚ ਹਾਸ਼ਮ ਨੂੰ ਅੱਤਵਾਦੀ ਐਲਾਨਿਆ ਸੀ। 

ਜੰਗ ਰੁਕਣ ਦੀ ਸੰਭਾਵਨਾ ਨਹੀਂ

ਦੂਜੇ ਪਾਸੇ ਅਮਰੀਕਾ ਇਸ ਤਣਾਅ ਤੋਂ ਘਬਰਾਇਆ ਇਜਰਾਈਲ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਹੈ ਤੇ ਦੂਜੇ ਪਾਸੇ ਉਸਨੂੰ ਹਥਿਆਰ ਵੀ ਸਪਲਾਈ ਕਰ ਰਿਹਾ ਹੈ।ਪਰ  ਅਮਰੀਕਾ ਦਾ ਦੋਹਰਾ ਵਰਤਾਰਾ ਇਜਰਾਈਲ ਨੂੰ ਇਨ੍ਹਾਂ ਹਮਲਿਆਂ ਲਈ ਉਤਸ਼ਾਹ ਦੇ ਰਿਹਾ ਹੈ। ਇਜਰਾਈਲ ਇਸਲਾਮੀ ਦਹਿਸ਼ਤਗਰਦੀ ਲਈ ਕਾਲ ਬਣਕੇ ਛਾਅ ਰਿਹਾ ਹੈ।ਪਰ ਇਸ ਜੰਗ ਵਿਚ ਆਮ ਲੋਕਾਂ, ਬੱਚਿਆਂ, ਇਸਤਰੀਆਂ ਦਾ ਘਾਣ ਹੋ ਰਿਹਾ ਹੈ।ਇਸ ਕਾਰਣ ਇਸਲਾਮੀ ਮੁਲਕਾਂ ਵਿਚ ਇਜਰਾਈਲ ਵਿਰਧ ਖਾਸਾ ਰੋਸ ਪਾਇਆ ਜਾ ਰਿਹਾ ਜੋ ਵਿਸ਼ਵ ਸ਼ਾਂਤੀ ਲਈ ਖਤਰਾ ਬਣ ਗਿਆ ਹੈ।ਕਿਹਾ ਇਹ ਵੀ ਜਾ ਰਿਹਾ ਹੈ ਕਿ ਅਮਰੀਕਾ ਇਜਰਾਈਲ ਦੀ ਫੌਜੀ ਮਦਦ ਕਰ ਰਿਹਾ ਹੈ।ਇਹ ਯੁਧ  ਰੁਕਣ ਵਾਲਾ ਨਹੀਂ ਜਾਪਦਾ।ਇੰਜ ਜਾਪਦਾ ਹੈ ਕਿ ਇਹ ਜੰਗ ਪੱਛਮ ਤੇ ਇਸਲਾਮ ਵਿਚਾਲੇ ਵੱਡਾ ਤਣਾਅ ਪੈਦਾ ਕਰੇਗੀ।ਇਜ਼ਰਾਈਲ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਇੱਛੁਕ ਤੌਰ ’ਤੇ ਆਪਣੇ ਜੰਗਬਾਜ਼ ਰਵੱਈਏ ਨੂੰ ਬਦਲ ਲਵੇਗਾ। ਅਮਰੀਕਾ ਤੇ ਪੱਛਮੀ ਦੇਸਾਂ ਵਲੋਂ ਇਜ਼ਰਾਈਲ ਨੂੰ ਖੁੱਲ੍ਹੀ ਛੋਟ ਦੇਣ ਦਾ ਮਤਲਬ ਹੈ- ਦੁਨੀਆ ਦੀ ਬਰਬਾਦੀ ਨੂੰ ਸੱਦਾ ਦੇਣਾ ਅਤੇ ਦੁਨੀਆ ਜਿੰਨੀ ਛੇਤੀ ਇਸ ਗੱਲ ਦਾ ਅਹਿਸਾਸ ਕਰ ਲਵੇਗੀ, ਓਨਾ ਹੀ ਚੰਗਾ ਹੈ।

ਕੌਣ ਸੀ ਹੁਸਨ 

ਹਸਨ ਨਸਰੱਲਾ 1992 ਤੋਂ ਲੈਬਨਾਨ ਦੀ ਸਭ ਤੋਂ ਮਜ਼ਬੂਤ ​​ਰਾਜਨੀਤਕ ਅਤੇ ਫੌਜੀ ਤਾਕਤ ਹਿਜ਼ਬੁੱਲਾ ਦਾ ਮੁਖੀ ਰਿਹਾ ਹੈ। ਹਸਨ ਨਸਰੱਲਾ ਨਾ ਸਿਰਫ਼ ਲੇਬਨਾਨ ਵਿੱਚ ਸਗੋਂ ਪੱਛਮੀ ਏਸ਼ੀਆ ਵਿੱਚ ਵੀ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਸੱਯਦ ਹਸਨ ਨਸਰੱਲਾ ਦਾ ਜਨਮ 1960 ਵਿੱਚ ਬੇਰੂਤ ਵਿੱਚ ਇੱਕ ਗਰੀਬ ਸ਼ੀਆ ਪਰਿਵਾਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਇਸਲਾਮ ਧਰਮ ਵੱਲ ਝੁਕਾਅ ਰੱਖਣ ਵਾਲਾ ਹਸਨ 1975 ਵਿੱਚ ਸ਼ੁਰੂ ਹੋਏ ਲੇਬਨਾਨ ਦੀ ਘਰੇਲੂ ਜੰਗ ਤੋਂ ਬਹੁਤ ਪ੍ਰਭਾਵਿਤ ਸੀ। ਉਹ ਇਜ਼ਰਾਈਲੀ ਕਬਜ਼ੇ ਦਾ ਵਿਰੋਧ ਕਰਨ ਲਈ ਸ਼ੀਆ ਮਿਲੀਸ਼ੀਆ ਅਮਲ ਅਤੇ ਫਿਰ ਹਿਜ਼ਬੁੱਲਾ ਵਿੱਚ ਸ਼ਾਮਲ ਹੋ ਗਿਆ।

1992 ਵਿੱਚ, ਇਜ਼ਰਾਈਲੀ ਬਲਾਂ ਨੇ ਹਿਜ਼ਬੁੱਲਾ ਦੇ ਤਤਕਾਲੀ ਨੇਤਾ ਸੱਯਦ ਅੱਬਾਸ ਮੌਸਾਵੀ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਹਸਨ ਨਸਰੱਲਾ ਨੇਹਿਜਬੁਲਾ ਦੀ ਅਗਵਾਈ ਸੰਭਾਲੀ ਅਤੇ ਹਿਜ਼ਬੁੱਲਾ ਦੀ ਫੌਜੀ ਸਮਰੱਥਾ ਅਤੇ ਰਾਜਨੀਤਿਕ ਪ੍ਰਭਾਵ ਨੂੰ ਵਧਾਇਆ। ਹਿਜ਼ਬੁੱਲਾ ਨੇ ਲੇਬਨਾਨ ਵਿੱਚ 2018 ਦੀਆਂ ਸੰਸਦੀ ਚੋਣਾਂ ਵਿੱਚ ਜ਼ਬਰਦਸਤ ਜਿੱਤ ਦਰਜ ਕੀਤੀ ਸੀ। ਨਸਰੁੱਲਾ ਦੀ ਅਗਵਾਈ ਵਿੱਚ ਹਿਜ਼ਬੁੱਲਾ ਦੀ ਰਾਜਨੀਤਿਕ ਅਤੇ ਫੌਜੀ ਸ਼ਕਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।

2021 ਦੇ ਇੱਕ ਭਾਸ਼ਣ ਵਿੱਚ, ਨਸਰੱਲਾਹ ਨੇ ਦਾਅਵਾ ਕੀਤਾ ਸੀ ਕਿ ਹਿਜ਼ਬੁੱਲਾ ਕੋਲ 100,000 ਲੜਾਕੇ ਹਨ, ਜੋ  ਵਿਸ਼ਵ ਪੱਧਰ 'ਤੇ ਸਭ ਤੋਂ ਸ਼ਕਤੀਸ਼ਾਲੀ ਗੈਰ-ਰਾਜੀ ਹਥਿਆਰਬੰਦ ਸਮੂਹਾਂ ਵਿੱਚੋਂ ਇੱਕ ਹਥਿਆਰਬੰਦ ਜਥੇਬੰਦੀ ਹੈ। ਹਿਜ਼ਬੁੱਲਾ ਨੂੰ ਇਸ ਖੇਤਰ ਵਿੱਚ ‘ਵਿਰੋਧ ਦੇ ਧੁਰੇ’ ਵਜੋਂ ਜਾਣਿਆ ਜਾਂਦਾ ਹੈ। ਹਿਜ਼ਬੁੱਲਾ ਨੂੰ ਅਮਰੀਕਾ, ਬ੍ਰਿਟੇਨ, ਜਰਮਨੀ, ਆਸਟ੍ਰੇਲੀਆ, ਕੈਨੇਡਾ, ਖਾੜੀ ਸਹਿਯੋਗ ਪਰਿਸ਼ਦ ਅਤੇ ਜ਼ਿਆਦਾਤਰ ਅਰਬ ਲੀਗ ਨੇ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੋਇਆ ਹੈ।

ਨਸਰੱਲਾ ਦਾ ਪ੍ਰਭਾਵ ਫੌਜ ਉਪਰ ਵੀ ਹੈ। ਉਸਦੀ ਅਗਵਾਈ ਵਿੱਚ, ਹਿਜ਼ਬੁੱਲਾ ਲੇਬਨਾਨ ਦੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਖਿਡਾਰੀ ਬਣ ਗਿਆ ਸੀ। 1992 ਤੋਂ ਲੈਬਨਾਨ ਦੀਆਂ ਸੰਸਦੀ ਚੋਣਾਂ ਵਿੱਚ ਇਸਦੀ  ਭਾਗੀਦਾਰੀ ਨੇ ਇਸਦੀ ਰਾਜਨੀਤਿਕ ਸਥਿਤੀ ਨੂੰ ਮਜ਼ਬੂਤ ​​ਕੀਤਾ ਸੀ। ਨਸਰੱਲਾ ਨੂੰ ਲੇਬਨਾਨ ਦੇ ਸ਼ੀਆ ਭਾਈਚਾਰੇ ਵਿੱਚ ਬਹੁਤ ਅਹਿਮ ਮੰਨਿਆ ਜਾਂਦਾ ਸੀ।ਉਸ ਦੀ ਅਗਵਾਈ ਵਿਚ ਹਿਜ਼ਬੁੱਲਾ ਵੀ ਇਜ਼ਰਾਈਲ ਨਾਲ ਲਗਾਤਾਰ ਸੰਘਰਸ਼ ਵਿਚ ਰਿਹਾ ਸੀ। ਇਜਰਾਈਲ ਨਾਲ ਟਕਰਾਅ ਕਾਰਣ ਉਸਦੇ ਸਮਰਥਕਾਂ ਵਿੱਚ ਨਸਰੁੱਲਾ ਦੀ ਪ੍ਰਸਿੱਧੀ ਨੂੰ ਵਧਾ ਦਿੱਤਾ ਸੀ, ਖਾਸ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਜੋ ਹਿਜ਼ਬੁੱਲਾ ਨੂੰ ਇਜ਼ਰਾਈਲੀ ਕਬਜ਼ੇ ਦੇ ਵਿਰੁੱਧ ਨਾਇਕ ਦੇ ਪ੍ਰਤੀਕ ਵਜੋਂ ਦੇਖਦੇ ਸਨ।

ਈਰਾਨੀ ਕਮਾਂਡਰ ਖਮੇਨੀ ਇਜਰਾਈਲੀ ਦਹਿਸ਼ਤ ਕਾਰਣ ਲੁਕਿਆ

ਨਿਊਯਾਰਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ  ਹਸਨ ਨਸਰੱਲਾ ਦੀ ਮੌਤ ਤੋਂ ਬਾਅਦ ਅਲੀ ਖਮੇਨੀ ਨੇ ਤਹਿਰਾਨ 'ਵਿਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਹੀ ਖਮੇਨੀ ਨੂੰ ਸੁਰੱਖਿਅਤ ਸਥਾਨ 'ਤੇ ਭੇਜਣ ਦਾ ਫੈਸਲਾ ਕੀਤਾ ਗਿਆ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਇਜ਼ਰਾਈਲ 'ਤੇ ਅਮਰੀਕੀ ਬੰਕਰ ਬਸਟਰ ਬੰਬਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।ਈਰਾਨ ਦੇ ਰਾਸ਼ਟਰਪਤੀ ਮਹਿਮੂਦ ਪੇਜ਼ੇਸਕੀਅਨ ਨੇ ਬੇਰੂਤ 'ਤੇ ਹਮਲੇ ਨੂੰ ਘੋਰ ਯੁੱਧ ਅਪਰਾਧ ਦੱਸਿਆ ਹੈ।ਇਹ ਵੀ ਦੋਸ਼ ਲਗਾਏ ਕਿ ਅਮਰੀਕਾ ਇਸ ਵਿਚ ਮਦਦ ਕਰ ਰਿਹਾ ਹੈ।

ਈਰਾਨ ਦੇ ਸੁਪਰੀਮ ਲੀਡਰ ਦੇ ਸਲਾਹਕਾਰ ਅਲੀ ਲਾਰੀਜਾਨੀ ਨੇ ਕਿਹਾ ਕਿ  ਨਸਰੁੱਲਾ ਦੀ ਹੱਤਿਆ ਬਾਰੇ ਸੰਭਾਵਨਾਵਾਂ ਦੇ ਵਿਚਕਾਰ, ਲਾਰੀਜਾਨੀ ਨੇ ਕਿਹਾ, 'ਹੱਤਿਆਵਾਂ ਨਾਲ ਇਜ਼ਰਾਈਲ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਮਾਰੇ ਗਏ ਹਿਜਬੁਲਾ ਆਗੂਆਂ ਦੀ ਥਾਂ ਹੋਰ ਆਗੂ ਲੈ ਲੈਣਗੇ।ਲਾਰੀਜਾਨੀ ਨੇ ਕਿਹਾ ਕਿ ਹਿਜਬੁਲਾ ਦੇ ਕੋਲ ਮਜ਼ਬੂਤ ​​ਕਮਾਂਡਰ ਅਤੇ ਕਾਡਰ ਹਨ। 

ਹਿਜ਼ਬੁੱਲਾ ਤੋਂ ਬਾਅਦ ਹੁਣ ਹੂਤੀ ਬਾਗ਼ੀਆਂ 'ਤੇ ਇਜ਼ਰਾਈਲ ਵਲੋਂ ਹਵਾਈ ਹਮਲੇ

 ਏਅਰਸਟ੍ਰਾਈਕ, ਯਮਨ 'ਵਿਚ ਕਈ ਟਿਕਾਣੇ ਤਬਾਹ

 ਹਿਜ਼ਬੁੱਲਾ ਖਿਲਾਫ ਕਾਰਵਾਈ ਤੋਂ ਬਾਅਦ ਹੁਣ ਇਜ਼ਰਾਈਲ ਨੇ ਯਮਨ ਵਿਚ ਹੂਤੀ ਬਾਗੀਆਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ ਹੈ। ਇਜ਼ਰਾਈਲੀ ਫੌਜ ਅਨੁਸਾਰ ਬੀਤੇ ਦਿਨੀਂ ਇਜ਼ਰਾਈਲੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਯਮਨ ਦੇ ਬੰਦਰਗਾਹ ਸ਼ਹਿਰ ਹੋਦੀਦਾਹ ਵਿਚ ਹੂਤੀ ਬਾਗੀਆਂ ਦੇ ਟਿਕਾਣਿਆਂ 'ਤੇ ਦਰਜਨਾਂ ਹਮਲੇ ਕੀਤੇ।ਫੌਜੀ ਬਿਆਨ ਮੁਤਾਬਕ, "ਆਈਡੀਐੱਫ ਨੇ ਪਾਵਰ ਪਲਾਂਟਾਂ ਅਤੇ ਇਕ ਬੰਦਰਗਾਹ 'ਤੇ ਹਮਲਾ ਕੀਤਾ ਜੋ ਤੇਲ ਦਰਾਮਦ ਕਰਨ ਲਈ ਵਰਤਿਆ ਜਾਂਦਾ ਹੈ।"

ਇਜਰਾਈਲ ਡੀਫੈਂਸ ਫੋਰਸ ਨੇ ਕਿਹਾ ਕਿ ਉਹ ਇਜ਼ਰਾਈਲੀ ਨਾਗਰਿਕਾਂ ਲਈ ਖਤਰਾ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕਰੇਗਾ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਜਿਹਾ ਕਰਨਾ ਜਾਰੀ ਰੱਖੇਗਾ, ਭਾਵੇਂ ਇਸ ਨੂੰ ਕਿੰਨੀ ਵੀ ਦੂਰ ਜਾਣਾ ਪਵੇ।