ਕੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਹੋ ਸਕਦੀ ਹੈ? 

ਕੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਹੋ ਸਕਦੀ ਹੈ? 

ਮਾਮਲਾ ਬੇਅੰਤ ਸਿੰਘ ਹੱਤਿਆਕਾਂਡ  ਦਾ

*ਸੁਪਰੀਮ ਕੋਰਟ ਮੁੜ ਵਿਚਾਰ ਕਰੇਗੀ ਇਹ ਕੇਸ

 ਸੁਪਰੀਮ ਕੋਰਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿਚ ਸੋਧਾ ਲਗਾਉਣ ਵਾਲੇ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਸਬੰਧੀ ਮਾਮਲੇ ’ਤੇ ਮੁੜ ਸੁਣਵਾਈ ਲਈ ਤਿਆਰ ਹੋ ਗਈ ਹੈ। ਸੁਪਰੀਮ ਕੋਰਟ ਨੇ 16 ਮਹੀਨੇ ਪਹਿਲਾਂ ਉਸਦੀ ਸਜ਼ਾ ਨੂੰ ਘੱਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਰਾਜੋਆਣਾ ਦੀ ਨਵੀਂ ਪਟੀਸ਼ਨ ’ਤੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਰਾਜੋਆਣਾ ਨੇ 25 ਮਾਰਚ, 2012 ਨੂੰ ਰਹਿਮ ਦੀ ਅਪੀਲ ਦਾਖਲ ਕੀਤੀ ਸੀ ਤੇ ਹਾਲੇ ਤੱਕ ਕੇਂਦਰ ਉਸ ’ਤੇ ਫ਼ੈਸਲਾ ਨਹੀਂ ਲੈ ਸਕਿਆ।

ਭਾਈ ਰਾਜੋਆਣਾ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ। ਜ਼ਿਕਰਯੋਗ ਹੈ ਕਿ 1995 ’ਚ ਪੰਜਾਬ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ 16 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਇਕ ਵਿਸ਼ੇਸ਼ ਅਦਾਲਤ ਨੇ 2007 ਵਿਚ ਭਾਈ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸਦੀ ਰਹਿਮ ਦੀ ਅਪੀਲ ਪਿਛਲੇ 12 ਸਾਲਾਂ ਤੋਂ ਲਟਕ ਰਹੀ ਹੈ।

3 ਮਈ, 2023 ਨੂੰ ਸੁਪਰੀਮ ਕੋਰਟ ਨੇ ਉਸਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕੇਂਦਰ ਨੂੰ ਉਸਦੀ ਰਹਿਮ ਦੀ ਅਪੀਲ ’ਤੇ ਫ਼ੈਸਲਾ ਕਰਨ ਲਈ ਕਿਹਾ ਸੀ। ਬੈਂਚ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਗ੍ਰਹਿ ਮੰਤਰਾਲੇ ਆਪਣੀਆਂ ਵੱਖ ਵੱਖ ਬ੍ਰਾਂਚਾਂ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ’ਤੇ ਇਸ ਸੱਟੇ ’ਤੇ ਪਹੁੰਚਿਆ ਹੈ ਕਿ ਇਸ ਫ਼ੈਸਲੇ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ ਕਿ ਇਸਦਾ ਰਾਸ਼ਟਰੀ ਸੁਰੱਖਿਆ ’ਤੇ ਪ੍ਰਭਾਵ ਪਵੇਗਾ ਤੇ ਦੇਸ਼ ਤੇ ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋਵੇਗੀ।

ਕੋਰਟ ਨੇ ਕਿਹਾ ਸੀ ਕਿ ਇਸ ਸਥਿਤੀ ਵਿਚ ਕੇਂਦਰ ਵਲੋਂ ਫ਼ੈਸਲੇ ਨੂੰ ਮੁਲਤਵੀ ਕਰਨ ’ਤੇ ਅਦਾਲਤ ਕੋਈ ਫ਼ੈਸਲਾ ਕਰਨ ਲਈ ਅਧਿਕਾਰ ਨਹੀਂ ਰੱਖਦੀ। ਅਜਿਹੇ ਸੰਵੇਦਨਸ਼ੀਲ ਮੁੱਦਿਆਂ ’ਤੇ ਫ਼ੈਸਲਾ ਕਰਨਾ ਕਾਰਜਪਾਲਿਕਾ ਦੇ ਅਧਿਕਾਰ ਖੇਤਰ ਵਿਚ ਹੈ। ਅਜਿਹੇ ਵਿਚ ਅਦਾਲਤ ਅੱਗੇ ਕੋਈ ਆਦੇਸ਼ ਜਾਰੀ ਨਹੀਂ ਕਰ ਸਕਦੀ।

ਆਪਣੀ ਨਵੀਂ ਪਟੀਸ਼ਨ ਵਿਚ ਰਾਜੋਆਣਾ ਨੇ ਕਿਹਾ ਕਿ ਪਟੀਸ਼ਨਰ ਦੀ ਪਹਿਲੀ ਪਟੀਸ਼ਨ ਦਾ ਨਿਪਟਾਰਾ ਹੋਏ ਲਗਪਗ ਇਕ ਸਾਲ ਤੇ ਚਾਰ ਮਹੀਨੇ ਬੀਤ ਚੁੱਕੇ ਹਨ ਤੇ ਉਸਦੀ ਕਿਸਮਤ ’ਤੇ ਫ਼ੈਸਲਾ ਹਾਲੇ ਵੀ ਅਨਿਸ਼ਚਿਤਤਾ ਦੇ ਬੱਦਲ ਵਿਚ ਲਟਕਿਆ ਹੋਇਆ ਹੈ ਜਿਸ ਨਾਲ ਪਟੀਸ਼ਨਰ ਨੂੰ ਡੂੰਘਾ ਮਾਨਸਿਕ ਧੱਕਾ ਲੱਗਾ ਹੈ ਤੇ ਉਸਨੂੰ ਚਿੰਤਾ ਹੋ ਰਹੀ ਹੈ। ਉਸਨੇ ਕਿਹਾ ਹੈ ਕਿ ਉਹ ਧਾਰਾ 32 ਤਹਿਤ ਅਦਾਲਤ ਨੂੰ ਮਿਲੀਆਂ ਸ਼ਕਤੀਆਂ ਦੇ ਤਹਿਤ ਹੀ ਰਾਹਤ ਦੀ ਮੰਗ ਕਰ ਰਿਹਾ ਹੈ।

ਇਹ ਦਲੀਲ ਦਿੰਦੇ ਹੋਏ ਰਾਜੋਆਣਾ 28 ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ ਵਿਚ ਹੈ ਤੇ 17 ਸਾਲਾਂ ਤੋਂ ਮੌਤ ਦੀ ਸਜ਼ਾ ’ਤੇ ਹੈ। ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦੋਸ਼ੀ ਵਲੋਂ ਦਲੀਲ ਦਿੱਤੀ ਕਿ ਉਸਨੂੰ ਰਾਸ਼ਟਰੀ ਸੁਰੱਖਿਆ ਦੇ ਆਧਾਰ ’ਤੇ ਅਣਮਿੱਥੇ ਸਮੇਂ ਤੱਕ ਇੰਤਜ਼ਾਰ ਨਹੀਂ ਕਰਾਇਆ ਜਾ ਸਕਦਾ।

ਬਲਵੰਤ ਸਿੰਘ ਦੀ ਬੇਅੰਤ ਸਿੰਘ ਕਤਲ ਕਾਂਡ ਵਿਚ ਭੂਮਿਕਾ ਤੇ ਰਿਹਾਈ ਦੀ ਪੰਥਕ ਮੰਗ

ਬਲਵੰਤ ਸਿੰਘ ਰਾਜੋਆਣਾ ਦਾ ਜਨਮ 23 ਅਗਸਤ 1967 ਨੂੰ ਪਿੰਡ ਰਾਜੋਆਣਾ ਕਲਾਂ, ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਜੀਐਚਜੀ ਖਾਲਸਾ ਕਾਲਜ, ਲੁਧਿਆਣਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ 1 ਅਕਤੂਬਰ 1987 ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ। ਬਲਵੰਤ ਸਿੰਘ ਦੇ ਪਿਤਾ ਮਲਕੀਤ ਸਿੰਘ ਨੂੰ ਖਾੜਕੂਆਂ ਨੇ ਮਾਰ ਦਿੱਤਾ ਸੀ। ਇਸੇ ਦੌਰਾਨ ਇੱਕ ਮਾਮਲੇ ਵਿੱਚ ਬਲਵੰਤ ਸਿੰਘ ਦੇ ਦੋਸਤ ਹਰਪਿੰਦਰ ਸਿੰਘ ਉਰਫ ਗੋਲਡੀ ਨੂੰ ਪੰਜਾਬ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ 1993 ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਗੋਲਡੀ ਦੇ ਮਾਤਾ-ਪਿਤਾ ਜਸਵੰਤ ਸਿੰਘ ਅਤੇ ਸੁਰਜੀਤ ਕੌਰ ਨੇ ਕਾਨੂੰਨੀ ਤੌਰ 'ਤੇ ਗੋਦ ਲਿਆ ਸੀ।

ਇਸ ਤਰ੍ਹਾਂ ਹੋਇਆ ਸੀ ਸਾਬਕਾ ਮੁੱਖ ਮੰਤਰੀ ਦਾ ਕਤਲ

31 ਅਗਸਤ 1995 ਨੂੰ ਦਿਲਾਵਰ ਸਿੰਘ ਨੇ 1.5 ਕਿਲੋਗ੍ਰਾਮ ਵਿਸਫੋਟਕ ਆਪਣੀ ਕਮਰ ਦੀ ਬੈਲਟ ਨਾਲ ਬੰਨ੍ਹਿਆ ਅਤੇ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਦਿੱਲੀ ਲਾਇਸੈਂਸ ਪਲੇਟ ਨਾਲ ਚਿੱਟੇ ਅੰਬੈਸਡਰ ਵਿੱਚ ਸਕੱਤਰੇਤ ਕੰਪਲੈਕਸ ਪਹੁੰਚਿਆ। ਦਿਲਾਵਰ ਅਤੇ ਬਲਵੰਤ ਨੇ ਕਥਿਤ ਤੌਰ 'ਤੇ ਇਹ ਫੈਸਲਾ ਕਰਨ ਲਈ ਸਿੱਕਾ ਸੁੱਟਿਆ ਸੀ ਕਿ ਆਤਮਘਾਤੀ ਹਮਲਾਵਰ ਕੌਣ ਬਣੇਗਾ। ਇਸ ਸਿੱਕੇ ਦੇ ਟਾਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਆਤਮਘਾਤੀ ਹਮਲਾਵਰ ਨੂੰ ਬਚਾਇਆ ਜਾਵੇਗਾ।

ਸ਼ਾਮ 5.10 ਵਜੇ ਤਿੰਨ ਗੋਰੇ ਅੰਬੈਸਡਰ ਬੇਅੰਤ ਸਿੰਘ ਨੂੰ ਚੁੱਕਣ ਲਈ ਸਕੱਤਰੇਤ ਕੰਪਲੈਕਸ ਦੇ ਵੀਆਈਪੀ ਪੋਰਟੀਕੋ ਨੇੜੇ ਰੁਕੇ। ਜਿਵੇਂ ਹੀ ਬੇਅੰਤ ਸਿੰਘ ਕਾਰ ਵਿੱਚ ਚੜ੍ਹਨ ਹੀ ਵਾਲਾ ਸੀ, ਦਿਲਾਵਰ ਆਪਣੀ ਬੁਲੇਟ ਪਰੂਫ ਕਾਰ ਵੱਲ ਵਧਿਆ ਅਤੇ ਬੰਬ ਦਾ ਬਟਨ ਦਬਾ ਦਿੱਤਾ। ਇਸ ਧਮਾਕੇ ਵਿੱਚ 3 ਭਾਰਤੀ ਕਮਾਂਡੋਆਂ ਸਮੇਤ 17 ਹੋਰ ਲੋਕ ਮਾਰੇ ਗਏ ਸਨ।

ਬਲਵੰਤ ਸਿੰਘ ਰਾਜੋਆਣਾ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨਾਂ ਮੁਤਾਬਕ, ਉਹ 1984 ਦੇ ਘਲੂਘਾਰਾ ਅਤੇ ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਨਿਰਾਸ਼ ਹੋ ਕੇ ਖ਼ਾਲਿਸਤਾਨ ਲਹਿਰ ਵਿਚ ਸ਼ਾਮਲ ਹੋ ਗਏ ਸਨ।ਅਦਾਲਤ ਵਿੱਚ ਦਿੱਤੇ ਹਲਫ਼ੀਆ ਬਿਆਨ ਵਿਚ ਭਾਈ ਰਾਜੋਆਣਾ ਨੇ ਸਾਫ਼ ਕਿਹਾ ਸੀ ਕਿ ਉਹ ਬੇਅੰਤ ਸਿੰਘ ਕਤਲ ਕਾਂਡ ਵਿਚ ਸ਼ਾਮਲ ਸਨ।ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਰਾਜੋਆਣਾ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੇ ਪਿੱਛੇ ਸਨ, ਜੇਕਰ ਉਹ ਅਸਫ਼ਲ ਹੋ ਜਾਂਦਾ ਤਾਂ ਰਾਜੋਆਣਾ ਨੇ ਮਨੁੱਖੀ ਬੰਬ ਵਜੋਂ ਹਮਲਾ ਕਰਨਾ ਸੀ।

ਭਾਵੇਂ ਕਿ ਜਾਂਚ ਏਜੰਸੀਆਂ ਦੇ ਇਸ ਦਾਅਵੇ ਨੂੰ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰੱਦ ਕਰਦੀ ਰਹੀ ਹੈ। ਪਰ ਰਾਜੋਆਣਾ ਨੇ ਆਪਣਾ ਦੋਸ਼ ਕਬੂਲਦਿਆਂ ਕੇਸ ਦੀ ਪੈਰਵੀ ਤੋਂ ਇਨਕਾਰ ਕਰ ਦਿੱਤਾ ਸੀ।

ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਲਈ ਸ਼੍ਰੋਮਣੀ ਕਮੇਟੀ ਨੇ ਕੇਸ ਦੀ ਪੈਰਵੀ ਕੀਤੀ ਸੀ।

ਰਾਜੋਆਣਾ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੇਅੰਤ ਸਿੰਘ ਮਾਮਲੇ ਵਿਚ ਇੱਕ ਅਗਸਤ 2007 ਨੂੰ ਫ਼ਾਸੀ ਦੀ ਸਜ਼ਾ ਸੁਣਾਈ ਸੀ।

ਇਸ ਤੋਂ ਬਾਅਦ ਰਾਜੋਆਣਾ ਨੇ ਹਾਈਕੋਰਟ ਵਿੱਚ ਅਪੀਲ ਕਰਨ ਤੋਂ ਇਨਕਾਰ ਇਹ ਕਹਿ ਕੇ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਵਿਚ ਭਰੋਸਾ ਨਹੀਂ ਹੈ।

ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਲਈ ਤਿੱਖੀ ਮੁਹਿੰਮ ਚਲਾਈ ਸੀ।

ਭਾਵੇਂ ਅਕਾਲੀ ਦਲ ਨੂੰ ਇਸ ਮੁੱਦੇ ਉੱਤੇ ਭਾਜਪਾ ਦਾ ਇਸ ਮਾਮਲੇ ਵਿੱਚ ਸਾਥ ਨਹੀਂ ਮਿਲਿਆ ਸੀ ਪਰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਉੱਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ (28 ਮਾਰਚ 2012) ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ।

ਸਿਖ ਪੰਥ ਵਲੋਂ ਰਿਹਾਈ ਲਈ ਉੱਠਦੀ ਰਹੀ  ਮੰਗ

 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੇਂਦਰ ਸਰਕਾਰ ਨੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।

ਇਸ ਦੇ ਨਾਲ ਹੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕਰਕੇ ਉਮਰ ਕੈਦ ਵਿਚ ਬਦਲਣ ਦੇ ਹੁਕਮ ਦਿੱਤੇ ਸਨ।

ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਕੇ ਰਿਹਾਈ ਤੇ ਸਜ਼ਾ ਮਾਫ਼ੀ ਦਾ ਸਵਾਗਤ ਕੀਤਾ ਸੀ।

ਬੇਅੰਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਰਾਜੋਆਣਾ ਨੂੰ ਮਾਫ਼ੀ ਦੇਣ ਦਾ ਵਿਰੋਧ ਕੀਤਾ ਸੀ।

ਅਪ੍ਰੈਲ 2022 ਦੇ ਸ਼ੁਰੂਆਤੀ ਦਿਨਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਦੀ ਮੰਗ ਕੀਤੀ ਸੀ।

ਉਸ ਵੇਲੇ ਸੁਖਬੀਰ ਬਾਦਲ ਦੀ ਦਲੀਲ ਸੀ ਕਿ ਰਾਜੋਆਣਾ ਦੀ ਫਾਂਸੀ ਕੇਂਦਰ ਸਰਕਾਰ ਨੇ ਉਮਰ ਕੈਦ ਵਿਚ ਬਦਲ ਦਿੱਤੀ ਸੀ ਅਤੇ ਬਲਵੰਤ ਸਿੰਘ ਰਾਜੋਆਣਾ 26 ਸਾਲ ਜੇਲ੍ਹ ਵਿਚ ਗੁਜ਼ਾਰ ਚੁੱਕੇ ਹਨ , ਜੋ ਉਮਰ ਕੈਦ ਤੋਂ ਵੱਧ ਹੈ। ਇਸ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਅਕਾਲ ਤਖਤ ਸਾਹਿਬ ਤੋਂ ਜ਼ਿੰਦਾ ‘ਸ਼ਹੀਦ’ ਦਾ ਦਰਜਾ

23 ਮਾਰਚ 2012: ਅਕਾਲ ਤਖ਼ਤ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਸਨਮਾਨ ਦਿੱਤਾ ਗਿਆ, ਜਿਸ ਨੂੰ ਲੈਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਪਰ ਬਾਅਦ ’ਚ 27 ਮਾਰਚ ਨੂੰ ਉਨ੍ਹਾਂ ਨੇ ਇਹ ਦਰਜਾ ਸਵੀਕਾਰ ਕਰ ਲਿਆ।ਰਾਜੋਆਣਾ ਨੇ ਕਿਹਾ ਸੀ ਇਹ ਸਨਮਾਨ ਉਨ੍ਹਾਂ ਨੂੰ ਆਪਣੇ ਟੀਚੇ ਲਈ ਹੋਰ ਮਜ਼ਬੂਤ ਬਣਾਵੇਗਾ।ਰਾਜੋਆਣਾ ਦੇ ਨਾਲ ਹੀ ਦਿਲਾਵਰ ਸਿੰਘ ਨੂੰ ਵੀ ‘ਜ਼ਿੰਦਾ ਸ਼ਹੀਦ’ ਐਲਾਨਿਆ ਸੀ।ਇਸ ਦਾ ਬੇਅੰਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਰੋਧ ਵੀ ਕੀਤਾ ਸੀ।