ਸੁਧਾ ਭਾਰਦਵਾਜ ਲੋਕਾਂ ਲਈ ਲੜਨ ਵਾਲੀ ਵਕੀਲ ਨੂੰ 3 ਸਾਲ ਜੇਲ੍ਹ ਹੰਢਾਉਣੀ ਪਈ
*ਸਾਲ 2018 ਦੌਰਾਨ ਕੋਰੇਗਾਓਂ ਪਿੰਡ ਵਿੱਚ ਹਿੰਸਾਦੀ ਦੀ ਘਟਨਾ ਵਿੱਚ ਸ਼ਾਮਲ ਹੋਣ ਅਤੇ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੀ ਭੂਮਿਕਾ ਦਾ ਲਗਿਆ ਇਲਜ਼ਾਮ
*ਜਮਾਨਤ ਹੋਣ ਬਾਅਦ ਮੁੰਬਈ ਤੋਂ ਬਾਹਰ ਜਾਣ ਉਪਰ ਲਗੀਆਂ ਪਾਬੰਦੀਆਂ
ਅੰਮ੍ਰਿਤਸਰ ਟਾਈਮਜ਼
ਮੁੰਬਈ: ਤਿੰਨ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ, ਭਾਰਤ ਦੇ ਸਭ ਤੋਂ ਮਸ਼ਹੂਰ ਸਮਾਜਿਕ ਕਾਰਕੁਨਾਂ ਵਿੱਚੋਂ ਇੱਕ ਸੁਧਾ ਭਾਰਦਵਾਜ ਹੁਣ ਨਵੇਂ ਸ਼ਹਿਰ ਵਿੱਚ ਘਰ ਵਸਾਉਣ ਅਤੇ ਕੰਮ ਲੱਭਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।ਜ਼ਮਾਨਤ ਦੀਆਂ ਸ਼ਰਤਾਂ ਅਨੁਸਾਰ, ਸੁਧਾ ਭਾਰਦਵਾਜ ਨੂੰ ਮੁਕੱਦਮੇ ਦੀ ਸਮਾਪਤੀ ਤੱਕ ਮੁੰਬਈ ਛੱਡਣ 'ਤੇ ਰੋਕ ਹੈ।ਇਸ ਮੁਕੱਦਮੇ ਅਨੁਸਾਰ, ਸੁਧਾ ਭਾਰਦਵਾਜ 'ਤੇ ਸਾਲ 2018 ਦੀ ਜਾਤੀ ਆਧਾਰਿਤ ਹਿੰਸਾ ਦੀ ਘਟਨਾ ਵਿੱਚ ਸ਼ਾਮਲ ਹੋਣ ਅਤੇ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੀ ਭੂਮਿਕਾ ਦਾ ਇਲਜ਼ਾਮ ਹੈ।ਇਸ ਤੋਂ ਇਲਾਵਾ, ਉਨ੍ਹਾਂ ਨੂੰ ਮੁਕੱਦਮੇ ਬਾਰੇ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਹੈ।ਜੂਨ 2018 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਮਹਾਰਾਸ਼ਟਰ ਸੂਬੇ ਦੇ ਭੀਮਾ ਕੋਰੇਗਾਓਂ ਪਿੰਡ ਵਿੱਚ ਹਿੰਸਾ ਦੇ ਸਬੰਧ ਵਿਚ 16 ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਸੀ।ਇਨ੍ਹਾਂ ਲੋਕਾਂ ਵਿੱਚ ਭਾਰਤ ਦੇ ਕੁਝ ਸਭ ਤੋਂ ਸਤਿਕਾਰਤ ਵਿਦਵਾਨ, ਵਕੀਲ, ਅਕਾਦਮਿਕ, ਕਾਰਕੁਨ ਅਤੇ ਇੱਕ ਵੱਡੀ ਉਮਰ ਦੇ ਗਰਮ ਸੁਰ ਵਾਲੇ ਕਵੀ ਵੀ ਸ਼ਾਮਲ ਹਨ। ਗਿ੍ਫਤਾਰ ਕੀਤੇ ਕਾਬਾਇਲੀ ਅਧਿਕਾਰ ਕਾਰਕੁਨ, ਸਟੈਨ ਸਵਾਮੀ ਦੀ 84 ਸਾਲ ਦੀ ਉਮਰ ਵਿੱਚ ਪਿਛਲੇ ਸਾਲ ਹਸਪਤਾਲ ਵਿੱਚ ਮੌਤ ਹੋ ਗਈ।ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਵਾਰ-ਵਾਰ ਉਨ੍ਹਾਂ ਸਾਰਿਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਹੈ।ਜਿਸ ਬਾਰੇ ਬਹੁਤ ਸਾਰੇ ਨਿਰਪਖ ਜਾਣਕਾਰਾਂ ਦਾ ਮੰਨਣਾ ਹੈ ਕਿ ਹੁਣ ਇਸ ਨੂੰ ਮੁੱਖ ਤੌਰ 'ਤੇ ਅਸਹਿਮਤੀ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ।
ਨਾ ਘਰ ਜਾ ਸਕਦੇ, ਨਾ ਧੀ ਨੂੰ ਮਿਲ ਸਕਦੇ
ਭਾਰਦਵਾਜ, ਹੁਣ ਦਿੱਲੀ ਦੀ ਇੱਕ ਪ੍ਰਮੁੱਖ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪ੍ਰੋਫੈਸਰ ਵਜੋਂ ਆਪਣੇ ਕੰਮ 'ਤੇ ਵਾਪਸ ਨਹੀਂ ਜਾ ਸਕਦੇ ਅਤੇ ਨਾ ਹੀ ਫਰੀਦਾਬਾਦ ਦੇ ਬਾਹਰਵਾਰੀ ਵਸੇ ਆਪਣੇ ਘਰ ਜਾ ਸਕਦੇ ਹਨ।ਉਹ 1,000 ਕਿਲੋਮੀਟਰ ਤੋਂ ਵੱਧ ਦੂਰ ਭਿਲਾਈ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਆਪਣੀ ਧੀ ਨੂੰ ਮਿਲਣ ਵਿੱਚ ਵੀ ਅਸਮਰੱਥ ਹਨ।10 ਦਸੰਬਰ 2020 ਨੂੰ ਸੁਧਾ ਦੀ ਰਿਹਾਈ ਤੋਂ ਬਾਅਦ ਦੋਵਾਂ ਨੂੰ ਥੋੜ੍ਹੇ ਸਮੇਂ ਲਈ ਮਿਲਵਾਇਆ ਗਿਆ ਸੀ। ਰਿਹਾਅ ਹੋਣ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿੱਚ 60 ਸਾਲਾ ਸੁਧਾ ਭਾਰਦਵਾਜ ਨੇ ਦੱਸਿਆ, "ਛੋਟੀ ਜੇਲ੍ਹ ਤੋਂ ਬਾਅਦ ਮੈਂ ਹੁਣ ਇੱਕ ਵੱਡੀ ਜੇਲ੍ਹ ਵਿੱਚ ਰਹਿ ਰਹੀ ਹਾਂ, ਜੋ ਕਿ ਮੁੰਬਈ ਹੈ।ਉਨ੍ਹਾਂ ਕਿਹਾ, "ਮੈਨੂੰ ਕੰਮ ਲੱਭਣਾ ਪਏਗਾ ਅਤੇ ਅਜਿਹੀ ਜਗ੍ਹਾ ਜਿਸਦਾ ਮੈਂ ਖਰਚਾ ਚੁੱਕ ਸਕਾਂ।" ਉਦੋਂ ਤੱਕ ਉਹ ਆਪਣੇ ਇੱਕ ਦੋਸਤ ਕੋਲ ਰਹਿ ਰਹੀ ਹੈ।ਮੈਸੇਚਿਉਸੇਟਸ ਵਿੱਚ ਜਨਮੀ ਭਾਰਦਵਾਜ ਨੇ ਆਪਣੇ ਮਾਤਾ-ਪਿਤਾ ਦੇ ਭਾਰਤ ਪਰਤਣ ਤੋਂ ਬਾਅਦ ਆਪਣਾ ਅਮਰੀਕੀ ਪਾਸਪੋਰਟ ਛੱਡ ਦਿੱਤਾ ਸੀ।ਫਿਰ ਉਹ ਨੌਜਵਾਨ ਮਹਿਲਾ ਵਕੀਲ ਇੱਕ ਵਚਨਬੱਧ ਕਾਰਕੁਨ ਅਤੇ ਟ੍ਰੇਡ ਯੂਨੀਅਨਿਸਟ ਬਣ ਗਈ।ਜੋ ਖਣਿਜਾਂ ਨਾਲ ਭਰਪੂਰ ਸੂਬੇ ਛੱਤੀਸਗੜ੍ਹ ਵਿੱਚ ਬੇਘਰ ਹੋਏ ਲੋਕਾਂ ਦੇ ਹੱਕਾਂ ਲਈ ਮਜ਼ਬੂਤੀ ਨਾਲ ਲੜ ਰਹੀ ਸੀ।ਸੁਧਾ ਭਾਰਦਵਾਜ ਕਹਿੰਦੀ ਹੈ ਕਿ ਜੇਲ੍ਹ ਵਿੱਚ ਬਿਤਾਇਆ ਉਨ੍ਹਾਂ ਦਾ ਸਮਾਂ ਖ਼ਾਸਕਰ ਮਹਾਂਮਾਰੀ ਦੇ ਦੌਰਾਨ, ਅੱਖਾਂ ਖੋਲ੍ਹਣ ਵਾਲਾ ਸੀ।ਉਨ੍ਹਾਂ ਕਿਹਾ, "ਜੇਲ੍ਹ ਦੀਆਂ ਸਥਿਤੀਆਂ ਹੁਣ ਮੱਧਯੁਗੀ ਨਹੀਂ ਰਹੀਆਂ। ਪਰ ਜਦੋਂ ਤੁਸੀਂ ਅੰਦਰ ਜਾਂਦੇ ਹੋ ਤਾਂ ਤੁਹਾਡੇ ਮਾਣ ਦਾ ਜੋ ਨੁਕਸਾਨ ਹੁੰਦਾ ਹੈ, ਉਹ ਇੱਕ ਸਦਮੇ ਵਾਂਗ ਹੁੰਦਾ ਹੈ।"
ਭਾਰਦਵਾਜ ਨੂੰ 28 ਅਕਤੂਬਰ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਫੋਨ, ਲੈਪਟਾਪ ਅਤੇ ਕੁਝ ਸੀਡੀਜ਼ ਖੋਹ ਲਈਆਂ ਗਈਆਂ ਸਨ।ਰਿਹਾਅ ਹੋਣ ਤੋਂ ਪਹਿਲਾਂ, ਤਿੰਨ ਵਾਰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਹੋਈ ਅਤੇ ਇਸ ਦੌਰਾਨ ਉਹ ਦੋ ਜੇਲ੍ਹਾਂ ਵਿੱਚ ਰਹੇ।ਉਨ੍ਹਾਂ ਦਾ ਅੱਧਾ ਸਮਾਂ ਮਹਾਰਾਸ਼ਟਰ ਦੇ ਪੁਣੇ ਦੀ ਉੱਚ-ਸੁਰੱਖਿਆ ਵਾਲੀ ਯਰਵਡਾ ਕੇਂਦਰੀ ਜੇਲ੍ਹ ਵਿੱਚ ਲੰਘਿਆ, ਉਨ੍ਹਾਂ ਸੈੱਲਾਂ ਵਿੱਚ ਜੋ ਕਦੇ ਮੌਤ ਦੀ ਸਜ਼ਾ ਵਾਲੇ ਕੈਦੀਆਂ ਲਈ ਰਾਖਵੇਂ ਸਨ।ਯਰਵਡਾ ਕੇਂਦਰੀ ਜੇਲ੍ਹ ਵਿੱਚ ਅਤਿ-ਗੰਭੀਰ ਅਪਰਾਧਾਂ ਵਿਚ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ।ਉਥੇ ਵਾਰ-ਵਾਰ ਪਾਣੀ ਦੀ ਕਮੀ ਹੋ ਜਾਂਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਨਹਾਉਣ ਅਤੇ ਪੀਣ ਲਈ ਪਾਣੀ ਦੀਆਂ ਬਾਲਟੀਆਂ ਕੋਠੜੀ ਤੱਕ ਲੈ ਕੇ ਜਾਣੀਆਂ ਪੈਂਦੀਆਂ ਸਨ।ਖਾਣੇ ਵਿੱਚ ਦਾਲ, ਦੋ ਰੋਟੀਆਂ ਅਤੇ ਸਬਜ਼ੀਆਂ ਮਿਲਦੀਆਂ ਸਨ। ਜਿਨ੍ਹਾਂ ਕੈਦੀਆਂ ਕੋਲ਼ ਖਰੀਦਣ ਦੀ ਪਹੁੰਚ ਹੁੰਦੀ ਹੈ, ਉਹ ਜੇਲ੍ਹ ਦੀ ਕੰਟੀਨ ਤੋਂ ਹੋਰ ਭੋਜਨ ਖਰੀਦ ਸਕਦੇ ਹਨ।ਕੁਝ ਕੈਦੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਜੇਲ੍ਹ ਖਾਤਿਆਂ ਵਿੱਚ ਹਰ ਮਹੀਨੇ ਵੱਧ ਤੋਂ ਵੱਧ 4,500 ਰੁਪਏ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ।ਜੇਲ੍ਹ ਵਿੱਚ ਕੁਝ ਪੈਸੇ ਕਮਾਉਣ ਲਈ ਉਸਨੇ ਨੇ ਅਗਰਬੱਤੀਆਂ ਬਣਾਈਆਂ, ਚਟਾਈਆਂ ਬਣਾਈਆਂ, ਸਬਜ਼ੀਆਂ ਉਗਾਈਆਂ ਅਤੇ ਜੇਲ੍ਹ ਦੇ ਖੇਤ ਵਿੱਚ ਚੌਲ ਉਗਾਏ।ਬਾਅਦ ਵਿੱਚ ਸੁਧਾ ਨੂੰ ਮੁੰਬਈ ਦੀ ਬਾਈਕੂਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜੋ ਮੁਕੱਦਮੇ ਦੀ ਉਡੀਕ ਕਰ ਰਹੇ ਕੈਦੀਆਂ ਦੀ ਵੱਡੀ ਆਬਾਦੀ ਦੇ ਕਾਰਨ ਬਹੁਤ ਭੀੜ ਅਤੇ ਵਧੇਰੇ ਅਵਿਵਸਥਾ ਵਾਲੀ ਜੇਲ੍ਹ ਸੀ।ਇੱਕ ਸਮੇਂ ਤਾਂ ਔਰਤ ਵਿੰਗ ਵਿੱਚ ਸੁਧਾ ਦੀ ਯੂਨਿਟ ਵਿੱਚ 75 ਔਰਤ ਕੈਦੀ ਸਨ, ਜਦਕਿ ਉਸ ਯੂਨਿਟ ਨੂੰ ਸਿਰਫ 35 ਕੈਦੀਆਂ ਦੇ ਰਹਿਣ ਲਈ ਬਣਾਇਆ ਗਿਆ ਸੀ।ਉਹ ਸਾਰੇ ਫਰਸ਼ 'ਤੇ ਵਿਛੀ ਚਟਾਈ ਉੱਤੇ, ਇੱਕ-ਦੂਜੇ ਦੇ ਨਾਲ-ਨਾਲ ਲੱਗ ਕੇ ਸੌਂਦੇ ਸਨ।ਸੁਧਾ ਭਾਰਦਵਾਜ ਨੇ ਦੱਸਿਆ ਕਿ ਹਰੇਕ ਨੂੰ "ਇਕ ਤਾਬੂਤ ਦੇ ਆਕਾਰ" ਦੇ ਬਰਾਬਰ ਜਗ੍ਹਾ ਦਿੱਤੀ ਗਈ ਸੀ।ਬਹੁਤ ਜ਼ਿਆਦਾ ਭੀੜ ਲੜਾਈਆਂ ਅਤੇ ਤਣਾਅ ਦਾ ਕਾਰਨ ਬਣ ਜਾਂਦੀ ਹੈ। ਇੱਥੇ ਭੋਜਨ, ਪਖਾਨੇ ਤੱਕ ਹਰ ਚੀਜ਼ ਲਈ ਕਤਾਰ ਲੱਗਦੀ ਹੈ।"
ਪਿਛਲੀ ਗਰਮੀਆਂ ਵਿੱਚ ਮਹਾਮਾਰੀ ਦੀ ਭਿਆਨਕ ਦੂਜੀ ਲਹਿਰ ਦੇ ਦੌਰਾਨ, ਉਨ੍ਹਾਂ ਦੀ ਯੂਨਿਟ ਦੀਆਂ 55 ਵਿੱਚੋਂ 13 ਔਰਤਾਂ ਕੋਵਿਡ-19 ਦੀ ਲਾਗ ਦਾ ਸ਼ਿਕਾਰ ਹੋਈਆਂ ਸਨ।ਭਾਰਦਵਾਜ ਦਾ ਕਹਿਣਾ ਹੈ ਕਿ ਬੁਖਾਰ ਹੋਣ ਅਤੇ ਦਸਤ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਦੇ ਹਸਪਤਾਲ ਅਤੇ ਫਿਰ ਇੱਕ ਭੀੜ ਵਾਲੀ "ਕੁਆਰੰਟਾਈਨ ਬੈਰਕ" ਵਿੱਚ ਭੇਜ ਦਿੱਤਾ ਗਿਆ ਸੀ।ਇੱਥੋਂ ਤੱਕ ਕਿ ਮਹਾਮਾਰੀ ਦੇ ਦੌਰਾਨ ਵੀ ਬਹੁਤੇ ਲੋਕਾਂ ਨੂੰ ਆਪਣੇ ਪਰਿਵਾਰਾਂ ਕੋਲ ਵਾਪਸ ਜਾਣ ਲਈ ਅੰਤਰਿਮ ਜ਼ਮਾਨਤ [ਥੋੜ੍ਹੇ ਸਮੇਂ ਲਈ ਦਿੱਤੀ ਗਈ ਜ਼ਮਾਨਤ] ਨਹੀਂ ਮਿਲੀ ਸੀ।"ਸਾਲ 2020 ਵਿੱਚ, ਸੁਪਰੀਮ ਕੋਰਟ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ, ਸੂਬਿਆਂ ਨੂੰ ਕਿਹਾ ਸੀ ਕਿ ਭੀੜ-ਭੜੱਕੇ ਵਾਲੀਆਂ ਜੇਲ੍ਹਾਂ ਵਿੱਚੋਂ ਕੈਦੀਆਂ ਨੂੰ ਰਿਹਾਅ ਕਰਨ।ਬਾਈਕੂਲਾ ਜੇਲ੍ਹ ਵਿੱਚ, ਭਾਰਦਵਾਜ ਨੇ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀਆਂ ਸਾਥੀ ਮਹਿਲਾ ਕੈਦੀਆਂ ਲਈ ਦਰਜਨਾਂ ਕਾਨੂੰਨੀ ਸਹਾਇਤਾ ਅਰਜ਼ੀਆਂ ਲਿਖਣ ਵਿੱਚ ਆਪਣਾ ਬਹੁਤ ਸਾਰਾ ਸਮਾਂ ਬਿਤਾਇਆ। ਇਨ੍ਹਾਂ ਔਰਤਾਂ ਵਿੱਚੋਂ ਬਹੁਤ ਸਾਰੀਆਂ ਟੀਬੀ, ਐੱਚਆਈਵੀ ਏਡਜ਼ ਅਤੇ ਦਮੇ ਨਾਲ ਪੀੜਿਤ ਸਨ ਅਤੇ ਕਈ ਹੋਰ ਗਰਭਵਤੀ ਵੀ ਸਨ।ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅੰਤਰਿਮ ਜ਼ਮਾਨਤ ਨਹੀਂ ਮਿਲੀ, ਕੁਝ ਹੱਦ ਤੱਕ ਇਸ ਲਈ ਵੀ ਕਿਉਂਕਿ ਅਦਾਲਤਾਂ ਵਿੱਚ ਜ਼ਮਾਨਤ 'ਤੇ ਬਹਿਸ ਕਰਨ ਵਾਲਾ ਕੋਈ ਸੀ ਹੀ ਨਹੀਂ।ਜ਼ਿਆਦਾਤਰ ਔਰਤ ਕੈਦੀਆਂ ਨੂੰ ਦੇਹ ਵਪਾਰ ਜਾਂ ਮਨੁੱਖਾਂ ਤੇ ਨਸ਼ਿਆਂ ਦੀ ਤਸਕਰੀ ਦੇ ਮਾਮਲਿਆਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਹ ਕਹਿੰਦੇ ਹਨ ਕਿ ਬਾਕੀ ਹੋਰ, ਭਗੌੜੇ ਗੈਂਗਸਟਰਾਂ ਦੀਆਂ " ਸਹੇਲੀਆਂ ਅਤੇ ਮਾਵਾਂ" ਸਨ।ਸੁਧਾ ਭਾਰਦਵਾਜ ਯਾਦ ਕਰਦੇ ਹਨ, "[ਦੂਜੀ ਲਹਿਰ] ਦਾ ਸਮਾਂ ਕੈਦੀਆਂ ਲਈ ਬਹੁਤ ਔਖਾ ਸੀ। ਅਦਾਲਤਾਂ ਨੇ ਕੰਮ ਬੰਦ ਕਰ ਦਿੱਤਾ ਸੀ, ਕੈਦੀਆਂ ਲਈ ਪਰਿਵਾਰਕ ਮੁਲਾਕਾਤਾਂ ਦੀ ਇਜਾਜ਼ਤ ਨਹੀਂ ਸੀ, ਮੁਕੱਦਮੇ ਰੁਕ ਗਏ ਸਨ। ਇਹ ਦਰਦਨਾਕ ਸਮਾਂ ਸੀ।ਭਾਰਦਵਾਜ ਨੇ ਕਿਹਾ ਕਿ ਉਹ ਮੁਕੱਦਮੇ ਭੁਗਤ ਰਹੇ ਗਰੀਬ ਕੈਦੀਆਂ ਲਈ ਦਿੱਤੀ ਜਾਂਦੀ ਕਾਨੂੰਨੀ ਸਹਾਇਤਾ ਦੀ ਭੈੜੀ ਸਥਿਤੀ ਦੇਖ ਕੇ ਹੈਰਾਨ ਹਨ ਅਤੇ ਅਜਿਹੇ ਹੀ ਲੋਕ ਜੇਲ੍ਹ ਦੀ ਆਬਾਦੀ ਦਾ ਵੱਡਾ ਹਿੱਸਾ ਹਨ।ਬਹੁਤ ਸਾਰੇ ਕੈਦੀਆਂ ਨੂੰ ਤਾਂ ਅਦਾਲਤ ਵਿੱਚ ਮੁਲਾਕਾਤ ਤੋਂ ਪਹਿਲਾਂ ਤੱਕ ਉਨ੍ਹਾਂ ਦੇ ਆਪਣੇ ਵਕੀਲਾਂ ਦੇ ਨਾਂ ਜਾਂ ਫ਼ੋਨ ਨੰਬਰ ਵੀ ਨਹੀਂ ਪਤਾ ਹੁੰਦੇ। ਘੱਟ ਤਨਖਾਹ ਵਾਲੇ ਵਕੀਲ ਆਪਣੇ ਮੁਵੱਕਿਲਾਂ ਨੂੰ ਮਿਲਣ ਲਈ ਜੇਲ੍ਹ ਵਿੱਚ ਵੀ ਨਹੀਂ ਆਉਂਦੇ ਹਨ। ਕੈਦੀਆਂ ਨੂੰ ਲੱਗਦਾ ਹੈ ਕਿ ਕਾਨੂੰਨੀ ਤੌਰ 'ਤੇ ਮਿਲਣ ਵਾਲੀ ਵਕੀਲੀ ਮਦਦ ਦਾ ਕੋਈ ਫਾਇਦਾ ਨਹੀਂ ਹੈ। ਅਤੇ ਸਿਰਫ਼ ਕੁਝ ਹੀ ਇੱਕ ਪ੍ਰਾਈਵੇਟ ਵਕੀਲ ਦਾ ਖਰਚਾ ਚੁੱਕ ਸਕਦੇ ਹਨ।"
ਭਾਰਦਵਾਜ ਦਾ ਕਹਿਣਾ ਹੈ ਕਿ ਉਹ ਜੇਲ੍ਹ ਵਿੱਚ ਇੱਕ ਬੈਠਕ ਵਿੱਚ ਸ਼ਾਮਲ ਹੋਏ ਸਨ ਜਿੱਥੇ ਉਨ੍ਹਾਂ ਨੇ ਇਹ ਪ੍ਰਸਤਾਵ ਦਿੱਤਾ ਸੀ ਕਿ ਕਾਨੂੰਨੀ ਸਹਾਇਤਾ ਵਜੋਂ ਮਿਲਣ ਵਾਲੇ ਵਕੀਲਾਂ ਨੂੰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਆਪਣੇ ਮੁਵੱਕਿਲਾਂ ਨੂੰ ਮਿਲਣ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਹੀ ਤਨਖਾਹਾਂ ਵੀ ਮਿਲਣੀਆਂ ਚਾਹੀਦੀਆਂ ਹਨ।ਭਾਰਦਵਾਜ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣਾ ਸਮਾਂ ਮਹਿਲਾ ਕੈਦੀਆਂ ਦੇ ਬੱਚਿਆਂ ਲਈ ਗੀਤ ਗਾਉਣ, ਜੇਲ ਦੇ ਕੰਮ ਕਰਨ ਅਤੇ 'ਬਹੁਤ ਸਾਰੀਆਂ ਕਿਤਾਬਾਂ ਪੜ੍ਹਨ' ਵਿੱਚ ਬਿਤਾਇਆ। ਜਿਨ੍ਹਾਂ ਵਿੱਚ ਐਡਵਰਡ ਸਨੋਡੇਨ, ਵਿਲੀਅਮ ਡੈਲਰੀਮਪਲ ਅਤੇ ਨਾਓਮੀ ਕਲੇਨ ਦੀਆਂ ਕਿਤਾਬਾਂ ਵੀ ਸ਼ਾਮਲ ਹਨ।ਮਹਾਂਮਾਰੀ ਦੇ ਸਿਖਰ ਵਾਲੇ ਸਮੇਂ ਦੌਰਾਨ, ਉਨ੍ਹਾਂ ਨੂੰ ਜੇਲ੍ਹ ਦੀ ਲਾਇਬ੍ਰੇਰੀ ਵਿੱਚ ਅਲਬਰਟ ਕੈਮਸ ਦੀ 'ਦ ਪਲੇਗ' ਦੀ ਇੱਕ ਕਾਪੀ ਮਿਲੀ, ਜੋ ਕਿ ਬਹੁਤ ਵਾਰ ਪੜ੍ਹੀ ਗਈ ਲੱਗਦੀ ਸੀ।ਪਰ ਜਦੋਂ ਉਨ੍ਹਾਂ ਨੇ ਇਹ ਖਬਰ ਸੁਣੀ ਕਿ ਕੋਰੋਨਵਾਇਰਸ ਨੂੰ ਫੈਲਣ ਤੋਂ ਰੋਕਣ ਲਈ, ਭਾਰਤ ਵਿੱਚ ਮਾਰਚ 2020 ਵਿੱਚ ਲੌਕਡਾਊਨ ਲਗਾਇਆ ਜਾ ਰਿਹਾ ਹੈ, ਤਾਂ ਉਨ੍ਹਾਂ ਨੂੰ ਕੀ ਮਹਿਸੂਸ ਹੋਇਆ, ਇਹ ਇੱਕ ਅਜਿਹਾ ਅਨੁਭਵ ਹੈ ਜੋ ਉਹ ਕਦੇ ਨਹੀਂ ਭੁੱਲਣਗੇ।ਅਚਾਨਕ ਜੇਲ 'ਚ ਹਲਚਲ ਮੱਚ ਗਈ। ਕੈਦੀ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਛੱਡ ਕੇ ਭੁੱਖ ਹੜਤਾਲ 'ਤੇ ਚਲੇ ਗਏ। ਉਹ ਕਹਿ ਰਹੇ ਸਨ, 'ਅਸੀਂ ਇੱਥੇ ਮਰਨਾ ਨਹੀਂ ਚਾਹੁੰਦੇ। ਮੈਂ ਕੈਦੀਆਂ ਨੂੰ ਇਸ ਤੋਂ ਜ਼ਿਆਦਾ ਡਰੇ ਹੋਏ ਅਤੇ ਰਿਹਾਈ ਦੀ ਇੱਛਾ ਰੱਖਦੇ ਹੋਏ ਕਦੇ ਨਹੀਂ ਦੇਖਿਆ।
Comments (0)