ਟਾਈਟਲਰ ਵਲੋਂ ਹੇਠਲੀ ਅਦਾਲਤ ਵਲੋਂ ਲਗਾਏ ਗਏ ਦੋਸ਼ਾਂ ਨੂੰ ਹਾਈ ਕੋਰਟ 'ਚ ਚੁਣੌਤੀ, 29 ਨਵੰਬਰ ਨੂੰ ਹੋਵੇਗੀ ਸੁਣਵਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 1 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਹਾਈ ਕੋਰਟ ਅੰਦਰ ਜਗਦੀਸ਼ ਟਾਈਟਲਰ ਵਲ ਪਟੀਸ਼ਨ ਦਾਖਿਲ ਕਰ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ 'ਤੇ ਉਸ ਦੀ ਪਟੀਸ਼ਨ ਦੀ ਸੁਣਵਾਈ ਹਾਈ ਕੋਰਟ 29 ਨਵੰਬਰ ਨੂੰ ਕਰੇਗਾ। ਪਟੀਸ਼ਨ 'ਚ ਕਾਂਗਰਸ ਆਗੂ ਨੇ 1984 ਸਿੱਖ ਕਤਲੇਆਮ ਦੌਰਾਨ ਉੱਤਰੀ ਦਿੱਲੀ ਦੇ ਪੁਲ ਬੰਗਸ਼ ਇਲਾਕੇ 'ਚ ਤਿੰਨ ਲੋਕਾਂ ਦੇ ਕਤਲ ਨਾਲ ਸੰਬੰਧਤ ਇਕ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਕਤਲ ਅਤੇ ਹੋਰ ਅਪਰਾਧਾਂ ਲਈ ਦੋਸ਼ ਤੈਅ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਮਨੋਜ ਕੁਮਾਰ ਓਹਰੀ ਨੇ ਮਾਮਲੇ ਦੀ ਸੰਖੇਪ ਸੁਣਵਾਈ ਤੋਂ ਬਾਅਦ ਟਾਈਟਲਰ ਦੇ ਵਕੀਲ ਨੂੰ ਕੁਝ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਕਿਹਾ ਜੋ ਅਦਾਲਤ ਅੰਦਰ ਰਿਕਾਰਡ 'ਚ ਨਹੀਂ ਹਨ। ਟਾਈਟਲਰ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਹ 'ਬਦਲੇ ਦੀ ਰਾਜਨੀਤੀ' ਦਾ ਸ਼ਿਕਾਰ ਹੋਏ ਹਨ ਅਤੇ ਦਲੀਲ ਦਿੱਤੀ ਕਿ ਉਸ ਵਿਰੁੱਧ ਦੋਸ਼ ਤੈਅ ਕਰਨ ਵਾਲੀ ਅਧੀਨ ਅਦਾਲਤ ਦਾ ਹੁਕਮ 'ਗੈਰ-ਕਾਨੂੰਨੀ' ਸੀ। ਪਟੀਸ਼ਨ 'ਚ ਕਿਹਾ ਗਿਆ ਹੈ,''ਅਧੀਨ ਅਦਾਲਤ ਨੇ ਸਥਾਪਿਤ ਸਿਧਾਂਤਾਂ ਦੀ ਅਣਦੇਖੀ ਕਰਦੇ ਹੋਏ ਪਟੀਸ਼ਨਕਰਤਾ ਖ਼ਿਲਾਫ਼ ਗਲਤ ਤਰੀਕੇ ਨਾਲ ਦੋਸ਼ ਤੈਅ ਕੀਤੇ ਹਨ।''
ਸੁਣਵਾਈ ਦੌਰਾਨ ਟਾਈਟਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਘਟਨਾ ਦੇ ਸਮੇਂ ਉਹ ਮੌਕੇ 'ਤੇ ਮੌਜੂਦ ਨਹੀਂ ਸਨ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਵਕੀਲ ਅਤੇ ਪੀੜਤਾਂ ਨੇ ਪਟੀਸ਼ਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪਟੀਸ਼ਨ 'ਤੇ ਪਹਿਲਾਂ ਹੀ ਫ਼ੈਸਲਾ ਹੋ ਚੁੱਕਿਆ ਹੈ ਅਤੇ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਆਪਣੀ ਪਟੀਸ਼ਨ 'ਚ ਟਾਈਟਲਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਕੋਈ ਭਰੋਸੇਯੋਗ ਸਬੂਤ ਨਹੀਂ ਹੈ ਅਤੇ ਅਧੀਨ ਅਦਾਲਤ ਦਾ ਆਦੇਸ਼ ਗਲਤ ਹੈ, ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ। ਟਾਈਟਲਰ ਨੇ ਕਿਹਾ ਕਿ ਉਹ 80 ਸਾਲਾਂ ਦੇ ਹਨ ਅਤੇ ਦਿਲ ਰੋਗ ਤੇ ਸ਼ੂਗਰ ਸਮੇਤ ਕਈ ਬੀਮਾਰੀਆਂ ਨਾਲ ਪੀੜਤ ਹਨ। ਉਨ੍ਹਾਂ ਨੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਨਿਰਦੇਸ਼ ਦੇਣ ਵਾਲੇ ਅਧੀਨ ਅਦਾਲਤ ਦੇ 30 ਅਗਸਤ ਦੇ ਆਦੇਸ਼ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਹੇਠਲੀ ਅਦਾਲਤ ਵਲੋਂ 13 ਸਤੰਬਰ ਨੂੰ ਰਸਮੀ ਰੂਪ ਨਾਲ ਟਾਈਟਲਰ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ ।
Comments (0)