ਨਵਾਂ ਵਿੱਦਿਅਕ ਮਿਆਰ ਸਿਰਜਣ ਲਈ ਯਤਨਸ਼ੀਲ “ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ”
ਸੇਵਾ ਦੇ ਸਿਧਾਂਤ ਨਾਲ ਸਥਾਪਿਤ ਕੀਤੀ ਗਈ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ
ਸੁਖਦੇਵ ਸਿੰਘ,
ਅਸਿਸਟੈਂਟ ਪ੍ਰੋਫੈਸਰ,
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ।
ਸੇਵਾ ਦੇ ਸਿਧਾਂਤ ਨਾਲ ਸਥਾਪਿਤ ਕੀਤੀ ਗਈ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ “ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ” ਆਪਣੀ ਇਕ ਵੱਖਰੀ ਪਹੁੰਚ ਵਿਧੀ ਰਾਹੀਂ ਵਿੱਦਿਆ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਇਹ ਪਹੁੰਚ ਵਿਧੀ ਇਸ ਕਰਕੇ ਵਿਸ਼ੇਸ਼ ਹੈ ਕਿਉਂਕਿ ਇਸ ਯੂਨੀਵਰਸਿਟੀ ਦਾ ਮਕਸਦ ਉਨ੍ਹਾਂ ਲੋਕਾਂ ਤੱਕ ਵੀ ਵਿਦਿਆ ਨੂੰ ਪਹੁੰਚਾਉਣਾ ਹੈ ਜੋ ਕਿਸੇ ਨਾ ਕਿਸੇ ਕਾਰਨ ਆਪਣੇ ਘਰਾਂ ਵਿਚੋਂ ਯੂਨੀਵਰਸਿਟੀਆਂ ਤੱਕ ਪਹੁੰਚ ਨਹੀਂ ਕਰ ਪਾਉਂਦੇ, ਪਰ ਉਨ੍ਹਾਂ ਦੇ ਮਨਾਂ ਵਿਚ ਹਮੇਸ਼ਾਂ ਪੜ੍ਹਣ ਦੀ ਜਗਿਆਸਾ ਰਹਿੰਦੀ ਹੈ। ਦੂਸਰਾ ਵੱਡਾ ਕਾਰਨ ਇਸ ਦੀ ਸਥਾਪਨਾ ਪਿੱਛੇ ਇਹ ਹੈ ਕਿ ਅੱਜ ਦੇ ਤੌਰ ਵਿਚ ਜਦੋਂ ਕਰੋਨਾ ਮਹਾਂਮਾਰੀ ਨੇ ਸਮੁੱਚੇ ਸੰਸਾਰ ਨੂੰ ਆਨਲਾਈਨ ਪੱਧਰ ਉੱਤੇ ਖੜ੍ਹਾ ਕਰ ਦਿੱਤਾ ਹੈ ਤਾਂ ਇਹ ਵੀ ਸਮੇਂ ਦੀ ਲੋੜ ਬਣ ਜਾਂਦੀ ਹੈ ਕਿ ਕਿਉਂ ਨਾ ਆਨਲਾਈਨ/ਡਿਸਟੈਂਸ ਰੂਪ ਵਿਚ ਵੀ ਸਰਕਾਰੀ ਯੂਨੀਵਰਸਿਟੀਆਂ ਵਲੋਂ ਪੜ੍ਹਾਈ ਕਰਵਾਈ ਜਾਵੇ, ਜਿਸ ਦੀ ਫੀਸ ਆਮ ਆਦਮੀ ਦੀ ਸਮਰੱਥਾ ਮੁਤਾਬਿਕ ਹੋਵੇ ਅਤੇ ਸਿਲੇਬਸ ਪੱਖੋਂ ਸਾਰਾ ਮਟੀਰੀਅਲ ਗੁਣਾਤਮਕ ਹੋਵੇ। ਅਜਿਹੀ ਸੋਚ ਵਿਚੋਂ ਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਟੇਟ ਦੀ ਪਹਿਲੀ ਓਪਨ ਯੂਨੀਵਰਸਿਟੀ ਸ਼ੁਰੂ ਕੀਤੀ ਗਈ। ਜਿਸ ਵਿਚ ਵੱਖੋ-ਵੱਖਰੇ ਕੋਰਸ ਆਨਲਾਈਨ ਪੱਧਰ ਉੱਪਰ ਕਰਵਾਏ ਜਾ ਰਹੇ ਹਨ। ਲਗਭਗ ਇਕ ਸਾਲ ਦੇ ਅਰਸੇ ਦੌਰਾਨ ਹੀ ਦਸ ਹਜ਼ਾਰ ਦੇ ਕਰੀਬ ਵਿਦਿਆਰਥੀ ਵੱਖੋ-ਵੱਖਰੇ ਕੋਰਸ ਕਰ ਰਹੇ ਹਨ ਜੋ ਕਿ ਇਸ ਯੂਨੀਵਰਸਿਟੀ ਦੀ ਪਹਿਲੇ ਸਾਲ ਦੀ ਪ੍ਰਾਪਤੀ ਹੈ।
ਯੂਨੀਵਰਸਿਟੀ ਨੇ ਆਪਣੇ ਸ਼ੁਰੂਆਤੀ ਦੌਰ ਵਿਚ 6 ਵੱਡੇ ਵਿਭਾਗਾਂ ਦੀ ਸਥਾਪਨਾ ਕੀਤੀ। ਇਨ੍ਹਾਂ ਵਿਭਾਗਾਂ ਦੁਆਰਾ ਹੀ ਸਰਟੀਫਿਕੇਟ ਕੋਰਸ, ਡਿਗਰੀ ਕੋਰਸ ਅਤੇ ਡਿਪਲੋਮਾ ਕੋਰਸ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਦੁਆਰਾ ਕਰਵਾਏ ਜਾ ਰਹੇ ਇਨ੍ਹਾਂ ਸਾਰੇ ਕੋਰਸਾਂ ਦੀ ਖੂਬਸੂਰਤੀ ਇਹ ਹੈ ਕਿ ਇਹ ਸਾਰੇ ਕੋਰਸ ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਤਿਆਰ ਕੀਤੇ ਗਏ ਹਨ। ਉਦਾਹਰਨ ਦੇ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਹਰੇਕ ਵਿਅਕਤੀ ਇਨਕਮ ਟੈਕਸ ਰਿਟਰਨ ਭਰਦਾ ਹੈ । ਸਰਕਾਰ ਦੇ ਪੱਧਰ ਉੱਪਰ ਇਨਕਮ ਟੈਕਸ ਭਰਨਾ ਅਤਿ ਜ਼ਰੂਰੀ ਹੈ। ਇਨਕਮ ਟੈਕਸ ਰਿਟਰਨ ਭਰਨ ਵੇਲੇ ਜਦੋਂ ਅਸੀਂ ਕਿਸੇ ਮਾਰਕੀਟ ਵਿੱਚ ਜਾਂਦੇ ਹਾਂ ਤਾਂ ਉੱਥੇ ਸਾਡੇ ਕੋਲੋ ਲਗਭਗ 1000/- ਰੁਪਏ ਦੇ ਕਰੀਬ ਰਿਟਰਨ ਭਰਨ ਦਾ ਚਾਰਜ ਲਿਆ ਜਾਂਦਾ ਹੈ। ਇਸੇ ਤਰ੍ਹਾਂ ਹੀ GST ਜੋ ਕਿ ਦੁਕਾਨਦਾਰਾਂ ਲਈ ਬਹੁਤ ਜ਼ਰੂਰੀ ਹੈ, ਨਾ ਭਰਨ ਉੱਪਰ ਸਰਕਾਰ ਜ਼ੁਰਮਾਨਾ ਕਰਦੀ ਹੈ । GST ਭਰਨ ਲਈ ਵੀ ਪੈਸੇ ਦੇਣੇ ਪੈਂਦੇ ਹਨ, ਇਨ੍ਹਾਂ ਸਾਰੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਨੇ ਇਨਕਮ ਟੈਕਸ ਰਿਟਰਨ ਅਤੇ GST ਦਾ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਹੀ ਤਿਆਰ ਕਰ ਦਿੱਤਾ ਤਾਂ ਕਿ ਹਰ ਕੋਈ ਅਸਾਨੀ ਨਾਲ ਰਿਟਰਨ ਵਗੈਰਾ ਭਰ ਸਕੇ । ਹਰ ਕੋਰਸ ਦੇ ਸਿਲੇਬਸ ਦੇ ਸਟੱਡੀ ਮਟੀਰੀਅਲ ਨੂੰ ਪਹੁੰਚਾਉਣ ਵਿੱਚ ਵੀ ਯੂਨੀਵਰਸਿਟੀ ਵੱਲੋਂ ਇੰਨੀ ਸਰਲਤਾ ਅਪਣਾਈ ਗਈ ਹੈ ਕਿ ਜਿਸ ਨੇ ਵੀ ਕੋਰਸ ਵਿਚ ਦਾਖਲਾ ਲਿਆ ਉਸ ਨੂੰ ਉਸੇ ਸਮੇਂ ਹੀ ਉਸਦੇ ਕੋਰਸ ਦੇ ਸਾਰੇ ਸਟੱਡੀ ਮਟੀਰੀਅਲ ਦੀ ਫਾਈਲ ਪੀ.ਡੀ.ਐਫ (PDF) ਰੂਪ ਵਿਚ ਉਸੇ ਸਮੇਂ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ ਜਿਸ ਨਾਲ ਕਿਸੇ ਵੀ ਵਿਦਿਆਰਥੀ ਨੂੰ ਮਹਿੰਗੇ ਪ੍ਰਾਈਵੇਟ ਪਬਲਿਸ਼ਰਾਂ ਦੁਆਰਾ ਪ੍ਰਕਾਸ਼ਿਤ ਕਿਤਾਬਾਂ ਦਾ ਖਰਚਾ ਨਹੀਂ ਝੱਲਣਾ ਪੈਂਦਾ। IT Return ਅਤੇ GST ਕੋਰਸਾਂ ਤੋਂ ਇਲਾਵਾਂ ਯੂਨੀਵਰਸਿਟੀ ਵੱਲੋਂ ਅਜਿਹੇ ਕਈ ਹੋਰ ਕੋਰਸ ਵੀ ਕਰਵਾਏ ਜਾ ਰਹੇ ਹਨ ਜਿਨ੍ਹਾਂ ਨੂੰ ਕਰ ਕੇ ਪੰਜਾਬ ਦੇ ਲੋਕ ਆਪਣਾ ਕਾਰੋਬਾਰ ਵੀ ਸ਼ੁਰੂ ਕਰਕੇ ਆਰਥਿਕ ਤੌਰ ’ਤੇ ਮਜ਼ਬੂਤ ਹੋ ਕੇ ਸਕਦੇ ਹਨ।
ਸਕੂਲ ਆਫ਼ ਰਿਲੀਜੀਅਸ ਸਟੱਡੀਜ਼ ਵਿਭਾਗ ਨਾਲ ਜੁੜਿਆ ਹੋਣ ਕਾਰਨ ਵਿਸ਼ੇਸ਼ ਤੌਰ ’ਤੇ ਇਹ ਦੱਸਣਯੋਗ ਹੈ ਇਸ ਵਿਭਾਗ ਵੱਲੋਂ ਧਰਮ ਦੀ ਸੁਚੱਜੀ ਜੀਵਨ ਜਾਚ ਦਰਸਾਉਣ ਲਈ ਤਿੰਨ ਕੋਰਸ ਚਲਾਏ ਜਾ ਰਹੇ ਹਨ, ਜਿਨ੍ਹਾਂ ਦੇ ਨਾਮ ਹਨ:- ਸਰਟੀਫਿਕੇਟ ਕੋਰਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਅਤੇ ਡਿਪਲੋਮਾ ਇਨ ਸਿੱਖ ਥਿਓਲੋਜੀ । ਇਹਨਾਂ ਕੋਰਸਾਂ ਦੀ ਸਫ਼ਲਤਾ ਨੂੰ ਦੇਖਦਿਆਂ ਹੋਇਆਂ, ਯੂਨੀਵਰਸਿਟੀ ਇਕ ਵੱਡਾ ਉਪਰਾਲਾ ਕਰਨ ਜਾ ਰਹੀ ਹੈ। ਉਹ ਹੈ ਵਿਦੇਸ਼ਾਂ ਵਿੱਚ ਜੰਮਪਲ ਸਿੱਖ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਜਾਣੂੰ ਕਰਵਾਉਣਾ । ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਭਾਈਚਾਰਾ ਬਹੁਤ ਵੱਡੇ ਪੱਧਰ ਉੱਤੇ ਵਿਸ਼ਵ ਵਿਚ ਰਾਜ ਕਰ ਰਿਹਾ ਹੈ ਅਤੇ ਕਿਤੇ ਨਾ ਕਿਤੇ ਇਹ ਦੇਖਣ ਨੂੰ ਵੀ ਮਿਲਿਆ ਹੈ ਕਿ ਸਾਡੇ ਸਿੱਖ ਬੱਚੇ ਸਿੱਖ ਇਤਿਹਾਸ ਅਤੇ ਸਿਧਾਂਤ ਤੋਂ ਅਣਜਾਣ ਹਨ । ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਸਾਡੀ ਕੌਮ ਕੋਲ ਹੈ ਉਹ ਹੋਰ ਕਿਸੇ ਕੌਮ ਕੋਲ ਨਹੀਂ। ਸਿਰਫ਼ ਲੋੜ ਹੈ ਕਿ ਸਿੱਖ ਧਰਮ ਨੂੰ ਵਰਤਮਾਨ ਪ੍ਰਸੰਗ ਵਿਚ ਸਮਝਿਆ ਜਾਵੇ। ਇਸ ਕਾਰਨ ਹੀ ਯੂਨੀਵਰਸਿਟੀ ਨੇ ਇਹਨਾਂ ਕੋਰਸਾਂ ਨੂੰ ਆਨਲਾਈਨ ਵਿਦੇਸ਼ਾਂ ਵਿਚ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠਾ ਵਿਅਕਤੀ ਇਹ ਕੋਰਸ ਕਰ ਸਕੇ। ਆਨਲਾਈਨ ਕਲਾਸ ਦੀ ਸਹੂਲਤ ਲਈ ਯੂਨੀਵਰਸਿਟੀ ਵਿੱਚ ਮਲਟੀਮੀਡੀਆ ਰੂਮ ਸਥਾਪਿਤ ਕੀਤਾ ਗਿਆ ਹੈ ਜਿੱਥੇ ਲਾਈਵ ਕਲਾਸਾਂ ਲੱਗਣਗੀਆਂ। ਵਿਦੇਸ਼ ਦੀਆਂ ਕਈ ਸੰਸਥਾਵਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਨਵਾਂ ਕੋਰਸ Basics of Sikhism ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਮਾਨਯੋਗ ਫਾਊਂਡਰ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੁਆਰਾ ਲਿਖੀ ਕਿਤਾਬ “Sikhism:Basic Information” ਉੱਪਰ ਅਧਾਰਿਤ ਹੋਵੇਗਾ। ਇਸ ਤਰ੍ਹਾਂ ਦੇ ਹੋਰ ਬਹੁਤ ਕੋਰਸ ਹਨ ਜੋ ਆਉਣ ਵਾਲੇ ਸਮੇਂ ਵਿੱਚ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ। ਮੈਨੂੰ ਆਸ ਹੈ ਕਿ ਨਾ ਸਿਰਫ਼ ਪੰਜਾਬ ਦੇ ਵਾਸੀ ਸਗੋਂ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਵੀ ਇਸ ਯੂਨੀਵਰਸਿਟੀ ਨਾਲ ਜੁੜ ਕੇ ਆਪਣੇ ਆਪ ਉੱਤੇ ਮਾਣ ਮਹਿਸੂਸ ਕਰਨਗੇ ਅਤੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਗੇ।
Comments (0)