ਹੈਲੀਕਾਪਟਰ ਰਾਹੀਂ ਹੜ੍ਹ ਪੀੜਤਾਂ ਤੱਕ ਭੋਜਨ ਪਹੁੰਚਾਉਣ ਵਾਲੇ ਪੰਜਾਬੀ ਨੌਜਵਾਨ ਰਮਿੰਦਰ ਲਾਲੀ
ਅੰਮ੍ਰਿਤਸਰ ਟਾਈਮਜ਼
ਕਨੈਡਾ: ਕਈ ਦਿਨ ਤੋਂ ਕਨੈਡਾ ਵਿਚ ਆਏ ਹੜ ਕਰਕੇ ਜਿਥੇ ਬਹੁਤ ਵੱਡਾ ਨੁਕਸਾਨ ਹੋਇਆ ਹੈਓਥੇ ਸਿੱਖ ਅਤੇ ਪੰਜਾਬੀਆ ਨੇ ਵੀ ਵੱਧ ਚੜ ਕੇ ਸੇਵਾ ਕੀਤੀ ਹੈ । ਐਬਟਸਫੋਰਡ ਸ਼ਹਿਰ ਦੇ ਪੰਜਾਬੀ ਮੂਲ ਦੇ ਨੌਜਵਾਨ ਰਮਿੰਦਰ ਲਾਲੀ ਨੇ ਕਈ ਸਾਲ ਪਹਿਲਾਂ ਪਾਇਲਟ ਦਾ ਲਾਇਸੈਂਸ ਲਿਆ ਸੀ । ਉਹਨਾਂ ਵੱਲੋਂ ਪਿੱਛਲੇ ਕਈ ਸਾਲਾਂ ਤੋਂ ਆਪਣੇ ਨਿੱਜੀ ਹੈਲੀਕਾਪਟਰ ਦੀ ਵਰਤੋਂ ਆਪਣੇ ਖੇਤੀ ਕਿੱਤੇ ਬਾਬਤ ਇਕ ਫ਼ਾਰਮ ਤੋਂ ਦੂਸਰੇ ਫ਼ਾਰਮ 'ਤੇ ਆਉਣ ਜਾਣ ਲਈ ਕੀਤੀ ਜਾਂਦੀ ਹੈ ਪਰ ਰਮਿੰਦਰ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਸਦੀ ਵਰਤੋਂ ਹੜ੍ਹਾਂ ਵਿੱਚ ਫ਼ਸੇ ਲੋਕਾਂ ਦੀ ਮਦਦ ਲਈ ਕਰੇਗਾ ।ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੜ੍ਹਾਂ ਵਿੱਚ ਫ਼ਸੇ ਲੋਕਾਂ ਦੀ ਮਦਦ ਲਈ ਵੱਖ ਵੱਖ ਭਾਈਚਾਰੇ ਦੇ ਲੋਕ ਮਦਦ ਲਈ ਅੱਗੇ ਆ ਰਹੇ ਹਨ । ਇਸੇ ਦਰਮਿਆਨ ਪੰਜਾਬੀ ਮੂਲ ਦੇ ਦੋ ਨੌਜਵਾਨਾਂ, ਰਮਿੰਦਰ ਅਤੇ ਰਾਜਵਿੰਦਰ ਵੱਲੋਂ ਵਲੰਟੀਅਰ ਕਰਦਿਆਂ, ਆਪਣੇ ਨਿੱਜੀ ਹੈਲੀਕਾਪਟਰ ਰਾਹੀਂ ਫ਼ਸੇ ਲੋਕਾਂ ਤੱਕ ਭੋਜਨ ਪਹੁੰਚਾਇਆ ਗਿਆ ।
ਜ਼ਿਕਰਯੋਗ ਹੈ ਕਿ ਬੀ ਸੀ ਵਿੱਚ ਹੜ੍ਹਾਂ ਕਾਰਨ ਬਹੁਤ ਸਾਰੇ ਲੋਕ ਹਾਈਵੇ 'ਤੇ ਫ਼ਸ ਗਏ ਅਤੇ ਬਹੁਤ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ।
ਭਾਈਚਾਰੇ ਲਈ ਕੁਝ ਕਰਨ ਦਾ ਜਜ਼ਬਾ
ਰਮਿੰਦਰ ਦੇ ਵੱਡੇ ਭਰਾ ਰਾਜਵਿੰਦਰ ਲਾਲੀ ਨੇ ਕਿਹਾ ਕਿ ਵੱਖ ਵੱਖ ਵਿਅਕਤੀਆਂ ਵੱਲੋਂ ਉਹਨਾਂ ਨੂੰ ਸੰਪਰਕ ਕਰਕੇ, ਭਾਈਚਾਰੇ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ ਸੀ । ਉਹਨਾਂ ਕਿਹਾ ਅਸੀਂ ਤੁਰੰਤ ਇਸ ਕੰਮ ਲਈ ਹਾਮੀ ਭਰ ਦਿੱਤੀ ਪਰ ਸਾਨੂੰ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਬਾਰੇ ਕੋਈ ਅੰਦਾਜ਼ਾ ਨਹੀਂ ਸੀ, ਸੋ ਅਸੀਂ ਉਹਨਾਂ ਨੂੰ ਹੋਰ ਜਾਣਕਾਰੀ ਦੇਣ ਦੀ ਬੇਨਤੀ ਕੀਤੀ ।ਰਾਹਤ ਕਾਰਜ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਐਬਟਸਫੋਰਡ ਦੇ ਵਸਨੀਕ ਮਨਵੀਰ ਗਰੇਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਇਕ ਹੋਰ ਦੋਸਤ ਜੈਗ ਖੰਗੂੜਾ ਰਾਹੀਂ ਲਾਲੀ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ । ਮਨਵੀਰ ਦੇ ਕਿਹਾ ਲਾਲੀ ਪਰਿਵਾਰ ਵੱਲੋਂ ਬਿਨ੍ਹਾਂ ਕੋਈ ਪੈਸੇ ਲਏ ਇਸ ਕਾਰਜ ਵਿੱਚ ਯੋਗਦਾਨ ਪਾਇਆ ਗਿਆ । ਉਹਨਾਂ ਵੱਲੋਂ ਹੋਰ ਮਦਦ ਦਾ ਵੀ ਭਰੋਸਾ ਦਿੱਤਾ ਗਿਆ ਹੈ ।ਲਾਲੀ ਭਰਾਵਾਂ ਨੇ ਕਿਹਾ ਕਿ ਭਾਈਚਾਰੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਮਦਦ ਦਰਮਿਆਨ ਉਹਨਾਂ ਨੂੰ ਵੀ ਇਸ ਮੁਸ਼ਕਿਲ ਦੌਰ ਵਿੱਚ ਰਾਹਤ ਕਾਰਜਾਂ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਮਹਿਸੂਸ ਹੋਈ ।ਹੈਲੀਕਾਪਟਰ ਉਡਾਉਣਾ ਮੇਰੇ ਲਈ ਆਮ ਗੱਲ ਸੀ ਪਰ ਇਸ ਕਾਰਜ ਲਈ ਮੈਨੂੰ ਇਕ ਅਜਿਹਾ ਵਿਅਕਤੀ ਚਾਹੀਦਾ ਸੀ , ਜੋ ਹੈਲੀਕਾਪਟਰ ਬਾਰੇ ਮੁੱਢਲੀ ਜਾਣਕਾਰੀ ਰੱਖਦਾ ਹੋਵੇ ਕਿਉਂਕਿ ਆਮ ਵਿਅਕਤੀ ਪਹਿਲੀ ਵਾਰ ਹੈਲੀਕਾਪਟਰ ਦੇਖ ਕੇ ਉਤੇਜਿਤ ਹੋ ਜਾਂਦੇ ਹਨ ਅਤੇ ਕੋਈ ਹਾਦਸਾ ਵਾਪਰ ਸਕਦਾ ਹੈ । ਇਸ ਕੰਮ ਲਈ ਮੈਂ ਆਪਣੇ ਵੱਡੇ ਭਰਾ, ਰਾਜਵਿੰਦਰ ਲਾਲੀ ਨੂੰ ਚੁਣਿਆ ।
ਇੱਕ ਕਥਨ ਰਮਿੰਦਰ ਲਾਲੀ
ਰਾਜਵਿੰਦਰ ਨੇ ਕਿਹਾ ਅਸੀਂ ਦੋਵੇਂ ਭਰਾ ਸਵੇਰੇ ਉੱਡਣ ਲਈ ਤਿਆਰ ਸੀ । ਸਾਨੂੰ ਉਥੋਂ ਦੇ ਹਾਲਾਤ ਬਾਰੇ ਕੋਈ ਅੰਦਾਜ਼ਾ ਨਹੀਂ ਸੀ । ਨਾਲ ਦੇ ਵਿਅਕਤੀ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਉਹ ਪਾਇਲਟ ਦੀ ਨਜ਼ਰ ਵਿੱਚ ਰਹੇ ਤਾਂ ਜੋ ਕੋਈ ਅਣਹੋਣੀ ਨਾ ਵਾਪਰੇ । ਮੈਂ ਪਹਿਲੇ ਗੇੜੇ ਵਿੱਚ ਨਾਲ ਚਲਾ ਗਿਆ ਅਤੇ ਸਾਰਾ ਦਿਨ ਉਥੇ ਹੀ ਰਿਹਾ ਤਾਂ ਜੋ ਕੰਮ ਆਸਾਨੀ ਨਾਲ ਨਿਬੜ ਸਕੇ ।
ਤਕਨੀਕੀ ਗੱਲਾਂ
ਆਪਣੇ ਇਸ ਤਜ਼ਰਬੇ ਬਾਰੇ ਗੱਲਬਾਤ ਕਰਦਿਆਂ, ਰਮਿੰਦਰ ਨੇ ਦੱਸਿਆ ਕਿ ਹੈਲੀਕਾਪਟਰ ਉਡਾਉਣਾ ਆਮ ਜਹਾਜ਼ ਨਾਲੋਂ ਥੋੜਾ ਅਲੱਗ ਹੁੰਦਾ ਹੈ । ਉਹਨਾਂ ਕਿਹਾ ਦੋਵਾਂ ਵਿਚਕਾਰ ਕੁਝ ਗੱਲਾਂ ਦਾ ਅੰਤਰ ਹੁੰਦਾ ਹੈ । ਹੈਲੀਕਾਪਟਰ ਨੂੰ ਉੱਡਣ ਲਈ ਕੋਈ ਰਨਵੇ ਨਹੀਂ ਚਾਹੀਦਾ ਹੁੰਦਾ ।ਉਹਨਾਂ ਕਿਹਾ ਮੈਂ ਮਹਿਸੂਸ ਕੀਤਾ ਕਿ ਹੜ੍ਹਾਂ ਤੋਂ ਬਾਅਦ ਹਵਾ ਵਿੱਚ ਟ੍ਰੈਫ਼ਿਕ ਥੋੜਾ ਜ਼ਿਆਦਾ ਸੀ ਪਰ ਹਾਲਾਤ ਬਾਰੇ ਅਸਲ ਜਾਣਕਾਰੀ ਸਾਨੂੰ ਉੱਥੇ ਜਾ ਕੇ ਹੀ ਮਿਲੀ । ਉਡਾਣ ਭਰਨ ਤੋਂ ਪਹਿਲਾਂ ਅਸੀਂ ਐਬਟਸਫੋਰਡ ਦੇ ਹਵਾਈ ਅੱਡੇ ਨਾਲ ਸੰਪਰਕ ਕੀਤਾ ਕਿਉਂਕਿ ਨਿਯਮਾਂ ਮੁਤਾਬਿਕ ਉਤਰਨ ਅਤੇ ਚੜਨ ਤੋਂ ਪਹਿਲਾਂ ਉਹਨਾਂ ਨਾਲ ਸੰਪਰਕ ਕਰਨਾ ਲਾਜ਼ਮੀ ਹੈ । ਉਸ ਦਿਨ ਮੌਸਮ ਬਹੁਤ ਸਾਫ਼ ਸੀ ਜਿਸ ਕਰਕੇ ਕੋਈ ਦਿੱਕਤ ਨਹੀਂ ਹੋਈ ।ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਾਲੀ ਭਰਾਵਾਂ ਨੇ ਦੱਸਿਆ ਕਿ ਜਿੱਥੇ ਸ਼ੁਰੂਆਤ ਵਿੱਚ ਲਾਇਸੈਂਸ ਲੈਣਾ ਮਹਿੰਗਾ ਹੁੰਦਾ ਹੈ ਉੱਥੇ ਹੀ ਇਸਨੂੰ ਰਿਨਿਊ ਕਰਨ ਮੌਕੇ ਵੀ ਸਿਹਤ ਦੀ ਜਾਂਚ ਹੁੰਦੀ ਹੈ ।
ਨਿੱਜੀ ਵਰਤੋਂ ਲਈ ਲਿਆ ਸੀ ਲਾਇਸੈਂਸ
ਲਾਲੀ ਫਾਰਮਜ਼ ਵੱਲੋਂ ਬੀ ਸੀ ਵਿੱਚ ਲੱਗਭਗ 500 ਏਕੜ 'ਤੇ ਖੇਤੀ ਕੀਤੀ ਜਾਂਦੀ ਹੈ । ਪਰਿਵਾਰ ਵੱਲੋਂ ਨਿੱਜੀ ਵਰਤੋਂ ਲਈ ਲਾਇਸੈਂਸ ਲਿਆ ਗਿਆ ਸੀ ।ਰਮਿੰਦਰ ਨੇ ਕਿਹਾ ਮੈਨੂੰ ਛੋਟੇ ਹੁੰਦੇ ਜਹਾਜ਼ਾਂ ਦਾ ਸ਼ੌਂਕ ਸੀ ਪਰ ਕਦੇ ਪਾਇਲਟ ਬਣਨ ਦਾ ਨਹੀਂ ਸੋਚਿਆ ਸੀ । 2014 ਦੌਰਾਨ ਮੈਨੂੰ ਮੇਰੇ ਪਿਤਾ ਨੇ ਫ਼ਾਰਮ ਦੇ ਕੰਮਾਂ ਲਈ ਲਾਇਸੈਂਸ ਲੈਣ ਲਈ ਕਿਹਾ ਅਤੇ ਮੈਂ ਤਿਆਰੀ ਸ਼ੁਰੂ ਕਰ ਦਿੱਤੀ ।ਉਹਨਾਂ ਕਿਹਾ ਅਸੀਂ ਹਰ ਸਾਲ ਔਸਤਨ 100 ਘੰਟੇ ਲਈ ਹੈਲੀਕਾਪਟਰ ਦੀ ਵਰਤੋਂ ਕਰਦੇ ਹਾਂ ਜਿਸ ਵਿੱਚ ਪਰਿਵਾਰਿਕ ਕੰਮਾਂ ਲਈ ਇਕ ਫ਼ਾਰਮ ਤੋਂ ਦੂਸਰੇ ਫ਼ਾਰਮ ਵਿੱਚ ਜਾਣਾ ਆਦਿ ਸ਼ਾਮਿਲ ਹੁੰਦਾ ਹੈ ।
Comments (0)