1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਲੀਡਰ ਕਮਲਨਾਥ ਵਿਰੁੱਧ ਕਾਰਵਾਈ ਦੀ ਰਿਪੋਰਟ ਕੀਤੀ ਤਲਬ
ਮਾਮਲਾ ਕਮਲਨਾਥ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਨੁੰ ਮਾਰਨ ਵਾਲੀ ਭੀੜ ਦੀ ਅਗਵਾਈ ਕਰਣ ਦਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਵੱਲੋਂ ਅੱਜ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸ ਵਿਚ ਦਿੱਤੇ ਗਏ ਹੁਕਮਾਂ ਦੀ ਬਦੌਲਤ ਹੁਣ ਕਾਂਗਰਸੀ ਆਗੂ ਕਮਲਨਾਥ ਦਾ ਜੇਲ੍ਹ ਜਾਣ ਦਾ ਰਸਤਾ ਸਾਫ ਹੋ ਗਿਆ ਹੈ।
ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਕਮਲਨਾਥ 1984 ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਨੁੰ ਮਾਰਨ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ। ਇਸ ਮਾਮਲੇ ਦੀ ਪੈਰਵਾਈ ਦਿੱਲੀ ਕਮੇਟੀ ਕਾਫੀ ਦੇਰ ਤੋਂ ਕਰ ਰਹੀ ਸੀ ਤੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਮਾਮਲੇ ਵਿਚ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਅੱਜ ਇਸ ਪਟੀਸ਼ਨ 'ਤੇ ਸੁਣਵਾਈ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਅਦਾਲਤ ਵਿਚ ਹੋਈ ਜਿਹਨਾਂ ਨੇ ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਯਾਨੀ ਐਸ ਆਈ ਟੀ ਨੁੰ ਨੋਟਿਸ ਜਾਰੀ ਕਰ ਕੇ ਪਟੀਸ਼ਨ ਵੱਲੋਂ ਦਿੱਤੀ ਦਰਖ਼ਾਸਤ 'ਤੇ ਕੀਤੀ ਕਾਰਵਾਈ ਦੀ ਰਿਪੋਰਟ ਤਲਬ ਕਰ ਲਈ ਹੈ। ਉਹਨਾਂ ਦੱਸਿਆ ਕਿ ਇਹ ਮਾਮਲਾ ਪਾਰਲੀਮੇਂਟ ਸਟ੍ਰੀਟ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 601/1984 ਨਾਲ ਸਬੰਧਤ ਹੈ ਜਿਸ ਵਿਚ ਕਮਨਲਾਥ ਸਿੱਧਾ ਸਿੱਧਾ ਦੋਸ਼ੀ ਹੈ ਪਰ ਕਾਂਗਰਸ ਪਾਰਟੀ ਵੱਲੋਂ ਹੁਣ ਤੱਕ ਕੀਤੀ ਜਾਂਦੀ ਪੁਸ਼ਤਪਨਾਹੀ ਦੀ ਬਦੌਲਤ ਹੁਣ ਤੱਕ ਬਚਦਾ ਰਿਹਾ ਹੈ ਪਰ ਹੁਣ ਉਸਦਾ ਜੇਲ੍ਹ ਜਾਣਾ ਤੈਅ ਹੈ।
Comments (0)