ਜਥੇਦਾਰ ਅਕਾਲ ਤਖਤ ਗੁਰਮਤੇ ਨੂੰ ਲਾਗੂ ਕਰਾਉਣ ਵਿਚ ਅਸਫਲ ਰਹੇ
ਸ੍ਰੋਮਣੀ ਕਮੇਟੀ ਨੇ ਜਥੇਦਾਰ ਹਰਪ੍ਰੀਤ ਸਿੰਘ ਦੀ ਜਾਂਚ ਅਗੇ ਵਧਾਕੇ ਗੁਰਮਤੇ ਤੋਂ ਹੋਈ ਬਾਗੀ
*ਦਲ ਖਾਲਸੇ ਦੇ ਪ੍ਰਭਾਵ ਕਾਰਣ ਭਾਈ ਚੌੜਾ ਉਪਰ ਕਾਰਵਾਈ ਕਰਨ ਤੋਂ ਇਨਕਾਰੀ ਹੋਈ ਸ੍ਰੋਮਣੀ ਕਮੇਟੀ
*ਅਕਾਲ ਤਖਤ ਨਾਲ ਟਕਰਾਅ ਰਿਹਾ ਸੁਖਬੀਰ ਦੀ ਅਗਵਾਈ ਵਿਚ ਬਾਦਲ ਦਲ
ਪੰਥਕ ਸਿਆਸਤ ਤੇ ਅਕਾਲੀ ਲੀਡਰਸ਼ਿਪ ਇਸ ਦੌਰ ਦੌਰਾਨ ਡਾਵਾਂਡੋਲ ਦਿਖਾਈ ਦੇ ਰਹੀ ਹੈ।ਅਕਾਲ ਤਖਤ ਸਾਹਿਬ ਤੋਂ ਧਾਰਮਿਕ ਤਨਖਾਹ ਭੁਗਤ ਚੁਕੀ ਅਕਾਲ ਤਖਤ ਸਾਹਿਬ ਦੇ ਗੁਰਮਤੇ ਦੇ ਸਿਆਸੀ ਫੁਰਮਾਨ ਨੂੰ ਮੰਨਣ ਤੋਂ ਇਨਕਾਰੀ ਹੈ,ਜਿਸ ਵਿਚ ਸੁਖਬੀਰ ਸਿੰਘ ਦੀ ਪ੍ਰਧਾਨਗੀ ਦਾ ਅਸਤੀਫਾ ਪ੍ਰਵਾਨ ਕਰਨ ਦਾ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹੁਕਮ ਸੀ ਤੇ ਦੂਸਰਾ ਬਾਦਲ ਧੜੇ ਤੇ ਇਸ ਤੋਂ ਬਾਗੀ ਧੜੇ ਨੂੰ ਇਕਠੇ ਕਰਨ ਤੇ ਅਕਾਲ ਤਖਤ ਸਾਹਿਬ ਵਲੋਂ ਸਥਾਪਿਤ ਕਮੇਟੀ ਅਨੁਸਾਰ ਭਰਤੀ ਕਰਨ ਦੀ ਹਦਾਇਤ ਸੀ।ਬਾਦਲ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਇਸ ਹੁਕਮ ਤੋਂ ਬਾਗੀ ਹੁੰਦੀ ਰਹੀ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਇਨਕਾਰੀ ਹੁੰਦੀ ਰਹੀ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਅਕਾਲ ਤਖਤ ਸਾਹਿਬ ਦੇ ਹੁਕਮ ਵਿਰੁੱਧ ਫੈਸਲੇ ਲੈਂਦੀ ਰਹੀ।ਸੀਨੀਅਰ ਪੱਤਰਕਾਰ ਤੇ ਚਿੰਤਕ ਜਗਤਾਰ ਸਿੰਘ ਦੀ ਇਨ੍ਹਾਂ ਘਟਨਾਵਾਂ ਬਾਰੇ ਟਿਪਣੀ ਹੈ ਕਿ ਸ੍ਰੋਮਣੀ ਕਮੇਟੀ ਬਾਦਲਾਂ ਦੀ ਕਮੇਟੀ ਬਣ ਗਈ ਹੈ।
ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ਦੌਰਾਨ ਅੰਤ੍ਰਿੰਗ ਕਮੇਟੀ ਨੇ ਬੀਤੇ 9 ਦਸੰਬਰ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੇ ਉਸ ਮਤੇ ਨੂੰ ਵੀ ਰੱਦ ਕਰ ਦਿੱਤਾ ਹੈ, ਜਿਸ ਵਿਚ ਸ. ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਇਕ ਮਤਾ ਪਾਸ ਕਰਕੇ 19 ਦਸੰਬਰ ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਬਣਾਈ ਗਈ ਜਾਂਚ ਕਮੇਟੀ ਦੀ ਮਿਆਦ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਫਿਲਹਾਲ ਇਕ ਮਹੀਨੇ ਦਾ ਵਾਧਾ ਕੀਤਾ ਗਿਆ ਹੈ।
ਇਸ ਮਤੇ ਰਾਹੀਂ ਇਹ ਵਚਨਬੱਧਤਾ ਵੀ ਪ੍ਰਗਟਾਈ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਬਿਲਕੁਲ ਨਿਰਪੱਖ ਹੋਵੇਗੀ। ਹਾਲਾਂਕਿ ਸੂਤਰਾਂ ਦਾ ਮੰਨਣਾ ਹੈ ਕਿ ਜਾਂਚ ਕਮੇਟੀ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ।
ਸ੍ਰੋਮਣੀ ਕਮੇਟੀ ਵਲੋਂ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਸੰਬੰਧੀ ਬੀਤੀ 9 ਦਸੰਬਰ ਦੀ ਅੰਤਿ੍ਗ ਕਮੇਟੀ ਦੀ ਇਕੱਤਰਤਾ ਵਿਚ ਪਾਸ ਕੀਤਾ ਆਪਣਾ ਮਤਾ 24 ਦਿਨਾਂ ਬਾਅਦ ਹੀ ਰੱਦ ਕਰ ਦਿੱਤੇ ਜਾਣ ਬਾਰੇ ਪੰਥਕ ਸਫਾਂ ਵਿਚ ਚਰਚਾ ਹੈ ਕਿ ਦਲ ਖ਼ਾਲਸਾ ਸਮੇਤ ਹੋਰ ਪੰਥਕ ਤੇ ਗਰਮ ਖਿਆਲੀ ਜਥੇਬੰਦੀਆਂ ਵਲੋਂ ਇਸ ਮਤੇ ਦੇ ਕੀਤੇ ਕਰੜੇ ਵਿਰੋਧ ਨੂੰ ਦੇਖਦਿਆਂ ਹੀ ਇਹ ਮਤਾ ਵਾਪਸ ਲੈਣਾ ਪਿਆ ਹੈ । ਇਸ ਦੇ ਨਾਲ ਹੀ ਇਸ ਮਤੇ ਨੂੰ ਰੱਦ ਕੀਤੇ ਜਾਣ ਨਾਲ ਹੀ ਇਸ ਗੋਲੀ ਦੀ ਘਟਨਾ ਬਾਰੇ ਪੜਤਾਲ ਲਈ ਰਘੂਜੀਤ ਸਿੰੰਘ ਵਿਰਕ ਦੀ ਅਗਵਾਈ ਵਿਚ ਬਣਾਈ ਗਈ ਚਾਰ ਮੈਂਬਰੀ ਕਮੇਟੀ ਵੀ ਬਿਨਾਂ ਕੋਈ ਜਾਂਚ ਕੀਤਿਆਂ ਭੰਗ ਹੋ ਗਈ ਹੈ । ਦੂਜੇ ਪਾਸੇ ਇਸ ਮਤੇ ਦਾ ਸਭ ਤੋਂ ਵੱਧ ਵਿਰੋਧ ਕਰਨ ਵਾਲੀ ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਮਤੇ ਨੂੰ ਰੱਦ ਕਰਕੇ ਦਰੁਸਤ ਫ਼ੈਸਲਾ ਕੀਤਾ ਹੈ, ਜਿਸ ਨਾਲ ਕੌਮ ਅੰਦਰ ਆਪਸੀ ਪਾੜਾ ਵਧਣੋਂ ਰੁਕ ਗਿਆ ਹੈ ।ਦਲ ਖ਼ਾਲਸਾ ਆਗੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸਮਾਂ ਰਹਿੰਦੇ ਆਪਣੀ ਸੂਝ-ਬੂਝ ਨਾਲ ਕਮੇਟੀ ਵਲੋਂ ਪੈਣ ਜਾ ਰਹੀ ਗਲਤ ਪਿਰਤ ਨੂੰ ਮੋੜਾ ਦੇ ਕੇ ਸਹੀ ਫ਼ੈਸਲਾ ਕੀਤਾ ਹੈ ।
ਇਸ ਤੋਂ ਸਪਸ਼ਟ ਹੈ ਕਿ ਬਾਦਲ ਦਲ ਖਾਲਿਸਤਾਨੀਆਂ ਨਾਲ ਟਕਰਾਅ ਨਹੀਂ ਵਧਾਉਣਾ ਚਾਹੁੰਦਾ ,ਪਰ ਗਿਆਨੀ ਹਰਪ੍ਰੀਤ ਸਿੰਘ ਤੇ ਬਾਗੀ ਧੜੇ ਨਾਲ ਟਕਰਾਅ ਵਿਚ ਆਪਣੀ ਰਾਜਨੀਤੀ ਬੁਲੰਦ ਕਰਨਾ ਚਾਹੁੰਦਾ ਹੈ।
ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਸ੍ਰੋਮਣੀ ਕਮੇਟੀ ਬਾਦਲ ਦਲ ਦੇ ਪ੍ਰਭਾਵ ਅਧੀਨ ਅਕਾਲ ਤਖਤ ਸਾਹਿਬ ਨੂੰ ਸ੍ਰੋਮਣੀ ਕਮੇਟੀ ਚੁਣੌਤੀ ਦੇ ਰਹੀ ਹੈ ਤੇ ਦਰਸਾ ਦਿਤਾ ਹੈ ਕਿ ਬਾਦਲ ਦਲ ਦੇ ਕਬਜ਼ੇ ਵਾਲੀ ਸ੍ਰੋਮਣੀ ਕਮੇਟੀ ਸੁਪਰੀਮ ਹੈ ਜੋ ਬੇਅਦਬੀਆਂ ਦੇ ਮਾਮਲੇ ਵਿਚ ਘਿਰੀ ਹੋਈ ਹੈ।ਹਾਲਾਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਪਰ ਲਗੇ ਦੋਸ਼ਾਂ ਦੀ ਜਾਂਚ ਦਾ ਅਧਿਕਾਰ ਸ੍ਰੋਮਣੀ ਕਮੇਟੀ ਕੋਲ ਨਹੀਂ ਹੈ।ਜਥੇਦਾਰ ਤਖਤ ਸਾਹਿਬਾਨ ਗੁਰਦੁਆਰਾ ਐਕਟ ਅਧੀਨ ਨਹੀਂ ਹਨ।ਬਾਦਲ ਦਲ ਦੇ ਲੀਡਰਸ਼ਿਪ ਅਧੀਨ ਸ੍ਰੋਮਣੀ ਕਮੇਟੀ ਜਥੇਦਾਰਾਂ ਨਾਲ ਕਰਮਚਾਰੀਆਂ ਵਾਲਾ ਸਲੂਕ ਕਰ ਰਹੀ ਹੈ।
ਸ੍ਰੋਮਣੀ ਕਮੇਟੀ ਨੇ ਅਜਿਹਾ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਖੁਣਸ ਕੱਢੀ ਹੈ ,ਕਿਉਂਕਿ ਅਕਾਲ ਤਖਤ ਸਾਹਿਬ ਤੋਂ ਜੋ ਗੁਰਮਤੇ ਗੁਨਾਹਗਾਰ ਲੀਡਰਸ਼ਿਪ ਵਿਰੁੱਧ ਹੋਏ ਹਨ,ਉਹ ਪਿਛੇ ਸਾਰੀ ਨੀਤੀ ਤੇ ਨੈਰੇਟਿਵ ਜਥੇਦਾਰ ਹਰਪ੍ਰੀਤ ਸਿੰਘ ਦਾ ਸੀ ਤਾਂ ਜੋ ਸਿਖ ਪੰਥ ਨੂੰ ਅਕਾਲ ਤਖਤ ਸਾਹਿਬ ਦੇ ਫੈਸਲੇ ਨਾਲ ਸਤੁੰਸ਼ਟ ਕੀਤਾ ਜਾ ਸਕੇ ਤੇ ਅਕਾਲ ਤਖਤ ਸਾਹਿਬ ਦੀ ਪੁਰਾਤਨ ਖੁਦਮੁਖਤਿਆਰ ਪਰੰਪਰਾ ਬਹਾਲ ਕਰਾਈ ਜਾਵੇ।
ਕੀ ਕਹਿੰਦੇ ਹਨ ਜਥੇਦਾਰ ਹਰਪ੍ਰੀਤ ਸਿੰਘ
ਇਸ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਹੁਣੇ ਪਤਾ ਲੱਗਿਆ ਹੈ ਕਿ ਮੇਰੇ ਖ਼ਿਲਾਫ਼ ਜਾਂਚ ਕਰਨ ਲਈ ਜਿਹੜੀ ਅਣ-ਅਧਿਕਾਰਤ ਕਮੇਟੀ ਬਣਾਈ ਗਈ ਸੀ, ਉਸ ਦੀ ਜਾਂਚ ਦਾ ਇਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ, ਸਗੋਂ ਮੈਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਤਾਂ ਜੋ ਮੇਰੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੇ ਫ਼ੈਸਲੇ ਨੂੰ ਲਟਕਾ ਕੇ ਰੱਖਿਆ ਜਾਵੇ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਕ ਗੱਲ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ। ਮੇਰੇ 'ਤੇ ਦੋਸ਼ ਲਾਏ ਗਏ ਹਨ। ਇਨ੍ਹਾਂ ਦੋਸ਼ਾਂ ਅਧੀਨ ਭਾਵੇਂ ਮੇਰੀਆਂ ਸੇਵਾਵਾਂ ਖ਼ਤਮ ਕਰ ਦਿਓ, ਮੈਨੂੰ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਵਿਚ ਸ਼ਾਮਲ ਹੋਇਆ ਸੀ। ਉਨ੍ਹਾਂ ਕਿਹਾ ਕਿ ਮੈਂ ਅਡੋਲ ਰਹਾਂਗਾ ਅਤੇ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਚਿੰਤਾ 'ਚ ਨਹੀਂ ਪਵਾਂਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਘਰਸ਼ ਬੰਦੇ ਨੂੰ ਜਿਊਣਾ ਅਤੇ ਲੜਨਾ ਸਿਖਾਉਂਦੇ ਹਨ।
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਅਤੇ ਨੁਮਾਇੰਦਾ ਜੱਥੇਬੰਦੀ ਹੈ। ਜੇਕਰ ਇਹ ਬਚਦੀ ਹੈ ਤਾਂ ਇਸ ਨੂੰ ਬਚਾ ਲਓ। ਇਸ ਨੂੰ ਬਚਾਉਣ ਲਈ ਅਕਾਲੀ ਆਗੂ ਡੱਟ ਕੇ ਪਹਿਰਾ ਦੇਣ, ਜਿਵੇਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਡੇ-ਵੱਡੇ ਥੰਮ ਅਕਾਲੀ ਦਲ 'ਚ ਪੈਦਾ ਹੋਏ ਹਨ। ਬੰਦੇ ਚਲੇ ਜਾਣਗੇ ਪਰ ਅਕਾਲੀ ਦਲ ਇਸੇ ਤਰ੍ਹਾਂ ਰਹੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਸ ਸੂਰਤ 'ਚ ਹੀ ਬਚੇਗਾ, ਜਦੋਂ ਸਾਡੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਬਚਣਗੀਆਂ।
Comments (0)